March 29, 2016 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ( 29 ਮਾਰਚ, 2016): ਗੁਰਦਾਸਪੁਰ ਗੋਲੀਕਾਂਡ ਦੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੇ ਪਿੰਡ ਚੌੜ ਸਿੱਧਵਾਂ ਵਿੱਖੇ ਸ਼ਹੀਦੀ ਸਮਾਗਮ ਕੀਤਾ ਗਿਆ, ਜਿਸ ਵਿੱਚ ਪੰਥਕ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰ ਹੋ ਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ।
ਭਾਈ ਜਸਪਾਲ ਸਿੰਘ ਦੇ ਪਰਿਵਾਰ ਵੱਲੋਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਘਰ ਵਿੱਚ ਰੱਖੇ ਸ਼੍ਰੀ ਆਖੰਡਪਾਠ ਦੇ ਭੋਗ ਉਪਰੰਤ ਭਾਈ ਜਸਪਾਲ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦੀ ਸਮਾਗਮ ਹੋਇਆ।ਸ਼ਹੀਦੀ ਸਮਾਗਮ ਮੌਕੇ ਭਾਈ ਬਲਦੇਵ ਸਿਮਘ ਵਡਾਲਾ ਦੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਦੀ ਸੇਵਾ ਕੀਤੀ ਅਤੇ ਗਿਆਨੀ ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜੱਥੇਅਤੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜੱਥੇ ਨੇ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਖਾਲਸਾ ਪੰਥ ਨੂੰ ਭ੍ਰਿਸ਼ਟ ਅਤੇ ਕੌਮ ਵਿਰੋਧੀ ਬਾਦਲਕਿਆਂ ਤੋਂ ਗੁਰਦੁਆਰਾ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰਂੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਖਾਲਸਾ ਸਾਜਣਾ ਦਿਹਾੜੇ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪ੍ਰੋਗਰਾਮ ਉਲੀਕਿਆ ਜਾਵੇਗਾ।
ਸ਼ਹੀਦੀ ਸਮਾਗਮ ਦੌਰਾਨ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਪੰਥ ਨੂੰ ਇਕੱਠੇ ਹੋਕੇ ਨਰੈਣੂ ਮਹੰਤ ਦੇ ਵਾਰਸਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣਾ ਚਾਹੀਦਾ ਹੈ।ਪੰਥਕ ਏਕਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਸਾਰੀਆਂ ਪੰਥਕ ਧਿਰਾਂ ਇੱਕ ਮੰਚ ‘ਤੇ ਇਕੱਠੀਆਂ ਹੋਣ।
ਪੰਜ ਪਿਆਰਿਆਂ ਵੱਲੋਂ ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਸਾਰੇ ਕਹਿੰਦੇ ਹਨ ਕਿ ਪੰਥਕ ਏਕਤਾ ਹੋਵੇ ,ਪਰ ਕੋਈ ਵੀ ਦੂਸਰੇ ਦੀ ਗੱਲ ਮੰਨਣ ਨੂੰ ਤਿਆਰ ਨਹੀ, ਪਰ ਆਪਣੀ ਗੱਲ ਸਭ ਨੂੰ ਮਨਵਾਉਣੀ ਚਾਹੁੰਦੇ ਹਨ।
ਉਨਾਂ ਪੰਥਕ ਜੱਥੇਬੰਦੀਆਂ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਇਨ੍ਹਾਂ ਤੋਂ ਸੇਧ ਲੈਕੇ ਪੰਥਕ ਏਕਤਾ ਲਈ ਯਤਨ ਕਰਨੇ ਚਾਹੀਦੇ ਹਨ।
ਸ਼ਹੀਦੀ ਸਮਾਗਮ ਮੌਕੇ ਸਿੱਖ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਸ਼ਹੀਦ ਭਾਈ ਜਸਪਾਲ ਸਿੰਘ ਦੀ ਯਾਦ ਵਿੱਚ ਹੋਣਹਾਰ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਸਕਾਲਰਸ਼ਿਪ ਅਧੀਨ ਤਿੰਨ ਵਿਦਿਆਰਥੀਆਂ ਨੂੰ ਕਰਨੈਲ ਸਿੰਘ ਪੀਰਮੁਹੰਮਦ ਨੇ 11000-11000 ਰੁਪਏ ਦੇ ਵਜੀਫੇ ਦਿੱਤੇ ।
ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਿਆਂ ਭਾਈ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ ਨੇ ਭਾਈ ਜਸਪਾਲ ਸਿੰਘ ਦੇ ਮਾਮਲੇ ਵਿੱਚ ਇਨਸਾਫ ਦੀ ਗੱਲ ਕਰਦਿਆਂ ਕਿਹਾ ਕਿ ਜਿਹੜੇ ਵੀਰ ਜਾਂ ਪੰਥਕ ਧਿਰਾਂ ਇਨਸਾਫ ਲਈ ਕਾਨੂੰਨ ਰਾਹੀ ਚਾਰਾਜੋਈ ਕਰ ਰਹੀਆਂ ਹਨ, ਸ਼ਲਾਘਾਯੋਗ ਹੈ। ਪਰ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿ ਭਾਰਤ ਵਿੱਚ ਸਿੱਖਾਂ ਨੂੰ ਨਾ ਇਨਸਾਫ ਮਿਲਿਆ ਹੈ ਅਤੇ ਨਾ ਹੀ ਮਿਲਣ ਦੀ ਕੋਈ ਆਸ ਹੈ।
ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਈ ਜਸਪਾਲ ਸਿੰਘ ਅਤੇ ਹੋਰ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਦਾ ਮੱਕਸਦ ਕੀ ਹੈ? ਭਾਈ ਜਸਪਾਲ ਸਿੰਘ ਅਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸਨ ਅਤੇ ਸਾਰੀਆਂ ਸਿੱਖ ਸਮੱਸਿਆਵਾਂ ਦਾ ਹੱਲ ਖਾਲਿਸਤਾਨ ਹੀ ਹੈ।
ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਰਤੀ ਰਾਜ ਅਤੇ ਉਸਦੀਆਂ ਹੱਥ ਠੋਕੀਆਂ ਸਰਕਾਰਾਂ ਵੱਲੋਂ ਸਿੱਖ ਨੌਜਵਾਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਨੌਜਵਾਨੀ ਨੂੰ ਖੋਖਲਾ ਕਰਨ ਲਈ ਸਰੀਰਕ ਅਤੇ ਮਾਨਸਿਕ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨੀ ਨੂੰ ਸਰਕਾਰਾਂ ਦੀਆਂ ਇਨਾਂ ਚਾਲਾਂ ਵਿਰੁੱਧ ਲਾਮਬੱਧ ਹੋਣਾ ਚਾਹੀਦਾ ਹੈ।
ਹੋਰਨਾ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਡਾ. ਗੁਰਚਰਨ ਸਿੰਘ ਅਤੇ ਸ਼ਹਿਰੀ ਪ੍ਰਧਾਨ ਡਾ. ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।
ਸ਼ਹੀਦ ਭਾਈ ਜਸਪਾਲ ਸਿੰਘ ਦੇ ਪਰਿਵਾਰ ਵੱਲੋਂ ਹੋਰ ਸ਼ਹੀਦ ਪਰਿਵਾਰਾਂ, ਭਾਈ ਸਤਵੰਤ ਸਿੰਘ ਦੇ ਭਰਾ ਭਾਈ ਵਰਿਆਮ ਸਿੰਘ, ਭਾਈ ਜਸਵੀਰ ਸਿੰਘ ਜੰਮੂ ਦੇ ਮਾਤਾ ਪਿਤਾ, ਸ਼ਹੀਦ ਭਾਈ ਰਤਨ ਸਿੰਘ ਜੰਮੂ ਦੇ ਧੀਅ ਬੀਬੀ ਪਰਮਜੀਤ ਕੌਰ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਬੱਬਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ ਅਦਾਲਤੀ ਹੁਕਮ ਉਪਰੰਤ 29 ਮਾਰਚ 2012 ਨੂੰ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸਿੱਖ ਜਥੇਬੰਦੀਆਂ ਨੇ ਗੁਰਦਾਸਪੁਰ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਸਰਕਾਰ ਖਿਲਾਫ ਸਿੱਖਾਂ ਦੇ ਇਸ ਰੋਸ ਮਾਰਚ ਦਾ ਵਿਰੋਧ ਕੀਤਾ। ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਸ਼ਾਤਮਈ ਰੋਸ ਜ਼ਾਹਿਰ ਕਰ ਰਹੇ ਸਿੱਖ ‘ਤੇ ਬਿਨ੍ਹਾ ਚੇਤਾਵਨੀ ਦਿੱਤਿਆਂ, ਬਿਨ੍ਹਾਂ ਲਾਠੀਚਾਰਜ ਕੀਤਿਆਂ, ਬਿਨ੍ਹਾਂ ਕੋਈ ਪਾਣੀ ਦੀਆਂ ਬੁਛਾੜਾਂ ਕੀਤਿਆਂ ਜਾਂ ਅੱਥਰੂ ਗੈਸ ਦੇ ਗੋਲੇ ਚਲਾਇਆਂ (ਜੋ ਕਿ ਆਮ ਤੌਰ ਤੇ ਕਿਸੇ ਵੀ ਭੀੜ ਨੂੰ ਖਿਲਾਰਨ ਲਈ ਵਰਤੇ ਜਾਂਦੇ ਹਨ) ਸਿੱਧੀ ਗੋਲੀ ਚਲਾ ਦਿੱਤੀ,ਜਿਸ ਵਿੱਚ ਭਾਈ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।
Related Topics: All India Sikh Students Federation (AISSF), Bhai Paramjit Singh Tanda, Dal Khalsa International, Karnail Singh Peer Mohammad, Shaheed Bhai Jaspal Singh Gurdaspur, Sikh Youth of Punjab