ਆਮ ਖਬਰਾਂ

ਭਾਈ ਦਲਜੀਤ ਸਿੰਘ ਖਿਲਾਫ ਚੱਲਦੇ ਰੋਪੜ ਕੇਸ ਦੀ ਸੁਣਵਾਈ ਪੂਰੀ ਹੋਈ, ਫੈਸਲਾ ਅੱਜ (5 ਜਨਵਰੀ ਨੂੰ)

January 4, 2012 | By

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ

ਰੂਪਨਗਰ (4 ਜਨਵਰੀ, 2012): ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਬੂਟਾ ਸਿੰਘ, ਬਲਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਸੁੱਖੀ, ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਰੋਪੜ ਵਿਖੇ ਚੱਲ ਰਹੇ ਮੁਕਦਮੇਂ ਦੀ ਸੁਣਵਾਈ ਪੂਰੀ ਹੋ ਗਈ ਹੈ। ਸਿੱਖ ਸਿਆਸਤ ਨੈਟਵਰਕ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ 4 ਜਨਵਰੀ ਨੂੰ ਇਸ ਕੇਸ ਵਿਚ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਨੂੰ ਸਥਾਨਕ ਵਧੀਕ ਸ਼ੈਸ਼ਨ ਜੱਜ ਸ੍ਰੀਮਤੀ ਮਨਜੋਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ।

ਪੇਸ਼ੀ ਦੌਰਾਨ ਬਚਾਅ ਪੱਖ ਦੇ ਵਕੀਲ ਸ੍ਰ. ਸਰਬਜੀਤ ਸਿੰਘ ਭੰਗੂ ਅਤੇ ਸਰਕਾਰੀ ਧਿਰ ਦੇ ਵਕੀਲ ਵਿਚ ਬਹਿਸ ਪੂਰੀ ਹੋ ਗਈ ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਨਾਮਜ਼ਦ ਕੀਤੇ ਗਏ ਸਿੱਖਾਂ ‘ਤੇ ਪੁਲਿਸ ਨੇ ਝੂਠੇ ਕੇਸ ਦਰਜ ਕੀਤੇ ਹਨ। ਇਸ ਕੇਸ ਵਿਚ ਫੈਸਲਾ ਸੁਣਾਉਣ ਲਈ 5 ਜਨਵਰੀ, 2012 ਦੀ ਤਾਰੀਖ ਮਿੱਥੀ ਗਈ ਹੈ।

ਇਸ ਕੇਸ ਵਿਚ ਭਾਈ ਦਲਜੀਤ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ, ਭਾਈ ਬਲਜੀਤ ਸਿੰਘ ਭਾਊ ਅਤੇ ਸੁਖਵਿੰਦਰ ਸਿੰਘ ਸੁੱਖੀ ਨੂੰ ਤਿਹਾੜ ਜੇਲ੍ਹ ਦਿੱਲੀ ਅਤੇ ਹਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਨਾਭਾ ਜੇਲ੍ਹ ਤੋਂ ਲਿਆਂਦਾ ਸੀ।

ਜ਼ਿਕਰਯੋਗ ਹੈ ਕਿ ਇਹ ਕੇਸ ਵਿਚ ਸ਼ੁਰੂ ਵਿਚ ਭਾਈ ਦਲਜੀਤ ਸਿੰਘ ਦਾ ਨਾਂ ਨਹੀਂ ਸੀ, ਅਤੇ ਇਹ ਕੇਸ ਬਾਕੀ ਵਿਅਕਤੀਆਂ ਉੱਪਰ ਹੀ ਚੱਲ ਰਿਹਾ ਸੀ। ਜਦੋਂ ਸਾਲ 2009 ਵਿਚ ਪ੍ਰਤੱਖ ਰੂਪ ਵਿਚ ਸਿਆਸੀ ਕਾਰਨਾਂ ਕਰਕੇ ਭਾਈ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਂ ਇਸ ਕੇਸ ਵਿਚ ਜੋੜ ਦਿੱਤਾ ਗਿਆ ਸੀ।

ਇਥੇ ਇਹ ਵੀ ਦੱਸਣਯੋਗ ਹੈ ਕਿ 2005-06 ਵਿਚ ਤਕਰੀਬਨ ਦਹਾਕੇ ਨਜ਼ਰਬੰਦੀ ਤੋਂ ਬਾਅਦ ਜਦੋਂ ਭਾਈ ਦਲਜੀਤ ਸਿੰਘ ਦੀ ਰਿਹਾਈ ਹੋਈ ਸੀ ਤਾਂ ਸਰਕਾਰ ਵੱਲੋਂ 2009 ਤੱਕ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਖਿਲਾਫ ਦੇਸ਼-ਧਰੋਹ ਦੇ ਤਿੰਨ ਮੁਕਦਮੇਂ ਦਰਜ਼ ਕੀਤੇ ਗਏ ਸਨ, ਜੋ 2010 ਅਤੇ 2011 ਵਿਚ ਅਦਾਲਤਾਂ ਵਿਚ ਝੂਠੇ ਸਾਬਤ ਹੋ ਚੁੱਕੇ ਹਨ। 2009 ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਭਾਈ ਦਲਜੀਤ ਸਿੰਘ ਖਿਲਾਫ ਤਿੰਨ ਝੂਠੇ ਮੁਕਦਮੇਂ ਦਰਜ਼ ਕੀਤੇ ਹਨ, ਜਿਨ੍ਹਾਂ ਵਿਚੋਂ ਦੋ ਮੁਕਦਮਿਆਂ ਜੋ ਕਿ ਮਾਨਸਾ ਅਤੇ ਲੁਧਿਆਣਾ ਦੀ ਅਦਾਲਤਾਂ ਵਿਚ ਚੱਲ ਰਹੇ ਹਨ ਦੀ ਅਦਾਲਤੀ ਕਾਰਵਾਈ ਸਿਆਸੀ ਅਤੇ ਸਰਕਾਰੀ ਦਬਾਅ ਕਾਰਨ ਲਮਕਾਈ ਜਾ ਰਹੀ ਹੈ ਅਤੇ ਤੀਸਰੇ ਮੁਕਦਮੇਂ, ਜੋ ਕਿ ਰੋਪੜ ਦੀ ਅਦਾਲਤ ਵਿਚ ਚੱਲ ਰਿਹਾ ਹੈ, ਦੀ ਅੱਜ ਸੁਣਵਾਈ ਮੁਕੰਮਲ ਹੋ ਗਈ ਹੈ।

ਅਦਾਲਤ ਨੇ ਇਸ ਕੇਸ ਵਿਚ ਨਾਮਜ਼ਦ ਕੀਤੇ ਸਾਰੇ ਨਜ਼ਰਬੰਦਾਂ ਨੂੰ ਜ਼ਿਲ੍ਹਾ ਜੇਲ੍ਹ ਰੋਪੜ ਵਿਚ ਭੇਜ ਦਿੱਤਾ ਹੈ ਤੇ ਆਸ ਹੈ ਕਿ ਕੇਸ ਦਾ ਫੈਸਲਾ 5 ਜਨਵਰੀ ਨੂੰ ਸੁਣਾ ਦਿੱਤਾ ਜਾਵੇਗਾ। ਅੱਜ ਦੀ ਪੇਸ਼ੀ ਦੌਰਾਨ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਦਲਜੀਤ ਸਿੰਘ ਮੌਲਾ, ਭਾਈ ਮਨਧੀਰ ਸਿੰਘ, ਭਾਈ ਪ੍ਰਭਜੋਤ ਸਿੰਘ, ਸੀਨੀਅਰ ਪੱਤਰਕਾਰ ਕਰਮਜੀਤ ਸਿੰਘ, ਭਾਈ ਜਸਵੰਤ ਸਿੰਘ ਬਹਾਦਰਪੁਰ ਅਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,