ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਵਿਧਾਨ ਸਭਾ ਵਿੱਚ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ 21 ਮਰਚ ਨੂੰ ਹੋਵੇਗੀ

March 4, 2016 | By

ਚੰਡੀਗੜ੍ਹ (3 ਮਾਰਚ, 2016 ): ਪੰਜਾਬ ਵਿਧਾਨ ਸਭਾ ਵਿੱਚੋਂ ਰਾਜ ਸਭਾ ਲਈ ਚਣੇ ਗਏ 7 ਮੈਬਰਾਂ ਵਿੱਚੋਂ 5 ਦਾ ਕਾਰਜ਼ਕਾਲ ਪੂਰਾ ਹੋਣ ਕਰਕੇ ਇਨ੍ਹਾਂ ਸੀਟਾਂ ਲਈ 21 ਮਾਰਚ ਨੂੰ ਵੋਟਾਂ ਪੈਣਗੀਆਂ।

ਇਹ 5 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ, ਕਾਂਗਰਸ ਦੇ ਡਾ. ਐਮ.ਐਸ. ਗਿੱਲ ਤੇ ਸ੍ਰੀ ਅਸ਼ਵਨੀ ਕੁਮਾਰ ਅਤੇ ਭਾਜਪਾ ਦੇ ਸ੍ਰੀ ਅਵਿਨਾਸ਼ ਰਾਏ ਖੰਨਾ ਦੇ 9 ਅਪ੍ਰੈਲ ਨੂੰ ਸੇਵਾ-ਮੁਕਤ ਹੋਣ ‘ਤੇ ਖਾਲੀ ਹੋ ਰਹੀਆਂ ਹਨ ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਸਰਕਾਰੀ ਹਲਕਿਆਂ ਅਨੁਸਾਰ ਉਮੀਦਵਾਰਾਂ ਲਈ ਨਾਮਜ਼ਦਗੀ ਦਾ ਸਿਲਸਿਲਾ ਕੱਲ੍ਹ ਤੋਂ ਹੀ ਸ਼ੁਰੂ ਹੋ ਰਿਹਾ ਹੈ, ਜੋ 11 ਮਾਰਚ ਤੱਕ ਚੱਲੇਗਾ । ਭਾਵੇਂ ਕਿਸੇ ਵੀ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਇਕ ਗੱਲ ਸਪੱਸ਼ਟ ਹੈ ਕਿ ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਵਾਲੇ ਸਦਨ ‘ਚੋਂ ਅਕਾਲੀ ਤੇ ਕਾਂਗਰਸੀ 2-2 ਸੀਟਾਂ ਯਕੀਨੀ ਤੌਰ ‘ਤੇ ਜਿੱਤਣ ਦੀ ਸਮਰਥਾ ਰੱਖਦੇ ਹਨ ਅਤੇ ਤੀਜੀ ਸੀਟ ਭਾਜਪਾ ਸਿਰਫ਼ ਅਕਾਲੀ ਦਲ ਦੀ ਮਦਦ ਨਾਲ ਹੀ ਜਿੱਤ ਸਕਦੀ ਹੈ ।

ਇਸ ਸਮੇਂ ਪੰਜਾਬ ਵਿਧਾਨ ਸਭਾ ‘ਚ ਅਕਾਲੀ ਦਲ 60, ਕਾਂਗਰਸ 42, ਭਾਜਪਾ 12 ਤੇ ਆਜ਼ਾਦ ਮੈਂਬਰਾਂ ਦੀ ਗਿਣਤੀ 3 ਹੈ । ਕਾਂਗਰਸ ਦੇ ਇਕ ਮੈਂਬਰ ਮੁਹੰਮਦ ਸਦੀਕ, ਜਿਨ੍ਹਾਂ ਦੀ ਮੈਂਬਰੀ ਬਾਰੇ ਸੁਪਰੀਮ ਕੋਰਟ ‘ਚ ਅਪੀਲ ਚੱਲ ਰਹੀ ਹੈ, ਨੂੰ ਵੋਟ ਪਾਉਣ ਦਾ ਕਾਨੂੰਨੀ ਅਧਿਕਾਰ ਨਹੀਂ । ਭਾਜਪਾ ਵਾਲੀ ਸੀਟ ਲਈ ਸ੍ਰੀ ਖੰਨਾ ਤੋਂ ਇਲਾਵਾ ਸ੍ਰੀ ਕਮਲ ਸ਼ਰਮਾ ਤੇ ਪ੍ਰੋਫ਼ੈਸਰ ਰਾਜਿੰਦਰ ਭੰਡਾਰੀ ਸੰਜੀਦਾ ਉਮੀਦਵਾਰ ਹਨ ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੀ ਇਕ ਸੀਟ ਲਈ ਪ੍ਰਤਾਪ ਸਿੰਘ ਬਾਜਵਾ ਤੇ ਅਕਾਲੀ ਦਲ ਦੀ ਇਕ ਸੀਟ ਲਈ ਸੁਖਦੇਵ ਸਿੰਘ ਢੀਂਡਸਾ ਦਾ ਨਾਂਅ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ । ਉਮੀਦਵਾਰਾਂ ਦਾ ਐਲਾਨ ਅਗਲੇ ਹਫ਼ਤੇ ਕੀਤੇ ਜਾਣ ਦੀ ਸੰਭਾਵਨਾ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਕੁਝ ਇਕ ਤਾਂ 2-2 ਵਾਰ ਸਦਨ ਦੇ ਮੈਂਬਰ ਰਹਿ ਚੁੱਕੇ ਹਨ । ਇਸ ਲਈ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ‘ਚੋਂ ਇਹ ਮੰਗ ਕੀਤੀ ਜਾ ਸਕਦੀ ਹੈ ਕਿ ਹੁਣ ਨਵੇਂ ਚਿਹਰੇ ਅੱਗੇ ਲਿਆਂਦੇ ਜਾਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,