
January 23, 2011 | By ਸਿੱਖ ਸਿਆਸਤ ਬਿਊਰੋ
ਬਠਿੰਡਾ/ਨਾਭਾ (23 ਜਨਵਰੀ, 2011): ਅੱਜ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਵਧੀਕ ਸਰੁੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਭਾਈ ਮਨਧੀਰ ਸਿੰਘ ਨੂੰ 21 ਜਨਵਰੀ ਨੂੰ ਮਾਨਸਾ ਦੇ ਚੀਫ ਜੁਡੀਸ਼ਲ ਮੈਜਿਸਟ੍ਰੇਟ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਤੇ ਮਾਨਸਾ ਪੁਲਿਸ ਨੇ ਇਸੇ ਦਿਨ ਉਨ੍ਹ ਨੂੰ ਬਠਿੰਡਾ ਜੇਲ੍ਹ ਵਿੱਚ ਭੇਜ ਦਿੱਤਾ ਪਰ ਹੁਣ ਇਹ ਖਬਰ ਮਿਲੀ ਹੈ ਕਿ ਮਨਧੀਰ ਸਿੰਘ ਨੂੰ ਨਾਭਾ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਹੈ। ਅਜਿਹਾ ਪ੍ਰਸ਼ਾਸਨਿਕ ਪੱਧਰ ਉੱਤੇ ਲਏ ਗਏ ਫੈਸਲੇ ਅਨੁਸਾਰ ਹੋਇਆ ਦੱਸਿਆ ਜਾਂਦਾ ਹੈ।
ਭਾਈ ਮਨਧੀਰ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਰਹੇ ਹਨ ਤੇ ਉਨ੍ਹਾਂ 2007 ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਤੇ ਬਲਾਚੌਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਸਨ। ਮਾਨਸਾ ਪੁਲਿਸ ਨੇ ਉਨ੍ਹਾਂ ਨੂੰ ਡੇਰਾ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਦੇ ਜਿਸ ਕੇਸ ਵਿੱਚ ਫੜ੍ਹਿਆ ਹੈ, ਉਸ ਕੇਸ ਦੀ ਪੂਰੀ ਫਾਈਲ ਵਿੱਚ ਮਨਧੀਰ ਸਿੰਘ ਦਾ ਨਾਂ ਹੀ ਨਹੀਂ ਹੈ। ਪੰਚ ਪ੍ਰਧਾਨੀ ਸਮੇਤ ਵੱਖ-ਵੱਖ ਜਥੇਬੰਦੀਆਂ ਇਸ ਗ੍ਰਿਫਤਾਰੀ ਪਿੱਛੇ ਸਿਆਸੀ ਕਾਰਨ ਹੋਣ ਦਾ ਦਾਅਵਾ ਕਰ ਰਹੇ ਹਨ।
Related Topics: Bhai Mandhir Singh, Nabha Jail, Sikh Students Federation, Sikhs in Jails