November 24, 2010 | By ਸਿੱਖ ਸਿਆਸਤ ਬਿਊਰੋ
‘‘ਕੌਮਵਾਦ’’ ਦਾ ਸੰਕਲਪ, ਮੂਲ ਰੂਪ ’ਚ ਇੱਕ ਪੱਛਮੀ ਸੰਕਲਪ ਹੈ ਜੋ ਨਿਖਰਵੇਂ ਰੂਪ ’ਚ ਮੱਧਯੁੱਗ ਦੇ ਆਖਰੀ ਦੌਰ ਅੰਦਰ ਪ੍ਰਗਟ ਹੋਇਆ। ਇਹ ਵਰਤਾਰਾ ਜਿੰਨਾ ਵਿਆਪਕ ਹੈ, ਓਨਾ ਹੀ ਰੰਗ-ਬਰੰਗਾ ਹੈ। ਵਿਆਪਕਤਾ, ਇਤਿਹਾਸਕਤਾ ਤੇ ਵੰਨ-ਸੁਵੰਨਤਾ ਇਸ ਦੇ ਸੰਯੁਕਤ ਲੱਛਣ ਹਨ। ਇਸ ਕਰਕੇ ਇਸ ਦੀ ਕੋਈ ਸਿਕੇਬੰਦ ਪਰਿਭਾਸ਼ਾ ਸੰਭਵ ਨਹੀਂ। ਇਸ ਨੇ ਇਤਿਹਾਸ ਦੇ ਅੱਡ ਅੱਡ ਦੌਰਾਂ ਦੌਰਾਨ, ਅੱਡ ਅੱਡ ਰੂਪ ਅਖਤਿਆਰ ਕੀਤਾ। ਸ਼ਾਇਦ ਇਸੇ ਵਜ੍ਹਾ ਕਰਕੇ ਹੀ, ਇਸ ਨੂੰ ਅਲੱਗ-ਅਲੱਗ ਥਾਵਾਂ ’ਤੇ, ਅਲੱਗ-ਅਲੱਗ ਲੋਕਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਸਮਝਿਆ ਜਾਂਦਾ ਹੈ। ਆਮ ਰੂਪ ’ਚ ਇਸ ਤੋਂ ਭਾਵ ਆਪਣੀ ਕੌਮ ਅਤੇ ਦੇਸ ਪ੍ਰਤੀ ਪੂਰਨ ਵਫਾਦਾਰੀ ਲਿਆ ਜਾਂਦਾ ਹੈ। ਇਹ ਭਾਵ ਦੋ ਪੱਖਾਂ ਤੋਂ ਠੀਕ ਨਹੀਂ ਮੰਨਿਆ ਜਾ ਸਕਦਾ। ਇੱਕ ਤਾਂ ‘‘ਕੌਮ’’ (ਨੇਸ਼ਨ) ਤੇ ‘‘ਦੇਸ’’ (ਕੰਟਰੀ) ਇਕੋ ਚੀਜ਼ ਨਹੀਂ, ਦੋ ਅਲੱਗ-ਅਲੱਗ ਵੰਨਗੀਆਂ (categories) ਹਨ। ਇਕ ਦੇਸ ਅੰਦਰ ਕਈ ਕੌਮਾਂ ਹੋ ਸਕਦੀਆਂ ਹਨ, ਜਾਂ ਇਕੋ ਕੌਮ ਕਈ ਦੇਸਾਂ ’ਚ ਵੰਡੀ ਬਿਖਰੀ ਹੋ ਸਕਦੀ ਹੈ। ਦੂਜਾ, ਕੌਮਵਾਦ ਆਪਣੇ ਵਿਸ਼ਾਲ ਅਰਥਾਂ ਵਿਚ ਕਿਸੇ ਆਦਰਸ਼ ਪ੍ਰਤੀ ਮੋਹ ਤੇ ਭਗਤੀ ਦਾ ਜਜ਼ਬਾ ਹੈ। ਇਹ ਮੋਹ ਮਿੱਟੀ ਨਾਲ ਹੋ ਸਕਦਾ ਹੈ, ਧਰਮ, ਸਭਿਆਚਾਰ ਤੇ ਬੋਲੀ ਨਾਲ ਹੋ ਸਕਦਾ ਹੈ। ਯੂਰਪ ਅੰਦਰ ਚੱਲੇ ਵਿਸ਼ੇਸ਼ ਇਤਿਹਾਸਕ ਅਮਲ ਨੇ ਸਦੀਆਂ ਤੋਂ ਵੱਖੋ-ਵੱਖਰੇ ਨਿਸ਼ਚਿਤ ਭੂਗੋਲਿਕ ਖਿਤਿਆਂ ’ਚ ’ਕੱਠੇ ਰਹਿੰਦੇ ਆ ਰਹੇ ਲੋਕਾਂ ਨੂੰ ਨਾ ਸਿਰਫ ਇਤਿਹਾਸ, ਵਿਰਸੇ, ਭਾਸ਼ਾ, ਸਭਿਆਚਾਰ ਤੇ ਮਾਨਸਿਕ ਮੁਹਾਂਦਰੇ ਦੀ ਸਮੂਹਿਕ ਸਾਂਝ ਵਰਗੇ ਨਿਖਰਵੇਂ ਕੌਮੀ ਲੱਛਣ ਪ੍ਰਦਾਨ ਕਰ ਦਿੱਤੇ ਸਨ ਸਗੋਂ ਮੱਧਯੁੱਗ ਦੇ ਖਾਤਮੇ ਨਾਲ ਇਨ੍ਹਾਂ ਨੂੰ ਆਪੋ ਆਪਣੇ ਖੁਦਮੁਖਤਿਆਰ ਕੌਮੀ ਰਾਜਾਂ ਦੀ ਦਾਤ ਵੀ ਨਸੀਬ ਹੋ ਗਈ ਸੀ। ਇਉਂ ਆਪਣੇ ਕੌਮੀ ਰਾਜ ਪ੍ਰਤੀ ਸ਼ਰਧਾ ਤੇ ਵਫਾਦਾਰੀ ਦਾ ਪ੍ਰਬਲ ਜਜ਼ਬਾ, ਇਨ੍ਹਾਂ ਯੂਰਪੀ ਕੌਮਾਂ ਦੀ ਭਾਰੂ ਪਛਾਣ ਹੋ ਨਿਬੜੀ ਸੀ।
ਪੱਛਮ ਦੀ ਇਹ ਹਕੀਕਤ, ਪੂਰਬ ਦਾ ਸੁਪਨਾ ਸੀ। ਇਸ ਸੁਪਨੇ ਨੇ ਪੂਰਬ ਦੇ ਅੱਡ ਅੱਡ ਖਿਤਿਆਂ ਅੰਦਰ ਅੱਡ ਅੱਡ ਸਰੂਪ ਧਾਰਨ ਕੀਤਾ। ਭਾਰਤ ਅੰਦਰ ਹਿੰਦੂ ਵਰਗ ਦੇ, ਪੱਛਮੀ ਵਿਦਿਆ ਤੇ ਵਿਚਾਰਾਂ ਤੋਂ ਪ੍ਰਭਾਵਿਤ ਪੜ੍ਹੇ-ਲਿਖੇ ਤੱਤਾਂ ਨੂੰ , ਇਸ ਸੁਪਨੇ ਨੇ ਖਾਸ ਤੌਰ ’ਤੇ ਮੋਹਿਆ। ਵਜ੍ਹਾ ਇਹ ਕਿ ਇਹ ਸੁਪਨਾ ਉਨ੍ਹਾਂ ਨੂੰ ਭਾਰਤ ਦੇ ਰਾਜਭਾਗ ’ਤੇ ਕਾਬਜ਼ ਹੋਣ ਦੇ ਸਿੱਧੇ ਤੇ ਸਪਾਟ ਰਾਹ ਦੀ ਦੱਸ ਪਾਉਂਦਾ ਸੀ। ਜੇਕਰ ਸਮੁੱਚਾ ਭਾਰਤ ਯੂਰਪੀ ਕੌਮੀ ਰਾਜਾਂ ਦੀ ਤਰਜ਼ ’ਤੇ ਇਕ ਜੁੱਟ ਕੌਮੀ ਰਾਜ ਦਾ ਸਰੂਪ ਅਖਤਿਆਰ ਕਰਦਾ ਸੀ ਤਾਂ ਪੱਛਮੀ ਲੋਕਤੰਤਰ ਦੇ ਕਾਇਦੇ ਕਾਨੂੰਨਾਂ ਅਨੁਸਾਰ ਹਿੰਦੂ ਬਹੁਗਿਣਤੀ ਵਰਗ ਹੀ ਭਾਰਤੀ ਰਾਜਭਾਗ ਦਾ ਕੁਦਰਤੀ ਦਾਅਵੇਦਾਰ ਬਣਦਾ ਸੀ। ਸੋ ਇਸੇ ਸੋਚ ਤੇ ਪ੍ਰੇਰਨਾ ਤਹਿਤ ਹਿੰਦੂ ਵਰਗ ‘‘ਭਾਰਤੀ ਕੌਮਵਾਦ’’ ਦਾ ਦ੍ਰਿੜ ਝੰਡਾਬਰਦਾਰ ਬਣ ਕੇ ਅੱਗੇ ਆਇਆ ਤੇ ਨਾਲ ਹੀ ਪੱਛਮ ਦੀ ਨਵੀਨ ਜਮਹੂਰੀ ਵਿਚਾਰਧਾਰਾ ਦਾ ਵੀ। ਕਿਉਂ ਜੋ ‘‘ਕੌਮਵਾਦ’’ ਵਾਂਗ ਹੀ, ਸਿਰਾਂ ਦੀ ਗਿਣਤੀ ’ਤੇ ਆਧਾਰਤ ਲੋਕਤੰਤਰੀ ਰਾਜ ਪ੍ਰਣਾਲੀ ਵੀ ਇਸ ਦੇ ਵਰਗ ਹਿਤਾ ਨੂੰ ਘਿਓ ਵਾਂਗ ਲਗਦੀ ਸੀ।
ਹਿੰਦੂ ਆਗੂਆਂ ਵੱਲੋਂ ਜ਼ੋਸ਼ੋਖਰੋਸ਼ ਨਾਲ ਅਪਣਾਈ ਗਈ ਇਸ ‘‘ਕੌਮਪ੍ਰਸਤੀ’’ ਦੀ ਅਸਲੀ ਤਾਸੀਰ ਕੀ ਸੀ? ਇਹ ਉਨ੍ਹਾਂ ਦੇ ਕਥਨਾਂ ਤੇ ਕਰਮਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦੀ ਹੈ। ਲਾਲਾ ਲਾਜਪਤ ਰਾਇ ਦੀ ਇਹ ਦ੍ਰਿੜ ਧਾਰਨਾ ਸੀ ਕਿ ‘‘ਪ੍ਰਾਚੀਨ ਭਾਰਤ ਦੇ ਗੌਰਵ ਦੀ ਗਾਥਾ ’ਚੋਂ ਹੀ ਭਾਰਤੀ ਲੋਕਾਂ ਅੰਦਰ ਆਪਣੇ ਧਰਮ ਅਤੇ ਸੰਸਕ੍ਰਿਤੀ ਪ੍ਰਤੀ ਗੌਰਵ ਦੀਆਂ ਭਾਵਨਾਵਾ ਪੈਦਾ ਹੋ ਸਕਦੀਆਂ ਹਨ ਅਤੇ ਉਨ੍ਹਾਂ ਅੰਦਰ ਦੇਸ ਪ੍ਰੇਮ ਤੇ ਕੌਮਪ੍ਰਸਤੀ ਦਾ ਜਜ਼ਬਾ ਉਭਰ ਸਕਦਾ ਹੈ।’’ ਲਾਲਾ ਜੀ ਦਾ ਇਹ ਕਥਨ ਉਨ੍ਹਾਂ ਦੀ ਸਵੈ-ਜੀਵਨੀ (ਸਟੋਰੀ ਔਫ ਮਾਈ ਲਾਈਫ) ’ਚੋਂ ਲਿਆ ਗਿਆ ਹੈ, ਜਿਸ ਵਿਚ ਉਹ ਇਹ ਗੱਲ ਵੀ ਕਹਿੰਦੇ ਹਨ ਕਿ ਬ੍ਰਹਮੋ ਸਮਾਜ ਦਾ ਆਗੂ ਬਾਬੂ ਨਵੀਨ ਚੰਦਰ ਰਾਇ, ‘‘ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਦੇਖਦਾ ਸੀ ਅਤੇ ਚਾਹੁੰਦਾ ਸੀ ਕਿ ਇਹ ਭਾਰਤੀ ਕੌਮੀਅਤ ਦੇ ਚਬੂਤਰੇ ਦੀ ਆਧਾਰਸ਼ਿਲਾ ਬਣੇ। ਇਨ੍ਹਾਂ ਵਿਚਾਰਾਂ ਨੇ ਮੈਨੂੰ ਗੂੜ੍ਹੀ ਤਰ੍ਹਾਂ ਪ੍ਰਭਾਵਤ ਕੀਤਾ……ਮੇਰੇ ਚਰਿਤਰ ’ਤੇ ਸਭ ਤੋਂ ਗੂੜ੍ਹਾ ਅਸਰ ਹਿੰਦੀ ਐਜੀਟੇਸ਼ਨ (1882-83) ਨੇ ਪਾਇਆ। ਇਸ ਨੇ ਮੇਰੇ ਅੰਦਰ ਕੌਮੀ ਭਾਵਨਾਵਾਂ ਜਗਾਈਆਂ। ਜਦੋਂ ਮੈਂ ਲਾਹੌਰ ਵਿਚ ਪੜ੍ਹਦਾ ਸਾਂ ਤਾਂ ਮੇਰੀ ਇਹ ਧਾਰਨਾ ਸੀ ਕਿ ਅੰਗੇਰਜ਼ਾਂ ਨੇ ਸਾਡੀ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਖਲਾਸੀ ਕਰਵਾਈ ਹੈ….ਉਦੋਂ ਆਰੀਆ ਸਮਾਜ ਦੀ ਜੋ ਇਕ ਨਿੱਕੀ ਜਿਹੀ ਕਿਸ਼ਤੀ ਸੀ, ਮੇਰੇ ਲਈ ਹਿੰਦੂ ਕੌਮੀਅਤ ਦੀ ਬੇੜੀ ਸੀ ਉਹ।’’(25)
ਅਰਬਿੰਦੋ ਘੋਸ਼ ਭਾਰਤ ਦੀ ਮੁੜ ਸਿਰਜਨਾ ਲਈ ਵੇਦਾਂ ਤੇ ਭਗਵਤ ਗੀਤਾ ਦੀਆਂ ਸਿਖਿਆਵਾਂ ਨੂੰ ਆਧਾਰ ਬਨਾਉਣ ਦੇ ਵਿਚਾਰ ਦੀ ਖੁੱਲ੍ਹਮਖੁੱਲ੍ਹੀ ਵਕਾਲਤ ਕਰਦਾ ਸੀ। ਪ੍ਰਸਿੱਧ ਇਤਿਹਾਸਕਾਰ ਆਰ.ਸੀ. ਮਜੂਮਦਾਰ ਅਨੁਸਾਰ ਬੰਗਾਲ ਅੰਦਰ ਹੀ ‘‘ਨੈਸ਼ਨਲ ਸੁਸਾਇਟੀ’’ ਨਾਂ ਦੀ ਇਕ ‘ਕੌਮਪ੍ਰਸਤ’ ਸਭਾ ਦੇ ਬਾਨੀ ਨਾਬਾ ਗੋਪਾਲ ਮਿਤਰ ਦਾ ਮੰਨਣਾ ਸੀ ਕਿ ‘‘ਭਾਰਤ ਅੰਦਰ ਕੌਮੀ ਏਕਤਾ ਦੀ ਬੁਨਿਆਦ ਹਿੰਦੂ ਧਰਮ ਹੈ।’’(26) ਬਾਲ ਗੰਗਾਧਰ ਤਿਲਕ ਨੇ ਮਹਾਰਾਸ਼ਟਰ ਅੰਦਰ ਹਿੰਦੂ ਜਨਤਾ ਨੂੰ ਉਭਾਰਨ ਲਈ ਗਣੇਸ਼ ਤੇ ਸ਼ਿਵਾ ਜੀ ਦੇ ਨਾਂ ’ਤੇ ਮੇਲੇ ਤੇ ਉਤਸਵ ਜਥੇਬੰਦ ਕਰਨ ਦੀ ਰੀਤ ਸ਼ੁਰੂ ਕੀਤੀ। ਉਸ ਨੇ ਖੁੱਲ੍ਹੇਆਮ ਇਹ ਮੰਗ ਕੀਤੀ ਕਿ ਹਿੰਦੀ ਨੂੰ ਭਾਰਤ ਦੀ ਕੌਮੀ ਜ਼ਬਾਨ ਦਾ ਦਰਜਾ ਦਿੱਤਾ ਜਾਵੇ ਕਿਉਂ ਜੋ ‘‘ਇਹ ਹਿੰਦੂ ਕੌਮਵਾਦ ਲਈ ਜ਼ਰੂਰੀ ਸੰਜੋਗ ਕੜੀ ਹੈ।’’(27) ਇਸੇ ਦੌਰਾਨ ਬਿਹਾਰ ਅੰਦਰ ਉਰਦੂ ਨੂੰ ‘ਬਦੇਸ਼ੀ ਜ਼ੁਬਾਨ’ ਕਹਿ ਕੇ ਭੰਡਣ ਤੇ ਇਸ ਉਤੇ ਪਾਬੰਦੀ ਲਾਉਣ ਦੀਆਂ ਆਵਾਜ਼ਾ ਉਠਣੀਆਂ ਸ਼ੁਰੂ ਹੋ ਗਈਆਂ ਸਨ। ਗਾਂਧੀ, ਜੋ ਕਿ ਖੁਦ ਸਨਾਤਨੀ ਹਿੰਦੂ ਸੀ, ਭਾਰਤੀ ਲੋਕਾਂ ਅੰਦਰ ਕੌਮਪ੍ਰਸਤੀ ਦੀਆਂ ਭਾਵਨਾਵਾਂ ਪੈਦਾ ਕਰਨ ਲਈ ਧਾਰਮਿਕ ਮੁਹਾਵਰੇ ਦੀ ਵੱਡੀ ਅਹਿਮੀਅਤ ਦੇਖਦਾ ਸੀ। ਇਸੇ ਕਰਕੇ ਉਹ ਰਾਜਨੀਤੀ ਦੇ ਖੇਤਰ ਅੰਦਰ ਹਿੰਦੂ ਚਿੰਨ੍ਹਾਂ ਦੀ ਖੁੱਲ੍ਹੀ ਵਰਤੋਂ ਕਰਦਾ ਸੀ। ‘ਸਵਰਾਜ’ ਤੇ ‘ਰਾਮ ਰਾਜ’ ਵਰਗੇ ਸੰਕਲਪ ਉਸ ਦੀ ਇਸੇ ਧਾਰਨਾ ਦੀ ਪੈਦਾਇਸ਼ ਸਨ। ਹੋਰ ਤਾਂ ਹੋਰ, ਸੈਕੂਲਰਿਜ਼ਮ ਦਾ ‘‘ਦੂਤ’ ਸਮਝੇ ਜਾਂਦੇ ਜਵਾਹਰ ਲਾਲ ਨਹਿਰੂ ਵਰਗੇ ਨਵੀਨ ਦਿਖ ਵਾਲੇ ਆਗੂ ਵੀ ਆਪਣੇ ਹਿੰਦੂਵਾਦੀ ਝੁਕਾਵਾਂ ਤੋਂ ਮੁਕਤ ਨਹੀਂ ਸਨ। ਨਹਿਰੂ ਆਪਣੀ ਸਵੈ-ਜੀਵਨੀ ਅੰਦਰ ਇਸ ਦਾ ਇਕਬਾਲ ਇਉਂ ਕਰਦਾ ਹੈ ‘‘ਮੇਰੇ ਪਿੱਛੇ, ਕਿਤੇ ਨੀਮ-ਚੇਤਨਾ ਅੰਦਰ, ਬ੍ਰਾਹਮਣਾਂ ਦੀਆਂ ਸੈਂਕੜੇ ਪੁਸ਼ਤਾਂ ਦੀਆਂ ਨਸਲੀਂ ਯਾਦਾਂ ਪਈਆਂ ਹਨ। ਮੈਂ ਜਾਤਪੁਣੇ ਦੀ ਇਸ ਵਿਰਾਸਤ ਤੋਂ ਜਾਂ ਅਜਿਹੀ ਕਿਸੇ ਸੱਜਰੀ ਸਹੇੜ ਤੋਂ ਸੁਰਖਰੂ ਨਹੀਂ ਹੋ ਸਕਦਾ। ਇਹ ਦੋਨੋਂ ਮੇਰੇ ਵਜੂਦ ਦਾ ਹਿੱਸਾ ਹਨ……..।’’(28)
ਹਿੰਦੂ ਆਗੂਆਂ ਦੇ ਇਸ ਵਿਚਾਰਧਾਰਕ ਪੈਂਤੜੇ ਨੇ ਭਾਰਤ ਅੰਦਰਲੇ ਇਸਲਾਮੀ ਭਾਈਚਾਰੇ ਅੰਦਰ ਆਪਣੇ ਧਾਰਮਿਕ, ਸਭਿਆਚਾਰਕ ਤੇ ਰਾਜਸੀ ਹਿਤਾਂ ਨੂੰ ਮਹਿਫੂਜ਼ ਕਰਨ ਦਾ ਫੌਰੀ ਤੇ ਤਿੱਖਾ ਸਰੋਕਾਰ ਪੈਦਾ ਕੀਤਾ। ਬੌਧਿਕ ਮੁਸਲਿਮ ਵਰਗ ਨੇ ਆਪਣੇ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਢੁਕਵੀਂ ਰਣਨੀਤੀ ਘੜਨ ਦੇ ਕਾਰਜ ਨੂੰ ਪੂਰੀ ਸ਼ਿੱਦਤ ਤੇ ਗੰਭੀਰਤਾ ਨਾਲ ਹੱਥ ਲੈ ਲਿਆ। ਇਸ ਨੂੰ ਮੁਸਲਿਮ ਵਰਗ ਦੀਆਂ ਫਿਰਕੂ ਰੁਚੀਆਂ ਦਾ ਨਾਉ ਦਿੱਤਾ ਗਿਆ। ਦੇਸ ਭਰ ਦੇ ਲੋਕਾਂ, ਖਾਸ ਕਰਕੇ ਹਿੰਦੂਆਂ ਅੰਦਰ ਮੁਸਲਿਮ ਵਿਰੋਧੀ ਭਾਵਨਾਵਾਂ ਪੈਦਾ ਹੋ ਗਈਆਂ। ਇਨ੍ਹਾਂ ਮੁਸਲਿਮ ਵਿਰੋਧੀ ਤੁਅੱਸਬਾਂ ਦਾ ਅਸਰ ਅਜੇ ਤੱਕ ਜਿਉਂ ਦਾ ਤਿਉਂ ਕਾਇਮ ਹੈ। ਸਿਰਫ ਹਿੰਦੂ ਜਨਤਾ ਅੰਦਰ ਹੀ ਨਹੀਂ, ਉਸੇ ਹੀ ਹੱਦ ਤੱਕ ਸਿੱਖਾਂ ਅੰਦਰ ਵੀ। ਇਸ ਦੀ ਬੁਨਿਆਦੀ ਵਿਚਾਰਧਾਰਕ ਵਜ੍ਹਾ ‘‘ਭਾਰਤੀ ਕੌਮ’’ ਅਤੇ ‘‘ਕੌਮਵਾਦ’’ ਬਾਰੇ ਮਨਾਂ ਵਿਚ ਬਣੀਆਂ (ਅਸਲ ਵਿਚ ਡੂੰਘੀਆਂ ਧਸੀਆਂ) ਗਲਤ ਧਾਰਨਾਵਾਂ ਹਨ। ਹਿੰਦੂ ਕਾਂਗਰਸੀ ਆਗੂਆਂ ਵੱਲੋਂ ਜੋ ‘‘ਭਾਰਤੀ ਕੌਮ’’ ਦਾ ਸੰਕਲਪ ਉਭਾਰਿਆ ਜਾ ਰਿਹਾ ਸੀ, ਉਸ ਦਾ ਹਕੀਕੀ ਤੇ ਤਰਕਯੁਕਤ ਆਧਾਰ ਕੋਈ ਨਹੀਂ ਸੀ। ਪੱਛਮ ਅੰਦਰ ਜੋ ਕੌਮਾਂ ਇਕ ਇਕਹਿਰੇ ਰੂਪ ਵਿਚ ਸੰਗਠਨ ਹੋਈਆਂ ਉਹ ਮਹਿਜ਼ ਆਗੂਆਂ ਦੀਆਂ ਨੇਕ ਇਛਾਵਾਂ ਕਰਕੇ ਹੀ ਨਹੀਂ ਸਨ ਹੋ ਗਈਆਂ। ਇਕ ¦ਮੇ ਇਤਿਹਾਸਕ ਅਮਲ ’ਚੋਂ ਉਨ੍ਹਾਂ ਦੀ ਸੱਚਮੁੱਚ ਦੀ ਸੰਯੁਕਤ ਕੌਮੀ ਹਸਤੀ ਵਿਕਸਤ ਹੋ ਚੁੱਕੀ ਸੀ। ਇਸ ਕਰਕੇ ਉੱਥੇ ਕੌਮੀ ਜਜ਼ਬੇ ਨੇ ਹੋਰਨਾਂ ਸਭਨਾਂ ਜਜ਼ਬਿਆਂ (ਧਾਰਮਿਕ, ਨਸਲੀ ਆਦਿ) ਉਤੇ ਫਤਹਿ ਹਾਸਲ ਕਰ ਲਈ ਹੋਈ ਸੀ। ਪਰ ਇਥੇ ਹਿੰਦੋਸਤਾਨ ਅੰਦਰ ਅਜਿਹੀ ਗੱਲ ਨਹੀਂ ਸੀ ਵਾਪਰੀ। ਪਹਿਲੀ ਗੱਲ, ਜੇਕਰ ਮੂਲ ਭਾਰਤੀ ਸਭਿਆਚਾਰ ਤੇ ਪਰੰਪਰਾ ਨੂੰ ਹੀ ਲਈਏ ਤਾਂ ਇਸ ਅੰਦਰ ਨਸਲੀ, ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਪੱਖ ਤੋਂ ਏਨੇ ਵਿਰੋਧ ਵਖਰੇਵੇਂ ਹਨ ਕਿ Ainslie T. Embree ਨਾਂ ਦੇ ਪ੍ਰਸਿੱਧ ਬਰਤਾਨਵੀ ਚਿੰਤਕ (ਜਿਸ ਨੇ ਭਾਰਤੀ ਧਾਰਮਿਕ ਤੇ ਸਭਿਆਚਰਕ ਪਰੰਪਰਾ ਦੇ ਵਿਸ਼ੇ ’ਤੇ ਗੂੜ੍ਹਾ ਤੇ ਗਹਿਰ-ਗੰਭੀਰ ਅਧਿਅਨ ਕੀਤਾ ਹੈ) ਦਾ ਇਹ ਮੰਨਣਾ ਹੈ ਕਿ ‘‘ਕਿਸੇ ਹੋਰ ਜਗ੍ਹਾ, ਇਹ ਅਲੱਗ-ਅਲੱਗ ਕੌਮੀਅਤਾਂ ਹੋਣੀਆਂ ਸਨ, ਜਿਵੇਂ ਕਿ ਯੂਰਪ ਅੰਦਰ ਹੋਇਆ।’’(29) ਹਿੰਦੋਸਤਾਨ ਅੰਦਰ ਇਸਲਾਮੀ ਸਭਿਅਤਾ ਦੀ ਆਮਦ ਕੋਈ ਸਧਾਰਨ ਘਟਨਾ ਨਹੀਂ ਸੀ। ਇਸ ਨੇ ਭਾਰਤ ਦੇ ਸਮਾਜੀ ਸਭਿਆਚਾਰਕ ਜੀਵਨ ਅੰਦਰ ਇਕ ਅਸਲੋਂ ਹੀ ਨਵੀਂ ਸਥਿਤੀ ਪੈਦਾ ਕਰ ਦਿੱਤੀ ਸੀ। ਇਹ ਦੋ ਧਰਮਾਂ ਦੇ ਵਖਰੇਵੇਂ ਦਾ ਹੀ ਮਾਮਲਾ ਨਹੀਂ ਸੀ ਰਹਿ ਗਿਆ। ਇਹ ਦੋ ਸੰਸਕ੍ਰਿਤੀਆਂ ਦੀ ਆਹਮੋ-ਸਾਹਮਣੀ ਟੱਕਰ ਸੀ ਜਿਸ ਨੇ ਭਾਰਤ ਦਾ ਸਭਿਆਚਾਰਕ ਜੁਗਰਾਫੀਆ ਹੀ ਬਦਲ ਕੇ ਰੱਖ ਦਿੱਤਾ ਸੀ। ਇਹ ਠੀਕ ਹੈ ਕਿ ਸਦੀਆਂ ¦ਮੇ ਸਹਿ-ਵਾਸ ਨੇ ਇਨ੍ਹਾਂ ਦੋਨੋਂ ਧਰਮਾਂ, ਸੰਸਕ੍ਰਿਤੀਆਂ ਤੇ ਧਾਰਮਿਕ ਭਾਈਚਾਰਿਆਂ ਅੰਦਰ ਵਿਰੋਧਾਂ ਤੇ ਟਕਰਾਵਾਂ ਦੇ ਨਾਲੋਂ ਨਾਲ ਆਪਸੀ ਮੇਲਜੋਲ ਤੇ ਸਾਂਝਾਂ ਵੀ ਪੈਦਾ ਕੀਤੀਆਂ ਪਰ ਇਸ ਦੇ ਬਾਵਜੂਦ ਦੋਵਾਂ ਦਾ ਮੁਕੰਮਲ ਮਿਲਾਪ ਕਦੇ ਵੀ ਸੰਭਵ ਨਹੀਂ ਹੋਇਆ। ਦੋਵੇਂ ਨਾਲੋਂ ਨਾਲ ਰਹਿੰਦੇ ਹੋਏ ਵੀ ਇਕ ਦੂਜੇ ਵਿਚ ਅਭੇਦ ਨਹੀਂ ਹੋਏ। ਮੈਕਸੀਕੋ ਦੇ ਨੋਬਲ ਇਨਾਮ ਜੇਤੂ ਸ਼ਾਇਰ ਅਤੇ ਪ੍ਰਤਿਭਾਸ਼ੀਲ ਚਿੰਤਕ ਓਕਟਾਵੀਓ ਪਾਜ਼ ਨੇ ਇਸ ਵਰਤਾਰੇ ਨੂੰ ਆਪਣੀ ਵਿਲੱਖਣ ਸ਼ੈਲੀ ਵਿਚ ਇੰਜ ਬਿਆਨਿਆ ਹੈ :
‘‘ਸਦੀਆਂ ਤੱਕ ਨਾਲੋਂ ਨਾਲ ਰਹਿੰਦਿਆਂ ਹੋਇਆਂ ਵੀ ਦੋਨੋਂ ਭਾਈਚਾਰਿਆਂ ਨੇ ਆਪੋ ਆਪਣੀਆਂ ਪਛਾਣਾਂ ਬਰਕਰਾਰ ਰੱਖੀਆਂ ਹਨ। ਦੋਵਾਂ ਦਾ ਮੁਕੰਮਲ ਮਿਲਾਪ ਨਹੀਂ ਹੋਇਆ। ਫਿਰ ਵੀ ਉਨ੍ਹਾਂ ਨੂੰ ਕਈ ਚੀਜ਼ਾਂ ਆਪਸ ਵਿਚ ਜੋੜਦੀਆਂ ਹਨ, ਜਿਵੇਂ ਸੰਗੀਤ, ਲੋਕ ਕਲਾ, ਪਹਿਰਾਵਾ ਅਤੇ ਇਤਿਹਾਸ। ਇਕ ਅਜਿਹਾ ਇਤਿਹਾਸ, ਜੋ ਉਨ੍ਹਾਂ ਨੂੰ ਜੋੜਦਾ ਵੀ ਹੈ ਤੇ ਪਾੜਦਾ ਵੀ ਹੈ। ਉਹ ਇਕੱਠੇ ਜ਼ਰੂਰ ਰਹਿੰਦੇ ਰਹੇ ਪ੍ਰੰਤੂ ਉਨ੍ਹਾਂ ਦਾ ਸਹਿ-ਵਾਸ ਸ਼ਰੀਕੇਬਾਜ਼ੀ ਵਾਲਾ, ਸ਼ੱਕਾਂ, ਡਰਾਵਿਆਂ ਅਤੇ ਮੂਕ ਨਾਰਾਜ਼ਗੀਆਂ, ਜੋ ਅਕਸਰ ਹੀ ਖੂਨ ਖਰਾਬਿਆਂ ’ਚ ਲਿਪਟਦੀਆਂ ਆਈਆਂ ਹਨ, ਨਾਲ ਭਰਪੂਰ ਰਿਹਾ ਹੈ।’’(30) ਭਾਰਤ ਦੀ ਸਮਾਜੀ ਸਭਿਆਚਾਰਕ ਹਕੀਕਤ ਬਾਰੇ Ainslie T. Embree ਦੇ ਇਹ ਵਿਚਾਰ ਵੀ ਕਾਫੀ ਭਾਵਪੂਰਤ ਹਨ ਕਿ ‘‘ਜੇਕਰ ਉਨੀਵੀਂ ਸਦੀ ਦੇ ਬਰਤਾਨਵੀ ਤੇ ਫਰਾਂਸੀਸੀ ਟਕਸਾਲੀ ਮਾਡਲਾਂ ਦੇ ਮਾਪਦੰਡ ਅਪਣਾਏ ਜਾਣ ਤਾਂ ਭਾਰਤ ਕੌਮਪੁਣੇ ਦੀ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ। ਕਿਉਂਕਿ ਇਕ ਸਾਂਝੀ ਭਾਸ਼ਾ, ਸਾਂਝਾ ਗੌਰਵਮਈ ਇਤਿਹਾਸਕ ਅਨੁਭਵ, ਇਕ ਸਾਂਝੀ ਧਾਰਮਿਕ ਪਰੰਪਰਾ ਅਤੇ ਨਸਲੀ ਇਕਰੂਪਤਾ ਵਰਗੀਆਂ ਸਾਰੀਆਂ ਚੀਜ਼ਾਂ ਦੀ ਭਾਰਤ ਅੰਦਰ ਰੜਕਵੀਂ ਅਣਹੋਂਦ ਹੈ। ਫਿਰ, ਇਥੇ ਹਿੰਦੂ ਬਹੁਗਿਣਤੀ ਦੇ ਦਰਮਿਆਨ ਇਕ ਵੱਡੀ ਮੁਸਲਿਮ ਘੱਟਗਿਣਤੀ ਦੀ ਹੋਂਦ ਗਹਿਰੇ ਪਾੜਿਆਂ ਦਾ ਸਬੱਬ ਬਣੀ ਹੋਈ ਹੈ। ਇਨ੍ਹਾਂ ਦੋਨੋਂ ਧਰਮਾਂ ਦੀ ਪਰਮ-ਸੱਚ ਦੀ ਕਲਪਨਾ ਏਨੀ ਅਲੱਗ-ਅਲੱਗ ਹੈ ਕਿ ਕੋਈ ਅਸਾਧ ਆਸ਼ਾਵਾਦੀ ਹੀ, ਇਨ੍ਹਾਂ ਦੇ ਸਵੈ-ਚੇਤੰਨ ਭਾਈਚਾਰਿਆਂ ਵਜੋਂ ਸਹਿਭਾਵ ਦੀ ਕਲਪਨਾ ਕਰ ਸਕਦਾ ਹੈ।’’(31)
ਇਹ ਗੱਲ ਨਹੀਂ ਕਿ ਭਾਰਤ ਅੰਦਰ ਵੱਖ-ਵੱਖ ਧਾਰਮਿਕ ਫਿਰਕਿਆਂ ਅੰਦਰ ਆਪਸੀ ਪ੍ਰੇਮ ਤੇ ਭਾਈਚਾਰੇ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ। ਜਾਂ ਅਜਿਹਾ ਟੀਚਾ ਤੇ ਆਸ਼ਾ ਰੱਖਣੀ ਹੀ ਫਜ਼ੂਲ ਹੈ। ਇਤਿਹਾਸ ਅੰਦਰ ਇਨ੍ਹਾਂ ਫਿਰਕਿਆਂ ਦਰਮਿਆਨ ਆਪਸੀ ਨਫਰਤ ਤੇ ਵੈਰ-ਵਿਰੋਧ ਦੀਆਂ ਖਾਈਆਂ ਨੂੰ ਪੂਰਨ ਦੇ ਕਾਫੀ ਸ਼ਲਾਘਾਯੋਗ ਉਪਰਾਲੇ ਹੋਏ ਹਨ। ਕਿੰਨੇ ਹੀ ਧਾਰਮਿਕ ਸੁਧਾਰਕਾਂ, ਗੁਰੂਆਂ, ਅਵਤਾਰਾਂ, ਪੀਰਾਂ-ਪੈਗੰਬਰਾਂ ਅਤੇ ਭਗਤਾਂ ਤੇ ਸੂਫੀਆਂ ਨੇ ਮਨੁੱਖੀ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦੇ ਕਲਿਆਣਕਾਰੀ ਉਦਮ ਕੀਤੇ ਹਨ। ਇਨ੍ਹਾਂ ਪਿਛੇ ਕਿਸੇ ਫਿਰਕੇ ਨੂੰ ਹੇਠਾਂ ਲਾਉਣ ਜਾਂ ਕਿਸੇ ਦੀ ਧਾਰਮਿਕ ਸਭਿਆਚਾਰਕ ਪਛਾਣ ਨੂੰ ਢਾਹ ਲਾਉਣ ਦੀ ਮੰਦਭਾਵਨਾ ਦੀ ਲੇਸ ਨਹੀਂ ਸੀ। ਇਹ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੀ ਸੱਚੀ ਤੇ ਸੁੱਚੀ ਭਾਵਨਾ ਸੀ ਜਿਸ ਵਿਚ ਕਿਸੇ ਮੈਲ, ਫਰੇਬ ਜਾਂ ਛਲ ਲਈ ਕੋਈ ਜਗ੍ਹਾ ਨਹੀਂ ਸੀ। ਮਾਨਵ ਏਕਤਾ ਦੇ ਇਹ ਉਦਮ ਉਕਾ ਹੀ ਨਿਹਫਲ ਸਾਬਤ ਹੋਏ ਨਹੀਂ ਕਹੇ ਜਾ ਸਕਦੇ। ਇਤਿਹਾਸ ਅੰਦਰ ਕਈ ਮੌਕੇ ਆਏ ਜਦੋਂ ਅਲੱਗ-ਅਲੱਗ ਫਿਰਕਿਆਂ ਵਿਚਕਾਰ ਵਿਰੋਧ ਤੇ ਕੁੜੱਤਣ ਦੀਆਂ ਭਾਵਨਾਵਾਂ ਮੱਠੀਆਂ ਪਈਆਂ ਅਤੇ ਮਨੁੱਖੀ ਭਾਈਚਾਰੇ ਦੀ ਜੋਤ ਪ੍ਰਜਵਲਤ ਹੋਈ। ਸਿਕੰਦਰ ਲੋਧੀ, ਸ਼ੇਰਸ਼ਾਹ ਸੂਰੀ ਤੇ ਅਕਬਰ ਵਰਗੇ ਬਾਦਸ਼ਾਹਾਂ ਨੇ ਵੀ ਇਸ ਦਿਸ਼ਾ ਵੱਲ ਸੁਹਿਰਦ ਯਤਨ ਜੁਟਾਏ। ਇਸ ਨਾਲ ਅੱਡ ਅੱਡ ਸਭਿਆਚਾਰਾਂ ਨੇ ਇਕ ਦੂਜੇ ਦਾ ਪ੍ਰਭਾਵ ਜ਼ਰੂਰ ਕਬੂਲਿਆ ਪ੍ਰੰਤੂ ਇਨ੍ਹਾਂ ਵਿਚਕਾਰ ਪੂਰਨ ਮਿਲਾਪ ਕਦੇ ਨਹੀਂ ਹੋਇਆ। ਵੱਧ ਤੋਂ ਵੱਧ, ਵਕਤੀ ਏਕਤਾ ਤੇ ਰਾਜਸੀ ਗੱਠਜੋੜਾਂ ਦੇ ਦੌਰ ਜ਼ਰੂਰ ਆਏ। ਅਜਿਹੇ ਆਰਜ਼ੀ ਤੇ ਅੰਸ਼ਕ ਅਮਲ ਸਾਂਝੀ ਕੌਮੀਅਤ ਦੇ ਵਿਕਾਸ ਲਈ ਕਾਫੀ ਨਹੀਂ ਹੁੰਦੇ। ਇਸ ਕਰਕੇ ਜਿਸ ਨੂੰ ‘‘ਭਾਰਤੀ ਕੌਮਪ੍ਰਸਤੀ’’ ਕਿਹਾ ਜਾ ਰਿਹਾ ਸੀ, ਉਹ ਤੱਤ ਰੂਪ ’ਚ ਹਿੰਦੂ ਕੌਮੀਅਤ ਦੀ ਉਸਾਰੀ ਦਾ ਪ੍ਰੋਜੈਕਟ ਹੀ ਸੀ। ਇਸ ਲਈ ਮੁਸਲਿਮ ਭਾਈਚਾਰੇ ਅੰਦਰਲੇ ਜਾਗਰੂਕ ਤੱਤਾਂ ਵੱਲੋ, ਇਸ ਨੂੰ ਆਪਣੀ ਧਾਰਮਿਕ ਤੇ ਸਭਿਆਚਾਰਕ ਪਛਾਣ ਲਈ ਇਕ ਗੰਭੀਰ ਖਤਰੇ ਵਜੋਂ ਦੇਖਣਾ ਬੇਵਜ੍ਹਾ ਨਹੀਂ ਸੀ। ਉਨ੍ਹਾਂ ਦੇ ਖਦਸ਼ੇ ਤੇ ਸਰੋਕਾਰ ਨਿਰਮੂਲ ਨਹੀਂ ਸਨ। ਹਿੰਦੂਵਾਦ ਦੀ ਇਸ ਚੜ੍ਹਾਈ ਦੇ ਜੁਆਬ ਵਿਚ ਹੀ, ਮੁਸਲਿਮ ਵਰਗ ਅੰਦਰ, ਸਵੈ-ਰੱਖਿਆ ਲਈ, ਮੁਸਲਿਮ ਕੌਮਪ੍ਰਸਤੀ ਦਾ ਜਜ਼ਬਾ ਪਰਬਲ ਹੋਇਆ ਜਿਸ ਨੂੰ ਹਿੰਦੂ ਆਗੂਆਂ ਨੇ ਮੁਸਲਿਮ ‘ਕੱਟੜਪੁਣਾ’ ਤੇ ‘ਫਿਰਕਾਪ੍ਰਸਤੀ’ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ। ਜੇਕਰ ਹਿੰਦੂ- ਮੁਸਲਿਮ ਸਬੰਧਾਂ ਦੇ ਮਸਲੇ ਨੂੰ ਇਸ ਸੰਦਰਭ ਵਿਚ ਰੱਖ ਕੇ ਨਹੀਂ ਦੇਖਿਆ ਜਾਂਦਾ ਅਤੇ ਕਾਂਗਰਸ ਦੀ ਅਗਵਾਈ ਹੇਠਲੀ ਆਜ਼ਾਦੀ ਦੀ ਲਹਿਰ ਦੇ ਹਿੰਦੂਵਾਦੀ ਤੱਤ ਨੂੰ ਲਗਾਤਾਰ ਧਿਆਨ ਵਿਚ ਨਹੀਂ ਰੱਖਿਆ ਜਾਂਦਾ ਤਾਂ ਮੁਸਲਿਮ ਭਾਈਚਾਰੇ ਦੇ ਖ਼ਦਸ਼ਿਆਂ, ਜਜ਼ਬਿਆਂ ਤੇ ਮੰਗਾਂ ਨੂੰ ਸਹੀ ਰੂਪ ਵਿਚ ਸਮਝ ਸਕਣਾ ਉੱਕਾ ਹੀ ਸੰਭਵ ਨਹੀਂ। ਜ਼ਿਆਦਾਤਰ ਮੁਸਲਿਮ ਆਗੂ, ਪਹਿਲੋਂ ਪਹਿਲ, ‘ਮੁਸਲਿਮ ਵੱਖਵਾਦ’ ਦੀ ਵਿਚਾਰਧਾਰਾ ਨਾਲ ਨਾ ਸਿਰਫ ਸਹਿਮਤ ਨਹੀਂ ਸਨ ਸਗੋਂ ਇਸ ਦੇ ਨਿੰਦਕ ਵੀ ਸਨ। ਇਹ ਕਾਂਗਰਸ ਪਾਰਟੀ ਤੇ ਇਸ ਦੇ ਅਗੂਆਂ ਦੇ ਹਿੰਦੂਵਾਦੀ ਲੱਛਣ ਹੀ ਸਨ ਜਿਨ੍ਹਾਂ ਨੇ ਮੁਸਲਿਮ ਭਾਈਚਾਰੇ ਤੇ ਇਸ ਦੇ ਆਗੂਆਂ ਨੂੰ ਧੱਕ ਕੇ ਮੁਸਲਿਮ ਵੱਖਵਾਦ ਦੀ ਪੱਟੜੀ ਉਤੇ ਚਾੜ੍ਹਿਆ। ਉਦਾਹਰਣ ਵਜੋਂ, ਸਰ ਸਈਅਦ ਅਹਿਮਦ ਖਾਨ, ਪਹਿਲਾਂ, ਪੱਛਮੀ ਵਿਚਾਰਾਂ ਦੇ ਪ੍ਰਭਾਵ ਸਦਕਾ, ‘ਭਾਰਤੀ ਕੌਮਪ੍ਰਸਤੀ’ ਦੀ ਧਾਰਨਾ ਤੇ ਭਾਵਨਾ ਦਾ ਕਾਇਲ ਸੀ। ਧਾਰਮਿਕ ਭੇਦਭਾਵ ਨੂੰ ਲਾਂਭੇ ਛੱਡ ਕੇ, ਸਾਰੇ ਭਾਰਤੀ ਲੋਕਾਂ ਦੀ ਏਕਤਾ ਤੇ ਭਲਾਈ ਉਸ ਦਾ ਆਦਰਸ਼ ਸੀ। ਪਰ ਜਦ ਉਸ ਨੂੰ ਜਾਪਿਆ ਕਿ ਭਾਰਤ ਅੰਦਰ ‘‘ਨੁਮਾਇੰਦਾ ਸਰਕਾਰ ਦਾ ਇਕ ਅਰਥ ਇਹ ਹੈ ਕਿ ਇਹ ਘੱਟਗਿਣਤੀ, ਅਰਥਾਤ ਮੁਸਲਮਾਨਾਂ ਉਤੇ ਬਹੁਗਿਣਤੀ, ਅਰਥਾਤ ਹਿੰਦੂ ਵਰਗ ਦਾ ਰਾਜ’’ ਹੋਵੇਗਾ(32), ਤਾਂ ਉਸ ਦਾ ‘ਭਾਰਤੀ ਕੌਮਵਾਦ’ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਅਤੇ ਕਾਂਗਰਸ ਪਾਰਟੀ ਦੀ ਸਥਾਪਨਾ ਤੋਂ ਛੇਤੀ ਹੀ ਬਾਅਦ ਉਹ ਮੁਸਲਿਮ ਕੌਮਪ੍ਰਸਤੀ ਦਾ ਬੇਬਾਕ ਬੁਲਾਰਾ ਬਣ ਗਿਆ। ਇਸੇ ਤਰ੍ਹਾਂ, ਆਗਾ ਖਾਂ ਜਦ ਕੇਂਦਰੀ ਪ੍ਰੀਸ਼ਦ ਦਾ ਮੈਂਬਰ (1902 ਤੋਂ 1904 ਤੱਕ) ਹੁੰਦਾ ਸੀ ਤਾਂ ਉਹ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣਾ ਰਾਜਸੀ ਉਸਤਾਦ ਮੰਨ ਕੇ ਚੱਲਦਾ ਸੀ ਅਤੇ ਵੱਖਰੇ ਚੋਣ ਖੇਤਰਾਂ ਦਾ ਕੱਟੜ ਵਿਰੋਧੀ ਸੀ। ਪਰ ਦੋ ਸਾਲਾਂ ’ਚ ਹੀ ਉਸ ਦਾ ਕਾਂਗਰਸੀ ਲੀਡਰਾਂ ਤੋਂ ਇਸ ਕਦਰ ਮੋਹ ਭੰਗ ਹੋ ਗਿਆ ਕਿ ਉਹ ਮੁਸਲਿਮ ਲੀਗ ਦਾ ਬਾਨੀ ਹੋ ਨਿਬੜਿਆ। ਆਗਾ ਖਾਂ ਦੇ ਹੀ ਦੱਸਣ ਮੁਤਾਬਕ ਮੁਹੰਮਦ ਅਲੀ ਜਿਨਾਹ, ਪਹਿਲੋਂ ਪਹਿਲ ਮੁਸਲਿਮ ਲੀਗ ਦਾ ਕੱਟੜ ਵਿਰੋਧੀ ਹੁੰਦਾ ਸੀ। ਉਸ ਦਾ ਇਹ ਮੰਨਣਾ ਸੀ ਕਿ ਵੱਖਰੇ ਚੋਣ ਖੇਤਰਾਂ ਦਾ ਸਿਧਾਂਤ ‘ਭਾਰਤੀ ਕੌਮ’ ਨੂੰ ਆਪਸ ਵਿਚ ਵੰਡਣ ਦਾ ਕੰਮ ਕਰਦਾ ਹੈ।(33) ਇਸ ਕਰਕੇ, ਉਹ, ਤਕਰੀਬਨ ਵੀਹ ਪੰਝੀ ਸਾਲ ਮੁਸਲਿਮ ਲੀਗ ਦੀ ਤਿੱਖੀ ਆਲੋਚਨਾ ਕਰਦਾ ਰਿਹਾ। ਇਹ ਨਹਿਰੂ ਰਿਪੋਰਟ (1928) ਸੀ ਜਿਸ ਨੇ ਜਿਨਾਹ ਲਈ ਕਾਂਗਰਸੀ ਆਗੂਆਂ ਦੇ ਚਿਹਰਿਆਂ ਤੋਂ ‘ਕੌਮਪ੍ਰਸਤੀ’ ਦਾ ਭਰਮਾਊ ਪਰਦਾ ਲਾਹ ਸੁੱਟਿਆ ਅਤੇ ਉਨ੍ਹਾਂ ਦੇ ਅਸਲੀ ਫਿਰਕੂ ਚਿਹਰੇ ਤੇ ਮਨਸ਼ੇ ਸਾਫ ਉਜਾਗਰ ਹੋ ਗਏ। ਇਕ ਵਾਰ ਕਾਂਗਰਸੀ ਆਗੂਆਂ ਦੇ ਹਕੀਕੀ ਕਿਰਦਾਰ ਨੂੰ ਬੁੱਝ ਲੈਣ ਤੋਂ ਬਾਅਦ, ਜਿਨਾਹ ਨੇ ਮੁੜ ਕੇ ਇਸ ਮਾਮਲੇ ’ਚ ਕੋਈ ਟਪਲਾ ਨਹੀਂ ਖਾਧਾ। ਇਸ ਤੋਂ ਬਾਅਦ ਉਸ ਨੇ ਕਾਂਗਰਸੀ ਆਗੂਆਂ ਦੇ ਕਿਸੇ ਵੀ ਝਾਂਸੇ ਵਿਚ ਆਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਅਤੇ ਠੋਸ ਤਜਰਬੇ ’ਚੋਂ ਗ੍ਰਹਿਣ ਕੀਤੀ ਇਸ ਵਿਦਿਆ ਦਾ ਆਖਰੀ ਸਾਹਾਂ ਤੱਕ ਪੱਲਾ ਨਹੀਂ ਛੱਡਿਆ।
ਹਵਾਲੇ ਅਤੇ ਟਿੱਪਣੀਆਂ:
25. Lala Lajpat Rai, The Story of my life, in Autobiographical writings (1965) (Ed) Vijay Chandra Joshi, pp. 27, 29
26. R.C. Majumdar, Three Phases of India’s Struggle for Freedom, p.8
27. Ajit Singh Sarhadi, op. cit., 13
28. Jawahar Lal Nehru, Autobiography, p. 353
29. Ainslie T. Embree, Utopia in conflict : Religion and Nationalism in India.
30. Octavio Paz, In Light Of India, pp. 38-39
31. Ainslie T. Embree, op. cit., p. 61
32. Ajit Singh Sarhadi op. cit., p. 21
33. Ram Narayan Kumar, op. cit., p. 350
Related Topics: Ajmer Singh, Sikh Politics of Twentieth Century