ਚੋਣਵੀਆਂ ਲਿਖਤਾਂ » ਲੇਖ

ਸ਼ਹਾਦਤ: ਗੌਰਵਸ਼ੀਲ ਇਤਿਹਾਸਕ ਦਖਲ – ਡਾ ਗੁਰਭਗਤ ਸਿੰਘ

December 11, 2018 | By

ਡਾ ਗੁਰਭਗਤ ਸਿੰਘ*

ਕੁਰਬਾਨੀ ਸ਼ਹਾਦਤ ੳਦੋਂ ਹੀ ਬਣਦੀ ਹੈ ਜਦੋਂ ਉਸ ਵਿਚ ਇੰਨੀ ਸ਼ਕਤੀ ਹੋਵੇ ਕਿ ਉਹ ਚੱਲ ਰਹੇ ਇਤਿਹਾਸ ਦੀ ਦਿਸ਼ਾ ਬਦਲ ਦੇਵੇ। ਉਸ ਵਿਚ ਰੋਸ਼ਨੀ ਦੇ ਅੰਬਾਰ ਸੁੱਟ ਦੇਵੇ। ਇਸ ਲਈ ਸ਼ਹਾਦਤ ਦੇਣ ਵਾਲੇ ਮਹਾਂਪੁਰਖ ਅਤਿਅੰਤ ਗਿਆਨਵਾਨ ਹੁੰਦੇ ਹਨ। ਘੱਟੋ-ਘੱਟ ਉਨ੍ਹਾਂ ਨੂੰ ਇਤਿਹਾਸ ਦੀ ਉਸ ਊਣ ਦਾ ਪਤਾ ਹੁੰਦਾ ਹੈ ਜਿਸ ਨਾਲ ਉਹ ਮਨੁੱਖ ਜਾਤੀ ਦੇ ਕੁਝ ਹਿੱਸੇ ਲਈ ਗੌਰਵ ਗੁਆ ਚੁੱਕਾ ਹੈ। ਸ਼ਹਾਦਤ ਇਤਿਹਾਸ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਦਿੱਤਾ ਚੇਤਨ ਦਖਲ ਹੈ।

ਇੱਕ ਕ੍ਰਾਂਤੀਕਾਰੀ ਮਨੁੱਖ ਅਤੇ ਸ਼ਹੀਦ ਵਿਚ ਅੰਤਰ ਕੇਵਲ ਮਾਧਿਅਮ ਦਾ ਹੀ ਹੈ। ਕ੍ਰਾਂਤੀਕਾਰੀ ਇੱਕ ਲਹਿਰ ਦਾ ਹਿੱਸਾ ਹੋ ਕੇ ਇਤਿਹਾਸ ਨੂੰ ਬਦਲਣਾ ਚਾਹੁੰਦਾ ਹੈ ਅਤੇ ਸ਼ਹੀਦ ਸਾਰਾ ਭਾਰ ਆਪਣੇ ਆਪ ਉੱਤੇ ਚੁੱਕ ਲੈਂਦਾ ਹੈ। ਜਦੋਂ ਕ੍ਰਾਂਤੀਕਾਰੀ ਨੂੰ ਇਹ ਮਹਿਸੂਸ ਹੋਵੇ ਕਿ ਲੋਕਾਂ ਦਾ ਸੰਗਠਨ ਬਣਨਾ ਅਜੇ ਅਸੰਭਵ ਹੈ, ਪਰ ਇਤਿਹਾਸ ਅਤੇ ਜੀਵਨ ਦਾ ਗੁਆਚ ਰਿਹਾ ਗੌਰਵ ਛੇਤੀ ਸੁਰਜੀਤ ਕਰਨ ਦੀ ਲੋੜ ਹੈ, ਉਹ ਸ਼ਹਾਦਤ ਦਾ ਰਾਹ ਵੀ ਚੁਣ ਸਕਦਾ ਹੈ।ਉਸ ਵਿਚ ਕ੍ਰਾਂਤੀ ਅਤੇ ਸ਼ਹਾਦਤ ਮਿਲ ਜਾਂਦੇ ਹਨ। ਇੱਕ ਸ਼ਹੀਦ ਵਿੱਚ ਵੱਧ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਉਹ ਇਤਿਹਾਸ ਅਤੇ ਮਨੁੱਖ ਨੂੰ ਨਿਰਗੌਰਵ ਬਣਾਉਣ ਵਾਲੇ ਵਿਅਕਤੀਆਂ ਪ੍ਰਤੀ ਵੀ ਹਮਦਰਦੀ ਰੱਖਦਾ ਹੈ- ਬੋਧੀ ਅਰਥਾਂ ਵਿਚ ਕਰੁਣਾ ਭਾਵ, “ਨਦਰ” ਦੀ ਆਸ ਨਾਲ ਕਿ ਕਦੇ ਉਹ ਵੀ ਬਦਲ ਜਾਣਗੇ।

ਕਿਸੇ ਵੀ ਮਨੁੱਖ ਹਿਤੈਸ਼ੀ ਲਖਸ਼ ਲਈ ਦਿੱਤੀ ਕੁਰਬਾਨੀ ਸ਼ਹਾਦਤ ਹੈ, ਪਰ ਜਿਸ ਕੁਰਬਾਨੀ ਪਿੱਛੇ ਕੰਮ ਕਰ ਰਹੀ ਚੇਤੰਨਤਾ ਇੰਨੀ ਵਿਸ਼ਾਲ ਹੋਵੇ ਕਿ ਉਹ ਸਮੁੱਚੇ ਬ੍ਰਹਮੰਡ ਦੇ ਜੀਵਨ ਨੂੰ ਕਲਾਵੇ ਵਿਚ ਲੈ ਲਵੇ, ਜੋ ਕੁਝ ਸਿਰਜਨਾ ਵਿਚ ਹੈ, ਸਭ ਨੂੰ ਇੱਕ ਭਰਾਤਰੀਅਤਾ ਜਾਣੇ, ਉਹ ਉੱਦਾਤ ਸ਼ਹਾਦਤ ਹੈ ਅੰਗ੍ਰੇਜ਼ੀ ਵਿਚ ਇਸ ਨੂੰ “ਸਬਲਾਈਮ ਮਾਰਟਿਡਮ” ਆਖਾਂਗੇ।

ਸਿੱਖ ਸ਼ਹਾਦਤ ਦੇ ਇਤਿਹਾਸ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ, ੳੱਦਾਤ ਸ਼ਹਾਦਤਾਂ ਹਨ। ਇਨ੍ਹਾਂ ਨੂੰ ਇਤਿਹਾਸ ਦੇ ਕੇਵਲ ਕੁਝ ਸੀਮਿਤ ਤੱਥਾਂ ਨਾਲ ਨਹੀਂ ਜੋੜਿਆ ਜਾ ਸਕਦਾ। ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਪ੍ਰਿਥੀ ਚੰਦ ਦੀ ਬਦਲਾ ਭਾਵਨਾ ਨਾਲ ਜਾਂ ਇਸਲਾਮੀ ਉਤਸ਼ਾਹੀ ਸ਼ੈਖ ਅਹਿਮਦ ਸਰਹੰਦੀ ਦੀਆਂ ਵਿੳਂਤਾਂ ਨਾਲ ਜੋੜਿਆ ਜਾਂਦਾ ਹੈ। ਉਹ ਵੀ ਕੁਝ ਛੋਟੇ ਕਾਰਣ ਸਨ, ਪਰ ਅਸਲ ਕਾਰਣ ਗੁਰੂ ਸਾਹਿਬਾਨ ਦਾ ਉਹ ਬ੍ਰਹਮੰਡੀ ਅਤੇ ਵਿਸ਼ਾਲ ਮਨੁੱਖਵਾਦੀ ਜੀਵਨ ਮਾਰਗ ਅਤੇ ਫਲਸਫਾ ਸੀ ਜੋ ਉਸ ਸਮੇਂ ਦੀ ਮੁਗ਼ਲਈ ਸਲਤਨਤ ਅਤੇ ਉਸਦੇ ਧਰਮ ਅਭਿਆਸ ਦੇ ਵਿਰੋਧ ਵਿੱਚ ਖੜ੍ਹਾ ਸੀ। ਅਕਬਰ ਨੇ ਇਸ ਵਿਸ਼ਾਲਤਾ ਦੀ ਕਦਰ ਕੀਤੀ ਸੀ, ਪਰ ਛੇਤੀ ਹੀ ਉਸ ਦੇ ਉਤਰਅਧਿਕਾਰੀ ਜਹਾਂਗੀਰ ਨੇ ਇਸਲਾਮੀ ਇੱਕਵਾਦ ਵੱਲ ਮੋੜ ਕੱਟ ਲਿਆ। ਇਸ ਇੱਕਵਾਦ ਨਾਲ ਹੀ ਉਸ ਨੂੰ ਅਤੇ ਉਸ ਦੀਆਂ ਸਹਾਇਕ ਇਸਲਾਮੀ ਸੰਸਥਾਵਾਂ ਨੂੰ ਨਜ਼ਰ ਆਉਂਦਾ ਸੀ, ਮੁਗਲ ਸਲਤਨਤ ਪੱਕੇ ਪੈਰਾਂ ਉੱਤੇ ਖੜ੍ਹੀ ਰਹਿ ਸਕਦੀ ਹੈ।

ਜਿਸ ਜੀਵਨ ਮਾਰਗ ਅਤੇ ਦਰਸ਼ਨ ਦੇ ਮੁਜੱਸਮਾ, ਸਾਕਾਰ ਚਿਤਰ, ਗੁਰੂ ਅਰਜਨ ਦੇਵ ਜੀ ਸਨ, ਉਹ ਕਰਤਾ ਪੁਰਖ ਦੇ “ਏਕ” ਅਤੇ “ਅਨੇਕ” ਰੂਪ ਦਾ ਵਿਸਥਾਰ ਸੀ। ਇਸ ਵਿਚ ਇਸਲਾਮੀ/ਮੁਗ਼ਲਈ/ਬ੍ਰਾਹਮਣੀ ਇੱਕਵਾਦ ਦੀ ਕੋਈ ਥਾਂ ਨਹੀਂ ਸੀ। ਜਿਸ ਅਨਹਦਨਾਦ, ਜਿਸ ਬ੍ਰਹਮੰਡੀ ਸੰਗੀਤ ਨੂੰ ਉਹ ਹਰ ਦਿਲ ਵਿੱਚ ਵਜਾਉਣਾ ਚਾਹੁੰਦੇ ਸਨ, ਉਸ ਲਈ ਵੱਖ-ਵੱਖ ਸੁਰਾਂ ਵਿਭਿੰਨ ਤਾਨਾਂ ਦੀ ਵੀ ਅਤਿਅੰਤ ਲੋੜ ਸੀ। ਨਾਦ ਦੀ ਨਿਰੰਤਰਤਾ ਅਤੇ ਸ਼ਿੱਦਤ ਲਈ ਅਨੇਕ ਰਾਗਾਂ ਅਤੇ ਉਪ-ਰਾਗਾਂ/ਰਾਗਣੀਆਂ ਦਾ ਵੀ ਪੂਰਾ ਮਹੱਤਵ ਸੀ। ਭਾਈ ਗੁਰਦਾਸ ਨੇ ਵਾਰ 24 ਵਿਚ ਇਹ ਸਾਖੀ ਭਰੀ ਹੈ ਕਿ ਗੁਰੂ ਅਰਜੁਨ ਦੇਵ “ਬ੍ਰਹਮ ਪਰਮ ਪਦ” ਵਿਚ ਰਹਿੰਦੇ ਸਨ, ਗੁਰੂ ਹਰਗੋਬਿੰਦ ਦਾ ਆਉਣਾ ਵੀ “ਵਿਸਮਾਦੈ ਵਿਸਮਾਦ ਮਿਲੰਦਾ” ਆਖਿਆ ਗਿਆ ਹੈ।

ਸਿਰਜਨਾ ਅਤੇ ਸਿਰਜਨਾਹਾਰ ਦੀ ਵਿਸ਼ਾਲਤਾ ਸੁੰਦਰਤਾ ਅਤੇ ਸੰਗੀਤ ਨਾਲ ਅਭੇਦ ਹੋਣਾ ਹੀ ਵਿਸਮਾਦੀ ਜੀਵਨ ਜਿਊਣਾ ਹੈ, ਇਹੀ ਜੋੜ ਹੋਣਾ ਹੈ। ਇਸ ਲਈ ਗੁਰੂ ਅਰਜੁਨ ਦੇਵ ਦੇ ਸ਼ਹਾਦਤ ਖਿਣ ਨੂੰ ਵੀ ਭਾਈ ਗੁਰਦਾਸ ਜੀ ਨੇ “ਜੋਤੀ ਅੰਦਰਿ ਜੋਤਿ ਸਮਾਣੀ” ਆਖਿਆ ਹੈ। ਪਤੰਗੇ ਦੇ ਰੌਸ਼ਨੀ ਵਿਚ ਮਿਲ ਜਾਣ ਅਤੇ ਕੁਰਬਾਨ ਹੋ ਜਾਣ ਨਾਲ ਤਸ਼ਬੀਹ ਦਿੱਤੀ ਹੈ।
ਵਿਸਮਾਦ ਵਿੱਚ ਜੋਤ ਹੋਣਾ ਹੀ ਉੱਦਾਤ ਜੀਵਨ ਜਿਉਣਾ ਹੈ। ਵਕਤ ਦੀ ਰਾਜਨੀਤੀ ਅਤੇ ਇਸ ਦੇ ਰੁਝਾਨ ਇਸ ਵਿਸਮਾਦ ਨਾਲ ਟਕਰਾਉਂਦੇ ਸਨ, ਇਸ ਲਈ ਉਨ੍ਹਾਂ ਨੂੰ ਬਦਲਣ ਲਈ ਗੁਰੂ ਅਰਜੁਨ ਦੇਵ ਜੀ ਸ਼ਹੀਦ ਹੋ ਗਏ। ਇਹ ਉੱਦਾਤ ਸ਼ਹਾਦਤ ਹੈ। ਇਸ ਵਿੱਚ ਮਨ ਅਤੇ ਦੇਹ ਇਕਸੁਰ ਹਨ। ਆਖਰੀ ਵਕਤ ਤੱਕ ਸ਼ਹੀਦ ਦੇ ਸਮੁੱਚੇ ਅਸਤਿਤਵ(ਬਿਅੰਗ) ਵਿਚੋਂ ਵਿਸਮਾਦੀ ਸੰਗੀਤ ਝਰਦਾ ਹੈ, ਰੌਸ਼ਨੀ ਫੁੱਟਦੀ ਹੈ। ਜੋੜ ਹੋ ਕੇ ਸ਼ਹੀਦ ਹੋਣਾ, ਸਿੱਖ ਸ਼ਹਾਦਤ ਦਾ ਨਵੇਕਲਾਪਣ ਹੈ, ਇੱਕ ਮਿਸਾਲ ਹੈ ਜਿਸ ਵਿਚ ਸ਼ਹਾਦਤ ਅਤੇ ਕ੍ਰਾਂਤੀ ਘੁਲ ਮਿਲ ਜਾਂਦੇ ਹਨ।

ਵਿਸਮਾਦੀ ਜੋੜ ਹੋ ਕੇ ਇਤਿਹਾਸ ਨੂੰ ਮੋੜ ਦੇਣਾ ਕੇਵਲ ਆਰਥਿਕ-ਸਮਾਜਿਕ ਸੰਸਥਾਵਾਂ ਨੂੰ ਉਲਟਾਉਣ ਅਤੇ ਗਿਆਨਵਾਨ ਅਤੇ ਕ੍ਰਿਆਵੰਤ ਹੋਣ ਵਿੱਚ ਕਾਫੀ ਫਰਕ ਹੈ। ਕੇਵਲ ਆਰਥਿਕ ਸਮਾਜਿਕ ਮੁੱਦਿਆਂ ਤੱਕ ਸੀਮਤ ਕ੍ਰਾਂਤੀਕਾਰੀ ਵਿਚ ਬ੍ਰਹਮੰਡੀ ਪਸਾਰ/ਡੂੰਘਿਆਈ ਨਹੀਂ ਹੋ ਸਕਦੀ। ਵਿਸ਼ਾਲ ਸਿਰਜਨਾ ਦੀ ਸੁੰਦਰਤਾ, ਵਿਭਿੰਨਤਾ ਅਤੇ ਉਸ ਲਈ ਅਥਾਹ ਪ੍ਰੇਮ ਨਹੀਂ ਹੋ ਸਕਦਾ। ਇਸ ਲਈ ਸਵੀਕ੍ਰਿਤ ਅਰਥਾਂ ਵਿਚ ਕ੍ਰਾਂਤੀਕਾਰੀ ਜੋੜ ਨਹੀਂ ਹੋ ਸਕਦਾ, ਉਹ ਹੋਣ ਲਈ ਇੱਕ ਵੱਖਰੀ ਅਤੇ ਵਡੇਰੀ ਸ਼ਕਤੀ ਦੀ ਲੋੜ ਹੈ। ਉਸ ਬ੍ਰਹਮੰਡੀ ਸ਼ਕਤੀ ਨੂੰ ਅਨੁਭਵ ਬਣਾਉਣ ਦੀ ਜ਼ਰੂਰਤ ਹੈ। ਪਾਬਲੋ ਨੈਰੂਦਾ ਵਰਗਾ ਕ੍ਰਾਂਤੀਕਾਰੀ ਸ਼ਾਇਰ ਉਸ ਦੇ ਨੇੜੇ-ਤੇੜੇ ਅੱਪੜਦਾ ਹੈ।

ਸਾਡੇ ਸਮਿਆਂ ਵਿੱਚ ਹਰਬਰਟ ਮਾਰਕੂਜ਼ੇ ਨੇ ਇਹ ਗੱਲ ਸਮਝੀ ਹੈ ਕਿ ਕ੍ਰਾਂਤੀਕਾਰੀ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਊਣਾਂ ਭਰੇ। ਆਪਣੇ ਆਪ ਨੂੰ ਉਸ ਸੌਂਦਰਯ ਵਿਚ ਲਬਰੇਜ਼ ਕਰ ਲਵੇ ਜਿਸ ਨੂੰ ਲਿਆਉਣ ਅਤੇ ਸਥਾਪਿਤ ਕਰਨ ਲਈ ਉਹ ਲੜ ਰਿਹਾ ਹੈ। ਮਾਰਕਸੀ ਕ੍ਰਾਂਤੀ ਵੀ ਆਖਰ ਜੀਵਨ ਦੇ ਲੁੱਟੇ ਜਾ ਰਹੇ ਸੌਂਦਰਯ ਨੂੰ ਬਚਾਉਣ ਅਤੇ ਇਸ ਦੇ ਹੋਰ ਪਸਾਰ ਲੱਭਣ ਲਈ ਹੀ ਹੈ। ਉਨ੍ਹਾਂ ਸਭ ਇੰਦਰੀਆਂ ਨੂੰ ਕ੍ਰਿਆਵੰਤ ਕਰਨ ਲਈ ਹੈ ਜੋ ਸ਼ੋਸ਼ਣ ਗ੍ਰੱਸਿੱਤ ਸਮਾਜ ਵਿਚ ਸਿੱਥਲ ਕਰ ਦਿੱਤੀਆਂ ਜਾਂਦੀਆਂ ਹਨ।

ਪਰ ਮਾਰਕਸੀ ਕ੍ਰਾਂਤੀ, ਕ੍ਰਾਂਤੀਕਾਰੀ ਦੇ ਵਿਸਮਾਸਦੀ ਜੋਤ ਹੋਣ ਤੱਕ ਨਹੀਂ ਪਹੁੰਚਦੀ। ਇਸ ਲਖਸ਼ ਉਸ ਨੂੰ ਨਹੀਂ ਦਿੰਦੀ। ਇਸ ਲਈ ਮਾਰਕਸੀ ਕ੍ਰਾਂਤੀ ਦੇ ਕੁਰਾਹੇ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿਵੇਂ ਰੂਸ ਵਿਚ ਵਾਪਰਿਆ। ਵਿਸ਼ੇਸ਼ ਤੌਰ ‘ਤੇ ਰੂਸੀਆਂ ਨੇ ਜੋ ਵਰਤਾਰਾ ਹੰਗਰੀ ਅਤੇ ਚੈਕੋਸਲਵਾਕੀਆ ਵਿੱਚ ਦਿਖਾਇਆ, ਉਹ ਕ੍ਰਾਂਤੀਕਾਰੀ ਨਹੀਂ ਸੀ, ਸ਼ੋਸ਼ਣ ਵਿਸਤਾਰ ਹੀ ਸੀ। ਰੂਸੀ ਇਨਕਲਾਬ ਦਾ ਇਹ ਪਤਨ ਵਾਪਰਿਆ ਕਿਉਂਕਿ ਉਸ ਵਿੱਚ ਚੇਤੰਨਤਾ ਅਤੇ ਬਿਅੰਗ ਨੂੰ ਵਿਸਮਾਦੀ ਜੋਤ ਬਣਨ ਤੀਕ ਨਹੀਂ ਪਹੁੰਚਾਇਆ ਜਾ ਸਕਿਆ ਸੀ। ਉਂਜ ਯੁਨਾਨੀ ਸ੍ਰੋਤ ਤੋਂ “ਮਾਰਟਾਇਰ” ਜਾਂ “ਮਾਰਟਿਡਮ”ਦੇ ਅਰਥ ਅਤੇ ਫਾਰਸੀ ਸ੍ਰੋਤ ਤੋਂ ਆਏ ਸ਼ਹੀਦ ਦੇ ਅਰਥ ਵੀ ਸਾਖੀ ਹੋਣਾ ਹੀ ਹਨ। ਸਾਖੀ ਨੂੰ ਅੰਗ੍ਰੇਜ਼ੀ ਵਿੱਚ ਵਿਟਨੈਸ ਆਖਦੇ ਹਾਂ।

ਜੋਤ ਹੋਣਾ ਅਤੇ ਜੋਤ ਦਾ ਸਾਖੀ ਬਚਨਾ ਪਰਮ ਰੌਸ਼ਨੀ ਦੇ ਹੀ ਦੋ ਪੱਖ ਹਨ। ਸਿੱਖ ਸ਼ਹਾਦਤ ਦੀ ਇਹ ਵਿਸ਼ੇਸ਼ਤਾ ਹੈ ਅਤੇ ਵਿਸ਼ਵ ਸ਼ਹਾਦਤ ਦੇ ਅਭਿਆਸ ਅਤੇ ਇਤਿਹਾਸ ਨੂੰ ਇਹ ਦੇਣ ਹੈ। ਕੇਵਲ ਵਿਅੱਕਤਿਤਵ ਮਿਟਾਉਣਤ ਜਾਂ ਫੱਨਾਹ ਹੋਣਾ ਇੱਥੇ ਕਾਫੀ ਨਹੀਂ। ਪਰਮ ਰੌਸ਼ਨੀ ਦੇ ਇਨ੍ਹਾਂ ਦੋਹਾਂ ਪੱਖਾਂ ਨੂੰ ਸਾਕਾਰ ਕਰਨਾ,ਸਫੋਦਿਤ ਕਰਨਾ, ਇਨ੍ਹਾਂ ਨਾਲ ਇਤਿਹਾਸ ਨੂੰ ਮੋੜਨਾ ਇਸ ਦੇ ਖਾਲੀਪਣ ਨੂੰ ਭਰਪੂਰ ਕਰਨਾ ਹੀ ਸਿੱਖ ਸ਼ਹਾਦਤ ਹੈ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵੀ ਇਨ੍ਹਾਂ ਵੱਡੇ ਅਰਥਾਂ ਵਿਚ ਹੀ ਸਮਝਣੀ ਚਾਹੀਦੀ ਹੈ। ਇਹ ਕੇਵਲ ਇਤਿਹਾਸਕ ਤੌਰ ‘ਤੇ ਤੱਥ ਹੀ ਹੈ ਕਿ ਉਨ੍ਹਾਂ ਕੋਲ ਪ੍ਰਤਿਸ਼ਟ ਬ੍ਰਹਾਮਣ ਆਏ ਜਿਨ੍ਹਾਂ ਨੇ ਗੁਰੂ ਸਾਹਿਬ ਕੋਲ ਹਿੰਦੂ ਧਰਮ ਦੇ ਵਿਰੁੱਧ ਮੁਗ਼ਲਈ ਸਿਤਮ ਨਾਲ ਟਕਰਾਉਣ ਲਈ ਬੇਨਤੀ ਕੀਤੀ। ਕੈਲੀਫੋਰਨੀਆ ਯੁਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਨੋਇਲ ਕਿੰਗ ਇਹ ਕਿਹਾ ਕਰਦੇ ਹਨ ਕਿ ਮਨੁੱਖਤਾ ਦੇ ਇਤਿਹਾਸ ਵਿਚ ਮਨੁੱਖੀ ਅਧਿਕਾਰਾਂ ਲਈ ਦਿੱਤੀ ਪਹਿਲੀ ਸ਼ਹਾਦਤ ਸੀ। ਪਰ ਜੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ- ਅਭਿਵਾਨ ਅਤੇ ਦਰਸ਼ਨ ਨੂੰ ਜਾਣਿਆ ਜਾਵੇ ਤਾਂ ਉਨ੍ਹਾਂ ਦੀ ਸ਼ਹਾਦਤ ਵੀ ਕੋਈ ਜਨੇਊ ਬਚਾਉਣ ਅਤੇ ਹਿੰਦੂ ਧਰਮ ਦੀ ਰੱਖਿਆ ਤੱਕ ਹੀ ਸੀਮਿਤ ਨਹੀਂ। ਅਸਲ ਮੰਤਵ ਵਿਸ਼ਾਲ ਅਤੇ ਵਿਸਮਾਦੀ ਹੀ ਹੈ। ਜੋ ਲਖਸ਼ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਦੁਹਰਾਇਆ ਹੈ, ਉਹ “ਜੀਵਨ ਮੁਕਤਿ” ਹੋਣ ਦਾ ਹੈ ਜਿਸ ਲਈ “ਮਾਨ ਅਤੇ ਮੋਹ” ਤਿਆਗ ਕੇ ਗੋਬਿੰਦ ਦੇ ਗੁਣ ਗਾਉਣੇ ਮਹੱਤਵ ਰੱਖਦੇ ਹਨ। “ਗਾਵੈ” ਉਨ੍ਹਾਂ ਅਰਥਾਂ ਵਿਚ ਹੀ ਹੈ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ “ਜਪੁਜੀ” ਵਿਚ ਵਰਤਿਆ ਹੈ। ਜਗਤ ਜ਼ਰੂਰ “ਸੁਪਨਾ” ਹੈ ਪਰ ਕੇਵਲ ਰਾਮ ਦੇ ਪ੍ਰਸੰਗ ਵਿੱਚ। ਰਾਗ ਗਉੜੀ ਵਿੱਚ ਰਚਨਾ ਦੀ ਵਿਚਿੱਤਰਤਾ ਅਤੇ ਰਾਮ ਦੇ “ਅਚਰਜ” ਹੋਣ ਬਾਰੇ ਉਨ੍ਹਾਂ ਦਾ ਅਨੁਭਵ ਅਤੇ ਪ੍ਰਕਾਸ਼ ਦੂਜੇ ਗੁਰੂ ਸਾਹਿਬਾਨ ਵਾਂਗ ਹੀ ਵਿਸਮਾਦੀ ਹਨ:
ਸਾਧੋ ਰਚਨਾ ਰਾਮ ਬਨਾਈ॥
ਇਕਿ ਬਿਨਸੈ ਇਕ ਅਸਥਿਰੁ ਲਖਿੳ ਨਾ ਜਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 219)
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇੱਕ-ਭਾਵੀ ਨਹੀਂ। ਉਨ੍ਹਾਂ ਦੇ ਪ੍ਰਮੁੱਖ ਥੀਮ ਵੀ ਕਈ ਹਨ, ਜਿਵੇਂ ਦੁੱਖ, ਸੁੱਖ, ਮਨੋ ਚਕਿਤਸਾ, ਨਾਮ, ਗੋਬਿੰਦ, ਥਿਰਤਾ, ਅਥਿਰਤਾ ਆਦਿ। ਪਰ ਇਨ੍ਹਾਂ ਦਾ ਪ੍ਰਕਾਸ਼ ਅਨੇਕ ਮੁਖੀ ਹੈ, ਭਾਵਾਂ ਦੀ ਵਿਚਿੱਤਰਤਾ ਅਤੇ ਜੀਵਨ ਦੇ ਵਿਸਮਾਦ ਨਾਲ ਜੁੜਿਆ ਹੋਇਆ ਹੈ ਜਿਸ ਕਾਰਣ ਉਨ੍ਹਾਂ ਦੀ ਬਾਣੀ ਨੂੰ ਹੇਠ ਲਿਖੇ ਰਾਗਾਂ ਵਿਚ ਗਾਉਣ ਦਾ ਆਦੇਸ਼ ਹੈ:
ਗਉੜੀ, ਆਸਾ, ਦੇਵ ਗੰਧਾਰੀ, ਬਿਹਾਗੜਾ, ਸੋਰਠਿ, ਜੈਤਸਰੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ।

ਇਸ ਚਰਚਾ ਤੋਂ ਸਪੱਸ਼ਟ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਮਾਰਗ ਅਤੇ ਦਰਸ਼ਨ ਵੀ ੳਨਾ ਹੀ ਵਿਸ਼ਾਲ ਸੀ ਅਤੇ ਉਹੀ ਵਿਸਮਾਦ ਕੇਂਦਰਿਤ ਸੀ ਜੋ ਦੂਜੇ ਗੁਰੂ ਸਾਹਿਬਾਨ ਦਾ। ਉਨ੍ਹਾਂ ਦੀ ਸ਼ਹਾਦਤ ਕੇਵਲ ਇੱਕ ਧਰਮ ਲਈ ਨਹੀਂ ਸੀ, ਸਗੋਂ ਉਸ ਵਿਚਿੱਤਰਤਾ ਭਰਪੂਰ ਭਿੰਨਤਾ ਮੁਖੀ ਜੀਵਨ ਯਥਾਰਥ ਨੂੰ ਸੁਰੱਖਿਅਤ ਬਣਾਉਣ ਲਈ ਸੀ ਜਿਸ ਵਿਚ ਇੱਕ ਧਰਮ ਦਾ ਦਮਨ ਬ੍ਰਹਮੰਡੀ ਜੀਵਨ ਦੀ ਅਵੱਗਿਆ ਸੀ। ਮਨੁੱਖੀ ਅਧਿਕਾਰ, ਗੁਰੂ ਸਾਹਿਬ ਲਈ, ਵਿਸ਼ਾਲ ਜੀਵਨ-ਪ੍ਰਵਾਹ ਨਾਲੋਂ ਤੋੜ ਕੇ ਨਹੀਂ ਵੇਖੇ ਜਾ ਸਕਦੇ। ਉਨ੍ਹਾਂ ਦੀ ਦ੍ਰਿਸ਼ਟੀ ਤੋਂ ਕੋਈ ਵੀ ਅਧਿਕਾਰ ਬ੍ਰਹਮਤਾ ਤੋਂ ਅਲੱਗ ਨਹੀਂ ਹੋ ਸਕਦਾ।

ਗੁਰੂ ਅਰਜੁਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ, ੳੱਦਾਤ ਸ਼ਹਾਦਤ ਦਾ ਇੱਕ ਰੂਪ ਹੈ। ਦੂਜਾ ਰੂਪ ਗੁਰੂ ਗੋਬਿੰਦ ਸਿੰਘ ਜੀ ਦੀਆਂ ਦਸਮ ਗ੍ਰੰਥ ਵਿਚ ਸੰਕਲਿਤ ਰਚਨਾਂਵਾਂ ਉਜਾਗਰ ਕਰਦੀਆਂ ਹਨ। ਖੜਗਧਾਰੀ ਹੋ ਕੇ ਵੀ ਉੱਦਾਤ ਸ਼ਹਾਦਤ ਦਿੱਤੀ ਜਾ ਸਕਦੀ ਹੈ ਇਸ ਲਈ ਖੜਗ ਨੂੰ ਅਕਾਲ ਪੁਰਖ ਦਾ ਰੂਪ ਸਵੀਕਾਰ ਕਰਨਾ ਪਵੇਗਾ ਅਤੇ ਅਕਾਲ ਪੁਰਖ ਸਿੱਖ ਸਿਧਾਂਤ ਅਤੇ ਅਨੁਭਵ ਅਨੁਸਾਰ ਵਿਸਮਾਦੀ ਹੈ, ਕਾਇਨਾਤ ਦੀ ਕੁੱਲ ਜੀਵਿਤ ਅਤੇ ਪਦਾਰਥਕ ਅਸਲੀਅਤ ਦਾ ਸਿਰਜਨਹਾਰ ਹੈ, ਵਿਚਿੱਤਰਤਾ ਦਾ ਕਰਤਾ ਹੈ। ਅਜਿਹੀ ਖੜਗ ਜਲਾਲਧਾਰੀ ਹੈ, “ਭਾਨੁ ਪ੍ਰਭੰ” ਹੈ। ਇਹ ਸੂਰਜੀ ਜਲਾਲ ਅਕਾਲਪੁਰਖ ਦੀ ਜੋਤ ਹੈ। ਖੜਗ ਧਾਰਨਾ, ਇਨ੍ਹਾਂ ਅਰਥਾਂ ਵਿੱਚ ਜੋਤ ਨਾਲ ਮਿਲਣਾ ਹੀ ਹੈ। ਇਸੇ ਕਾਰਨ ਖੜਗ ਦੇ ਚੱਲਣ ਨੂੰ ‘ਸ੍ਰਿਸਟਿ ਉਬਾਰ” ਲਈ ਗਤੀਸ਼ੀਲ ਖੜਗ ਆਖਿਆ ਗਿਆ ਹੈ। ਇਹ ਜੋਤ ਵਰਤਾਰਾ ਹੀ ਹੈ। ਇਸ ਵਰਤਾਰੇ ਵਿਚ ਜੋ ਵਿਅਕਤੀ ਸ਼ਾਮਿਲ ਹੈ ਉਹ ਰੌਸ਼ਨੀ ਦੇ ਵਰਤਾਰੇ ਨੂੰ ਹੀ ਅੱਗੇ ਚਲਾ ਰਿਹਾ ਹੈ।“ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ” ਵਿਚ ਗੁਰੂ ਸਾਹਿਬ ਨੇ “ਤੇਗ, ਤੀਰ, ਤੁਪਕ, ਤਬਰ’ ਨੂੰ “ਹਮਾਰੇ ਪੀਰ” ਆਖਿਆ ਹੈ। ਜੇ ਖੜਗ ਅਕਾਲ ਪੁਰਖ ਦਾ ਰੂਪ ਹੈ ਅਤੇ ਤੋਪ ਅਤੇ ਤੀਰ ਪੀਰ ਹਨ, ਤਾਂ ਇਨ੍ਹਾਂ ਨੂੰ ਧਾਰਨ ਵਾਲਾ ਵਿਅਕਤੀ ਵੀ ਦੈਵੀ ਜੋਤ ਹੀ ਹੋ ਸਕਦਾ ਹੈ, ਜਾਂ ਹੋਣਾ ਚਾਹੀਦਾ ਹੈ। ਜੰਗ ਉਸ ਰੌਸ਼ਨੀ ਨੂੰ ਵਧਾਉਣ ਦਾ ਮਾਧਿਅਮ ਹੈ। ਜੋ ਇਤਿਹਾਸ ਇਸ ਨਾਲ ਟੁੱਟ ਕੇ ਨਵੇਂ ਸਿਰਿੳਂ ਸਾਜਿਆ ਜਾਵੇਗਾ, ਉਹ ਵੀ ਰੌਸ਼ਨ ਹੋਵੇਗਾ। ਇਸ ਨਾਲ ਸ੍ਰਿਸ਼ਟੀ ਦਾ ਵੀ ਵਿਕਾਸ ਹੋਵੇਗਾ। ਇਸ ਤਰ੍ਹਾਂ ਖੜਗਧਾਰੀ ਅਤੇ ਤੁਪਕਧਾਰੀ ਦਾ ਜੋ ਰੂਪ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਨ੍ਹਾਂ ਰਚਨਾਵਾਂ ਵਿੱਚੋਂ ਉੱਭਰਦਾ ਹੈ, ਉਹ ਵੀ ਜੋਤ ਹੋਏ ਉਸ ਮਨੁੱਖ ਦਾ ਹੈ, ਜੋ ਜੋਤ ਨੂੰ ਹੋਰ ਤੀਬਰ ਕਰਨ ਵਾਲੇ ਸੁਜੋਤ ਹਥਿਆਰਾਂ ਨਾਲ ਸੰਘਰਸ਼ ਕਰਦਾ ਹੈ। ਇਹ ਸੰਘਰਸ਼ ਸਿਰਜਦਾ ਹੈ।ਇਸ ਪ੍ਰਕ੍ਰਿਆ ਵਿਚ ਕੀਤਾ ਆਪਾ ਨਿਵਾਰਨ ਸੁਜੋਤ ਜੰਗਿ-ਮੈਦਾਨ ਦੀ ਸ਼ਹੀਦੀ ਵੀ, ਉੱਦਾਤ ਸ਼ਹਾਦਤ ਹੈ, ਸਬਲਾਈਮ ਮਾਰਟਿਡਮ ਹੈ।

ਖੁਦ ਜੋਤ ਹੋ ਕੇ, ਜੋਤ ਦੇ ਵਿਸਥਾਰ ਪ੍ਰਕਾਸ਼ ਅਤੇ ਪ੍ਰਜਵਲਨ ਲਈ, ਧਰਮ ਜੋਤ ਵਿੱਚ ਮਿਲ ਜਾਣਾ ਹੀ ਸਿੱਖੀ ਦਾ ਉੱਦਾਤ ਸ਼ਹਾਦਤ ਹੈ, ਇਸ ਨਵੇਕਲੀ ਹੈ, ਵਿਸ਼ਵ ਭਾਈਚਾਰੇ ਨੂੰ ਦੇਣ ਹੈ। ਇਸ ਨਾਲ ਹੀ ਇਤਿਹਾਸ ਨੂੰ ਨਵਾਂ ਮੋੜ ਦੇਣਾ ਇਤਿਹਾਸ ਨੂੰ ਰੌਸ਼ਨ ਕਰਨਾ ਅਤੇ ਮਨੁੱਖ ਹਿਤੈਸ਼ੀ ਬਣਾਉਣਾ ਹੈ। ਇਸ ਉੱਦਾਤ ਸ਼ਹਾਦਤ ਦਾ ਅਭਿਆਸ ਅਤੇ ਪੈਰੋਕਾਰੀ ਕੋਈ ਸੌਖੀ ਗੱਲ ਨਹੀਂ। ਇਹ ਇੱਕ ਵੱਡਮੁੱਲਾ ਮਾਡਲ ਹੈ ਜਿਸ ਨੂੰ ਮੁੱਖ ਰੱਖ ਕੇ ਹੀ ਸਾਨੂੰ ਆਪਣੇ ਇਤਿਹਾਸ ਵਿੱਚ ਹੋਈਆਂ ਸ਼ਹੀਦੀਆਂ ਦਾ ਮੁੱਲ ਪਾਉਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,