ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਸੀਰੇ ਨਾਲ ਦੂਸ਼ਿਤ ਹੋਇਆ ਬਿਆਸ ਦਰਿਆ ਦਾ ਪਾਣੀ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ਤਕ ਪਹੁੰਚਿਆ

May 21, 2018 | By

ਬਠਿੰਡਾ: ਮਿਲ ਵਿਚੋਂ ਰਿਸਿਆ ਸੀਰਾ ਬਿਆਸ ਦਰਿਆ ਵਿਚ ਪੈਣ ਨਾਲ ਪ੍ਰਦੂਸ਼ਿਤ ਹੋਇਆ ਪਾਣੀ ਹੁਣ ਨਹਿਰਾਂ ਰਾਹੀਂ ਪਿੰਡਾਂ ਸ਼ਹਿਰਾਂ ਨੂੰ ਮੁਹੱਈਆ ਕਰਵਾਏ ਜਾਂਦੇ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ਵਿਚ ਜਾ ਪਹੁੰਚਿਆ ਹੈ। ਭਾਵੇਂ ਕਿ ਦੂਸ਼ਿਤ ਪਾਣੀ ਨੂੰ ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਪੈਣ ਤੋਂ ਰੋਕਣ ਲਈ ਲੋਕਾਂ ਵਲੋਂ ਰੌਲਾ ਪਾਇਆ ਜਾ ਰਿਹਾ ਸੀ, ਪਰ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਇਸ ਹੱਦ ਤਕ ਗੈਰਜਿੰਮੇਵਾਰ ਹੋ ਚੁੱਕੇ ਹਨ ਕਿ ਕਈ ਥਾਵਾਂ ‘ਤੇ ਦੂਸ਼ਿਤ ਪਾਣੀ ਵਾਟਰ ਵਰਕਸ ਦੀਆਂ ਡਿੱਗੀਆਂ ਵਿਚ ਪੈ ਹੀ ਗਿਆ। ਮਾਲਵਾ ਖੇਤਰ ਦੇ ਮਲੋਟ ਵਿਚ ਦੂਸ਼ਿਤ ਪਾਣੀ ਕਾਰਨ ਪਹਿਲਾਂ ਹੀ ਹੈਪਾਟਾਈਟਸ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਵਿਅਕਤੀਆਂ ਦੀ ਬਹੁਤਾਤ ਹੈ, ਜਿਨ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

ਵਾਟਰ ਵਰਕਸ ਦੀਆਂ ਡਿੱਗੀਆਂ ਵਿੱਚ ਪਿਆ ਦੂਸ਼ਿਤ ਪਾਣੀ ਦਿਖਾਉਂਦੇ ਹੋਏ ਸ਼ਹਿਰ ਵਾਸੀ

ਮਲੋਟ ਦੇ ਲੋਕਾਂ ਵਲੋਂ ਇਸ ਗਲਤੀ ਲਈ ਸਬੰਧਤ ਅਫਸਰਾਂ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਜਲ ਸਪਲਾਈ ਵਿਭਾਗ ਦੇ ਜੇਈ ਰਾਜਵੰਤ ਸਿੰਘ ਨੁੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੀ ਸਵਾ ਲੱਖ ਅਬਾਦੀ ਦੇ ਇਲਾਵਾ ਪਿੰਡ ਮਲੋਟ ਅਤੇ ਦਾਨੇਵਾਲਾ ਦੀ ਵਸੋਂ ਵੀ ਇਸ ਜਲਘਰ ‘ਤੇ ਹੀ ਨਿਰਭਰ ਹੈ। ਸਥਾਨਕ ਵਾਸੀਆਂ ਰਮੇਸ਼ ਕੁਮਾਰ ਅਰਨੀਵਾਲਾ, ਪਰਮਜੀਤ ਸਿੰਘ ਗਿੱਲ, ਜਸਪਾਲ ਸਿੰਘ ਝੋਰੜ, ਬਲਕਰਨ ਸਿੰਘ, ਜਸਦੇਵ ਸਿੰਘ ਸੰਧੂ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਨੂੰ ਵਾਟਰ ਵਰਕਸ ਦੇ ਸਾਫ਼ ਪਾਣੀ ਵਿੱਚ ਰਲਣ ਤੋਂ ਰੋਕਿਆ ਜਾ ਸਕਦਾ ਸੀ, ਜੋ ਅਧਿਕਾਰੀਆਂ ਦੇ ਅਵੇਸਲੇਪਣ ਕਾਰਨ ਡਿੱਗੀਆਂ ਦੇ ਸਾਫ਼ ਪਾਣੀ ਵਿੱਚ ਰਲ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਦੂਸ਼ਿਤ ਪਾਣੀ ਨਹਿਰਾਂ ਤੋਂ ਵਾਟਰ ਵਰਕਸ ਦੀਆਂ ਡਿੱਗੀਆਂ ਤੱਕ ਪਹੁੰਚ ਸਕਦਾ ਹੈ ਤਾਂ ਇਹ ਘਰਾਂ ਤੱਕ ਵੀ ਪਹੁੰਚੇਗਾ, ਜਿਸ ਦੀ ਵਰਤੋਂ ਕਾਰਨ ਅਨੇਕਾਂ ਲੋਕ ਘਾਤਕ ਬਿਮਾਰੀਆਂ ਤੋਂ ਪੀੜਤ ਹੋਣਗੇ। ਜਲ ਸਪਲਾਈ ਵਿਭਾਗ ਦੀ ਇਸ ਅਣਗਹਿਲੀ ਕਾਰਨ ਸ਼ਹਿਰ ਵਾਸੀਆਂ ਵਿੱਚ ਰੋਸ ਹੈ।

ਇਸ ਮਾਮਲੇ ਸਬੰਧੀ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਸੀ ਪਰ ਫਿਰ ਵੀ ਜੇ ਕਿਤੇ ਅਣਗਿਹਲੀ ਹੋਈ ਹੈ ਤਾਂ ਉਹ ਦੇਖ ਲੈਣਗੇ। ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐੱਸਡੀਓ ਰਾਕੇਸ਼ ਮੋਹਨ ਮੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਨਹਿਰੀ ਵਿਭਾਗ ਤੋਂ ਵੀ ਅਗਾਊਂ ਸੂਚਨਾ ਮਿਲ ਗਈ ਸੀ, ਜਿਸ ਮਗਰੋਂ ਤੁਰੰਤ ਨਹਿਰਾਂ ਤੋਂ ਵਾਲ ਬੰਦ ਕਰਵਾ ਦਿੱਤਾ ਸੀ ਪਰ ਪਾਈਪਾਂ ਵਿੱਚ ਖੜ੍ਹਾ ਪਾਣੀ ਫਿਰ ਵੀ ਡਿੱਗੀ ਵਿੱਚ ਪੈ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਕੀਤੀ ਗਈ ਹੈ, ਜੋ ਡਿੱਗੀਆਂ ਦੀ ਸਾਫ਼ ਸਫ਼ਾਈ ਕਰਨ ਮਗਰੋਂ ਹੀ ਚਾਲੂ ਕੀਤੀ ਜਾਵੇਗੀ।
ਜ਼ਿਲ੍ਹਾ ਮੁਖੀ ਡਾ. ਸੁਮਿਤ ਜਾਰੰਗਲ ਨੇ ਕਿਹਾ ਕਿ 21 ਮਈ ਸ਼ਾਮ ਤੱਕ ਨਹਿਰਾਂ ਵਿੱਚ ਸਾਫ਼ ਪਾਣੀ ਆ ਜਾਵੇਗਾ ਅਤੇ ਸਰਕਾਰ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਨਹਿਰੀ ਪਾਣੀ ਖੇਤੀ ਲਈ ਸੁਰੱਖਿਅਤ
ਸਿੰਜਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਹਰਲਾਭ ਸਿੰਘ ਚਾਹਲ ਨੇ ਦੱਸਿਆ ਹੈ ਕਿ ਨਹਿਰਾਂ ਵਿੱਚ ਆ ਰਹੇ ਪਾਣੀ ਵਿੱਚ ਸ਼ੀਰਾ ਘੁਲਿਆ ਹੈ ਜੋ ਇਕ ਬਾਇਓ-ਡੀਗ੍ਰੇਡੇਬਲ (ਕੁਦਰਤੀ ਤੌਰ ’ਤੇ ਨਸ਼ਟ ਹੋ ਜਾਣ ਵਾਲਾ) ਪਦਾਰਥ ਹੈ ਅਤੇ ਇਹ ਪਾਣੀ ਖੇਤੀ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਿਚ ਕੋਈ ਰਾਸਾਇਣ ਨਹੀਂ ਘੁਲੇ ਹਨ। ਉਨ੍ਹਾਂ ਅਨੁਸਾਰ ਹਰੀਕੇ ਪੱਤਣ ਤੱਕ ਪਾਣੀ ਸਾਫ ਹੋ ਗਿਆ ਹੈ ਅਤੇ ਸੋਮਵਾਰ ਸ਼ਾਮ ਤੱਕ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਤੱਕ ਵੀ ਪਾਣੀ ਸਾਫ਼ ਹੋ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,