ਸਿੱਖ ਖਬਰਾਂ

ਦਮਦਮੀ ਟਕਸਾਲ ਮਹਿਤਾ ਵਿੱਖੇ ਸ਼ਹੀਦ ਸੰਤ ਭਿੰਡਰਾਂਵਾਲ਼ਿਆਂ ਅਤੇ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

June 7, 2015 | By

ਚੌਕ ਮਹਿਤਾ (6 ਜੂਨ, 2015): ਦਮਦਮੀ ਟਕਸਾਲ ਦੇ ਹੈੱਡ-ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਜੂਨ 1984 ਦੇ ਮਹਾਨ ਸ਼ਹੀਦ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਭਾਈ ਠਾਹਰਾ ਸਿੰਘ, ਜਨਰਲ ਭਾਈ ਸੁਬੇਗ ਸਿੰਘ ਅਤੇ ਹੋਰ ਸਮੂਹ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਟਕਸਾਲ ਮੁੱਖੀ ਹਰਨਾਮ ਸਿੰਘ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ।

ਦਮਦਮੀ ਟਕਸਾਲ ਵੱਲੋਂ ਲਗਤਾਰ ਦੇਸ਼ਾਂ-ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਅਤੇ ਨੇੜਲੇ ਪਿੰਡਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਜਾਏ ਗਏ ਇੱਕ ਸੌ ਤੋਂ ਉੱਪਰ ਸ਼ਹੀਦੀ ਦੀਵਾਨਾਂ ਨਾਲ ਸਮੁੱਚੀ ਕੌਮ ਵਿੱਚ ਆਈ ਜਾਗਿ੍ਤੀ ਦੇ ਫਲਸਰੂਪ ਅੱਜ ਦੇ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਦਾ ਠਾਂਠਾਂ ਮਾਰਦਾ ਇਕੱਠ ਇਹ ਦਰਸਾ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਲਾਸਾਨੀ ਕੁਰਬਾਨੀ ਅਤੇ ਪਵਿੱਤਰ ਯਾਦ ਅੱਜ ਵੀ ਹਰ ਇੱਕ ਸਿੱਖ ਹਿਰਦੇ ‘ਚ ਮੌਜੂਦ ਹੈ ਅਤੇ ਉਨ੍ਹਾਂ ਪ੍ਰਤੀ ਸੰਗਤਾਂ ਦਾ ਸਤਿਕਾਰ ਦਿਨ ਬਦਿਨ ਵੱਧਦਾ ਹੀ ਜਾ ਰਿਹਾ ਹੈ ।

ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ

ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ

ਟਕਸਾਲ ਮੁੱਖੀ ਨੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਦੇ ਲੱਗੇ ਹੋਏ ਹੋਰਡਿੰਗ ਬੋਰਡ ਪਾੜਨ ਦੀਆਂ ਘਟਨਾਵਾਂ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਰੋਹ ਭਰਪੂਰ ਲਹਿਜੇ ਵਿੱਚ ਕਿਹਾ ਕਿ ਕੌਮ ਦੇ ਦੋਖੀ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨਾਲ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ ।

ਜੰਮੂ ਵਿੱਚ ਨੌਜਵਾਨ ਜਗਜੀਤ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ । ਉਨ੍ਹਾਂ ਨੇ ਅਜਿਹੇ ਦੋਸ਼ੀਆਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ । ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਉਹ ਦੋਸ਼ੀਆਂ ਨੁੂੰ ਉਚਿੱਤ ਦੰਡ ਦੇਣ ਨਹੀਂ ਤਾਂ ਪੰਜਾਬ ਵਿੱਚ ਸ਼ਾਂਤੀ ਭੰਗ ਹੋਣ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼ਹੀਦ ਮਾਵਾਂ ਦੀ ਕੁੱਖ ‘ਚੋਂ ਨਹੀਂ ਸਗੋਂ ਕੌਮ ਦੀ ਕੁੱਖ ‘ਚੋਂ ਪੈਦਾ ਹੁੰਦੇ ਹਨ ।

 ਹਾਜ਼ਰ ਸੰਗਤਾਂ ਦਾ ਇਕੱਠ

ਹਾਜ਼ਰ ਸੰਗਤਾਂ ਦਾ ਇਕੱਠ

ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਸੰਤਾਂ ਨਾਲ ਬੇਸ਼ੱਕ ਸਿੰਘ ਥੋੜ੍ਹੇ ਹੀ ਸਨ ਪਰ ਚੜ੍ਹ ਕੇ ਆਏ ਹਜ਼ਾਰਾਂ ਦੁਸ਼ਮਣਾਂ ਦੇ ਉਨ੍ਹਾਂ ਨੇ ਛੱਕੇ ਛੁਡਾ ਦਿੱਤੇ । ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ ।ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਤੇ ਗੁ: ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਸੰਬੋਧਨ ਕੀਤਾ ।

ਭਾਈ ਅਜੈਬ ਸਿੰਘ ਅਭਿਆਸੀ ਵੱਲੋਂ ਜੇਲ੍ਹ ‘ਚ ਬੰਦ ਸਿੰਘਾਂ ਦੀ ਰਿਹਾਈ, ਸੰਤਾਂ ਦੇ ਬੋਰਡਾਂ ਨਾਲ ਛੇੜਖਾਨੀ ਕਰਨਾ ਵਾਲਿਆਂ ਖਿਲਾਫ ਕਾਰਵਾਈ, ਜੰਮੂ ਵਿੱਚ ਸ਼ਹੀਦ ਹੋਏ ਭਾਈ ਜਗਜੀਤ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਤਿੰਨ ਮਤੇ ਪੇਸ਼ ਕਰਕੇ ਸੰਗਤਾਂ ਕੋਲੋਂ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ੍ਹ ਕਰਵਾ ਕੇ ਪ੍ਰਵਾਨਗੀ ਲਈ ਗਈ ।

ਸ਼ਹੀਦੀ ਸਮਾਗਮ ਵਿੱਚ ਮੁੱਖ ਤੌਰ ‘ਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ, ਸੰਤ ਲਖਮੀਰ ਸਿੰਘ ਰਤਵਾੜਾ ਸਾਹਿਬ, ਜਥੇ: ਮਾਨ ਸਿੰਘ ਮੜ੍ਹੀਆਵਾਲ, ਸੰਤ ਹਰੀ ਸਿੰਘ ਨਾਨਕਸਰ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਜਥੇ: ਬਲਜੀਤ ਸਿੰਘ ਜਲਾਲ ਉਸਮਾਂ, ਬਾਬਾ ਲੱਖਾ ਸਿੰਘ ਰਾਮ ਥੰਮ੍ਹਣ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਭਾਈ ਸਤਵੰਤ ਸਿੰਘ ਸਪੁੱਤਰ ਸ਼ਹੀਦ ਕੇਹਰ ਸਿੰਘ, ਮਾਤਾ ਪਿਆਰ ਕੌਰ ਮਾਤਾ ਸ਼ਹੀਦ ਸਤਵੰਤ ਸਿੰਘ, ਬਾਬਾ ਮੇਜਰ ਸਿੰਘ ਵਾਂ ਵਾਲੇ ਕੈਪਟਨ ਬਲਬੀਰ ਸਿੰਘ ਬਾਠ ਤੇ ਹੋਰ ਸਖਸ਼ੀਅਤਾਂ ਵੀ ਪੁੱਜੀਆਂ ਹੋਈਆਂ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,