ਸਿੱਖ ਖਬਰਾਂ

ਸੌਦਾ ਸਾਧ ਮਾਫੀ ਮਾਮਲਾ: ਫੈਸਲਾ ਵਾਪਸ ਲੈਣ ਤੱਕ ਜੱਥੇਦਾਰਾਂ ਅਤੇ ਬਾਦਲ ਦਲ ਦੇ ਆਗੂਆਂ ਦਾ ਬਾਈਕਾਟ ਐਲਾਨ

October 16, 2015 | By

ਜਲੰਧਰ (15 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਅਗਵਾਈ ਵਿੱਚ ਪੰਜ ਤਖਤਾਂ ਦੇ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਾਰਨ ਬੇਹੱਦ ਰੋਸ ਫੈਲ ਗਿਆ ਹੈ।ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ‘ਚ ਨਿਊਜਰਸੀ, ਨਿਊਯਾਰਕ ਤੇ ਕੈਲੀਫੋਰਨੀਆ, ਕੈਨੇਡਾ ‘ਚ ਬਿ੍ਟਿਸ਼ ਕੋਲੰਬੀਆ ਤੇ ਟੋਰਾਂਟੋ ਦੇ ਵੱਡੀ ਗਿਣਤੀ ਸਿੱਖ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਗਠਨਾਂ ਨੇ ਸੌਦਾ ਸਾਧ ਨੂੰ ਮੁਆਫ਼ ਕਰਨ ਦਾ ਫ਼ੈਸਲਾ ਵਾਪਸ ਲਏ ਜਾਣ ਤੱਕ ਧਾਰਮਿਕ ਅਤੇ ਬਾਦਲ ਦਲ ਦੀ ਭਾਰਤ ਸਮੇਤ ਵਿਦੇਸ਼ਾਂ ਵਿਚਲੀ ਲੀਡਰਸ਼ਿਪ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ ।

ਨਿਊਜਰਸੀ ਰਾਜ ਦੇ ਗੁਰਦੁਆਰਾ ਕਮੇਟੀਆਂ ਦੀ ਮੀਟਿੰਗ ਦਾ ਦ੍ਰਿਸ਼

ਨਿਊਜਰਸੀ ਰਾਜ ਦੇ ਗੁਰਦੁਆਰਾ ਕਮੇਟੀਆਂ ਦੀ ਮੀਟਿੰਗ ਦਾ ਦ੍ਰਿਸ਼

ਬਿ੍ਟਿਸ਼ ਕੋਲੰਬੀਆ ਦੇ ਸਿੱਖਾਂ ਦੀ ਵਧੇਰੇ ਵਸੋਂ ਵਾਲੇ ਖੇਤਰ ਵੈਨਕੂਵਰ, ਸਰੀ ਅਤੇ ਐਬਟਸਫੋਰਡ ਦੇ ਬਹੁਗਿਣਤੀ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਹੋਰ ਸਿੱਖ ਸੰਗਠਨਾਂ ਨੇ ਮੁਆਫ਼ੀ ਦਾ ਫ਼ੈਸਲਾ ਰੱਦ ਕੀਤੇ ਜਾਣ ਤੱਕ ਸਿੱਖ ਤਖ਼ਤਾਂ ਦੇ ਜਥੇਦਾਰਾਂ ਅਤੇ ਬਾਦਲ ਦਲ ਦੇ ਆਗੂਆਂ ਨੂੰ ਗੁਰਦੁਆਰਿਆਂ ਵਿਚ ਦਾਖ਼ਲ ਨਾ ਹੋਣ ਦੇਣ ਦਾ ਫ਼ੈਸਲਾ ਕੀਤਾ ਹੈ ।

ਸਰੀ ਦੇ ਸਭ ਤੋਂ ਵੱਡੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਪ੍ਰਧਾਨ ਸ: ਦੇਵਿੰਦਰ ਸਿੰਘ ਗਰੇਵਾਲ ਨੇ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਤਿੰਨ ਵੱਡੇ ਸ਼ਹਿਰਾਂ ਵੈਨਕੂਵਰ, ਸਰੀ ਤੇ ਐਬਟਸਫੋਰਡ ਦੇ ਗੁਰਦੁਆਰਿਆਂ ਦੀਆਂ 8 ਪ੍ਰਬੰਧਕ ਕਮੇਟੀਆਂ ਤੇ ਹੋਰ ਸਿੱਖ ਸੰਗਠਨਾਂ ਨੇ ਸਿੰਘ ਸਾਹਿਬ ਵੱਲੋਂ ਚੁੱਪ-ਚੁਪੀਤੇ ਲਏ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਫ਼ੈਸਲਾ ਕੀਤਾ ਹੈ ਕਿ ਜਦ ਤੱਕ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਪੰਜਾਬ ਦੇ ਧਾਰਮਿਕ ਆਗੂਆਂ ਤੇ ਬਾਦਲ ਦਲ ਦੇ ਆਗੂਆਂ ਨੂੰ ਧਾਰਮਿਕ ਅਸਥਾਨਾਂ ‘ਚ ਨਹੀਂ ਆਉਣ ਦਿੱਤਾ ਜਾਵੇਗਾ ।

ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸ: ਪਿ੍ਤਪਾਲ ਸਿੰਘ ਨੇ ਦੱ ਸਿਆ ਕਿ ਕੈਲੀਫੋਰਨੀਆ ਦੇ ਸਾਰੇ ਅਹਿਮ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਵੀ ਸਿੰਘ ਸਾਹਿਬ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਮੁਆਫ਼ੀ ਦੇਣ ਵਾਲਾ ਫ਼ੈਸਲਾ ਮੁੜ ਵਿਚਾਰ ਕੇ ਵਾਪਸ ਲਿਆ ਜਾਵੇ ।

ਉਨ੍ਹਾਂ ਕਿਹਾ ਕਿ ਫ਼ੈਸਲੇ ਦੇ ਹੱਕ ‘ਚ ਖੜ੍ਹਨ ਵਾਲੇ ਕਿਸੇ ਵੀ ਧਾਰਮਿਕ ਜਾਂ ਰਾਜਸੀ ਆਗੂ ਨੂੰ ਧਾਰਮਿਕ ਅਸਥਾਨਾਂ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਡਾ: ਪਿ੍ਤਪਾਲ ਸਿੰਘ ਨੇ ਇਸ ਮਾਮਲੇ ਬਾਰੇ ਸਰਬੱਤ ਖ਼ਾਲਸਾ ਬੁਲਾਉਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਸਰਬੱਤ ਖ਼ਾਲਸਾ ਬੁਲਾਉਣ ਬਾਰੇ ਕਾਹਲ ਨਾ ਕਰਨ । ਇਹ ਦੁਨੀਆ ਭਰ ‘ਚ ਵਸੇ ਸਮੂਹ ਸਿੱਖਾਂ ਨਾਲ ਸੰਬੰਧਿਤ ਫ਼ੈਸਲਾ ਹੈ ਤੇ ਇਸ ਨੂੰ ਪੰਜਾਬ ‘ਚ ਇਕੱਠ ਕਰਨ ਤੱਕ ਸੀਮਤ ਨਾ ਕੀਤਾ ਜਾਵੇ ।

ਅਮਰੀਕਾ ਦੀ ਨਿਊਜਰਸੀ ਸਟੇਟ ਦੇ 10 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਇਕ ਸਾਂਝੀ ਮੀਟਿੰਗ ਕਰਕੇ ਸਿੰਘ ਸਾਹਿਬਾਨ ਵੱਲੋਂ ਦਿੱਤੀ ਮੁਆਫ਼ੀ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ । ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਫ਼ੈਸਲਾ ਲੈਣ ਵਾਲੇ ਕਿਸੇ ਵੀ ਸਿੰਘ ਸਾਹਿਬ ਨੂੰ ਨਾ ਕਿਸੇ ਗੁਰਦੁਆਰੇ ‘ਚ ਬੋਲਣ ਦਿੱਤਾ ਜਾਵੇਗਾ ਤੇ ਨਾ ਹੀ ਸਨਮਾਨਤ ਕੀਤਾ ਜਾਵੇਗਾ ਉਨ੍ਹਾਂ ਸਿੰਘ ਸਾਹਿਬ ਨੂੰ ਅਸਤੀਫ਼ੇ ਦੇ ਕੇ ਪੰਥ ਤੋਂ ਭੁੱਲ ਬਖਸ਼ਾਉਣ ਦੀ ਵੀ ਮੰਗ ਕੀਤੀ ਹੈ ।

ਇਸੇ ਤਰ੍ਹਾਂ ਨਿਊਯਾਰਕ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਇਥੋਂ ਦੇ ਸਭ ਤੋਂ ਵੱਡੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ: ਗੁਰਦੇਵ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸਿੰਘ ਸਾਹਿਬ ਦੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਉਹ ਫ਼ੈਸਲਾ ਬਦਲੇ ਜਾਣ ਤੱਕ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਗੁਰਦੁਆਰਿਆਂ ‘ਚ ਨਹੀਂ ਬੋਲਣ ਦੇਣਗੇ।
ਵਰਨਣਯੋਗ ਹੈ ਕਿ ਅਕਾਲੀ ਦਲ ਨੇ ਪਿਛੇ ਜਿਹੇ ਸ: ਹਰਬੰਸ ਸਿੰਘ ਢਿੱਲੋਂ ਨੂੰ ਨਿਊਯਾਰਕ ਦਾ ਪ੍ਰਧਾਨ ਇਸ ਕਰਕੇ ਥਾਪ ਦਿੱਤਾ ਸੀ ਕਿਉਂਕਿ ਸ: ਤੋਤਾ ਸਿੰਘ ਤੇ ਹੋਰ ਮੰਤਰੀਆਂ ਦੇ ਨਿਊਯਾਰਕ ‘ਚ ਕੀਤੇ ਵਿਰੋਧ ਮੌਕੇ ਉਸ ਨੇ ਡਟ ਕੇ ਅਕਾਲੀਆਂ ਦੀ ਹਮਾਇਤ ਕੀਤੀ ਸੀ, ਪਰ ਹੁਣ ਉਸ ਨੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ।

ਓਨਟਾਰੀਓ (ਟੋਰਾਂਟੋ) ਸਿੱਖਸ ਐਾਡ ਗੁਰਦੁਆਰਾ ਕੌ ਾਸਲ ਨੇ ਲਗਪਗ ਇਹੋ ਜਿਹਾ ਹੀ ਫ਼ੈਸਲਾ ਲੈਂਦਿਆਂ ਗਲੋਬਲ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਕੀਤੀ ਹੈ । ਇੰਗਲੈਂਡ ਦੇ ਸਿੱਖ ਆਗੂ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਦੱ ਸਿਆ ਕਿ ਇੰਗਲੈਂਡ ‘ਚ ਤਾਂ ਪਹਿਲਾਂ ਹੀ ਬਾਦਲ ਦਲ ਦੀ ਮੰਦੀ ਹਾਲਤ ਹੈ ਤੇ ਹੁਣ ਇਸ ਫ਼ੈਸਲੇ ਤੋਂ ਬਾਅਦ ਤਾਂ ਉਥੇ ਕਿਸੇ ਵੀ ਗੁਰਦੁਆਰੇ ਜਾਂ ਹੋਰ ਧਾਰਮਿਕ ਅਸਥਾਨ ਉੱਪਰ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਦਾ ਜਾਣਾ ਔਖਾ ਹੋ ਜਾਵੇਗਾ ।

ਅਨੋਖੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਗਏ ਮੁਆਫ਼ੀ ਦੇ ਫ਼ੈਸਲੇ ਦੀ ਦੁਨੀਆ ਦੇ ਕਿਸੇ ਇਕ ਵੀ ਗੁਰਦੁਆਰੇ ਜਾਂ ਧਾਰਮਿਕ ਆਗੂ ਵੱਲੋਂ ਹਮਾਇਤ ਨਹੀਂ ਕੀਤੀ ਜਾ ਰਹੀ । ਇਸ ਫ਼ੈਸਲੇ ਨੇ ਇਕ ਗੱਲ ਤਾਂ ਸਾਹਮਣੇ ਲਿਆਂਦੀ ਹੈ ਕਿ ਮਹਿਜ਼ ਪੰਜਾਬ ਦੇ ਸਿਆਸੀ ਹਿੱਤਾਂ ਨੂੰ ਹੀ ਧਿਆਨ ਵਿਚ ਰੱਖ ਕੇ ਲਏ ਫ਼ੈਸਲੇ ਹੁਣ ਨਹੀਂ ਚੱਲਣੇ । ਜੇ ਸਿੱਖ ਧਾਰਮਿਕ ਅਸਥਾਨਾਂ ਦੀ ਮਾਨਤਾ ਤੇ ਮਹੱਤਤਾ ਕਾਇਮ ਰੱਖਣੀ ਹੈ ਤਾਂ ਵਿਦੇਸ਼ਾਂ ‘ਚ ਵਸੇ ਸਿੱਖਾਂ ਦੀ ਰਾਏ ਜਾਨਣੀ ਤੇ ਲੈਣੀ ਵੀ ਜ਼ਰੂਰੀ ਬਣ ਗਈ ਹੈ ।

ਵਿਦੇਸ਼ੀ ਸਿੱਖ ਆਗੂ ਇਹ ਸੁਆਲ ਉਠਾ ਰਹੇ ਹਨ ਕਿ ਸਾਲ ‘ਚੋਂ 4-5 ਮਹੀਨੇ ਵਿਦੇਸ਼ਾਂ ‘ਚ ਧਾਰਮਿਕ ਅਸਥਾਨਾਂ ਉੱਪਰ ਜਾਣ ਵਾਲੇ ਸਿੰਘ ਸਾਹਿਬਾਨ ਸੇਵਾ ਪਾਣੀ ਕਰਵਾਉਣ ‘ਚ ਤਾਂ ਕਦੇ ਪਿੱਛੇ ਨਹੀਂ ਰਹਿੰਦੇ ਤੇ ਹੁਣ ਏਨਾ ਵੱਡਾ ਪੰਥਕ ਫ਼ੈਸਲਾ ਕਰਨ ਲੱ ਗਿਆਂ ਉਹ ਸਾਨੂੰ ਕਿਵੇਂ ਭੁੱਲ ਗਏ।

ਸੁਆਲ ਇਹ ਵੀ ਉਠ ਰਿਹਾ ਹੈ ਕਿ ਜੇਕਰ ਸਿੱਖ ਮਸਲਿਆਂ ਬਾਰੇ ਸਰਬੱਤ ਖ਼ਾਲਸਾ ਸੱਦਣਾ ਹੈ ਤਾਂ ਪਹਿਲਾਂ ਉਸ ਦੇ ਸਰੂਪ ਤੇ ਬਣਤਰ ਬਾਰੇ ਵਿਚਾਰ ਹੋਵੇ । ਵਿਦੇਸ਼ੀ ਸਿੱਖਾਂ ਦੀ ਰਾਏ ਤੇ ਸ਼ਮੂਲੀਅਤ ਬਗ਼ੈਰ ਕਿਸੇ ਇਕ ਧੜੇ ਦੇ ਇਕੱਠ ਨੂੰ ਮਾਨਤਾ ਮਿਲਣਾ ਵੀ ਅਸੰਭਵ ਜਾਪ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,