ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਮਜੀਠੀਏ ਤੋਂ ਮੰਗੀ ਕੇਜਰੀਵਾਲ ਨੇ ਮੁਆਫੀ; ਪੰਜਾਬ ਦੇ ਆਪ ਆਗੂ ਠੱਗਿਆ ਮਹਿਸੂਸ ਕਰਨ ਲੱਗੇ

March 16, 2018 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਲਾਏ ਦੋਸ਼ਾਂ ਲਈ ਉਨ੍ਹਾਂ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ। ਸਾਬਕਾ ਮੰਤਰੀ ਅਤੇ ਹੋਰਾਂ ਦੇ ਅਕਸ ਨੂੰ ਨੁਕਸਾਨ ਲਈ ਕੇਜਰੀਵਾਲ ਨੇ ਅਫ਼ਸੋਸ ਜ਼ਾਹਿਰ ਕੀਤਾ ਹੈ।

ਅੰਮ੍ਰਿਤਸਰ ਦੀ ਅਦਾਲਤ ਵਿੱਚ ਦਿੱਤੇ ਲਿਖਤੀ ਬਿਆਨ ਵਿੱਚ ਕੇਜਰੀਵਾਲ ਨੇ ਕਿਹਾ, “ਮੈਂ ਪਿਛਲੇ ਸਮੇਂ ਵਿੱਚ ਤੁਹਾਡੇ ਖਿਲਾਫ਼ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ ਅਤੇ ਇਸ ਬਾਰੇ ਬਿਆਨ ਵੀ ਜਾਰੀ ਕੀਤੇ ਸਨ। ਇਹ ਬਿਆਨ ਰਾਜਨੀਤਕ ਮੁੱਦਾ ਬਣ ਗਏ ਸਨ। ਮੈਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਸੀ। ਇਸ ਲਈ ਅਜਿਹੇ ਮੁੱਦਿਆਂ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਇਹ ਦੋਸ਼ ਬਹੁਤ ਸਾਰੀਆਂ ਰੈਲੀਆਂ, ਮੀਟਿੰਗਾਂ, ਟੀਵੀ ਪ੍ਰੋਗਰਾਮਾਂ ਆਦਿ ਵਿੱਚ ਲਾਏ ਸਨ। ਮੈਂ ਤੁਹਾਡੇ ਖਿਲਾਫ਼ ਦੋਸ਼ ਲਾਉਣ ਵਾਲੇ ਸਾਰੇ ਬਿਆਨ ਵਾਪਸ ਲੈਂਦਾ ਹਾਂ ਤੇ ਮੁਆਫ਼ੀ ਮੰਗਦਾ ਹਾਂ। ਇਸ ਨਾਲ ਤੁਹਾਨੂੰ, ਤੁਹਾਡੇ ਪਰਿਵਾਰ, ਮਿੱਤਰਾਂ ਅਤੇ ਹਮਾਇਤੀਆਂ ਨੂੰ ਧੱਕਾ ਲੱਗਾ ਜਿਸ ਲਈ ਅਫ਼ਸੋਸ ਹੈ।”

ਸਾਬਕਾ ਮੰਤਰੀ ਨੇ ਅੱਜ ਸ਼ਾਮ ਪੱਤਰਕਾਰਾਂ ਕੋਲ ਮੁਆਫ਼ੀਨਾਮੇ ਦੀਆਂ ਕਾਪੀਆਂ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੱਡਾ ਦਿਲ ਦਿਖਾਇਆ ਹੈ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਿਰੁੱਧ ਮਾਣਹਾਣੀ ਦਾ ਕੇਸ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਹੈ। ਕੇਜਰੀਵਾਲ ਨਾਲ ਪਾਰਟੀ ਆਗੂ ਅਸ਼ੀਸ਼ ਖੇਤਾਨ ਨੇ ਵੀ ਮੁਆਫ਼ੀ ਮੰਗ ਲਈ ਹੈ। ‘ਆਪ’ ਦੇ ਇਕ ਹੋਰ ਆਗੂ ਸੰਜੈ ਸਿੰਘ ਵਿਰੁੱਧ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਣੀ ਕੇਸ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਦੇ ਮੁੱਖ ਆਗੂ ਨੇ ਮੁਆਫ਼ੀ ਮੰਗ ਲਈ ਹੈ ਤਾਂ ਪਾਰਟੀ ਦੇ ਕਿਸੇ ਹੋਰ ਆਗੂ ਵਿਰੁੱਧ ਕੇਸ ਜਾਰੀ ਨਹੀਂ ਰੱਖਿਆ ਜਾਵੇਗਾ। ਸ੍ਰੀ ਮਜੀਠੀਆ ਨੇ ਕਿਹਾ ਕਿ ਅਜਿਹੇ ਦੋਸ਼ ਲਾ ਕੇ ਉਨ੍ਹਾਂ ਨੂੰ ਸਿਆਸੀ ਅਤੇ ਸਮਾਜਿਕ ਤੌਰ ‘ਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਕਾਰਨ ਪਰਿਵਾਰ ਖਾਸ ਕਰਕੇ ਉਨ੍ਹਾਂ ਦੀ ਮਾਂ ਨੂੰ ਜ਼ਿਆਦਾ ਠੇਸ ਲੱਗੀ ਸੀ ਜਿਸ ਦੀ ਭਰਪਾਈ ਹੋਣਾ ਮੁਸ਼ਕਲ ਹੈ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਆਗੂ ਹਾਜ਼ਰ ਸਨ।

ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿਦ ਕੇਜਰੀਵਾਲ ਵੱਲੋਂ ਮੁਆਫ਼ੀ ਮੰਗੇ ਜਾਣ ਵਿਰੁੱਧ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਖਰਡ਼ ਤੋਂ ਆਪ ਦੇ ਵਿਧਾਇਕ ਕੰਵਰ ਸੰਧੂ ਨੇ ਸੋਸ਼ਲ ਮੀਡੀਆ ਉੱਤੇ ਨਰਾਜ਼ਗੀ ਪ੍ਰਗਟਾਈ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਮਜੀਠੀਆ ਅੱਗੇ ਆਤਮ ਸਮਰਪਣ ਤੋਂ ਬੇਹੱਦ ਸਦਮੇ ਵਿੱਚ ਹਨ ਤੇ ਉਨ੍ਹਾਂ ਨੂੰ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀ ਹੈ ਕਿ ਉਨ੍ਹਾਂ ਦੇ ਨਾਲ ਇਹ ਮਾਮਲਾ ਵਿਚਾਰਿਆ ਤੱਕ ਨਹੀ ਗਿਆ। ਸੰਧੂ ਨੇ ਕਿਹਾ ਕਿ ਜੇ ਤੁਸੀਂ ਸੱਚ ਦੀ ਲੜਾਈ ਲੜਦੇ ਹੋ ਤਾਂ ਫਿਰ ਜੀਵਨ ਵਿੱਚ ਅਦਾਲਤੀ ਉਲੰਘਣਾ ਦੇ ਮਾਮਲਿਆਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਸੰਧੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਬਣਾਈ ਵਿਸ਼ੇਸ਼ ਟਾਸਕ ਫੋਰਸ ਮਜੀਠੀਆ ਨੂੰ ਡਰੱਗਜ਼ ਦੇ ਮਾਮਲੇ ਵਿੱਚ ਸ਼ਾਮਲ ਕਰ ਰਹੀ ਹੈ ਤੇ ਦੂਜਾ ਪਾਸੇ ਸਾਡਾ ਆਗੂ ਉਸ ਤੋਂ ਮੁਆਫੀ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਾਰਟੀ ਵਿਧਾਇਕ ਆਪਣੇ ਨਾਲ ਇਸ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,