ਸਿਆਸੀ ਖਬਰਾਂ » ਸਿੱਖ ਖਬਰਾਂ

ਡੇਰਾ ਸਿਰਸਾ ਵਲੋਂ ਬਾਦਲ ਦਲ ਨੂੰ ਹਮਾਇਤ ਦਾ ਮਾਮਲਾ; ਸ਼੍ਰੋਮਣੀ ਕਮੇਟੀ ਦੀ 3 ਮੈਂਬਰੀ ਕਮੇਟੀ ਕਰੇਗੀ “ਜਾਂਚ”

February 7, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵਿਧਾਨ ਸਭਾ ਚੋਣਾਂ ਮੌਕੇ ਸਿੱਖ ਪੰਥ ਵਿਰੋਧੀ ਡੇਰਾ ਸਿਰਸਾ ਵਲੋਂ ਬਾਦਲ ਦਲ ਦੀ ਕੀਤੀ ਹਮਾਇਤ ਦੇ ਮਾਮਲੇ ਦੀ ਜਾਂਚ ਕਰਨ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਤਿੰਨ ਅਹੁਦੇਦਾਰ ਹੁਣ ‘ਈਦ ਤੋਂ ਬਾਅਦ ਤੰਬਾ ਫੂਕਣ’ ਵਾਲੀ ਰਸਮ ਨਿਭਾਉਣਗੇ। ਸ਼੍ਰੋਮਣੀ ਕਮੇਟੀ ਦੁਆਰਾ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਅਕਾਲ ਤਖਤ ਸਾਹਿਬ ਤੋਂ ਡੇਰਿਆਂ ਸਬੰਧੀ ਜਾਰੀ ਕੀਤੇ ਹੁਕਮਨਾਮਿਆਂ ਦੀ ਉਲੰਘਣਾਂ ਕਰਨ ਵਾਲੇ ਰਾਜਨੀਤਿਕ ਸਿੱਖ ਆਗੂਆਂ ਖਿਲਾਫ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸ਼ਾਮਲ ਹਨ ਜੋ ਇਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਪੜਤਾਲ ਕਰ ਕੇ ਰਿਪੋਰਟ ਪੇਸ਼ ਕਰਨਗੇ।

prof. kirpal singh badungar

ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ

ਪ੍ਰੈਸ ਬਿਆਨ ਅਨੁਸਾਰ ਇਸ ਕਮੇਟੀ ਦਾ ਗਠਨ, ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫੀ ਕਾਰਣ ਖ਼ਾਲਸਾ ਪੰਥ ਵਲੋਂ ਨਕਾਰ ਦਿੱਤੇ ‘ਗਿਆਨੀ’ ਗੁਰਬਚਨ ਸਿੰਘ ਦੁਆਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਪੱਤਰ ਉਪਰੰਤ ਲਿਆ ਗਿਆ ਹੈ। ਕਮੇਟੀ ਪ੍ਰਧਾਨ ਦੁਆਰਾ ਲਏ ਇਸ ਫੈਸਲੇ ਉਪਰੰਤ ਸਿੱਖ ਹਲਕਿਆਂ ਵਿੱਚ ਇਹ ਚਰਚਾ ਸ਼ੁਰੂ ਹੋਈ ਹੈ ਕਿ ਜਿਸ ਦਿਨ ਡੇਰੇ ਨੇ ਹਮਾਇਤ ਦਿੱਤੀ ਸੀ ਤੇ ਬਾਦਲ ਦਲ ਦੇ ਆਗੂਆਂ ਨੇ ਹਮਾਇਤ ਦੀ ਬਕਾਇਦਾ ਸ਼ਲਾਘਾ ਕੀਤੀ ਉਸ ਦਿਨ ਗਿਆਨੀ ਗੁਰਬਚਨ ਸਿੰਘ ਕਿੱਥੇ ਸਨ? ਚਰਚਾ ਤਾਂ ਇਹ ਵੀ ਹੈ ਕਿ ਗਿਆਨੀ ਗੁਰਬਚਨ ਸਿੰਘ ਅਤੇ ਪ੍ਰੋ: ਬਡੂੰਗਰ ਦਾ ਇਹ ਫੈਸਲਾ, 26 ਫਰਵਰੀ ਨੂੰ ਪੈ ਰਹੀਆਂ ਦਿੱਲੀ ਕਮੇਟੀ ਵੋਟਾਂ ਦੇ ਮੱਦੇਨਜਰ ਵਿਰੋਧੀ ਧਿਰ ਦੇ ਪ੍ਰਚਾਰ ਤੋਂ ਬਚਣ ਲਈ ਹੈ।

ਸਬੰਧਤ ਖ਼ਬਰ:

ਡੇਰਾ ਸਿਰਸਾ ਦੀ ਹਮਾਇਤ ਲੈ ਕੇ ਬਾਦਲ ਦਲ ਅਕਾਲ ਤਖ਼ਤ ਤੋਂ ਭਗੌੜਾ ਹੋਇਆ : ਅਖੰਡ ਕੀਰਤਨੀ ਜਥਾ …

ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਬਾਦਲ ਦਲ ਦੇ ਉਮੀਦਵਾਰ ਸਿਕੰਦਰ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੱਧੂ, ਸਰੂਪ ਚੰਦ ਸਿੰਗਲਾ, ਅਮਿਤ ਰਤਨ, ਹਰਪ੍ਰੀਤ ਸਿੰਘ ਕੋਟ ਭਾਈ, ਜਗਦੀਪ ਸਿੰਘ ਨਕਈ, ਡਾ. ਨਿਸ਼ਾਨ ਸਿੰਘ ਅਤੇ ਦਿਲਰਾਜ ਸਿੰਘ ਭੂੰਦੜ ਵਲੋਂ ਵਿਵਾਦਤ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਮੀਟਿੰਗ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਪ੍ਰੋਗਰਾਮ ਪੰਜਾਬ ਵਿਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਆਗੂ 28 ਜਨਵਰੀ ਨੂੰ ਵੀ ਡੇਰੇ ਵਿੱਚ ਪੁੱਜੇ ਸਨ।

ਸਬੰਧਤ ਖ਼ਬਰ:

ਡੇਰਾ ਸਿਰਸਾ ਦੀ ਵੋਟਾਂ ‘ਤੇ ਟੇਕ ਰੱਖਣ ਵਾਲੇ ਸਿੱਖ ਨਹੀਂ ਹੋ ਸਕਦੈ : ਦਲ ਖ਼ਾਲਸਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,