September 5, 2018 | By ਸਿੱਖ ਸਿਆਸਤ ਬਿਊਰੋ
ਫਰੀਦਕੋਟ: ਜੱਜ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਅੰਦਰ ਬਹਿਬਲ ਕਲਾਂ ਗੋਲੀ ਕਾਂਡ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਅਤੇ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਵਾਉਣ ਵਿਚ ਸੁਖਬੀਰ ਬਾਦਲ ਦੇ ਮੁੱਖ ਕਰਤਾ-ਧਰਤਾ ਹੋਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਇੰਕਸ਼ਾਫ ਤੋੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਸਿੱਖ ਸੰਗਤਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਅੱਜ ਫਰੀਦਕੋਟ ਵਿਖੇ ਇਕ ਇਕੱਤਰਤਾ ਵਿਚ ਪਹੁੰਚੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਅਤੇ ਬਾਦਲ ਦਲ ਦੇ ਕਾਰਕੁੰਨਾਂ ਦਰਮਿਆਨ ਟਕਰਾਅ ਹੋ ਗਿਆ।

ਸੁਖਬੀਰ ਬਾਦਲ ਦਾ ਵਿਰੋਧ ਕਰਨ ਲਈ ਇਕੱਤਰ ਹੋਏ ਸਿੱਖ
ਕੋਟਕਪੁਰਾ ਵਿਖੇ 15 ਸਤੰਬਰ ਨੂੰ ਬਾਦਲ ਦਲ ਵਲੋਂ ਕੀਤੀ ਜਾ ਰਹੀ ਪੋਲ ਖੋਲ ਰੈਲੀ ਸਬੰਧੀ ਪਾਰਟੀ ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਅੱਜ ਸੁਖਬੀਰ ਬਾਦਲ ਫਰੀਦਕੋਟ ਸਥਿਤ ਚਾਂਦ ਪੈਲੇਸ ਵਿਖੇ ਪਹੁੰਚੇ ਸਨ। ਸੁਖਬੀਰ ਬਾਦਲ ਦਾ ਵਿਰੋਧ ਕਰਨ ਲਈ ਸਵੇਰ ਤੋਂ ਹੀ 200 ਦੇ ਕਰੀਬ ਸਿੱਖ ਸੰਗਤਾਂ ਨੇ ਪੈਲੇਸ ਦੇ ਬਾਹਰ ਸੜਕ ‘ਤੇ ਧਰਨਾ ਲਾ ਦਿੱਤਾ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਅਤੇ ਸਿੱਖ ਸੰਗਤਾਂ ਦਰਮਿਆਨ ਬਹਿਸ ਹੋ ਗਈ ਤੇ ਗੱਲ ਧੱਕਾ-ਮੁੱਕੀ ਤਕ ਜਾ ਪਹੁੰਚੀ।
ਇਸ ਦੌਰਾਨ ਪੁਲਿਸ ਵਲੋਂ ਸੜਕ ਦੇ ਉਸ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਜਿਸ ਪਾਸੇ ਸਿੱਖ ਸੰਗਤਾਂ ਨੇ ਧਰਨਾ ਲਾਇਆ ਹੋਇਆ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਸੜਕ ਦੇ ਦੂਜੇ ਪਾਸੇ ਤੋਂ ਪੈਲੇਸ ਵਿਚ ਲਿਜਾਇਆ ਗਿਆ।
ਗੌਰਤਲਬ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਮਾਮਲੇ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਬਾਦਲ ਦਲ ਖਿਲਾਫ ਸਿੱਖਾਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
Related Topics: Shiromani Akali Dal, Sukhbir Badal