ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਕਮਲ ਨਾਥ ‘ਹਾਅ ਦਾ ਨਾਅਰਾ’ ਮਾਰਨ ਵਾਲਿਆਂ ‘ਚੋਂ ਨਹੀਂ, ਕਾਤਲਾਂ ਨੂੰ ਭੜਕਾਉਣ ਵਾਲਿਆਂ ਵਿਚੋਂ ਸੀ: ਛੋਟੇਪੁਰ

June 16, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਕਮਲ ਨਾਥ ਨੂੰ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਦੱਸਦੇ ਹੋਏ ਕਿਹਾ ਕਿ ਕਮਲ ਨਾਥ ਝੂਠ ਬੋਲ ਰਿਹਾ ਹੈ ਕਿ ਉਹ ਸਿੱਖਾਂ ਦੇ ਬਚਾਉਣ ਲਈ ਦੰਗਾ ਕਰਨ ਵਾਲਿਆਂ ਨੂੰ ਸ਼ਾਂਤ ਕਰਨ ਲਈ ਗੁਰਦੁਆਰਾ ਰਕਾਬਗੰਜ ਦੇ ਬਾਹਰ ਗਿਆ ਸੀ।

ਬੁੱਧਵਾਰ ਨੂੰ ਇੱਥੇ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕਮਲ ਨਾਥ ਅੱਧਾ ਸੱਚ ਮੰਨ ਚੁੱਕੇ ਹਨ ਕਿ ਉਹ ਉਸ ਸਮੇਂ ਗੁਰਦੁਆਰਾ ਰਕਾਬਗੰਜ ਦੇ ਬਾਹਰ ਸਨ ਜਦੋਂ ਉਥੇ ਕਾਤਲ ਭੀੜ ਸਿੱਖਾਂ ਨੂੰ ਜ਼ਿੰਦਾ ਸਾੜ ਰਹੀ ਸੀ, ਪਰੰਤੂ ਕਮਲ ਨਾਥ ਦੀ ਇਸ ਗੱਲ ਵਿਚ ਕੋਈ ਸੱਚ ਨਹੀਂ ਹੈ ਕਿ ਉਹ ਸਿੱਖਾਂ ਦੀ ਮਦਦ ਕਰ ਰਿਹਾ ਸੀ ਅਤੇ ਨਾ ਹੀ ਉਹ ਅੱਜ ਤਕ ਇਹ ਗੱਲ ਸਾਬਤ ਕਰ ਸਕਿਆ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਕਮਲ ਨਾਥ ਨੇ ਸਿੱਖਾਂ ਦੀ ਮਦਦ ਕੀਤੀ ਸੀ। ਛੋਟੇਪੁਰ ਨੇ ਕਿਹਾ ਕਿ ਸਿੱਖ ਕੌਮ ਵਿਚ ਮੁਸੀਬਤ ਦੇ ਸਮੇਂ ਜਿਸ ਕਿਸੇ ਨੇ ਵੀ ਸਿੱਖਾਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਦਿੱਤਾ ਹੈ, ਸਿੱਖ ਕੌਮ ਉਸਨੂੰ ਕਦੇ ਨਹੀਂ ਭੁੱਲਦੀ। ਮਲੇਰਕੋਟਲਾ ਦਾ ਨਵਾਬ ਇਸਦੀ ਪ੍ਰਤੱਖ ਮਿਸਾਲ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ ਸੀ।

ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਵਿਚੋਂ ਇਕ ਕਾਂਗਰਸੀ ਆਗੂ ਕਮਲ ਨਾਥ, ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਵਿਚੋਂ ਇਕ ਕਾਂਗਰਸੀ ਆਗੂ ਕਮਲ ਨਾਥ, ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਛੋਟੇਪੁਰ ਨੇ ਕਿਹਾ ਕਿ ਕਮਲ ਨਾਥ ਨੇ ਸਿੱਖਾਂ ਨੂੰ ਬਚਾਉਣ ਲਈ ਅਵਾਜ ਬੁਲੰਦ ਨਹੀਂ ਕੀਤੀ ਸੀ ਸਗੋਂ ਕਾਂਗਰਸ ਦੀ ਕਾਤਲ ਭੀੜ ਦੀ ਅਗਵਾਈ ਕਰਦੇ ਹੋਏ ਸਿੱਖਾਂ ਦੇ ਕਤਲੇਆਮ ਲਈ ਭੜਕਾਇਆ ਸੀ। ਉਸ ਸਮੇਂ ਉਥੇ ਮੌਜੂਦ ‘ਇੰਡੀਅਨ ਐਕਸਪ੍ਰੈਸ’ ਦਾ ਪੱਤਰਕਾਰ ਸੰਜੈ ਸੂਰੀ ਪਹਿਲਾਂ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਹਲਫਨਾਮਾ ਦੇ ਕੇ ਅਤੇ ਬਾਅਦ ਵਿਚ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਕਮਲ ਨਾਥ ਦੀ ਕਰਤੂਤ ਬਿਆਨ ਕਰ ਚੁਕਿਆ ਹੈ। ਇੰਨਾ ਹੀ ਨਹੀਂ ਸੰਜੈ ਸੂਰੀ ਨੇ ਆਪਣੀ ਕਿਤਾਬ ਵਿਚ ਵੀ ਉਸ ਸਮੇਂ ਦੀ ਘਟਨਾ ਅਤੇ ਕਮਲ ਨਾਥ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੋਈ ਹੈ।

ਸਿੱਖ ਕਤਲੇਆਮ ਲਈ ਜ਼ਿੰਮੇਵਾਰ ਜਿਨ੍ਹਾਂ ਪੰਜ ਕਾਂਗਰਸੀਆਂ ਦੇ ਨਾਮ ਕੈਪਟਨ ਨੇ ਗਿਣਾਏ, ਕਾਂਗਰਸ ਨੇ ਤਾਂ ਉਨ੍ਹਾਂ ਨੂੰ ਵੀ ਉੱਚੇ ਅਹੁਦੇ ਦੇ ਕੇ ਨਿਵਾਜਿਆ: ਛੋਟੇਪੁਰ

ਛੋਟੇਪੁਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੈਪਟਨ ਵਲੋਂ ਆਪਣੇ ਲਾਲਚ ਲਈ ਪਹਿਲਾਂ ਜਗਦੀਸ਼ ਟਾਇਟਲਰ ਅਤੇ ਹੁਣ ਕਮਲ ਨਾਥ ਨੂੰ ਕਲੀਨ ਚਿਟ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਪੁੱਛਿਆ ਕਿ ਐਚ.ਕੇ.ਐਲ. ਭਗਤ ਸਮੇਤ ਜਿਨ੍ਹਾਂ ਪੰਜ ਕਾਂਗਰਸੀ ਆਗੂਆਂ ਦੇ ਸਿੱਖ ਕਤਲੇਆਮ ਲਈ ਉਨ੍ਹਾਂ ਨੇ (ਕੈਪਟਨ ਨੇ) ਨਾਮ ਲਿਆ ਹੈ ਉਨ੍ਹਾਂ ਨੂੰ ਵੀ ਤਾਂ ਕਾਂਗਰਸ ਟਿਕਟਾਂ ਅਤੇ ਉੱਚੇ ਅਹੁਦੇ ਦੇ ਕੇ ਨਿਵਾਜਦੀ ਰਹੀ ਹੈ। ਕੈਪਟਨ ਦੱਸੇ ਕਿ ਉਨ੍ਹਾਂ ਨੂੰ ਸਜਾ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੀ ਕਾਂਗਰਸ ਨੇ ਕੀ ਕਦਮ ਚੁੱਕੇ ਹਨ। ਛੋਟੇਪੁਰ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਵਿਰੋਧੀ ਮਾਨਸਿਕਤਾ ਦੇ ਚਲਦੇ ਕਮਲ ਨਾਥ ਨੂੰ ਪੰਜਾਬ ਭੇਜਿਆ ਹੈ ਅਤੇ ਸਿੱਖਾਂ ਨੂੰ ਚਿੜਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,