July 24, 2015 | By ਸਿੱਖ ਸਿਆਸਤ ਬਿਊਰੋ

ਸੁਖਬੀਰ ਬਾਦਲ (ਫਾਈਲ ਫੋਟੋ)
ਚੰਡੀਗੜ੍ਹ (23 ਜੁਲਾਈ, 2015): ਪੰਜਾਬ ਸਮੇਤ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਬਾਪੂ ਸੂਰਤ ਸਿੰਘ ਵੱਲੋਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਚੱਲ ਰਹੇ ਮਰਨ ਵਰਤ ਦੇ ਮਾਮਲੇ ‘ਚ ਪੰਜਾਬ ਸਰਕਾਰ ਚਾਹੁੰਦੇ ਹੋਏ ਵੀ ਕੁਝ ਕਰਨ ਦੇ ਸਮਰੱਥ ਨਹੀਂ ਹੈ ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਨਜ਼ਰਬੰਦਾਂ ਦੀ ਸਜ਼ਾ ਮੁਆਫ਼ੀ ਸਬੰਧੀ ਰਾਜਾਂ ਦੇ ਅਧਿਕਾਰ ਹੀ ਮੁਲਤਵੀ ਕੀਤੇ ਹੋਏ ਹਨ । ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੇਵਲ ਬਾਪੂ ਸੂਰਤ ਸਿੰਘ ਦੀ ਸਿਹਤ ਦਾ ਖਿ਼ਆਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਨੂੰ ਬਿਹਤਰੀਨ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।
ਇਸੇ ਸਬੰਧੀ ਸੇਵਾ ਮੁਕਤ ਜਸਟਿਸ ਆਰ. ਐੱਸ. ਸੋਢੀ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਆਦੇਸ਼ ਰਾਹੀਂ ਬੰਦੀਆਂ ਦੀ ਰਿਹਾਈ ਦੇ ਮਾਮਲੇ ਵਿਚ ਰਾਜ ਸਰਕਾਰਾਂ ਦੇ ਅਧਿਕਾਰ ‘ਤੇ ਰੋਕ ਲਈ ਗਈ ਹੈ, ਜਦਕਿ ਕੇਂਦਰ ਸਰਕਾਰ ਦੇ ਅਧਿਕਾਰ ‘ਤੇ ਕੋਈ ਰੋਕ ਨਹੀਂ । ਜੇ ਪੰਜਾਬ ਸਰਕਾਰ ਚਾਹੇ ਤਾਂ ਉਹ ਕੇਂਦਰ ਸਰਕਾਰ, ਜਿਸ ਵਿਚ ਉਹ ਆਪ ਭਾਈਵਾਲ ਹੈ, ਤੱਕ ਪਹੁੰਚ ਕਰਕੇ ਸਿੱਖ ਬੰਦੀਆਂ ਦੀ ਰਿਹਾਈ ਵਿਚ ਮੁੱਖ ਭੂਮਿਕਾ ਅਦਾ ਕਰ ਸਕਦੀ ਹੈ।
Related Topics: Punjab Government, Sikh Political Prisoners, Sukhbir Badal