March 16, 2012 | By ਸਿੱਖ ਸਿਆਸਤ ਬਿਊਰੋ
ਲੁਧਿਆਣਾ, ਪੰਜਾਬ (15 ਮਾਰਚ, 2012): ਬੀਤੇ ਦਿਨ (14 ਮਾਰਚ, 2012 ਨੂੰ) ਦੁਨੀਆਂ ਭਰ ‘ਚ ਹਜ਼ਾਰ ਤੋਂ ਜ਼ਿਆਦਾ ਗੁਰਦੁਆਰਿਆਂ ‘ਚ ਵਾਸ਼ਿੰਗਟਨ ਅਧਾਰਤ ਸਿੱਖ ਜਥੇਬੰਦੀ “ਈਕੋ-ਸਿੱਖ” ਦੇ ਉੱਦਮਾਂ ਸਦਕਾ ਦੂਜਾ ਸਾਲਾਨਾ ਸਿੱਖ ਵਾਤਾਵਰਨ ਦਿਹਾੜਾ ਮਨਾਇਆ ਗਿਆ। ਵਾਤਾਵਰਨ ਪ੍ਰੇਮੀ ਸੱਤਵੇਂ ਗੁਰੂ ਹਰਿਰਾਏ ਜੀ 14 ਮਾਰਚ 1644 ਨੂੰ ਗੁਰਤਾ ਗੱਦੀ ‘ਤੇ ਬਿਰਾਜਮਾਨ ਹੋਏ ਸਨ।
“ਈਕੋ-ਸਿੱਖ” ਦੇ ਪ੍ਰਧਾਨ ਰਾਜਵੰਤ ਸਿੰਘ ਜਿਹੜੇ ਕਿ ਪਿਛਲੇ ਸਾਲ ਸ਼ੁਰੂ ਕੀਤੀ ਵਾਤਾਵਰਨ ਮੁਹਿੰਮ ਨੂੰ ਸ਼ੁਰੂ ਕਰਨ ਵਾਲੇ ਸਿੱਖਾਂ ‘ਚ ਸ਼ਾਮਿਲ ਸਨ, ਨੇ ਦੱਸਿਆ ਕਿ ਪਹਿਲੇ ਸਾਲ ਵਿਸ਼ਵ ਦੇ ਲਗਭਗ 450 ਗੁਰਦੁਆਰਿਆਂ ‘ਚ ਇਹ ਦਿਨ ਮਨਾਇਆ ਗਿਆ ਸੀ। ਉਤਰੀ ਅਮਰੀਕਾ ‘ਚ ਈਕੋ ਸਿੱਖ ਜਥੇਬੰਦੀ ਦੀ ਨਿਊਯਾਰਕ ਦੀ ਪ੍ਰੋਗਰਾਮ ਡਾਇਰੈਕਟਰ ਬੰਦਨਾ ਕੌਰ ਨੇ ਦੱਸਿਆ ਕਿ ਉਤਰੀ ਅਮਰੀਕਾ ‘ਚ ਬਹੁਤ ਸਾਰੇ ਗੁਰਦੁਆਰੇ ਆਪਣੇ ਇਲਾਕੇ ‘ਚ ਸਥਾਨਕ ਵਾਤਾਵਰਣ ਦੇ ਮੁੱਦਿਆਂ ‘ਤੇ ਕੰਮਾਂ ‘ਚ ਰੁਝੇ ਹੋਏ ਹਨ ਤੇ ਬਹੁਤ ਸਾਰਿਆਂ ਨੇ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਬਣਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਸਾਊਥਾਲ ਦੇ ਯੂਰਪ ‘ਚ ਸਭ ਤੋਂ ਵੱਡੇ ਗੁਰਦੁਆਰੇ ਨੇ ਇਸ ਮੌਕੇ ਵੱਡੀ ਹਰਿਆਵਲ ਲਹਿਰ ਸ਼ੁਰੂ ਕੀਤੀ ਹੈ। ਰਾਜਵੰਤ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਸਤਲੁਜ ਦੇ ਕੰਢੇ ‘ਤੇ ਮੈਦਾਨਾਂ ਤੇ ਬਗੀਚਿਆਂ ਦਾ ਸ਼ਹਿਰ ਕੀਰਤਪੁਰ ਸਾਹਿਬ ਵਸਾਇਆ ਸੀ। ਉਨ੍ਹਾਂ ਨੇ ਸਾਰੇ ਇਲਾਕੇ ‘ਚ ਫਲਾਂ ਅਤੇ ਫੁੱਲਾਂ ਦੇ ਬੂਟੇ ਲਾਏ ਇਥੋਂ ਤੱਕ ਦਵਾਈਆਂ ‘ਚ ਵਰਤੇ ਜਾਣ ਵਾਲੇ ਬੂਟੇ ਵੀ ਲਵਾਏ।
Related Topics: EcoSikh, March 14, Sikh Environment Day