ਆਮ ਖਬਰਾਂ » ਖੇਤੀਬਾੜੀ

ਫਰੀਦਕੋਟ ਦੇ ਬਰਜਿੰਦਰਾ ਕਾਲਜ ‘ਚ ‘ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

November 18, 2017 | By

ਫਰੀਦਕੋਟ: ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਾਹਿਤ ਵਿਚਾਰ ਮੰਚ ਵੱਲੋਂ ਕੱਲ੍ਹ (17 ਨਵੰਬਰ, 2017) ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ‘ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬ ’ਚੋਂ ਵਾਤਾਵਰਣ ਪ੍ਰੇਮੀ, ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸਿਹਤ ਮਾਹਿਰਾਂ ਨੇ ਹਿੱਸਾ ਲਿਆ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਅੱਜ ਪ੍ਰਦੂਸ਼ਣ ’ਤੇ ਚੱਲ ਰਹੀ ਬਹਿਸ ਇੱਕਪਾਸੜ ਹੈ ਅਤੇ ਸਾਰੀ ਬਹਿਸ ਪਰਾਲੀ ’ਤੇ ਕੇਂਦਰਤ ਕੀਤੀ ਜਾ ਰਹੀ ਹੈ, ਜਦਕਿ ਅਸਲੀਅਤ ਇਹ ਹੈ ਕਿ 90 ਫ਼ੀਸਦ ਪ੍ਰਦੂਸ਼ਣ ਲਈ ਧੂੜ, ਸਨਅਤਾਂ ਦਾ ਧੂੰਆਂ, ਉਸਾਰੀ ਦਾ ਕੰਮ ਅਤੇ ਡੀਜ਼ਲ, ਪੈਟਰੋਲ ’ਤੇ ਚੱਲ ਰਹੀਆਂ ਲੱਖਾਂ ਗੱਡੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦਾ ਪ੍ਰਦੂਸ਼ਣ 10 ਫ਼ੀਸਦ ਵਿੱਚ ਆਉਂਦਾ ਹੈ, ਇਹ ਵੀ ਨਿਰੋਲ ਪਰਾਲੀ ਕਰ ਕੇ ਨਹੀਂ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਮੌਜੂਦਾ ਖੇਤੀ ਮਾਡਲ ਪੰਜਾਬ ਦੇ ਕਿਸਾਨ ਨੇ ਨਹੀਂ ਘੜਿਆ ਸਗੋਂ ਪੰਜਾਬ ਦੀ ਕਿਸਾਨੀ ’ਤੇ ਥੋਪਿਆ ਗਿਆ ਹੈ। ਪੰਜਾਬ ਦਾ ਕਿਸਾਨ ਨਾ ਹੀ ਝੋਨਾ ਲਾਉਣਾ ਚਾਹੁੰਦਾ ਹੈ ਅਤੇ ਨਾ ਹੀ ਪਰਾਲੀ ਸਾੜਨਾ ਚਾਹੁੰਦਾ ਹੈ।

ਸੈਮੀਨਾਰ ਵਿੱਚ ਸ਼ਾਮਲ ਸਿਹਤ ਅਤੇ ਵਾਤਾਵਰਣ ਮਾਹਿਰ

ਸੈਮੀਨਾਰ ਵਿੱਚ ਸ਼ਾਮਲ ਸਿਹਤ ਅਤੇ ਵਾਤਾਵਰਣ ਮਾਹਿਰ

ਉਨ੍ਹਾਂ ਕਿਹਾ ਕਿ ਪਰਾਲੀ ਦਾ ਹੱਲ ਪਿੰਡਾਂ ਵਿੱਚ ‘ਸਾਂਝੇ ਖੇਤੀ ਸੰਦ ਕੇਂਦਰ’ ਖੋਲ੍ਹ ਕੇ ਕੀਤਾ ਜਾ ਸਕਦਾ ਹੈ ਤਾਂ ਜੋ ਇਨ੍ਹਾਂ ਸੰਦਾਂ ਦੀ ਮਦਦ ਨਾਲ ਪਰਾਲੀ ਨੂੰ ਅੱਗ ਲਾਏ ਬਿਨਾਂ ਇਸ ਦਾ ਖਾਤਮਾ ਕੀਤਾ ਜਾ ਸਕੇ। ਛੋਟੇ ਕਿਸਾਨ 65 ਹਾਰਸਪਾਵਰ ਦਾ ਟਰੈਕਟਰ ਅਤੇ ਡੇਢ ਲੱਖ ਦਾ ਰੂਟਾਵੇਟਰ ਨਹੀਂ ਖਰੀਦ ਸਕਦੇ। ਡਾ. ਹਰਸ਼ਵਰਧਨ ਅਤੇ ਡਾ. ਪ੍ਰਿਤਪਾਲ ਨੇ ਕਿਹਾ ਕਿ ਲੁਧਿਆਣੇ ਵਿੱਚ ਛੇ ਹਜ਼ਾਰ ਉਦਯੋਗਿਕ ਇਕਾਈਆਂ ਅਜਿਹੀਆਂ ਹਨ, ਜਿਹੜੀਆਂ ਸਾਰੇ ਮਾਲਵੇ ਦਾ ਪਾਣੀ ਦੂਸ਼ਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ, ਉਨ੍ਹਾਂ ਲਈ ਸਮੁੱਚਾ ਖੇਤੀ ਅਤੇ ਅਖੌਤੀ ਵਿਕਾਸ ਮਾਡਲ ਜ਼ਿੰਮੇਵਾਰ ਹਨ। ਖੇਤੀ ਵਿਰਾਸਤ ਮਿਸ਼ਨ ਦੇ ਆਗੂ ਉਮੇਂਦਰ ਦੱਤ ਨੇ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਫ਼ਸਲੀ ਵਿਭਿੰਨਤਾ ਹੀ ਨਹੀਂ ਖਤਮ ਕੀਤੀ ਸਗੋਂ ਖੁਰਾਕ ਵਿਚਲੀ ਵਿਭਿੰਨਤਾ ਵੀ ਖ਼ਤਮ ਕਰ ਦਿੱਤੀ ਹੈ, ਜਿਸ ਕਰ ਕੇ ਪੰਜਾਬੀਆਂ ਦੀ ਖੁਰਾਕ ਮਹਿਜ਼ ਕਣਕ ਰਹਿ ਗਈ ਹੈ।

ਸਬੰਧਤ ਖ਼ਬਰ:

ਪੌਣ-ਪਾਣੀ ’ਚ ਕਾਰਖਾਨਿਆਂ ਦਾ ਘੁਲਦਾ ਜ਼ਹਿਰ: ਪੰਜਾਬ ਦੇ ‘ਆਬ’ ਨੂੰ ਪਲੀਤ ਕਰਨ ਵਾਲਿਆਂ ’ਤੇ ਕਾਰਵਾਈ ਕਦੋਂ? …

ਡਾ. ਮਨਜੀਤ ਸਿੰਘ ਨੇ ਕਿਹਾ ਕਿ ਯੂਰੋਪ ਵਿੱਚ ਪਾਣੀ ਵਿੱਚ ਇੱਕ ਵੀ ਬੂੰਦ ਜ਼ਹਿਰ ਨਹੀਂ ਪਾਈ ਜਾ ਸਕਦੀ ਜਦਕਿ ਭਾਰਤ ਵਿੱਚ ਲੱਖਾਂ ਟਨ ਜ਼ਹਿਰ ਉਦਯੋਗਿਕ ਇਕਾਈਆਂ ਦਰਿਆਵਾਂ ਵਿੱਚ ਸੁੱਟ ਰਹੀਆਂ ਹਨ ਅਤੇ ਅਜਿਹੀਆਂ ਇਕਾਈਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਹੈ। ਡਾ. ਨਰਿੰਦਰਜੀਤ ਸਿੰਘ ਬਰਾੜ ਅਤੇ ਪੀ.ਐੱਸ.ਯੂ. ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਸਮੁੱਚਾ ਪ੍ਰਬੰਧ ਲੋਕ ਵਿਰੋਧੀ ਹੈ ਜੋ ਆਪਣੇ ਪ੍ਰਚਾਰ ਰਾਹੀਂ ਲੋਕਾਂ ਨੂੰ ਹੀ ਦੋਸ਼ੀ ਠਹਿਰਾ ਰਿਹਾ ਹੈ। ਇਸ ਮੌਕੇ ਨਿਰਮਲ ਸਾਧਾਂਵਾਲੀਆ, ਗੁਰਪ੍ਰੀਤ ਚੰਦਬਾਜਾ, ਡਾ. ਹਰਜਿੰਦਰ ਸਿੰਘ, ਡਾ. ਅਵਤਾਰ ਗੋਂਦਾਰਾ, ਇੰਦਰਜੀਤ ਸਿੰਘ ਖਾਲਸਾ, ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: