ਖਾਸ ਖਬਰਾਂ » ਖੇਤੀਬਾੜੀ » ਪੰਜਾਬ ਦੀ ਰਾਜਨੀਤੀ

ਪੇਪਰ ਮਿਲ ਨੇ ਰੁਜ਼ਗਾਰ ਦੀ ਥਾਂ ਕੈਂਸਰ ਅਤੇ ਕਾਲਾ ਪੀਲੀਆ ਦਿੱਤਾ ਸੈਲਾ ਖੁਰਦ ਦੇ ਪਿੰਡ ਡਾਨਸੀਵਾਲ ਨੂੰ

June 12, 2018 | By

ਗੜ੍ਹਸ਼ੰਕਰ: ਪੰਜਾਬ ਵਿਚ ਉਦਯੋਗਿਕ ਪ੍ਰਦੂਸ਼ਣ ਦਾ ਕਹਿਰ ਮਾਰੂ ਪੱਧਰ ਤੱਕ ਪਹੁੰਚ ਚੁੱਕਿਆ ਹੈ ਤੇ ਸਰਕਾਰਾਂ ਇਸ ਪੱਖੋਂ ਬਿਲਕੁਲ ਅਵੇਸਲੀਆਂ ਕਿਸੇ ਵੱਡੀ ਤ੍ਰਾਸਦੀ ਨੂੰ ਵਾਪਰਦਾ ਦੇਖਣ ਦੀ ਉਡੀਕ ਕਰਦੀਆਂ ਲਗਦੀਆਂ ਹਨ। ਬਿਆਸ ਦਰਿਆ ਵਿਚ ਚੱਢਾ ਮਿਲ ਵਲੋਂ ਕੀਤੇ ਪਰਦੂਸ਼ਣ ਦਾ ਮਾਮਲਾ ਅਜੇ ਚਰਚਾ ਵਿਚ ਹੀ ਸੀ ਕਿ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਦੇ ਪ੍ਰਦੂਸ਼ਣ ਦੀ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਪਿੰਡ ਡਾਨਸੀਵਾਲ ਵਿੱਚ ਕੈਂਸਰ ਨਾਲ ਮਰੇ ਵਿਅਕਤੀਆਂ ਦੇ ਵਾਰਿਸ ਆਪਣੀ ਵਿੱਥਿਆ ਦੱਸਦੇ ਹੋਏ

ਮਿੱਲ ਤੋਂ ਕਰੀਬ ਦੋ ਕਿਲੋਮੀਟਰ ਦੂਰ ਪੈਂਦਾ ਪਿੰਡ ਡਾਨਸੀਵਾਲ ਇਸ ਦੇ ਪ੍ਰਦੂਸ਼ਣ ਦੀ ਮਾਰ ਹੇਠ ਆ ਚੁੱਕਾ ਹੈ। ਪਿਛਲੇ ਸਾਲਾਂ ਦੌਰਾਨ ਕੈਂਸਰ ਅਤੇ ਕਾਲੇ ਪੀਲੀਏ ਨਾਲ ਪਿੰਡ ਦੇ ਬਾਰਾਂ ਵਸਨੀਕ ਮੌਤ ਦੇ ਮੂੰਹ ਵਿੱਚ ਜਾ ਡਿੱਗੇ ਹਨ। ਮੌਜੂਦਾ ਸਮੇਂ ਵੀ ਦਸ ਤੋਂ ਵੱਧ ਮਰੀਜ਼ ਇਨ੍ਹਾਂ ਬਿਮਾਰੀਆਂ ਦੇ ਮਹਿੰਗੇ ਇਲਾਜ ਦੀ ਮਾਰ ਹੇਠਾਂ ਹਨ।

ਇਸ ਸਬੰਧੀ ਅੱਜ ਪਿੰਡ ਡਾਨਸੀਵਾਲ ਦੇ ਸਾਬਕਾ ਸਰਪੰਚ ਭਾਈ ਲਖਵੀਰ ਸਿੰਘ ਰਾਣਾ, ਐਡਵੋਕੇਟ ਰਣਜੀਤ ਸਿੰਘ ਕਲਸੀ, ਆਰਟੀਆਈ ਕਾਰਕੁਨ ਪਰਮਿੰਦਰ ਸਿੰਘ ਕਿੱਤਣਾ ਦੀ ਹਾਜ਼ਰੀ ਵਿੱਚ ਪ੍ਰਭਾਵਿਤ ਲੋਕਾਂ ਦਾ ਇਕੱਠ ਹੋਇਆ ਜਿਨ੍ਹਾਂ ਨੇ ਆਪਣੇ ਆਪਣੇ ਦੁੱਖੜੇ ਫਰੋਲੇ। ਪਿੰਡ ਦੇ ਬਜ਼ੁਰਗ ਕੇਵਲ ਸਿੰਘ ਅਨੁਸਾਰ ਉਨ੍ਹਾਂ ਦੇ ਪੁੱਤਰ ਦੀ 27 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸਤਵਿੰਦਰ ਸਿੰਘ ਦਾ ਪਿਤਾ 2012 ਵਿੱਚ ਅਤੇ ਦਾਦਾ 2009 ਵਿੱਚ ਕੈਂਸਰ ਕਾਰਨ ਮੌਤ ਦੇ ਮੂੰਹ ਜਾ ਪਏੇ। ਗੁਰਮੁੱਖ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੰਬਰਦਾਰ ਗੁਰਦੀਪ ਸਿੰਘ ਦੀ ਮੌਤ ਦਾ ਕਾਰਨ ਵੀ ਕੈਂਸਰ ਬਣਿਆ ਸੀ। ਹਰਮੇਸ਼ ਪਾਲ ਨੇ ਆਪਣੇ ਭਤੀਜੇ ਵਿਪਨ ਦੀ 23 ਸਾਲ ਵਿੱਚ ਕੈਂਸਰ ਨਾਲ ਹੋਈ ਮੌਤ ਦੀ ਵਿਥਿਆ ਸੁਣਾਈ।

ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਅਤੇ ਪਿਤਾ ਦੀ ਵੀ ਕੈਂਸਰ ਨਾਲ ਮੌਤ ਹੋਈ ਅਤੇ ਮਹਿੰਗਾ ਇਲਾਜ ਵੀ ਉਨ੍ਹਾਂ ਨੂੰ ਬਚਾ ਨਾ ਸਕਿਆ। ਮੱਖਣ ਸਿੰਘ ਦੇ ਪਿਤਾ ਚੈਂਚਲ ਸਿੰਘ ਅਤੇ ਜੋਗਾ ਸਿੰਘ ਦੀ ਮਾਤਾ ਦੀ ਮੌਤ ਦਾ ਕਾਰਨ ਵੀ ਕੈਂਸਰ ਸੀ। ਕੁਲਵਿੰਦਰ ਸਿੰਘ ਨੇ ਆਪਣੇ ਦਾਦਾ ਦੀ 2013 ਵਿੱਚ ਕੈਂਸਰ ਨਾਲ ਅਤੇ ਹਰਪ੍ਰੀਤ ਸਿੰਘ ਆਪਣੇ ਪਿਤਾ ਅਮਰੀਕ ਸਿੰਘ ਦੀ ਕਾਲੇ ਪੀਲੀਏ ਨਾਲ ਹੋਈ ਮੌਤ ਬਾਰੇ ਦੱਸਿਆ। ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਵਿੱਚ ਕਾਲੇ ਪੀਲੀਏ ਅਤੇ ਕੈਂਸਰ ਦੇ ਕੇਸ ਵੱਧਦੇ ਜਾ ਰਹੇ ਹਨ।

ਇਸੇ ਤਰ੍ਹਾਂ ਪਿੰਡ ਦਾ ਵਸਨੀਕ ਮਨੋਹਰ ਸਿੰਘ (65) ਕੈਂਸਰ ਤੋਂ ਪੀੜਤ ਹੈ ਅਤੇ ਤਿੰਨ ਸਾਲ ਤੋਂ ਜ਼ੇਰੇ ਇਲਾਜ ਹੈ। ਗੁਰਦੀਪ ਸਿੰਘ (50), ਤਰਸੇਮ ਲਾਲ (75), ਭਾਗ ਸਿੰਘ (58) ਵੀ ਕੈਂਸਰ ਦਾ ਮਹਿੰਗਾ ਇਲਾਜ ਕਰਵਾ ਰਹੇ ਹਨ। ਹਰੀ ਸਿੰਘ(75) ਤੇ ਮਨਿੰਦਰ ਸਿੰਘ (22) ਕਾਲੇ ਪੀਲੀਏ ਦੇ ਸ਼ਿਕਾਰ ਹਨ ਅਤੇ ਜ਼ੇਰੇ ਇਲਾਜ ਹਨ। ਹਾਜ਼ਰ ਲੋਕਾਂ ਅਨੁਸਾਰ ਉਨ੍ਹਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ਤਹਿਤ ਕੈਂਸਰ ਦੇ ਇਲਾਜ ਸਬੰਧੀ ਮਿਲਦੀ ਰਾਸ਼ੀ ਦਾ ਵੀ ਕੋਈ ਲਾਭ ਨਹੀਂ ਮਿਲਿਆ ਅਤੇ ਨਾ ਹੀ ਕਦੇ ਸਿਹਤ ਵਿਭਾਗ ਦੇ ਅਧਿਕਾਰੀ ਪਿੰਡ ਵਾਸੀਆਂ ਦੀ ਜਾਂਚ ਪੜਤਾਲ ਕਰਨ ਲਈ ਆਏ ਹਨ।

ਸਾਬਕਾ ਸਰਪੰਚ ਭਾਈ ਲਖਵੀਰ ਸਿੰਘ ਰਾਣਾ ਨੇ ਕਿਹਾ ਕਿ ਮਿੱਲ ਨੇ ਇਲਾਕੇ ਨੂੰ ਰੁਜ਼ਗਾਰ ਦੀ ਥਾਂ ਮੌਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਖੇਤਾਂ ਦੀ ਮਿੱਟੀ ਜ਼ਹਿਰੀਲੀ ਹੋ ਗਈ ਹੈ ਅਤੇ ਮਿੱਲ ਦੀ ਸੁਆਹ ਅਤੇ ਗੰਦੇ ਪਾਣੀ ਤੋਂ ਪ੍ਰਭਾਵਿਤ ਪਿੰਡ ਸਮਾਜਿਕ ਤੌਰ ’ਤੇ ਵੀ ਅਲੱਗ-ਥਲੱਗ ਪੈ ਗਏ ਹਨ। ਇਸ ਮੌਕੇ ਪਰਮਿੰਦਰ ਕਿੱਤਣਾ ਨੇ ਕਿਹਾ ਕਿ ਮਿੱਲ ਦੇ ਡਾਇਰੈਕਟਰਾਂ ਖਿਲਾਫ਼ ਕਾਰਵਾਈ ਲਈ ਸਬੰਧਤ ਵਿਭਾਗਾਂ ਨੂੰ ਲਿਖਿਆ ਗਿਆ ਹੈ ਅਤੇ ਇਲਾਕੇ ਦਾ ਸਮੁੱਚਾ ਸਰਵੇਖਣ ਕਰਕੇ ਮਿੱਲ ਵਿਰੁੱਧ ਕਾਰਵਾਈ ਲਈ ਅਦਾਲਤ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।

ਕੈਂਸਰ ਦੇ ਹੋਰ ਵੀ ਹਨ ਕਾਰਨ: ਮਿੱਲ ਪ੍ਰਬੰਧਕ
ਮਿੱਲ ਦੇ ਉਪ ਪ੍ਰਧਾਨ ਕਰਨਲ ਅਮਰਜੀਤ ਸਿੰਘ ਨੇ ਕਿਹਾ ਕਿ ਸੈਲਾ ਖੁਰਦ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦਾ ਮਿੱਲ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਕੈਂਸਰ ਨਾਲ ਹੋਈਆਂ ਮੌਤਾਂ ਬਾਰੇ ਉਨ੍ਹਾਂ ਕਿਹਾ ਕਿ ਕੈਂਸਰ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵੱਲ ਨਿਕਲਦੇ ਪਾਣੀ ਲਈ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ ਅਤੇ ਉਡਦੀ ਸੁਆਹ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸਮੇਂ ਸਮੇਂ ’ਤੇ ਪੜਤਾਲ ਕਰ ਕੇ ਆਪਣੀ ਰਿਪੋਰਟ ਦਿੰਦੇ ਹਨ। ਉਨ੍ਹਾਂ ਹਰ ਕਿਸਮ ਦੀ ਜਾਂਚ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,