December 12, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (11 ਦਸੰਬਰ, 2015): ਗਿਆਨੀ ਗੁਰਬਚਨ ਸਿੰਘ ਸਮੇਤ ਤਖਤਾਂ ਦੇ ਜੱਥੇਦਾਰਾਂ ਨੂੰ ਸੌਦਾ ਸਾਧ ਮਾਫੀਨਾਮੇ ‘ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕਰਨ ਵਾਲੇ ਅਕਾਲ ਤਖਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜਾਂ ਪਿਆਰਿਆਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਿੱਚਕਾਰ ਗੁਪਤ ਮੁਲਾਕਾਤ ਹੋਈ।
ਮੁਲਾਕਾਤ ਦੌਰਾਨ ਪੰਜਾਂ ਪਿਆਰਿਆਂ ਨੇ ਇਹ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਹਿ ਕੇ ਹੀ ਅੰਮ੍ਰਿਤ ਸੰਚਾਰ ਕਰਨਾ ਚਾਹੁੰਦੇ ਹਨ, ਅਤੇ ਕਿਤੇ ਹੋਰ ਡਿਊਟੀ ਨਹੀਂ ਕਰਨਾ ਚਾਹੁੰਦੇ।

ਪੰਜ ਪਿਆਰੇ (ਫਾਈਲ ਫੋਟੋ)
ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਪੰਜ ਪਿਆਰਿਆਂ ਵਿਚ ਸ਼ਾਮਲ ਦੋ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਸਤਨਾਮ ਸਿੰਘ ਨੂੰ ਵੱਖ ਵੱਖ ਥਾਵਾਂ ’ਤੇ ਦਿੱਲੀ ਅਤੇ ਹਾਪੜ ਸਥਿਤ ਸਿੱਖ ਮਿਸ਼ਨ ਵਿਖੇ ਬਦਲ ਦਿੱਤਾ ਗਿਆ ਹੈ ਜਦੋਂਕਿ ਬਾਕੀ ਤਿੰਨ ਫਿਲਹਾਲ ਇਥੇ ਧਰਮ ਪ੍ਰਚਾਰ ਕਮੇਟੀ ਅਧੀਨ ਸੇਵਾਵਾਂ ਨਿਭਾਅ ਰਹੇ ਹਨ। ਹਾਪੜ ਅਤੇ ਦਿੱਲੀ ਸਥਿਤ ਸਿੱਖ ਮਿਸ਼ਨ ਵਿਖੇ ਤਬਦੀਲ ਕੀਤੇ ਗਏ ਦੋ ਪਿਆਰਿਆਂ ਨੂੰ 21 ਨਵੰਬਰ ਨੂੰ ਉਥੇ ਆਪਣੀ ਹਾਜ਼ਰੀ ਲਾਉਣ ਲਈ ਆਖਿਆ ਗਿਆ ਸੀ ਪਰ ਉਨ੍ਹਾਂ ਨੇ ਹੁਣ ਤੱਕ ਨਵੇਂ ਸਥਾਨਾਂ ‘ਤੇ ਆਪਣੀ ਸੇਵਾ ਸ਼ੁਰੂ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੀ ਹੁਣ ਤੱਕ ਕਿਸੇ ਥਾਂ ’ਤੇ ਹਾਜ਼ਰੀ ਲੱਗ ਰਹੀ ਹੈ। ਇਸ ਮਸਲੇ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਵਲੋਂ ਅੱਜ ਪੰਜ ਪਿਆਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਪਰ ਮੀਟਿੰਗ ਬੇਸਿੱਟਾ ਰਹੀ ਹੈ ਅਤੇ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।
ਇਸ ਸਬੰਧ ਵਿਚ ਗੱਲ ਕਰਦਿਆਂ ਪੰਜ ਪਿਆਰਿਆਂ ਵਿਚੋਂ ਇਕ ਭਾਈ ਸਤਨਾਮ ਸਿੰਘ ਖੰਡਾ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਲ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਅਕਾਲ ਤਖ਼ਤ ਵਿਖੇ ਰਹਿ ਕੇ ਹੀ ਅੰਮ੍ਰਿਤ ਸੰਚਾਰ ਕਰਨਾ ਚਾਹੁੰਦੇ ਹਨ। ਉਹ ਨਵੇਂ ਤਬਾਦਲੇ ਵਾਲੀ ਥਾਂ ’ਤੇ ਨਹੀਂ ਜਾਣਾ ਚਾਹੁੰਦੇ। ਜੇਕਰ ਇਸ ਮਾਮਲੇ ਵਿਚ ਦਬਾਅ ਪਾਇਆ ਗਿਆ ਤਾਂ ਫਿਰ ਉਹ ਸ਼੍ਰੋਮਣੀ ਕਮੇਟੀ ਦੀ ਨੌਕਰੀ ਨੂੰ ਇਕ ਪਾਸੇ ਰੱਖ ਕੇ ਆਪਣੇ ਪੱਧਰ ’ਤੇ ਅੰਮ੍ਰਿਤ ਸੰਚਾਰ ਦਾ ਕੰਮ ਸ਼ੁਰੂ ਕਰ ਦੇਣਗੇ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਪ੍ਰਧਾਨ ਅਵਤਾਰ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਪਰ ਫਿਲਹਾਲ ਸਥਿਤੀ ਜਿੳੁਂ ਦੀ ਤਿੳੁਂ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਵਲੋਂ ਅਜਿਹੀ ਸਥਿਤੀ ਵਿਚ ਇਨ੍ਹਾਂ ਖਿਲਾਫ਼ ਕੋਈ ਸਖ਼ਤ ਫੈਸਲਾ ਵੀ ਕੀਤਾ ਜਾ ਸਕਦਾ ਹੈ। ਤਬਾਦਲੇ ਵਾਲੀ ਨਵੀਂ ਥਾਂ ’ਤੇ ਡਿਊਟੀ ੳੁੱਤੇ ਨਾ ਪੁੱਜਣ ਅਤੇ ਗ਼ੈਰ ਹਾਜ਼ਰ ਰਹਿਣ ਦੇ ਦੋਸ਼ ਹੇਠ ਇਨ੍ਹਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਪੰਜ ਪਿਆਰਿਆਂ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਤਖ਼ਤਾਂ ਦੇ ਜਥੇਦਾਰਾਂ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਦੇ ਫੈਸਲੇ ਸਬੰਧੀ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਮਗਰੋਂ ਜਥੇਦਾਰਾਂ ਦੇ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਬੰਦ ਕਰਨ ਦੇ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸਨ ਪਰ ਅੰਤ੍ਰਿੰਗ ਕਮੇਟੀ ਵਲੋਂ ਪੰਜ ਪਿਆਰਿਆਂ ਦੀਆਂ ਹਦਾਇਤਾਂ ਨੂੰ ਹੁਣ ਤੱਕ ਅਣਡਿੱਠਾ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਇਨ੍ਹਾਂ ਪੰਜ ਪਿਆਰਿਆਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਧਰਮ ਪ੍ਰਚਾਰ ਕਮੇਟੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੀਆਂ ਡਿਊਟੀਆਂ ਅੰਮ੍ਰਿਤ ਸੰਚਾਰ ਵਾਸਤੇ ਪੰਜਾਬ ਤੋਂ ਬਾਹਰ ਹੋਰ ਪ੍ਰਾਂਤਾਂ ਵਿਚ ਲਾ ਦਿੱਤੀਆਂ ਗਈਆਂ ਸਨ।
Related Topics: Avtar Singh Makkar, Dera Sauda Sirsa, Former Panj Pyare of Akal Takht Shaib, Jathedar Giani Gurbchan Singh, Shiromani Gurdwara Parbandhak Committee (SGPC)