ਸਿਆਸੀ ਖਬਰਾਂ

ਨਵਜੋਤ ਸਿੱਧੂ ਦਾ ਫਰੰਟ ਮਹੱਤਵਹੀਣ; ਕੇਜਰੀਵਾਲ ਜਿਥੋਂ ਲੜੇਗਾ ਮੈਂ ਵੀ ਉਥੋਂ ਹੀ ਚੋਣ ਲੜਾਂਗਾ: ਕੈਪਟਨ

September 10, 2016 | By

ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਅਗਵਾਈ ਵਾਲੇ ਫਰੰਟ ਦਾ ਪੰਜਾਬ ਦੇ ਸਿਆਸੀ ਹਾਲਾਤ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਆਵਾਜ਼-ਏ-ਪੰਜਾਬ ਦੇ ਨਾਂ ’ਤੇ ਬਣਿਆ ਇਹ ਫਰੰਟ ਮਹੱਤਵਹੀਣ ਹੈ। ਉਨ੍ਹਾਂ ਕਿਹਾ ਕਿ ਫਰੰਟ ਬਣਾਉਣ ਵਾਲਿਆਂ ਨੂੰ ਖ਼ੁਦ ਭਰੋਸਾ ਨਹੀਂ ਕਿ ਉਹ ਕੀ ਕਰਨ ਜਾ ਰਹੇ ਹਨ ਅਤੇ ਕੀ ਕਰਨਾ ਚਾਹੁੰਦੇ ਹਨ।

ਕੈਪਟਨ ਅਮਰਿੰਦਰ ਸਿੰਘ ਇੱਥੇ ‘ਕੌਫ਼ੀ ਵਿਦ ਕੈਪਟਨ’ ਪ੍ਰੋਗਰਾਮ ਤਹਿਤ ਪੱਲੇਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸਿੱਧੂ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਸਪੱਸ਼ਟ ਕੀਤਾ ਕਿ ਨਾ ਉਨ੍ਹਾਂ ਵੱਲੋਂ ਅਤੇ ਨਾ ਹੀ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਕੋਈ ਸੰਦੇਸ਼ ਭੇਜਿਆ ਗਿਆ ਸੀ। ਉਨ੍ਹਾਂ ਨੇ ਸਿਰਫ਼ ਇਹ ਕਿਹਾ ਸੀ ਕਿ ਸਿੱਧੂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਾਂਗੇ। ਉਨ੍ਹਾਂ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਉਨ੍ਹਾਂ ਬੰਦਿਆਂ ਦੇ ਨਾਂ ਦੱਸਣ ਜਿਹੜੇ ਉਸਨੂੰ ਉਨ੍ਹਾਂ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਮਿਲੇ ਸਨ।

‘ਕੌਫ਼ੀ ਵਿਦ ਕੈਪਟਨ’ ਪ੍ਰੋਗਰਾਮ ਦੌਰਾਨ ਸੰਗਰੂਰ ਵਿੱਚ ਕੈਪਟਨ ਅਮਰਿੰਦਰ ਸਿੰਘ

‘ਕੌਫ਼ੀ ਵਿਦ ਕੈਪਟਨ’ ਪ੍ਰੋਗਰਾਮ ਦੌਰਾਨ ਸੰਗਰੂਰ ਵਿੱਚ ਕੈਪਟਨ ਅਮਰਿੰਦਰ ਸਿੰਘ

ਕੈਪਟਨ ਨੇ ਕਿਹਾ ਕਿ ਸੂਬੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਚੁੱਕਿਆ ਹੈ, ‘ਆਪ’ ਦੋਫਾੜ ਹੋ ਚੁੱਕੀ ਹੈ ਜਦੋਂ ਕਿ ਨਵਜੋਤ ਸਿੱਧੂ ਦੇ ਫਰੰਟ ਦਾ ਕੋਈ ਸਿਆਸੀ ਆਧਾਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਲਈ ਪੰਜਾਬ ਵਿੱਚ ਕੋਈ ਚੁਣੌਤੀ ਨਹੀਂ ਹੈ ਅਤੇ ਕਾਂਗਰਸ ਆਸਾਨੀ ਨਾਲ ਚੋਣ ਜਿੱਤ ਕੇ ਸਰਕਾਰ ਬਣਾਏਗੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਪੱਲੇਦਾਰ ਮਜ਼ਦੂਰਾਂ ਲਈ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ ਅਤੇ ਮਜ਼ਦੂਰੀ ਸਿੱਧੀ ਮਜ਼ਦੂਰਾਂ ਨੂੰ ਹੀ ਦਿੱਤੀ ਜਾਵੇਗੀ।

ਕੈਪਟਨ ਨੇ ਅਰਵਿੰਦ ਕੇਜਰੀਵਾਲ ਬਾਰੇ ਕਿਹਾ, “ਉਹ ਖੂੰਡੇ ਜਿੱਡਾ ਤਾਂ ਆਪ ਨਿੱਕੜਾ ਜਿਹਾ ਹੈ, ਉਹ ਖੂੰਡਾ ਕੀ ਚੁੱਕੇਗਾ।” ਉਨ੍ਹਾਂ ਕਿਹਾ ਕਿ ਕੇਜਰੀਵਾਲ ਤੋਂ ਆਪਣੀ ਪਾਰਟੀ ਤਾਂ ਸੰਭਾਲੀ ਨਹੀਂ ਜਾ ਰਹੀ। ਸੈਕਸ ਸਕੈਂਡਲ ਤੋਂ ਇਲਾਵਾ ‘ਆਪ’ ਵਿੱਤੀ ਸਕੈਂਡਲਾਂ ਵਿੱਚ ਵੀ ਫਸ ਰਹੀ ਹੈ। ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਜਿਥੋਂ ਵੀ ਕੇਜਰੀਵਾਲ ਚੋਣ ਲੜਨਗੇ ਉਹ ਉਨ੍ਹਾਂ ਦੇ ਖ਼ਿਲਾਫ਼ ਉਸੇ ਹਲਕੇ ਤੋਂ ਚੋਣ ਲੜਨਗੇ।

ਕੈਪਟਨ ਅਮਰਿੰਦਰ ਸਿੰਘ ਦੇ ਇਸ ਪ੍ਰੋਗਰਾਮ ਲਈ ਸਜਾਏ ਗਏ ਪੰਡਾਲ ਵਿੱਚ ਮੁੱਖ ਗੇਟ ਤੋਂ ਲੈ ਕੇ ਸਟੇਜ ਤੱਕ ਚੋਣ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਦੀ ਟੀਮ ਦਾ ਹੀ ਕਬਜ਼ਾ ਰਿਹਾ ਅਤੇ ਸਮੁੱਚੇ ਪ੍ਰੋਗਰਾਮ ਦੀ ਵਾਗਡੋਰ ਕਾਲੀਆਂ ਟੀ-ਸ਼ਰਟਾਂ ਵਾਲੇ ਸੌ ਦੇ ਕਰੀਬ ਨੌਜਵਾਨ ਮੁੰਡੇ-ਕੁੜੀਆਂ ਦੇ ਹੱਥ ਵਿੱਚ ਸੀ। ਕਿਸੇ ਵੀ ਕਾਂਗਰਸ ਆਗੂ ਨੂੰ ਸਟੇਜ ਨੇੜੇ ਨਹੀਂ ਜਾਣ ਦਿੱਤਾ ਗਿਆ। ਸਟੇਜ ਉਪਰ ਅਤੇ ਪੰਡਾਲ ਵਿੱਚੋਂ ਕਾਂਗਰਸ ਪਾਰਟੀ ਦਾ ਨਾਮ ਗਾਇਬ ਸੀ ਅਤੇ ਸਿਰਫ਼ ਕੈਪਟਨ-ਕੈਪਟਨ ਅਤੇ ਪ੍ਰਸ਼ਾਂਤ ਕਿਸੋਰ ਦੀ ਟੀਮ ਦਾ ਹੀ ਬੋਲਬਾਲਾ ਸੀ। ਪੰਡਾਲ ਵਿੱਚ ਕੈਪਟਨ ਦੇ ਕੱਦ ਵਾਲੇ ਹੋਰਡਿੰਗ ਲੱਗੇ ਹੋਏ ਸਨ। ਇਸ ਪ੍ਰੋਗਰਾਮ ਵਿੱਚ ਕਾਲੇ ਪਟਕੇ ਵਾਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਸੀ। ਮੁੱਖ ਗੇਟ ’ਤੇ ਪੁਲਿਸ ਕਾਲੇ ਪਟਕੇ ਵਾਲਿਆਂ ਨੂੰ ਰੋਕ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,