ਖਾਸ ਖਬਰਾਂ » ਸਿੱਖ ਖਬਰਾਂ

ਦਿੱਲੀ ਤਖਤ ਦੇ ਹੰਕਾਰ ਦੀਆਂ ਰੋਕਾਂ ਭੰਨਦਾ ਪੰਜਾਬ ਦਾ ਕਾਫਿਲਾ ਦਿੱਲੀ ਦੀਆਂ ਬਰੂਹਾਂ ‘ਤੇ ਪੁੱਜਾ

November 27, 2020 | By

ਪੰਜਾਬ ਵਿੱਚ ਬੀਤੇ ਦੋ ਮਹੀਨਿਆਂ ਤੋਂ ਜੋ ਕੁਝ ਅਤੇ ਜਿਸ ਪੱਧਰ ‘ਤੇ ਵਾਪਰ ਰਿਹਾ ਹੈ ਉਸ ਦਾ ਸ਼ਾਇਦ ਕਿਸੇ ਨੇ ਵੀ ਇੰਝ ਵਾਪਰਨ ਦਾ ਅੰਦਾਜ਼ਾ ਨਹੀਂ ਸੀ ਲਗਾਇਆ। ਪਰਗਟ ਹੋਏ ਇਸ ਰੌਅ ਦੇ ਵੇਗ ਅਤੇ ਇਸ ਦੀ ਰਫਤਾਰ ਇੰਨੀ ਜੋਰਾਵਰ ਅਤੇ ਤੇਜ ਹੈ ਕਿ ਕਿਸੇ ਹੋਰਸ ਕੋਲੋਂ ਇਸ ਨਾਲ ਰਲ ਨਹੀਂ ਹੋ ਰਿਹਾ। ਵੱਡੇ ਵਸੀਲਿਆਂ ਵਾਲੀਆਂ ਸਰਕਾਰਾਂ ਦੀਆਂ ਰੋਕਾਂ ਵੀ ਇਸ ਰੌਅ ਦੇ ਵੇਗ ਅੱਗੇ ਕੱਖ-ਕਾਨਿਆਂ ਵਾਙ ਉਡਦੀਆਂ ਸਭ ਨੇ ਆਪਣੀਂ ਅੱਖੀ ਵੇਖ ਲਈਆਂ ਹਨ। ਸ਼ੰਭੂ ਨਾਕੇ ਦੇ ਪੁਲ ਉੱਤੇ ਲਗਾਏ ਗਏ ਬੈਰੀਗੇਟ ਅਸਲ ਵਿੱਚ ਦਿੱਲੀ ਤਖਤ ਦਾ ਹੰਕਾਰ ਸੀ ਜਿਸ ਨੂੰ ਪੰਜਾਬ ਦੇ ਵਾਰਿਸਾਂ ਨੇ ਪੁੱਟ ਨੇ ਘੱਗਰ ਦਰਿਆ ਵਿੱਚ ਵਗਾ ਮਾਰਿਆ।

ਪੰਜਾਬ ਦੀ ਰਿਵਾਇਤੀ ਸਿਆਸੀ ਲੀਡਰਸ਼ਿੱਪ ਤਾਂ ਬਹੁਤ ਪਹਿਲਾਂ ਹੀ ਇਸ ਰਫਤਾਰ ਦੀ ਧੂੜ ਬੜ ਗਈ ਸੀ ਹੁਣ ਆਰਥਿਕ ਮੰਗਾਂ ‘ਤੇ ਆਪਣਾ ਦਾਰੋਮਦਾਰ ਰੱਖ ਕੇ ਚੱਲਣ ਵਾਲੀਆਂ ਉਹ ਕਿਸਾਨ ਯੂਨੀਅਨਾਂ ਜੋ ਆਪਣੇ ਆਪਣੀ ਜਥੇਬੰਦੀ ਦੇ ਫੈਸਲਿਆਂ ਨੂੰ ਅਟੱਲ ਦੱਸਦੀਆਂ ਹਨ, ਵੀ ਇਸ ਵੇਗ ਦੇ ਦਬਾਅ ਹੇਠ ਖਨੌਰ ਤੋਂ ਦਿੱਲੀ ਵੱਲ ਚਾਲੇ ਪਾਉਣ ਦਾ ਐਲਾਨ ਕਰਨ ਉੱਤੇ ਮਜਬੂਰ ਹੋਈਆਂ ਹਨ।

ਬੀਤੇ ਦਿਨ ਚੱਲਿਆ ਪੰਜਾਬ ਦੇ ਵਾਰਿਸਾਂ ਦਾ ਇਹ ਕਾਫਿਲਾ ਕੁਰਕਸ਼ੇਤਰ, ਕਰਨਾਲ, ਪਾਣੀਪੱਤ ਨੇ ਨਾਕਿਆਂ ਤੋਂ ਰੋਕਾਂ ਹਟਾਉਂਦਾ ਰਾਤ ਤੱਕ ਸੋਨੀਪੱਤ ਪਹੁੰਚ ਗਿਆ ਜਿੱਥੇ ਹਰਿਆਣੇ ਵਿਚਲੇ ਦਿੱਲੀ ਦੇ ਸੂਬੇਦਾਰ ਨੇ ਜਰਨੈਲੀ ਰਾਹ ਪੁੱਟ ਕੇ ਵੱਡੇ ਤੇ ਡੂੰਘੇ ਟੋਏ ਪਾ ਦਿੱਤੇ ਸਨ। ਕਿਤੇ ਮਿੱਟੀ ਦੇ ਉੱਚੇ ਢੇਰ ਸਨ। ਕਿਤੇ ਕੰਡਿਆਲੀਆਂ ਤਾਰਾਂ, ਪੁਲ ਬਣਾਉਣ ਚ ਵਰਤੇ ਜਾਣ ਵਾਲੇ ਸੀਮਿੰਟ ਦੇ ਵੱਡੇ-ਵੱਡੇ ਬਲਾਕ ਤੇ ਉਸ ਤੋਂ ਬਾਅਦ ਟਰੱਕਾਂ ਦੀ ਕਤਾਰ ਆਦਿ ਕਈ ਤਰ੍ਹਾਂ ਦੇ ਇੰਤਜ਼ਾਮ ਸਨ। ਰਾਤ ਦੇ ਪੜਾਅ ਤੋਂ ਬਾਅਦ ਜਦ ਪਹੁ ਫੁਟਾਲਾ ਹੋਇਆ ਤੇ ਸੂਰਜ ਦੀ ਪਹਿਲੀ ਕਿਰਨ ਤੇ ਪੰਜਾਬ ਦੇ ਸਿਰੜ ਤੇ ਦਿ੍ਰੜਤਾ ਨੂੰ ਆਪਣੀ ਅੱਖੀ ਤੱਕ ਲਿਆ। ਸਭ ਰੋਕਾਂ ਇਸ ਕਾਫਿਲੇ ਨੂੰ ਰਾਹ ਦੇ ਚੁੱਕੀਆਂ ਸਨ ਤੇ ਆਪਣੇ ਟਰੈਕਟਰ ਟਰਾਲੀਆਂ ਉੱਤੇ ਸਵਾਰ ਪੰਜਾਬ ਦੇ ਵਾਰਿਸ ਦਿੱਲੀ ਵੱਲ ਕੂਚ ਕਰ ਰਹੇ ਸਨ।

ਦੂਜੇ ਪਾਸੇ ਜਿੱਥੇ ਦਿੱਲੀ ਦੀਆਂ ਫੋਰਸਾਂ ਆਪਣੇ ਨਾਕੇ ਉੱਤੇ ਆਪਣੇ ਪ੍ਰਬੰਧ ਹੋਰ ਮਜਬੂਤ ਕਰ ਲਏ ਹਨ ਓਥੇ ਦਿੱਲੀ ਦੇ ਅੰਦਰੂਨੀ ਇਲਾਕੇ ਵਿੱਚ ਵੀ ਭਾਰੀ ਨਾਕਾਬੰਦੀ ਕੀਤੀ ਜਾ ਰਹੀ ਹੈ। ਦਿੱਲੀ ਦੀਆਂ ਬਰੂਹਾਂ ਉੱਤੇ ਦਿੱਲੀ ਤਖਤ ਦੇ ਕਰਿੰਦੇ ਪੰਜਾਬ ਦੇ ਜਾਇਆਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗ ਰਹੇ ਹਨ ਪਰ ਪੰਜਾਬ ਦੇ ਵਾਰਿਸ ਆਪਣੇ ਨਿਸ਼ਚੇ ਉੱਤੇ ਦਿ੍ਰੜ ਹਨ।

ਇਹ ਸਿਰਫ ਦਿੱਲੀ ਚੱਲੋ ਦੇ ਹੋਕੇ ਦੀ ਹੀ ਗੱਲ ਨਹੀਂ ਹੈ, ਜੇਕਰ ਵੇਖਿਆ ਜਾਵੇ ਤਾਂ ਬੀਤੇ ਦੋ ਮਹੀਨੇ ਵਿੱਚ ਪਰਗਟ ਹੋਇਆ ਇਹ ਰੌਂਅ ਅਜੇ ਤੱਕ ਖੁਦ ਆਪਣਾ ਰਾਹ ਤੈਅ ਕਰ ਰਿਹਾ ਹੈ। ਪੰਜਾਬ ਨੇ ਇੱਕ ਵਾਰ ਮੁੜ ਆਪਣਾ ਇਤਿਹਾਸਿਕ ਖਾਸਾ ਪਰਗਟ ਕਰ ਦਿੱਤਾ ਹੈ ਜਿਸ ਨਾਲ ਭਵਿੱਖ ਦੀਆਂ ਆਸਾਂ ਤੇ ਸੰਭਾਵਨਾਵਾਂ ਦੇ ਨਵੇਂ ਆਯਾਮ ਪਰਗਟ ਹੋਏ ਹਨ। ਅਸੀਂ ਆਪਣੇ ਸਮਿਆਂ ਵਿੱਚ ਗੁਰੂ ਮਹਾਰਾਜ ਦੀ ਕਲਾ ਵਾਪਰਦੀ ਪ੍ਰਤੱਖ ਵੇਖ ਰਹੇ ਹਾਂ। ਸੱਚੇ ਪਾਤਿਸ਼ਾਹ ਇਹਨਾਂ ਜੀਆਂ ਦੇ ਅੰਗ-ਸੰਗ ਸਹਾਈ ਹੋਵੇ!

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: