ਖਾਸ ਖਬਰਾਂ » ਸਿਆਸੀ ਖਬਰਾਂ

ਬੁਲੰਦਸ਼ਹਿਰ: ਗਾਵਾਂ ਦੇ ਕਤਲ ਦੀ ਆੜ ਹੇਠ ਅਖਲਾਕ ਮਾਮਲੇ ਦੇ ਅਹਿਮ ਗਵਾਹ ਦਾ ਕਤਲ?

December 5, 2018 | By

ਚੰਡੀਗੜ੍ਹ: ਉੱਤਰ ਪ੍ਰਦੇਸ਼ ਸੂਬੇ ਦੇ ਬੁਲੰਦਸ਼ਹਿਰ ਦੇ ਸਿਆਨਾ ਪਿੰਡ ਵਿੱਚ ਸੋਮਵਾਰ (3 ਦਸੰਬਰ) ਨੂੰ ਗਾਵਾਂ ਨੂੰ ਮਾਰਨ ਦੀ ਅਫਵਾਹ ਫੈਲਾ ਕੇ ਕੀਤੀ ਗਈ ਗੜਬੜ ਦੌਰਾਨ ਸੁਬੋਧ ਕੁਮਾਰ ਸਿੰਘ ਨਾਂ ਦੇ ਜਿਸ ਪੁਲਿਸ ਇੰਸਪੈਕਟਰ ਦੀ ਮੌਤ ਹੋਈ ਸੁਬੋਧ ਕੁਮਾਰ ਮੁਹੰਮਦ ਅਖਲਾਕ ਨਾਮੀ ਮੁਸਲਮਾਨ ਨੂੰ ਹਿੰਦੂਤਵੀਆਂ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਅਹਿਮ ਗਵਾਹ ਸੀ।

ਬੇਲੰਦਸ਼ਹਿਰ ਵਿਖੇ ਹਿੰਦੂਤਵੀਆਂ ਵੱਲੋਂ ਮਾਰੇ ਗਏ ਪੁਲਿਸ ਇੰਸਪੈਕਟਰ ਦੀ ਪੁਰਾਣੀ ਤਸਵੀਰ

ਜ਼ਿਕਰਯੋਗ ਹੈ ਕਿ ਮੁਹੰਮਦ ਅਖਲਾਕ ਉਤੇ ਆਪਣੇ ਘਰ ਵਿੱਚ ਗਾਂਈ ਦਾ ਮਾਸ ਰਿੰਨ੍ਹਣ ਦਾ ਦੋਸ਼ ਲਾ ਕੇ ਹਿੰਦੂਤਵੀਆਂ ਦੀ ਭੀੜ ਨੇ ਉਹਦੇ ਘਰ ਉਤੇ ਹਮਲਾ ਕਰ ਦਿੱਤਾ ਸੀ ਤੇ ਉਹਦੀ ਤੇ ਉਹਦੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਸੀ। 28 ਸਤੰਬਰ 2015 ਨੂੰ ਦਾਦਰੀ ਦੇ ਪਿੰਡ ਬਿਸਹਾੜਾ ਵਿਚ ਵਾਪਰੀ ਇਸ ਘਟਨਾ ਦੇ ਨਤੀਜੇ ਵਜੋਂ ਅਖਲਾਕ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਵੱਡੀ ਪੱਧਰ ਉੱਤੇ ਉੱਠਿਆ ਸੀ ਜਿਸਨੇ ਖਾਸ ਸਿਆਸੀ ਮਾਅਨੇ ਅਖਤਿਆਰ ਕਰ ਲਏ ਸਨ। ਇਸੇ ਹੀ ਕਤਲ ਦੇ ਮੁਕਦਮੇਂ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਗਵਾਹ ਨੰਬਰ 7 ਸੀ।

ਬੁਲੰਦਸ਼ਹਿਰ ਵਿਖੇ ਹੋਈ ਭੰਨਤੋੜ ਤੋਂ ਬਾਅਦ ਦਾ ਇਕ ਦ੍ਰਿਸ਼

ਖਬਰਾਂ ਹਨ ਕਿ ਉਕਤ ਮੁਸਲਮਾਨ ਦੀ ਮਾਰ-ਕੁੱਟ ਦੇ ਮਾਮਲੇ ਦੀ ਜਾਂਚ ਵਿਚ ਸੁਬੋਧ ਕੁਮਾਰ ਸਿੰਘ ਨੇ ਮਹੱਤਵਪੂਰਨ ਕੰਮ ਕੀਤਾ ਸੀ ਹਾਲਾਂਕਿ ਉਸ ਉਤੇ ਜਾਂਚ ਨੂੰ “ਪਾਰਦਰਸ਼ੀ” ਤਰੀਕੇ ਨਾਲ ਨਾ ਕਰਨ ਦਾ ਦੋਸ਼ ਲਾ ਕੇ ਚੱਲਦੀ ਜਾਂਚ ਦੇ ਵਿਚੇ ਹੀ ਉਹਦਾ ਤਬਾਦਲਾ ਵਾਰਾਨਸੀ ਵਿਖੇ ਕਰ ਦਿੱਤਾ ਗਿਆ ਸੀ।
ਲੰਘੇ ਸੋਮਵਾਰ ਬੁਲੰਦਸ਼ਹਿਰ ਵਿਚ ਸੁਬੋਧ ਕੁਮਾਰ ਦੇ ਹੋਏ ਕਤਲ ਨੂੰ ਉਕਤ ਮਾਮਲੇ ਦੀ ਜਾਂਚ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਤੇ ਸ਼ੱਕ ਹੈ ਕਿ ਇਹ ਕਤਲ ਮਿੱਥ ਕੇ ਕੀਤੀ ਗਈ ਕਾਰਵਾਈ ਹੋ ਸਕਦਾ ਹੈ।

ਸੁਬੋਧ ਕੁਮਾਰ ਦੇ ਕਤਲ ਲਈ ਮੁੱਖ ਦੋਸ਼ੀ ਬਜਰੰਗ ਦਲ ਦਾ ਯੋਗੇਸ਼ ਰਾਜ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਪੁਲਿਸ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਯੋਗੇਸ਼ ਰਾਜ ਤੋਂ ਬਿਨਾ 3 ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ “ਹਿੰਦੂ ਦਹਿਸ਼ਤਗਰਦੀ” ਦੇ ਨਾਂ ਨਾਲ ਜਾਣੀਆਂ ਜਾਂਦੀਆਂ ਬੰਬ ਧਮਾਕਿਆਂ ਦੀਆਂ ਵਾਰਦਾਤਾਂ ਦੀ ਜਾਂਚ ਕਰਨ ਵਾਲੇ ਮਹਾਂਰਾਸ਼ਟਰ ਦੇ ਪੁਲਿਸ ਅਫਸਰ ਹੇਮੰਤ ਕਰਕਰੇ ਦੇ ਬੰਬਈ ਦੇ ਤਾਜ ਹੋਟਲ ਤੇ ਹੋਰਨਾਂ ਥਾਵਾਂ ਤੇ ਹੋਏ “ਫਿਦਾਇਨ” ਹਮਲੇ ਵਿਚ ਮਾਰੇ ਜਾਣ ਦੇ ਸਮੇਂ ਤੋਂ ਹੀ ਇਹ ਸਵਾਲ ਉੱਠਦੇ ਰਹੇ ਹਨ ਕਿ ਇਹ ਮੌਤਾਂ ਸਹਿਜ ਨਾ ਹੋ ਕਿ ਕਿਸੇ ਸਾਜਿਸ਼ ਦਾ ਹਿੱਸਾ ਹਨ। ਮਹਾਂਰਾਸ਼ਟਰ ਪੁਲਿਸ ਦੇ ਆਈ.ਜੀ. ਰਹੇ ਸੈਮ. ਐਮ. ਮੁਸ਼ਰੀਫ ਨੇ ਆਪਣੀ ਕਿਤਾਬ “ਹੂ ਕਿਲਡ ਕਰਕਰੇ” (ਕਰਕਰੇ ਨੂੰ ਕਿਸ ਨੇ ਮਾਰਿਆ) ਵਿਚ ਹੇਮੰਤ ਕਰਕਰੇ ਦੀ ਮੌਤ ਨਾਲ ਜੁੜੇ ਮਾਮਲੇ ਤੇ ਕਈ ਸਵਾਲ ਚੁੱਕੇ ਹਨ ਤੇ ਇਸ ਨੂੰ ਹਿੰਦੂਤਵ ਦੀ ਸਾਜਿਸ਼ ਦਾ ਹਿੱਸਾ ਦੱਸਿਆ ਹੈ।

ਇਸੇ ਤਰ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁਧ ਸੋਹਰਾਬੂਦੀਨ ਝੂਠੇ ਮੁਕਾਬਲੇ ਦੀ ਸੁਣਵਾਈ ਕਰਨ ਵਾਲੇ ਸੀ.ਬੀ.ਆਈ. ਦੇ ਜੱਜ ਲੋਇਆ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਵੀ ਸਵਾਲਾਂ ਦੇ ਘੇਰੇ ਵਿਚ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,