ਸਿੱਖ ਖਬਰਾਂ

ਸ਼ਹੀਦ ਭਾਈ ਸਤਵੰਤ ਸਿੰਘ ਦੇ ਜੱਦੀ ਪਿੰਡ ਅਗਵਾਨ ਵਿਖੇ ਮਨਾਇਆ ਗਿਆ ਸ਼ਹੀਦੀ ਦਿਹਾੜਾ

January 7, 2016 | By

ਬਟਾਲਾ (6 ਜਨਵਰੀ, 2015): 20ਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਸਿੱਖੀ ਦੀ ਆਨ-ਸ਼ਾਨ ਲਈ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ, ਭਾਈ ਕੇਹਰ ਸਿੰਘ ਦਾ 27ਵਾਂ ਸ਼ਹੀਦੀ ਦਿਹਾੜਾ ਭਾਈ ਸਤਵੰਤ ਸਿੰਘ ਦੇ ਪਿੰਡ ਅਗਵਾਨ ਵਿੱਚ ਮਨਾਇਆ ਗਿਆ।

ਸ਼ਹੀਦੀ ਦਿਹਾੜੇ ਦੇ ਨਾਲ ਨਾਲ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਅਗਵਾਨ ਧਰਮ ਪਤਨੀ ਭਾਈ ਸਤਵੰਤ ਸਿੰਘ ਦੀ 15ਵੀਂ ਬਰਸੀ ਵੀ ਇਸ ਸਮੇਂ ਮਨਾਈ ਗਈ।

ਸ਼ਹੀਦੀ ਸਮਾਗਮ ਦੌਰਾਨ ਸਟੇਜ਼ 'ਤੇ ਜੁੜੀਆਂ ਸ਼ਖਸ਼ੀਅਤਾਂ

ਸ਼ਹੀਦੀ ਸਮਾਗਮ ਦੌਰਾਨ ਸਟੇਜ਼ ‘ਤੇ ਜੁੜੀਆਂ ਸ਼ਖਸ਼ੀਅਤਾਂ

ਸ਼ਹੀਦੇ ਦਿਹਾੜੇ ਮੌਕੇ ਹੋਏ ਸਮਾਗਮ ਵਿੱਚ ਸਿੱਖ ਪੰਥ ਦੀਆਂ ਸਿਰਮੌਰ ਧਾਰਮਿਕ ਸ਼ਖਸੀਅਤਾਂ, ਸਿੱਖ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਮੂਲੀਅਤ ਕਰਦਿਆਂ ਕੌਮ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਧਾਰਮਿਕ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਉਪਰੰਤ ਭਾਈ ਕਰਮਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਜਥਿਆਂ ਨੇ ਕੀਰਤਨ ਕੀਤਾ ਤੇ ਉਪਰੰਤ ਭਾਈ ਕੁਲਵਿੰਦਰ ਸਿੰਘ ਭਿੰਡਰ ਰੂਪੋਵਾਲੀ ਦੇ ਕਵੀਸ਼ਰੀ ਜਥੇ ਤੇ ਢਾਡੀ ਸੁਰਜੀਤ ਸਿੰਘ ਵਾਰਸ ਨੇ ਸ਼ਹੀਦਾਂ ਬਾਰੇ ਆਪਣੀਆਂ ਵਾਰਾਂ ਰਾਹੀਂ ਵਿਸਥਾਰ ਪੂਰਵਕ ਚਾਨਣਾ ਪਾਇਆ ।

ਸ਼ਹੀਦੀ ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਸ਼ਹੀਦੀ ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਸਮਾਗਮ ਤੋਂ ਪਹਿਲਾਂ ਸੰਤ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਨੇ ਵੀ ਸ਼ਮੂਲੀਅਤ ਕਰਕੇ ਹਾਜ਼ਰੀ ਭਰੀ । ਇਸ ਮੌਕੇ ਬੋਲਦਿਆਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ ਕੌਮਾਂ ਦਾ ਮੁਢਲਾ ਫਰਜ਼ ਹੈ, ਕਿਉਂਕਿ ਸ਼ਹੀਦਾਂ ਦੀ ਮੌਤ ਵੀ ਕੌਮਾਂ ਦੀ ਜਿੰਦਗੀ ਹੁੰਦੀ ਹੈ ।

ਇਸ ਮੌਕੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਮਾਤਾ ਪਿਆਰ ਕੌਰ ਸਮੇਤ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੈਂਸਰ ਦਾ ਮੁਫਤ ਚੈੱਕਅਪ ਕੈਂਪ ਵੀ ਲਗਾਇਆ । ਅਖੀਰ ‘ਚ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਸਮਾਗਮ ‘ਚ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਭਾਈ ਸਤਨਾਮ ਸਿੰਘ ਅਲੀਪੁਰ ਕਥਾਵਾਚਕ, ਭਾਈ ਬਲਬੀਰ ਸਿੰਘ ਚੀਫ ਖਾਲਸਾ ਦੀਵਾਨ, ਭੁਪਿੰਦਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਬਾਬਾ ਸੁਖਵਿੰਦਰ ਸਿੰਘ ਮਲਕਪੁਰਬਲਤੇਜ ਸਿੰਘ ਨਿਊਜੀਲੈਂਡ, ਆਗਿਆਪਾਲ ਸਿੰਘ ਨਿਊਜੀਲੈਂਡ, ਬਿਕਰਮਜੀਤ ਸਿੰਘ ਨਿਊਜੀਲੈਂਡ (ਭਤੀਜੇ ਭਾਈ ਸਤਵੰਤ ਸਿੰਘ) ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,