ਵਿਦੇਸ਼ » ਸਿੱਖ ਖਬਰਾਂ

ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਨਨਕਾਣਾ ਸਾਹਿਬ ਵਿਖੇ 1 ਦਸੰਬਰ ਨੂੰ ਅਤੇ ਹੁਸ਼ਿਆਰਪੁਰ ਵਿਖੇ 3 ਦਸੰਬਰ ਨੂੰ

November 26, 2017 | By

ਅੰਮ੍ਰਿਤਸਰ: ਬਰਤਾਨੀਆ ਤੋਂ ਬਾਅਦ, ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ ਖਾਲਸਾ ਨਮਿਤ ਸ਼ਰਧਾਂਜਲੀ ਸਮਾਗਮ ਨਨਕਾਣਾ ਸਾਹਿਬ ਵਿਖੇ 1 ਦਸੰਬਰ ਅਤੇ ਹੁਸ਼ਿਆਰਪੁਰ ਵਿਖੇ 3 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ।

Manmohan Singh

ਦਲ ਖਾਲਸਾ ਦੇ ਮੋਢੀ ਮੈਂਬਰ ਮਨਮੋਹਨ ਸਿੰਘ (ਫਾਈਲ ਫੋਟੋ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਦਸਿਆ ਕਿ ਲਹਿੰਦੇ ਅਤੇ ਚੜ੍ਹਦੇ ਦੋਨਾਂ ਪੰਜਾਬ ਅੰਦਰ ਸੰਗਤਾਂ ਵਲੋਂ ਨਨਕਾਣਾ ਸਾਹਿਬ ਅਤੇ ਹੁਸ਼ਿਆਰਪੁਰ ਵਿਖੇ ਮਨਮੋਹਨ ਸਿੰਘ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ।

ਸ. ਮਨਮੋਹਨ ਸਿੰਘ ਦੀ ਅੰਤਮ ਯਾਤਰਾ ਮੌਕੇ ਦੀ ਤਸਵੀਰ

ਸ. ਮਨਮੋਹਨ ਸਿੰਘ ਦੀ ਅੰਤਮ ਯਾਤਰਾ ਮੌਕੇ ਦੀ ਤਸਵੀਰ

ਉਹਨਾਂ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ 3 ਦਸੰਬਰ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਜਿਥੇ ਪੰਥਕ ਬੁਲਾਰੇ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਬਤ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ।

ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਯੂ.ਕੇ. ਦੇ ਇੱਕ ਹਸਪਤਾਲ ਵਿੱਚ ਮਨਮੋਹਨ ਸਿੰਘ ਅਕਾਲ ਚਲਾਣਾ ਕਰ ਗਏ ਸਨ। ਬੀਤੇ ਕਲ੍ਹ (25 ਨਵੰਬਰ, 2017) ਉਹਨਾਂ ਦਾ ਅੰਤਿਮ ਸਸਕਾਰ ਸ਼ਾਹੀ ਸਨਮਾਨਾਂ ਵਾਂਗ ਹੋਇਆ ਅਤੇ ਅੰਤਿਮ ਅਰਦਾਸ ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਜਿਥੇ ਯੂ.ਕੇ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਵਲੋਂ ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਅਤੇ ਦਿਖਾਈ ਅਡੋਲਤਾ ਅਤੇ ਦ੍ਰਿੜਤਾ ਦੀ ਸਿਫਤ ਸਲਾਹ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Manmohan Singh funeral

ਸ. ਮਨਮੋਹਨ ਸਿੰਘ ਦੀ ਅੰਤਮ ਯਾਤਰਾ ਮੌਕੇ ਪਰਿਵਾਰ ਮੈਂਬਰ

ਉਹਨਾਂ ਦਸਿਆ ਕਿ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਰਥ ਉਤੇ ਘਰ ਤੋਂ ਗੁਰਦੁਆਰਾ ਸਾਹਿਬ ਅਤੇ ਸਸਕਾਰ ਵਾਲੀ ਥਾਂ ਉਤੇ ਲਿਜਾਇਆ ਗਿਆ। ਉਹਨਾਂ ਕਿਹਾ ਕਿ ਖਾਲਿਸਤਾਨ ਦੇ ਝੰਡੇ ਨਾਲ ਸਲਾਮੀ ਦਿੱਤੀ ਗਈ ਅਤੇ ਜਜ਼ਬੇ ਭਰਪੂਰ ਖਾਲਿਸਤਾਨ ਦੇ ਨਾਹਰੇ ਲਾਏ ਗਏ। ਉਹਨਾਂ ਕਿਹਾ ਕਿ ਯੂ.ਕੇ ਦੇ ਮੈਬਰ ਪਾਰਲੀਅਮੈਂਟ ਲਾਰਡ ਨਜ਼ੀਰ ਅਹਿਮਦ ਅਤੇ ਕਸ਼ਮੀਰੀ ਸੰਘਰਸ਼ ਦੇ ਪ੍ਰਤੀਨਿਧਾਂ ਨੇ ਵੀ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਦਲ ਖਾਲਸਾ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦਾ ਆਪਣੇ ਅਤਿ-ਕਰੀਬੀ ਸਾਥੀ ਦੇ ਵਿਛੋੜੇ ਸਬੰਧੀ ਸੁਨੇਹਾ ਉਹਨਾਂ ਦੀ ਬੇਟੀ ਬਿਕਰਮਜੀਤ ਕੌਰ ਨੇ ਪੜ੍ਹਿਆ। ਮਨਮੋਹਨ ਸਿੰਘ ਦੀ ਮਾਤਾ ਜੋ ਚੰਡੀਗੜ੍ਹ ਰਹਿੰਦੇ ਹਨ ਬੀਮਾਰ ਅਤੇ ਬੁਜ਼ਰਗ ਹੋਣ ਕਾਰਨ ਆਪਣੇ ਪੁੱਤਰ ਦੇ ਅੰਤਿਮ ਸਸਕਾਰ ‘ਤੇ ਨਹੀਂ ਜਾ ਸਕੇ।

ਕੰਵਰਪਾਲ ਸਿੰਘ ਨੇ ਦਸਿਆ ਕਿ 1 ਮਈ 1982 ਨੂੰ ਜਦੋਂ ਦਲ ਖਾਲਸਾ ਉਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਾਈ ਗਈ ਸੀ ਤਾਂ ਉਸ ਮੌਕੇ ਮਨਮੋਹਨ ਸਿੰਘ ਪੰਜਾਬ ਛੱਡ ਕੇ ਇੰਗਲੈਂਡ ਚਲੇ ਗਏ ਸਨ ਅਤੇ ਉਹ ਮੁੜ ਵਾਪਿਸ ਨਹੀਂ ਪਰਤੇ ਕਿਉਂਕਿ ਉਹਨਾਂ ਦਾ ਨਾਂ ਭਾਰਤ ਸਰਕਾਰ ਵਲੋਂ ਕਾਲੀ ਸੂਚੀ ਵਿੱਚ ਪਾਇਆ ਗਿਆ ਸੀ।

ਉਹਨਾਂ ਦੱਸਿਆ ਕਿ ਮਨਮੋਹਨ ਸਿੰਘ ਨੇ ਸਿੱਖ ਅਤੇ ਮੁਸਲਮਾਨ ਕੌਮਾਂ ਦੇ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ ਲਈ ਵਰਲਡ ਮੁਸਲਿਮ-ਸਿੱਖ ਫੈਡਰੇਸ਼ਨ ਨਾਮੀ ਸੰਸਥਾ ਬਣਾਈ ਸੀ ਅਤੇ ਉਹ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ਵਿੱਚ ਚੰਗਾ ਅਸਰ-ਰਸੂਖ ਰੱਖਦੇ ਸਨ।

ਸਬੰਧਤ ਖ਼ਬਰ:

ਭਾਈ ਮਨਮੋਹਣ ਸਿੰਘ ਖ਼ਾਲਸਾ ਦੇ ਵਿਛੋੜੇ ‘ਤੇ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਵਲੋਂ ਦੁਖ ਦਾ ਪ੍ਰਗਟਾਵਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,