ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਡੇਰਾ ਸਿਰਸਾ ਵੱਲ ਜਾ ਰਹੀ ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਦਾ ਕੀਤਾ ਤਬਾਦਲਾ

March 23, 2018 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਹੋਏ ਮੌੜ ਬੰਬ ਧਮਾਕੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਦਾ ਪੰਜਾਬ ਪੁਲੀਸ ਦੇ ਮੁਖੀ ਅਚਨਚੇਤ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਧਮਾਕੇ ਦੀਆਂ ਤਾਰਾਂ ਸਿੱਧੀਆਂ ਵੱਲੋਂ ਤਬਾਦਲੇ ਨੇ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ।

ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਵੱਲੋਂ ਕੁਝ ਅਰਸਾ ਪਹਿਲਾਂ ਇੰਸਪੈਕਟਰ ਦਲਬੀਰ ਸਿੰਘ ਨੂੰ ਮੌੜ ਧਮਾਕੇ ਦੀ ਜਾਂਚ ਦਾ ਤਫ਼ਤੀਸ਼ੀ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਜਾਂਚ ਦਾ ਕੰਮ ਏਨੀ ਤੇਜ਼ੀ ਨਾਲ ਚੱਲਿਆ ਕਿ ਪੁਲਿਸ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਨ ਮਗਰੋਂ ਡੇਰਾ ਸਿਰਸਾ ਦੇ ਗੇਟ ਤੱਕ ਪੁੱਜ ਗਈ। ਪਰ ਫਿਰ ਅਚਨਚੇਤੀ ਜਾਂਚ ਨੂੰ ਬਰੇਕ ਲੱਗ ਗਈ ਅਤੇ ਪੁਲੀਸ ਨੇ ਵਾਪਸ ਮੋੜਾ ਕੱਟ ਲਿਆ। ਸੂਤਰਾਂ ਮੁਤਾਬਕ ਇਸ ਯੂ-ਟਰਨ ਦੀ ਵਜ੍ਹਾ ਕੋਈ ਵੱਡਾ ਸਿਆਸੀ ਕਾਰਨ ਹੈ।

ਪੰਜਾਬ ਪੁਲੀਸ ਦੇ ਮੁਖੀ ਵੱਲੋਂ ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫ਼ਸਰ ਦਲਬੀਰ ਸਿੰਘ ਦਾ ਤਬਾਦਲਾ ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਕਰ ਦਿੱਤਾ ਗਿਆ ਹੈ। ਇੰਸਪੈਕਟਰ ਦਲਬੀਰ ਸਿੰਘ ਨੇ ਦੋ ਦਿਨ ਪਹਿਲਾਂ ਦਿਆਲਪੁਰਾ ਥਾਣੇ ਵਿੱਚੋਂ ਰਿਲੀਵ ਹੋ ਕੇ ਸੀਆਈਏ ਸਟਾਫ਼ ਸਰਹਿੰਦ ਵਿਖੇ ਬਤੌਰ ਇੰਚਾਰਜ ਜੁਆਇਨ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਠੰਢੇ ਬਸਤੇ ’ਚ ਰੱਖ ਕੇ, ਆਗਾਮੀ ਚੋਣਾਂ ਮੌਕੇ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿਚ ਹੈ।

ਦੂਜੇ ਪਾਸੇ ਮੌੜ ਬੰਬ ਧਮਾਕੇ ਦੀ ਜਾਂਚ ਦਾ ਤਫ਼ਤੀਸ਼ੀ ਅਫ਼ਸਰ ਬਦਲੀ ਦੇ ਬਾਵਜੂਦ ਦਲਬੀਰ ਸਿੰਘ ਨੂੰ ਰੱਖਿਆ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਨੂੰ ਨਵਾਂ ਟਾਸਕ ਦਿੱਤਾ ਗਿਆ ਹੈ, ਜਿਸ ਵਾਸਤੇ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਕੀਤਾ ਗਿਆ ਹੈ। ਉਂਜ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਮੌੜ ਧਮਾਕੇ ਦਾ ਮੁੱਖ ਮੁਲਜ਼ਮ ਗੁਰਤੇਜ ਕਾਲਾ ਆਤਮ ਸਮਰਪਣ ਕਰ ਸਕਦਾ ਹੈ।

ਫ਼ਰਵਰੀ ਮਹੀਨੇ ਵਿੱਚ ਤਾਂ ਕਈ ਪੁਲੀਸ ਅਫ਼ਸਰਾਂ ਵਿੱਚ ਮੌੜ ਧਮਾਕੇ ਨੂੰ ਲੈ ਕੇ ਦੌੜ ਵੀ ਲੱਗ ਗਈ ਸੀ। ਉਦੋਂ ਹਰ ਕੋਈ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੇ ਆਹਰ ਵਿੱਚ ਸੀ। ਉਸ ਮਗਰੋਂ ਸਰਕਾਰ ਨੇ ਇਨ੍ਹਾਂ ਦੌੜਾਕਾਂ ਨੂੰ ਬਰੇਕ ਲਾ ਦਿੱਤੀ। ਯਾਦ ਰਹੇ ਕਿ ਪੁਲੀਸ ਨੇ ਮੌੜ ਧਮਾਕੇ ਦੇ ਮਾਮਲੇ ਵਿੱਚ ਡੇਰਾ ਸਿਰਸਾ ਨਾਲ ਸਬੰਧਿਤ ਗੁਰਤੇਜ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਨਾਮਜ਼ਦ ਕੀਤਾ ਹੋਇਆ ਹੈ। ਇਨ੍ਹਾਂ ਦੇ ਗ੍ਰਿਫ਼ਤਾਰੀ ਵਰੰਟ ਤਲਵੰਡੀ ਸਾਬੋ ਅਦਾਲਤ ਵੱਲੋਂ ਜਾਰੀ ਹੋ ਚੁੱਕੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,