September 26, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਦਲ ਖ਼ਾਲਸਾ ਵਲੋਂ ਜਥੇਬੰਦੀ ਦੇ ਬਾਨੀ ਅਤੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੇ 42ਵੇਂ ਜ਼ਲਾਵਤਨ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਦਾ ਫੈਸਲਾ ਲਿਆ ਹੈ। ਜਥੇਬੰਦੀ ਵੱਲੋਂ ਪ੍ਰੈਸ ਵਾਰਤਾ ਵਿੱਚ ਦੱਸਿਆ ਗਿਆ ਹੀ ਕਿ 29 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ ਜਲਾਵਤਨ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ, ਸਿੱਖ ਪ੍ਰਭੁਸੱਤਾ ਅਤੇ ਆਜ਼ਾਦੀ ਸੰਘਰਸ਼ ਦੀ ਸਫ਼ਲਤਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਵਾਂਗ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਕਤਲ ਹੋਏ ਸਮੂਹ ਸਿੱਖ ਨਾਇਕਾਂ ਨੂੰ ਇਨਸਾਫ ਅਤੇ ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਪ੍ਰਮਾਤਮਾ ਦੇ ਦਰ ‘ਤੇ ਅਰਦਾਸ ਕੀਤੀ ਜਾਵੇਗੀ।
ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਦਸਿਆ ਕਿ ਗਜਿੰਦਰ ਸਿੰਘ ਬੇਵਤਨਾ (ਸਟੇਟਲੈਸ) ਸਿੱਖ ਹੈ, ਜੋ ਸਵੈ-ਇੱਛਾ ਅਨੁਸਾਰ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਦੀ ਥਾਂ ‘ਤੇ ਜਿਊਣਾ ਚਾਹੁੰਦੇ ਹਨ ਪਰ ਅਫਸੋਸ ਕਿ ਭਾਰਤ ਸਰਕਾਰ ਦੇ ਗਲਤ ਪ੍ਰਾਪੇਗੰਡਾ ਕਾਰਨ ਦੁਨੀਆਂ ਦੇ ਤਮਾਮ ਪ੍ਰਭਾਵਸ਼ਾਲੀ ਮੁਲਕਾਂ ਨੇ ਆਪਣੇ ਦਰਵਾਜੇ ਬੰਦ ਕਰ ਰੱਖੇ ਹਨ। ਉਹਨਾਂ ਕਿਹਾ ਕਿ ਯੂ.ਐਨ. ਨੇ ਵੀ ਚੁੱਪ ਧਾਰੀ ਹੋਈ ਹੈ।
ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵਲੋਂ 20 ਸੰਤਬਰ 2020 ਨੂੰ ਗਜਿੰਦਰ ਸਿੰਘ ਦੀ ਪੰਥਕ ਘਾਲਣਾ ਅਤੇ ਕੁਰਬਾਨੀ ਨੂੰ ਮਾਨਤਾ ਅਤੇ ਸਤਿਕਾਰ ਦਿੰਦਿਆਂ ਉਹਨਾਂ ਨੂੰ ‘ਜਲਾਵਤਨ ਸਿੱਖ ਯੋਧਾ’ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ।
ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋ ਬਾਅਦ ਭਾਰਤ ਅਤੇ ਅੰਤਰਰਾਸ਼ਟਰੀ ਸੀਨ ਉਤੇ ਜੋ ਭੁਚਾਲ ਆਇਆ ਹੈ ਉਸਨੇ ਖਾਲਿਸਤਾਨ ਦੀ ਮੰਗ ਅਤੇ ਸੰਘਰਸ਼ ਨੂੰ ਦੁਨੀਆਂ ਦੇ ਮੰਚ ਉਤੇ ਮੁੜ ਉਭਾਰ ਦਿੱਤਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ‘ਤੇ ਸਿੱਖ ਆਗੂਆਂ ਦੇ ਕਾਤਲਾਂ ਦੀ ਨਿਸ਼ਾਨਦੇਹੀ ਹੋਣਾ, ਸਿੱਖ ਅਵਾਮ ਦੇ ਯਤਨਾਂ ਅਤੇ ਅਰਦਾਸਾਂ ਦੀ ਪਹਿਲੀ ਜਿੱਤ ਹੈ ਜਿਸ ਲਈ ਉਹ ਕੈਨੇਡਾ ਸਰਕਾਰ ਦੇ ਸ਼ੁਕਰਗੁਜਾਰ ਹਨ।
Related Topics: Akal Takht Sahib, Bhai Gajinder Singh, Dal Khalsa, Paramjit Singh Mand