ਸਿੱਖ ਖਬਰਾਂ

ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਖਿਲਾਫ ਚਲਾਈ ਗਈ ਨਫਰਤ ਦੀ ਮੁਹਿੰਮ ਫੌਰਨ ਬੰਦ ਕੀਤੀ ਜਾਵੇ

May 5, 2020 | By

ਸ੍ਰੀ ਅੰਮਿ੍ਰਤਸਰ/ਚੰਡੀਗੜ੍ਹ: ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿੱਖ ਸੰਗਤਾਂ ਵਿਰੁਧ ਭਾਰਤੀ ਖਬਰਖਾਨੇ ਦੇ ਕਈ ਹਿੱਸਿਆ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਅਕਾਦਮਿਕ, ਸਮਾਜਿਕ, ਪੱਤਰਕਾਰੀ ਅਤੇ ਮਾਹਿਰਾਨਾਂ ਖੇਤਰਾਂ ਵਿਚ ਵਿਚਰਦੇ ਦੋ ਦਰਜ਼ਨ ਲੇਖਕਾਂ, ਵਿਦਵਾਨਾਂ, ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਨਫਤਰ ਦੀ ਮੁਹਿੰਮ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਹੈ।

3 ਮਈ ਨੂੰ ਜਾਰੀ ਕੀਤੇ ਗਏ ਇਸ ਬਿਆਨ ਦੀ ਪੂਰੀ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:-

ਸਾਂਝਾ ਬਿਆਨ

3 ਮਈ 2020

ਸਮੁੱਚੀ ਲੋਕਾਈ ਇਸ ਵੇਲੇ ਅਣਕਿਆਸੀ ਮੁਸੀਬਤ ਦਾ ਸਾਹਮਣਾ ਕਰ ਰਹੀ ਹੈ। ਇਸ ਮੌਕੇ ਏਕਤਾ ਦਾ ਪ੍ਰਗਟਾਵਾ ਕਰਦਿਆਂ ਅਤੇ ਇੱਕ ਦੂਜੇ ਦੀ ਮਦਦ ਕਰਕੇ ਹੀ ਅਸੀਂ ਇਸ ਮਹਾਂਮਾਰੀ ਵੱਲੋਂ ਦਿੱਤੀਆਂ ਗਈਆਂ ਚੁਣੌਤੀਆਂ ਦਾ ਮੁਕਾਬਲਾ ਕਰਦਿਆਂ ਆਪਣਾ ਬਚਾਅ ਕਰਕੇ ਇਨ੍ਹਾਂ ਚੁਣੌਤੀਆਂ ਨੂੰ ਸਰ ਕਰ ਸਕਦੇ ਹਾਂ। ਸਿੱਖ ਸਰਬੱਤ ਦੇ ਭਲੇ ਦੇ ਆਸ਼ੇ ਨੂੰ ਸੱਚੇ ਮਨੋਂ ਲਾਗੂ ਕਰਦਿਆਂ ਬਿਨਾ ਕਿਸੇ ਜਾਤ, ਨਸਲ, ਰੰਗ ਆਦਿ ਦੇ ਭੇਦ-ਭਾਵ ਦੇ ਮਦਦ ਕਰਦਿਆਂ ਲੰਗਰ, ਸੁੱਕਾ ਰਾਸ਼ਨ, ਰੋਜਾਨਾ ਵਰਤੋਂ ਦੀਆਂ ਹੋਰ ਚੀਜਾਂ ਅਤੇ ਬਿਮਾਰੀ ਤੋਂ ਬਚਾਅ ਲਈ ਮਾਸਕ ਆਦਿ ਲੋੜਵੰਦਾਂ ਦੇ ਦਰਾਂ ਉੱਤੇ ਪਹੁੰਚਾ ਰਹੇ ਹਨ। ਸਿੱਖ ਧਾਰਮਿਕ ਅਦਾਰਿਆਂ ਨੇ ਪਹਿਲਕਦਮੀ ਕਰਕੇ ਆਪਣੀਆਂ ਇਮਾਰਤਾਂ ਦੇ ਬੂਹੇ ਡਾਕਟਰਾਂ, ਨਰਸਾਂ ਦੇ ਰਹਿਣ ਲਈ ਅਤੇ ਏਕਾਂਤਵਾਸ ਕੇਂਦਰ ਬਣਾਉਣ ਲਈ ਖੋਲ੍ਹ ਦਿੱਤੇ ਹਨ।

ਇਨ੍ਹਾਂ ਬਿਖੜੇ ਸਮਿਆਂ ਵਿਚ ਜਿਥੇ ਮਨੁੱਖਤਾ ਨੂੰ ਆਪਸੀ ਭਾਈਚਾਰੇ ਅਤੇ ਇਕ-ਦੂਜੇ ਦੀ ਮਦਦ ਕਰਨ ਦੀਆਂ ਮਿਸਾਲਾਂ ਕਾਇਮ ਕਰ ਵਿਖਾਉਣ ਦੀ ਲੋੜ ਹੈ, ਉੱਥੇ ਇਸਦੇ ਉਲਟ ਅਸੀਂ ਵੇਖ ਰਹੇ ਹਾਂ ਕਿ ਖਬਰਖਾਨੇ ਦਾ ਵੱਡਾ ਹਿੱਸਾ ਸਰਕਾਰੀ ਮਹਿਕਮਿਆਂ ਦੇ ਗੈਰਜਿੰਮੇਦਾਰਾਨਾ ਬਿਆਨ ਵਿਖਾ ਕੇ ਗੁਮਰਾਹਕੁਨ ਤੇ ਗੁਨਾਹਕੁਨ ਪੱਤਰਕਾਰੀ ਦਾ ਝੱਖੜ ਝੁਲਾ ਰਿਹਾ ਹੈ ਜਿਸ ਰਾਹੀਂ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਮਾਜ ਲਈ ਨੁਕਸਾਨਦੇਹ ਗਰਦਾਨਿਆ ਜਾ ਰਿਹਾ ਹੈ। ਮਹਾਂਮਾਰੀ ਵੱਲੋਂ ਪੈਦਾ ਕੀਤੇ ਡਰ ਅਤੇ ਸਹਿਮ ਨੂੰ ਘੱਟਗਿਣਤੀਆਂ ਨੂੰ ਹਾਸ਼ੀਏ ਉੱਤੇ ਧੱਕਣ ਲਈ ਵਰਤਿਆ ਜਾ ਰਿਹਾ ਹੈ।

ਖਬਰਖਾਨੇ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਬਾਰੇ ਕੀਤੀ ਜਾ ਰਹੀ ਪੱਤਰਕਾਰੀ ਤੇ ਪੰਜਾਬ ਦੇ ਸਿਹਤ ਮੰਤਰੀ ਦਾ ਬਿਆਨ ਉਸੇ ਕੜੀ ਦਾ ਹਿੱਸਾ ਨੇ ਜਿਹਦੇ ਤਹਿਤ ਐੱਨ.ਆਰ.ਆਈ. ਬਲਦੇਵ ਸਿੰਘ ਦਾ ਨਾਂ ਲੈ ਕੇ ਸਿਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਅਤੇ ਉਸ ਨੂੰ ‘ਸੁਪਰ-ਸਪਰੈਡਰ’ ਕਹਿ ਕੇ ਭੰਡਿਆ ਗਿਆ। ਇੱਥੋਂ ਤੱਕ ਕਿ ਪੰਜਾਬ ਪੁਲਿਸ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਉਸ ਵਿਚਾਰੀ ਰੂਹ ਨੂੰ ਨਿਸ਼ਾਨੇ ਉੱਤੇ ਰੱਖ ਕੇ ਬਣਾਇਆ ਗਿਆ ਗੀਤ ਜਾਰੀ ਕਰਨ ਦੀ ਹਰਕਤ ਵੀ ਕੀਤੀ ਗਈ। ਹੁਣ ਫੇਰ ਓਸੇ ਤਰਾਂ ਨਫਰਤ ਦੀ ਮੁਹਿਮ ਚਲਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਖਬਰਖਾਨੇ (ਮੀਡੀਏ) ਅਤੇ ਸੂਬੇ ਦੇ ਸਿਹਤ ਮੰਤਰੀ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਦੀ ਨਿਖੇਧੀ ਕਰਦੇ ਹਾਂ।

ਇਹ ਘਟੀਆ ਦੁਸ਼ਪ੍ਰਚਾਰ ਫੋਰੀ ਤੌਰ ਉੱਤੇ ਬੰਦ ਕੀਤਾ ਜਾਵੇ ਤਾਂ ਕਿ ਪੰਜਾਬ ਵਿਚਲੀ ਸਮਾਜਿਕ ਸਦਭਾਵਨਾ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਸਰਕਾਰਾਂ, ਸਮਾਜ ਅਤੇ ਅਦਾਰਿਆਂ ਲਈ ਇਹ ਵੇਲਾ ਪੂਰੀ ਵਾਹ ਲਾ ਕੇ ਸਿਹਤ ਸੇਵਾਵਾਂ ਅਤੇ ਰਾਹਤ ਯਕੀਨੀ ਬਣਾਉਣ ਦਾ ਹੈ ਨਾ ਕਿ ਜਾਤ, ਰੰਗ, ਨਸਲ, ਧਰਮ ਆਦਿ ਦੇ ਅਧਾਰ ਉੱਤੇ ਵਿਤਕਰੇਬਾਜੀ ਕਰਨ ਤੇ ਫੁੱਟ ਪਾਉਣ ਦਾ।

ਸਹਿਮਤੀ

1. ਅਜਮੇਰ ਸਿੰਘ (ਲੇਖਕ ਅਤੇ ਵਿਚਾਰਕ)
2. ਅਜੈਪਾਲ ਸਿੰਘ ਬਰਾੜ (ਲੇਖਕ ਤੇ ਵਿਚਾਰਵਾਨ)
3. ਅਮਨਪ੍ਰੀਤ ਸਿੰਘ (ਪ੍ਰਬੰਧਕੀ ਮਾਹਰ)
4. ਅਮਰਦੀਪ ਸਿੰਘ (ਪੰਥ ਸੇਵਕ, ਦਿੱਲੀ)
5. ਇੰਦਰਪ੍ਰੀਤ ਸਿੰਘ ਸੰਗਰੂਰ (ਅਕਾਉਂਟਸ ਅਫਸਰ)
6. ਸਨਦੀਪ ਸਿੰਘ (ਅਧਿਆਪਕ)
7. ਸਰਵਕਾਰ ਸਿੰਘ (ਪੰਥ ਸੇਵਕ)
8. ਸਿਕੰਦਰ ਸਿੰਘ (ਯੂਨੀਵਰਸਿਟੀ ਸਹਾਇਕ ਪ੍ਰੋਫੈਸਰ)
9. ਸੁਖਦੀਪ ਸਿੰਘ ਬਰਨਾਲਾ (ਲੇਖਕ)
10. ਸੁਖਦੀਪ ਸਿੰਘ (ਪੰਥ ਸੇਵਕ)
11. ਹਰਬਖਸ਼ ਸਿੰਘ (ਇਨਫਰਮੇਸ਼ਨ ਤਕਨਾਲਜੀ ਮਾਹਿਰ)
12. ਗੰਗਵੀਰ ਰਾਠੌਰ (ਵਿਚਾਰਕ ਅਤੇ ਕਾਰਕੁੰਨ)
13. ਜਗਮੋਹਨ ਸਿੰਘ (ਇਕ ਬਿਜਲਈ ਖਬਰ ਅਦਾਰੇ ਦਾ ਸੰਪਾਦਕ)
14. ਜਸਜੀਤ ਸਿੰਘ (ਫਿਲਮ ਨਿਰਮਾਤਾ ਅਤੇ ਕਾਰੋਬਾਰੀ)
15. ਜਸਪਾਲ ਸਿੰਘ ਮੰਝਪੁਰ (ਵਕੀਲ)
16. ਡਾ. ਕੰਵਲਜੀਤ ਸਿੰਘ ਛੱਜਲਵੱਡੀ (ਇਕ ਕਾਲਜ ਦੇ ਪ੍ਰਿਸੀਪਲ)
17. ਦਲਜੀਤ ਸਿੰਘ ਸਰਾਂ (ਸੀਨੀਅਰ ਪੱਤਰਕਾਰ)
18. ਪਰਦੀਪ ਸਿੰਘ (ਲੇਖਕ ਅਤੇ ਫਿਲਮ ਨਿਰਦੇਸ਼ਕ)
19. ਪਰਮਜੀਤ ਸਿੰਘ (ਇਕ ਬਿਜਲਈ ਖਬਰ ਅਦਾਰੇ ਦਾ ਸੰਪਾਦਕ)
20. ਬਿਕਰਮਜੀਤ ਸਿੰਘ (ਸਾਫਟਵੇਅਰ ਇੰਜੀਨੀਅਰ)
21. ਭਵਨੀਤ ਸਿੰਘ (ਪੰਥ ਸੇਵਕ, ਦਿੱਲੀ)
22. ਮਨਧੀਰ ਸਿੰਘ (ਕਿਸਾਨ ਤੇ ਪੰਥ ਸੇਵਕ)
23. ਮਲਕੀਤ ਸਿੰਘ ਭਵਾਨੀਗੜ੍ਹ (ਸਾਫਟਵੇਅਰ ਇੰਜੀਨੀਅਰ)
24. ਰਾਜਪਾਲ ਸਿੰਘ (ਕਿਸਾਨ ਤੇ ਪੰਥ ਸੇਵਕ)


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,