ਸਿੱਖ ਖਬਰਾਂ

ਨੇਪਾਲ ਭੁਚਾਲ ਪੀੜਤ ਸਿੱਖ ਕੌਮ ਦੀ ਸੇਵਾ ਭਾਵਨਾਂ ਤੋਂ ਪ੍ਰਭਾਵਿਤ

May 8, 2015 | By

ਕਠਮੰਡੂ (7 ਮਈ, 2015): ਭੁਚਾਲ ਤੋਂ ਪੀੜਤ ਨੇਪਾਲੀ ਲੋਕਾਂ ਲਈ ਕਠਮੰਡੂ ਦੇ ਇਲਾਕੇ ਕੂਪਨਡੋਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦਰਬਾਰ ‘ਚ 25 ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ, ਜਿਥੇ ਹਜਾਰਾਂ ਲੋਕਾਂ ਨੂੰ ਰੋਜਾਨਾ ਜਿਥੇ ਤਿਆਰ ਕੀਤਾ ਲੰਗਰ ਭੇਜਿਆ ਜਾਂਦਾ ਹੈ, ਉਥੇ ਕੱਚੇ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ । ਇਸ ਰਾਹਤ ਕੈਂਪ ‘ਚ ਪੰਜਾਬ ਸਰਬੱਤ ਦਾ ਭਲਾ ਟਰੱਸਟ, ਖਾਲਸਾ ਏਡ, ਯੂ. ਕੇ. ਦੀ ਸੰਗਤ, ਬਾਬਾ ਹਰਬੰਸ ਸਿੰਘ ਕਾਰ ਸੇਵਾ ਅਤੇ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ।

ਟੈਂਟ ਵਿੱਚ ਰਹਿ ਰਹੇ ਭੂਚਾਲ ਪੀੜਤ ਨੇਪਾਲੀ ਲੋਕ

ਟੈਂਟ ਵਿੱਚ ਰਹਿ ਰਹੇ ਭੂਚਾਲ ਪੀੜਤ ਨੇਪਾਲੀ ਲੋਕ

ਨਿਪਾਲ ‘ਚ ਆਏ ਭਿਆਨਕ ਭੂਚਾਲ ਦੇ ਪੀੜਤ ਪਰਿਵਾਰਾਂ ਨੂੰ ਦੁੱਖ ਦੀ ਘੜੀ ‘ਚ ਸਿੱਖ ਸੰਸਥਾਵਾਂ ਖਾਸ ਕਰਕੇ ਸਿੱਖ ਸਮਾਜ ਵੱਲੋਂ ਦਿੱਤੀ ਜਾ ਰਹੀ ਰਾਹਤ ਨਾਲ ਜਿਥੇ ਪੀੜਤ ਪਰਿਵਾਰਾਂ ਨੂੰ ਵੱਡੀ ਢਾਰਸ ਮਿਲੀ ਹੈ ਉਥੇ ਸੱਤਾਧਾਰੀ ਪੱਖ ਨਾਲ ਸਬੰਧਤ ਨਿਪਾਲੀ ਸਮਾਜ ਵੀ ਇਸ ਮਦਦ ਲਈ ਸਿੱਖ ਸਮਾਜ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੈ ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਤੌਰ ‘ਤੇ ਰਾਹਤ ਕੈਂਪ ਚਲਾ ਕੇ ਦੁਖੀ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।
ਸ. ਦਿਲਮੇਘ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੂਚਾਲ ਤੋਂ ਤੁਰੰਤ ਬਾਅਦ ਜਥੇਦਾਰ ਅਵਤਾਰ ਸਿੰਘ ਦੇ ਯਤਨਾਂ ਤਹਿਤ ਦੋ ਹਵਾਈ ਜਹਾਜ਼ ਸਮਾਨ ਦੇ ਭਰਕੇ ਇਥੇ ਭੇਜੇ ਗਏ ਸਨ ।

ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਸ. ਐਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਕਠਮੰਡੂ ਲਾਗੇ ਪਿੰਡਾਂ ਦੇ ਪ੍ਰਭਾਵਿਤ ਇਲਾਕਿਆਂ ਜਿਥੇ ਅੱਜ ਤੱਕ ਕੋਈ ਰਾਹਤ ਨਹੀਂ ਪੁੱਜੀ ਸੀ ਦੇ ਪੀੜਤਾਂ ਨੂੰ ਦਾਲਾਂ, ਚਾਵਲ ਅਤੇ ਹੋਰ ਸਮਾਨ ਦਾ ਇਕ ਟੈਂਪੂ ਭੇਜਿਆ ਹੈ । ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਹੁਣ ਤੱਕ 10,000 ਪੀੜਤਾਂ ਲਈ ਰੋਜਾਨਾ ਲੰਗਰ ਤਿਆਰ ਹੋ ਰਿਹਾ ਹੈ ।

ਨਿਪਾਲੀ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਟੇਕ ਵੀ ਸਰਕਾਰ ਦੀ ਥਾਂ ਸਿੱਖ ਸੰਸਥਾਵਾਂ ਵੱਲ:

ਨਿਪਾਲ ਸਰਕਾਰ ਵੱਲੋਂ ਬੇਸ਼ਕ ਭੂਚਾਲ ਪੀੜਤਾਂ ਦੀ ਮਦਦ ਲਈ ਵੱਡੇ ਪੱਧਰ ‘ਤੇ ਰਾਹਤ ਕੰਮ ਸ਼ੁਰੂ ਕੀਤੇ ਗਏ ਹਨ ਪਰ ਸੱਤਾਧਾਰੀ ਨਿਪਾਲ ਕਾਂਗਰਸ ਨਾਲ ਸਬੰਧਤ ਕਈ ਸੰਸਦ ਮੈਂਬਰ ਸਹਾਇਤਾ ਲਈ ਸਿੱਖ ਸਮਾਜ ਤੇ ਟੇਕ ਲਗਾਈ ਬੈੇਠੇ ਹਨ । ਨਿਪਾਲ ਸੰਸਦ ਦੇ ਕਾਵਰੇ ਹਲਕੇ ‘ਚੋਂ ਸੰਸਦ ਮੈਂਬਰ ਸ੍ਰੀ ਤੀਰਥ ਬਹਾਦਰ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਦਰਬਾਰ ਦੇ ਪ੍ਰਧਾਨ ਸ. ਪ੍ਰੀਤਮ ਸਿੰਘ ਨੂੰ ਮਿਲ ਕੇ ਆਪਣੇ ਹਲਕੇ ‘ਚ ਪੀੜਤਾਂ ਦੀ ਮਦਦ ਲਈ ਗੱਲਬਾਤ ਕੀਤੀ ।

ਉਨ੍ਹਾਂ ਗੁਰਦੁਆਰਾ ਕਮੇਟੀ ਕੋਲੋਂ ਟੈਂਟ, ਕੰਬਲ, ਦਵਾਈਆਂ ਅਤੇ ਕੱਚੇ ਰਾਸ਼ਨ ਦੀ ਮੰਗ ਕੀਤੀ ਜੋ ਕਿ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਐਸ. ਪੀ. ਸਿੰਘ ਉਬਰਾਏ ਨੇ ਫੌਰਨ ਪੀੜਤਾਂ ਲਈ ਭੇਜੀ ।

ਦੂਜੇ ਪਾਸੇ ਕਠਮੰਡੂ ਦੇ ਸੰਸਦ ਮੈਂਬਰ ਗਗਨ ਥਾਪਾ ਨੇ ਸਿੱਖ ਸੰਸਥਾਵਾਂ ਵੱਲੋਂ ਪੀੜਤਾਂ ਲਈ ਕੀਤੇ ਜਾ ਰਹੇ ਕਾਰਜਾਂ ਲਈ ਸ਼ੋ੍ਰਮਣੀ ਕਮੇਟੀ, ਪੰਜਾਬ ਸਰਕਾਰ ਐਸ. ਪੀ. ਸਿੰਘ ਉਬਰਾਏ ਅਤੇ ਹੋਰ ਸਾਰੀਆਂ ਧਿਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਨਿਪਾਲੀ ਸਮਾਜ ਇਨ੍ਹਾਂ ਦਾ ਹਮੇਸ਼ਾ ਹੀ ਇਸ ਸਹਾਇਤਾ ਲਈ ਕਰਜ਼ਦਾਰ ਰਹੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,