ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਖਾਲੜਾ ਮਿਸ਼ਨ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰਾਂ ਵੱਲੋਂ ਮੁੱਖ ਮੰਤਰੀ ਦੇ ਨਾਮ ਖੁੱਲੀ ਚਿੱਠੀ

September 12, 2018 | By

ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰਾਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਗਈ। ਇਹ ਚਿੱਠੀ ਵਿਰਸਾ ਸਿੰਘ ਬਹਿਲਾ – ਗੋਲੀ ਕਾਂਡ, ਪਰਮਜੀਤ ਕੌਰ ਖਾਲੜਾ, ਕਿਰਪਾਲ ਸਿੰਘ ਰੰਧਾਵਾ, ਸੁਖਚੈਨ ਸਿੰਘ ਬਹਿਲਾ, ਬੀਬੀ ਸੁਖਵੰਤ ਕੌਰ, ਬੀਬੀ ਜਸਬੀਰ ਕੌਰ–ਕਿੱਲੀ ਬੋਂਦਲਾਂ, ਗੁਰਬਚਨ ਸਿੰਘ ਜਲੰਧਰ , ਹਰਜਿੰਦਰ ਸਿੰਘ ਮੁਰਾਦਪੁਰਾ, ਪਰਵੀਨ ਕੁਮਾਰ ਪੁੱਤਰ ਚਮਨ ਲਾਲ, ਗੁਰਜੀਤ ਸਿੰਘ ਤਰਸਿੱਕਾ, ਸਵਿੰਦਰ ਕੌਰ ਡੇਅਰੀਵਾਲ, ਸਿਮਰਜੀਤ ਕੌਰ, ਸੇਵਾ ਸਿੰਘ, ਬਲਕਾਰ ਸਿੰਘ, ਕਰਨੈਲ ਸਿੰਘ, ਪ੍ਰੇਮ ਸਿੰਘ, ਨਿਰਵੈਲ ਸਿੰਘ ਹਰੀਕੇ, ਗੁਰਦੇਵ ਸਿੰਘ, ਚੈਨ ਸਿੰਘ ਆਸਲ, ਬਲਦੇਵ ਸਿੰਘ, ਸਤਵੰਤ ਸਿੰਘ ਮਾਣਕ –ਝੂਠੇ ਮੁਕਾਬਲਿਆਂ ਦਾ ਗਵਾਹ, ਸਕੱਤਰ ਸਿੰਘ ਅਤੇ ਮੁਖਤਾਰ ਸਿੰਘ ਦੇ ਨਾਂ ਹੇਠ ਲਿਖੀ ਗਈ।

ਇਸ ਚਿੱਠੀ ਨੂੰ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਛਾਪ ਰਹੇ ਹਾਂ।

ਮੁੱਖ ਮੰਤਰੀ ਜੀ,

ਪਿਛਲੇ ਦਿਨੀ ਤੁਸੀ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਰਾਜਨਾਥ ਨਾਲ ਬੈਠਕ ਕਰਕੇ ਉਨ੍ਹਾਂ ਲੋਕਾਂ ਨੂੰ ਮੁਆਫੀ ਦੀ ਮੰਗ ਕੀਤੀ ਹੈ ਜਿੰਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਹਜਾਰਾਂ ਨਿਰਦੋਸ਼ਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ। ਤੁਸੀ ਗੁਰੂ ਨਾਨਕ ਸਾਹਿਬ ਦੇ ਆ ਰਹੇ 550ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਵੀ ਬੈਠਕਾਂ ਕਰ ਰਹੇ ਹੋ। ਤੁਹਾਡੀ ਇਹ ਕਾਰਵਾਈ ਗੁਰੂ ਨਾਨਕ ਸਾਹਿਬ ਜੀ ਦੀ ਸੇਧ ਦੇ ਬਿਲਕੁਲ ਉਲਟ ਹੈ। ਤੁਹਾਡੀ ਇਹ ਕਾਰਵਾਈ ਅਦਾਲਤੀ ਪ੍ਰਣਾਲੀ ਵਿੱਚ ਵਿਘਨ ਪਾਉਣ ਵਾਲੀ ਹੈ। ਪੀੜਤ ਪਰਿਵਾਰ ਲੰਬਾ ਅਰਸਾ ਅਦਾਲਤਾਂ ਦੇ ਚੱਕਰ ਕੱਟ ਕੇ ਇਨਸਾਫ ਦੀ ਆਸ ਲਾਈ ਬੈਠੇ ਹਨ। ਪਿਛਲੇ ਲੰਬੇ ਸਮੇਂ ਤੋਂ ਗੁਰਾਂ ਦਾ ਪੰਜਾਬ, ਪੰਜਾਬ ਦੀ ਧਰਤੀ ਉਤੇ ਚੱਪੇ ਚੱਪੇ ਤੇ ਹੋਏ ਝੂਠੇ ਮੁਕਾਬਲਿਆ ਦੀ ਪੜਤਾਲ ਦੀ ਮੰਗ ਕਰ ਰਿਹਾ ਹੈ। ਪੰਜਾਬ ਮੰਗ ਕਰ ਰਿਹਾ ਹੈ ਬਹਿਬਲ ਕਲਾਂ ਗੋਲੀ ਕਾਂਡ ਦੀ ਜਿੱਥੇ 2 ਨਿਰਦੋਸ਼ ਮਨੁੱਖੀ ਢਾਲ ਬਣਾ ਕੇ ਸ਼ਹੀਦ ਕੀਤੇ। ਪੜਤਾਲ ਹੋਣੀ ਚਾਹੀਦੀ ਸੀ ਸੁਮੇਧ ਸੈਣੀ ਦੁਆਰਾ ਝੂਠੇ ਮੁਕਾਬਲਿਆਂ ਦੀ। ਤੁਹਾਡੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਸੈਣੀ ਵੱਲੋਂ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਵਕੀਲ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦਾ ਜਿਕਰ ਕੀਤਾ ਸੀ। ਉਨ੍ਹਾਂ ਨੇ ਵਿਧਾਨਸਭਾ ਵਿਚ ਬੀਬੀ ਅਮਰ ਕੌਰ ਦੇ ਅਦਾਲਤ ਵਿੱਚ ਚੱਲ ਰਹੇ ਕੇਸ ਦਾ ਵੀ ਵੇਰਵਾ ਪਾਇਆ ਸੀ। ਲੋੜ ਤਾਂ ਸੀ ਤੁਸੀ ਸੈਣੀ ਦੇ ਇਨ੍ਹਾਂ ਕਾਰਨਾਮਿਆਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਦੇ ਪਰ ਤੁਸੀ ਦਿੱਲੀ ਜਾ ਕੇ ਮੁਆਫੀ ਦਵਾਉਣ ਤੁਰ ਪਏ। ਪੜਤਾਲ ਹੋਣੀ ਚਾਹੀਦੀ ਸੀ ਕਿੱਲੀ ਬੋਦਲਾਂ ਕਾਂਡ ਦੀ ਜਿੱਥੇ 7 ਨਿਰਦੋਸ਼ ਕਤਲ ਕੀਤੇ ਗਏ, ਪੜਤਾਲ ਹੋਣੀ ਚਾਹੀਦੀ ਸੀ ਰਾਮ ਸਿੰਘ ਬਲੰਿਗ ਪੱਤਰਕਾਰ ਦੇ ਕਤਲ ਦੀ। ਪੜਤਾਲ ਹੋਣੀ ਚਾਹੀਦੀ ਸੀ ਰਣਬੀਰ ਸਿੰਘ ਮਾਨਸ਼ਾਹੀਆ ਵਕੀਲ ਦੇ ਪੁਲਿਸ ਦੁਆਰਾ ਕਤਲ ਦੀ। ਸੱਚ ਸਾਹਮਣੇ ਆਉਣਾ ਚਾਹੀਦਾ ਸੀ ਤੁਹਾਡੇ ਵੱਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ 21 ਸਿੱਖ ਨੋਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ। ਗੁਰਾਂ ਦਾ ਪੰਜਾਬ ਸੱਚ ਜਾਣਨਾ ਚਾਹੁੰਦਾ ਸੀ। ਇੱਕ ਐਸ.ਐਸ.ਪੀ. ਰਾਮ ਨਰਾਇਣ ਕੁਮਾਰ ਵੱਲੋਂ ਦਿੱਤੀ ਇੰਟਰਵਿਊ ਦਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਦੀ ਹਫਤਾਵਰੀ ਮੀਟਿੰਗਾਂ ਤੋਂ ਪਹਿਲਾਂ 300-400 ਸਿੱਖ ਮਾਰਿਆ ਜਾਂਦਾ ਸੀ। ਸੱਚ ਸਾਹਮਣੇ ਆਉਣਾ ਚਾਹੀਦਾ ਸੀ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ। ਪੰਜਾਬ ਜਾਣਨਾ ਚਾਹੁੰਦਾ ਸੀ ਸੱਚ ਕਿਵੇਂ ਬੀਬੀ ਮਹਿੰਦਰ ਕੌਰ ਪੰਜਵੜ੍ਹ, ਬੀਬੀ ਗੁਰਮੇਜ ਕੌਰ ਮਾਨੋਚਾਹਲ, ਬੀਬੀ ਹਰਪੀ੍ਰਤ ਕੌਰ, ਬੀਬੀ ਸੁਰਿੰਦਰ ਕੌਰ ਤਰਨ ਤਾਰਨ ਆਦਿ ਵਰਗੀਆਂ ਸੈਂਕੜੇ ਬੀਬੀਆਂ ਨੂੰ ਥਾਣਿਆ ਵਿੱਚ ਬੇਇੱਜਤ ਕਰਕੇ ਕਿਵੇਂ ਲਾਪਤਾ ਕੀਤਾ ਗਿਆ। ਪੜਤਾਲ ਹੋਣੀ ਚਾਹੀਦੀ ਸੀ ਪਿੰਕੀ ਕੈਟ ਦੇ ਖੁਲਾਸਿਆਂ ਦੀ ਅਤੇ ਏ.ਐਸ.ਆਈ. ਸੁਰਜੀਤ ਸਿੰਘ ਵੱਲੋਂ ਬਿਆਨੇ ਝੂਠੇ ਮੁਕਾਬਲਿਆਂ ਦੀ। ਪੜਤਾਲ ਹੋਣੀ ਚਾਹੀਦੀ ਸੀ ਜਵਾਨੀ ਨੂੰ ਕਤਲ ਕਰਕੇ ਕਿਵੇਂ 15-20 ਲਾਸ਼ਾਂ ਹਰੀਕੇ ਦਰਿਆ ਵਿੱਚ ਰੋੜੀਆਂ ਜਾਂਦੀਆਂ ਰਹੀਆਂ। ਜਿਸਦਾ ਵੇਰਵਾ ਸੁਰਜੀਤ ਸਿੰਘ ਨਾਮ ਦੇ ਨਹਿਰੀ ਮੁਲਾਜਮ ਨੇ ਸੀ.ਬੀ.ਆਈ. ਨੂੰ ਦਿੱਤਾ ਸੀ। 100 ਸਾਲਾਂ ਬਜੁਰਗ ਚਮਨ ਲਾਲ ਆਪਣੇ ਪੁੱਤਰ ਗੁਲਸ਼ਨ ਕੁਮਾਰ ਦੇ ਝੂਠੇ ਮੁਕਾਬਲੇ ਦਾ ਨਿਆ ਮੰਗਦਾ ਮੰਗਦਾ ਇਸ ਧਰਤੀ ਤੋਂ ਚਲਾ ਗਿਆ। ਤੁਸੀ ਤਾਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਗੁਰੂ ਸਾਹਿਬਾਨ ਦੀ ਸੇਧ ਉੱਪਰ ਚੱਲਣ ਦਾ ਯਕੀਨ ਦਵਾਇਆ ਸੀ। ਪਰ ਤੁਸੀ ਤਾਂ 25000 ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਮੁੱਖ ਦੋਸ਼ੀ ਕੇ.ਪੀ.ਐਸ. ਗਿੱਲ ਨਾਲ ਯਾਰੀਆ ਪਾਉਣ ਤੁਰ ਪਏ। ਤੁਹਾਡੇ ਤੋਂ ਪਹਿਲਾ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਾਰੀ ਉਮਰ ਪਾਪੀਆ ਨਾਲ ਯਾਰੀਆਂ ਅਤੇ ਪੰਥ ਨਾਲ ਗੱਦਾਰੀਆ ਕੀਤੀਆ ਸਨ। ਅੱਜ ਉਨ੍ਹਾਂ ਦਾ ਹਸ਼ਰ ਸਾਰੀ ਦੁਨੀਆ ਵੇਖ ਰਹੀ ਹੈ। ਪੀੜਤ ਪਰਿਵਾਰ 20-25 ਸਾਲਾਂ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ। ਨਕੋਦਰ ਕਾਂਡ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਕੀਤੇ ਗਏ ਅਤੇ 4 ਨੋਜਵਾਨਾਂ ਦਾ ਪੁਲਿਸ ਵੱਲੋਂ ਕਤਲ ਹੋਇਆ। ਉਸ ਵਿੱਚ ਦੋਸ਼ੀ ਸਨ ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਅੱਜ ਦੇ ਬਾਦਲ ਦਲ ਦੇ ਨੇਤਾ। ਪੰਜਾਬ ਇਸ ਕਾਂਡ ਦੀ ਪੜਤਾਲ ਦੀ ਮੰਗ ਕਰ ਰਿਹਾ ਹੈ। ਬੀਬੀ ਸੁਖਵੰਤ ਕੌਰ ਆਪਣੇ ਪਰਿਵਾਰ ਦੇ ਤਿੰਨ ਜੀਆਂ ਦੇ ਝੂਠੇ ਮੁਕਾਬਲੇ ਦਾ ਨਿਆ ਲੈਣ ਲਈ 25 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ। ਤੁਸੀ ਨਿਰਦੋਸ਼ਾਂ ਦੇ ਕਾਤਿਲਾਂ ਨੂੰ ਬਚਾ ਕੇ ਗੁਰੂ ਸਾਹਿਬ ਨਾਲ ਧੋਖਾ ਕਰ ਰਹੇ ਹੋ। ਤੁਹਾਨੂੰ ਇਸ ਕਾਰਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਝੂਠੇ ਮੁਕਾਬਲਿਆਂ ਅਤੇ ਪੀੜਤਾਂ ਦੇ ਹੱਕ ਵਿੱਚ ਖਲੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀ ਕਰ ਸਕਦੇ ਤੇ ਤਹਾਨੂੰ ਨੈਤਿਕ ਤੌਰ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,