ਖਾਸ ਖਬਰਾਂ » ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?

December 1, 2018 | By

14-15 ਅਗਸਤ 1947 – ਇੰਡੀਆ ਅਤੇ ਪਾਕਿਸਤਾਨ ਦਰਮਿਆਨ ਪੰਜਾਬ ਦਾ ਖਿੱਤਾ ਵੰਡੇ ਜਾਣ ਕਾਰਨ ਸਿੱਖ ਵਸੋਂ ਦਾ ਵੱਡਾ ਹਿੱਸਾ ਲਹਿੰਦੇ ਪਾਸਿਓਂ ਚੜ੍ਹਦੇ ਪੰਜਾਬ ਵਾਲੇ ਪਾਸੇ ਆ ਗਿਆ ਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ  ਤੋਂ ਵਿਰਵਾ ਹੋ ਗਿਆ।

1947 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਵਿੱਚ ਦਰਜ  ਅਰਦਾਸ ਵਿੱਚ ਪੰਥ ਦੀ ਅਕਾਲ ਪੁਰਖ ਅੱਗੇ ਅਰਜੋਈ ਹੇਠ ਲਿਖੇ ਲਫਜ਼ਾਂ ਵਿੱਚ ਸ਼ਾਮਲ ਕੀਤੀ।

“ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ”।

ਹਰ ਸਿੱਖ ਇਹ ਅਰਦਾਸ ਅਕਾਲ ਪੁਰਖ ਅੱਗੇ ਪਿਛਲੇ 71 ਸਾਲ ਤੋਂ ਕਰਦਾ ਆ ਰਿਹਾ ਹੈ।

ਫਰਵਰੀ 1999 – ‘ਇੰਡੀਆ ਦੀ ਫੈਡਰਲ ਸਰਕਾਰ’ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕਰਦਿਆਂ ਪਾਕਿਸਤਾਨ ਜਾਣ ਤੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਇੱਕ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਤਜਵੀਜ਼ ਸਾਹਮਣੇ ਆਈ।

1999 – ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘਾ ਬਣਾਉਣ ਲਈ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਸ਼ੁਰੂ ਕੀਤੀ ਜੋ ਸਿੱਖ ਹਰ ਸੰਗਰਾਂਦ ਨੂੰ ਪਿਛਲੇ 19 ਸਾਲ ਤੋਂ ਕਰਦੇ ਆ ਰਹੇ ਹਨ।

2000 – ਪਾਕਿਸਤਾਨ ਸਰਕਾਰ ਨੇ ਆਪਣੇ ਵੱਲੋਂ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘੇ ਦੀ ਤਜਵੀਜ਼ ਨੂੰ ਪ੍ਰਵਾਨਗੀ  ਦਿੱਤੀ। ਇਸ ਤਜਵੀਜ਼ ਤਹਿਤ ਪਾਕਿਸਤਾਨ ਸਰਕਾਰ ਨੇ ਚੜ੍ਹਦੇ ਪੰਜਾਬ ਅਤੇ ‘ਇੰਡੀਅਨ ਉੱਪ-ਮਹਾਂਦੀਪ’ ਦੇ ਬਾਸ਼ਿੰਦੇ ਨਾਨਕ ਨਾਮ ਲੇਵਾ ਪ੍ਰਾਣੀਆਂ ਨੂੰ ਬਿਨਾ ਪਾਸਪੋਰਟ ਬਿਨਾ ਵੀਜ਼ਾ ਆਪਣੇ ਮੁਲਕ ਅੰਦਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦੀਦਾਰ ਦੀ ਸਹੂਲਤ ਦੇਣੀ ਸੀ।

2009 – ਅਮਰੀਕਾ ਸਥਿਤ ‘ਇੰਸਚੀਟਿਯੂਟ ਫਾਰ ਮਲਟੀ-ਟਰੈਕ ਡਿਪਲੋਮੇਸੀ’ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਕ ਲੇਖਾ ਜਾਰੀ ਕੀਤਾ ਗਿਆ।

2010 – ‘ਇੰਸਚੀਟਿਯੂਟ ਫਾਰ ਮਲਟੀ-ਟਰੈਕ ਡਿਪਲੋਮੇਸੀ’ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸੰਬੰਧਤ ਸਰਕਾਰਾਂ ਨਾਲ ਲਾਂਘਾ ਖੋਲ੍ਹਣ ਬਾਰੇ ਗੱਲਬਾਤ ਜਾਰੀ ਰੱਖੀ ਗਈ।

2001 ਤੋਂ 2018 – ‘ਇੰਡੀਅਨ ਫੈਡਰਲ ਸਰਕਾਰ’ ਇਸ ਅਰਸੇ ਦੌਰਾਨ ਮੁਲਕ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਦੱਸ ਕੇ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਰੱਦ ਕਰਦੀ ਆ ਰਹੀ ਸੀ ਓਥੇ ਦੂਜੇ ਬੰਨੇ ਪਾਕਿਸਤਾਨ ਸਰਕਾਰ ਦੇ ਫੈਡਰਲ ਵਜ਼ੀਰ ਅਤੇ ਉੱਚ ਅਫਸਰ ਵੱਖ-ਵੱਖ ਸਮੇਂ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਲਾਗੂ ਕਰਨ ਦੀ ਸਹਿਮਤੀ ਦੇਂਦੇ ਰਹੇ।

2 ਮਈ 2017 – ਇੰਡੀਅਨ ਫੈਡਰਲ ਪਾਰਲੀਮੈਂਟ ਦੀ ਇਕ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੇ ਤਤਕਾਲੀ ਚੇਅਰਮੈਨ ਸ਼ਸ਼ੀ ਥਰੂਰ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ  ਵਿਖੇ ਪਹੁੰਚ ਕੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜਾਇਜ਼ਾ ਲਿਆ ਪਰ ਇਸ ਕਮੇਟੀ ਨੇ ਇਹ ਕਹਿੰਦਿਆਂ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਰੱਦ ਕੀਤਾ ਕਿ ਸਰਹੱਦ ਉੱਤੇ ਇੰਡੀਆ ਦੇ ਫੌਜੀਆ ਦੇ ਸਿਰ ਵੱਢੇ ਜਾ ਰਹੇ ਹਨ ਇਸ ਕਰਕੇ ਇਹ ਲਾਂਘਾ ਨਹੀਂ ਬਣਾਇਆ ਜਾ ਸਕਦਾ। ਇਸ ਕਮੇਟੀ ਨੇ ਲਾਂਘਾ ਖੋਲ੍ਹਣ ਦੀ ਥਾਂ ਤੇ ਡੇਰਾ  ਬਾਬਾ ਨਾਨਕ ਸਥਿਤ ਬੀ.ਐਸ.ਐਫ. ਦੀ ਚੌਂਕੀ ਤੇ ਵਧੇਰੇ ਦੂਰ ਤੱਕ ਤੇ ਸਾਫ ਵੇਖ ਸਕਣ ਵਾਲੀਆਂ ਚਾਰ ਦੂਰਬੀਨਾਂ ਲਾਉਣ ਦਾ ਸੁਝਾਅ ਦਿੱਤਾ ਕਿ ਸਿੱਖ ਸ਼ਰਧਾਲੂ ਦੂਰੋਂ ਹੀ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਿਆ ਕਰਨ।

10 ਅਗਸਤ 2018 – ਚੀਨ ਦੇ ਇੰਡੀਆ ਵਿਚ ਰਾਜਦੂਤ ਲੂਓ ਜ਼ਹਾਓਈ ਨੇ ਪੰਜਾਬ ਦਾ ਦੌਰਾ ਕੀਤਾ ਜਿਸ ਤਹਿਤ ਉਹ ਦਰਬਾਰ ਸਾਹਿਬ ਅਤੇ ਅਟਾਰੀ ਵਾਹਗਾ ਸਰਹੱਦ ਤੇ ਗਿਆ ਜਿੱਥੇ ਉਸ ਨੇ ਕਿਹਾ ਕਿ ਉਹ “ਇੰਡੀਆ-ਪਾਕਿਸਤਾਨ ਵਿਚਾਲੇ ਸ਼ਾਂਤੀ, ਦੋਸਤੀ ਅਤੇ ਦੁਵੱਲੇ ਸਹਿਯੋਗ ਦੀ ਆਸ ਕਰਦਾ ਹੈ”।

18 ਅਗਸਤ 2018 – ਪਾਕਿਸਤਾਨ ਦੇ ਨਵੇਂ ਬਣੇ ਵਜ਼ੀਰੇ ਆਜ਼ਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਵੀਜ਼ਾ ਰਹਿਤ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ। ਉਹਨਾਂ ਭਵਿੱਖ ਵਿੱਚ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਦੇਣ ਦੀ ਤਜਵੀਜ਼ ਬਾਰੇ ਵੀ ਜ਼ਿਕਰ ਕੀਤਾ।

20 ਅਗਸਤ 2018 – ਚੜ੍ਹਦੇ ਪੰਜਾਬ ਦੇ ਸੂਬੇਦਾਰ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮਾਮਲਿਆਂ ਦੀ ਵਜ਼ੀਰ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਸਬੰਧੀ ਪਾਕਿਸਤਾਨ ਨਾਲ ਅਧਿਕਾਰਤ ਤੌਰ ਉੱਤੇ ਗੱਲਬਾਤ ਕਰਨ ਲਈ ਚਿੱਠੀ ਲਿਖੀ।

21 ਅਗਸਤ 2018 – ਸਾਬਕਾ ਵਜ਼ੀਰ ਮਨੋਹਰ ਸਿੰਘ ਗਿੱਲ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਇੰਡੀਆ ਸਰਕਾਰ ਨੂੰ ਜਨਰਲ ਬਾਜਵਾ ਦੀ ਖੁੱਲ੍ਹੇ ਲਾਂਘੇ ਦੀ ਤਜਵੀਜ਼ ਦਾ ਸਵਾਗਤ ਕਰਨਾ ਚਾਹੀਦਾ ਹੈ। ਉਸਨੇ ਇੰਡੀਆ ਸਰਕਾਰ ਦੇ ਇਸ ਤਜਵੀਜ਼ ਬਾਰੇ ਮੱਠੇ ਹੁੰਗਾਰੇ ਉੱਤੇ ਹੈਰਾਨੀ ਪਰਗਟ ਕੀਤੀ ਅਤੇ ਕਿਹਾ ਕਿ ਇੰਡੀਆ ਸਰਕਾਰ ਵੱਲੋਂ ਕਦੇ  ਵੀ ਸਿੱਖਾਂ ਦੀ ਰੂਹ ਨੂੰ ਰਾਹਤ ਦੇਣ ਲਈ ਕੁਝ ਨਹੀਂ ਕੀਤਾ ਗਿਆ।

26 ਅਗਸਤ 2018 – ਪਰਤਾਪ ਸਿੰਘ ਬਾਜਵਾ ਨੇ ਚੜ੍ਹਦੇ ਪੰਜਾਬ ਦੇ ਸੂਬੇਦਾਰ ਅਮਰਿੰਦਰ ਸਿੰਘ ਨੂੰ ਪੰਜਾਬ ਅਸੈਂਬਲੀ ਵਿੱਚ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਸਬੰਧੀ ਮਤਾ ਪਾਸ ਕਰਨ ਲਈ ਚਿੱਠੀ ਲਿਖੀ।

27 ਅਗਸਤ 2018 – ਚੜ੍ਹਦੇ ਪੰਜਾਬ ਦੀ ਅਸੈਂਬਲੀ ਨੇ ਕਰਤਾਰਪੁਰ ਸਾਹਿਬ ਖੁੱਲ੍ਹਾ ਲਾਂਘਾ ਬਣਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਅਤੇ ਇੰਡੀਆ ਸਰਕਾਰ ਨੂੰ ਇਸ ਸਬੰਧੀ ਫੌਰੀ ਤੌਰ ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਦੀ ਤਜਵੀਜ਼ ਭੇਜੀ।

29 ਅਗਸਤ 2018 – ਪਾਕਿਸਤਾਨ ਸਥਿਤ ਇੰਡੀਆ ਦੇ ਮੁੱਖ ਸਫੀਰ ਅਜੇ ਬਸਾਰੀਆ ਨੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਖੁੱਲ੍ਹਾ ਲਾਂਘਾ ਬਣਾਉਣ ਦੀ ਪਾਕਿਸਤਾਨ ਸਰਕਾਰ ਦੀ ਯੋਜਨਾ ਦਾ ਮੌਕੇ ਉੱਤੇ ਜਾ ਕੇ ਜਾਇਜ਼ਾ ਲਿਆ।

7 ਸਤੰਬਰ 2018 – ਪਾਕਿਸਤਾਨ ਫੈਡਰਲ ਸਰਕਾਰ ਨੇ ਸੂਚਨਾ ਅਤੇ ਪਰਸਾਰਣ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ ਬੀ.ਬੀ.ਸੀ. ਉਰਦੂ ਨੂੰ ਇੱਕ ਮੁਲਾਕਾਤ ਵਿੱਚ ਕਿਹਾ ਕਿ ਇਮਰਾਨ ਖਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਦਰਬਾਰ ਸਹਿਬ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਸਹੂਲਤ ਦੇ ਰਹੀ ਹੈ।

12 ਸਤੰਬਰ 2018 – ਪਾਕਿਸਤਾਨ ਸਰਕਾਰ ਦੇ ਵਿਦੇਸ਼ੀ ਮਾਮਲਿਆ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਕ ਪ੍ਰੈਸ ਮਿਲਣੀ ਦੌਰਾਨ ਖੁੱਲ੍ਹੇ ਲਾਂਘੇ ਬਾਰੇ ਕਿਹਾ ਕਿ ਅਸੀਂ ਇੰਡੀਆ ਨਾਲ ਗੱਲਬਾਤ ਲਈ ਤਿਆਰ ਹਾਂ। ਅਸੀਂ ਆਲਮੀ ਭਾਈਚਾਰੇ ਨੂੰ ਖੁੱਲ੍ਹੇ ਲਾਂਘੇ ਬਾਰੇ ਆਪਣਾ ਪੱਖ ਦੱਸ ਦਿੱਤਾ ਹੈ ਹੁਣ ਅਸੀਂ ਇੰਡੀਆ ਦੇ ਪ੍ਰਤੀਕਰਮ ਦੀ ਉਡੀਕ ਕਰ ਰਹੇ ਹਾਂ।

14 ਸਤੰਬਰ 2018 – ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਇੰਡੀਆ ਦੇ ਵਜ਼ੀਰੇ ਆਜ਼ਮ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੁਵੱਲੇ ਸਹਿਯੋਗ ਅਤੇ ਵਪਾਰ ਕਰਨ ਅਤੇ ਆਪਸੀ ਮਹੌਲ ਨੂੰ ਸੁਖਾਵਾਂ ਕਰਨ ਲਈ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ।

17 ਸਤੰਬਰ 2018 – ਨਵਜੋਤ ਸਿੰਘ ਸਿੱਧੂ ਅਤੇ ਮਨੋਹਰ ਸਿੰਘ ਗਿੱਲ ਇੰਡੀਆ ਦੇ ਵਿਦੇਸ਼ੀ ਮਾਮਲਿਆਂ ਦੀ ਵਜ਼ੀਰ ਸੁਸ਼ਮਾ ਸਵਰਾਜ ਨੂੰ ਖੁੱਲ੍ਹੇ  ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਨਾਲ ਅਧਿਕਾਰਤ ਗੱਲਬਾਤ ਦੀ ਸ਼ੁਰੂਆਤ ਕਰਨ ਦੀ ਸਲਾਹ (ਮੰਗ) ਦੇਣ ਲਈ ਮਿਲੇ।

20 ਸਤੰਬਰ 2018 – ਪਾਕਿਸਤਾਨ ਸਰਕਾਰ ਦੀ ਦਰਖਾਸਤ ਉੱਤੇ ਇੰਡੀਆ ਦੀ ਵਿਦੇਸ਼ੀ ਮਾਮਲਿਆਂ ਦੀ ਵਜ਼ੀਰ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਵਿਦੇਸ਼ੀ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਦੀ ਯੁਨਾਇਟਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸਲਾਨਾ ਇਜਲਾਸ ਮੌਕੇ 26-27 ਸਤੰਬਰ ਨੂੰ ਬੈਠਕ ਹੋਣੀ ਤੈਅ ਹੋਈ ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਦਾ ਮੁੱਦਾ ਵੀ ਬੈਠਕ ਵਿੱਚ ਵਿਚਾਰਿਆ ਜਾਣਾ ਸੀ।    

21 ਸਤੰਬਰ 2018 – ਇੰਡੀਆ ਸਰਕਾਰ ਵੱਲੋਂ ਇਕਤਰਫਾ ਫੈਸਲਾ ਲੈਂਦਿਆਂ 26-27 ਸਤੰਬਰ ਨੂੰ ਹੋਣ ਵਾਲੀ ਬੈਠਕ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ  ਜਿਸ ਦਾ ਕਰਨ ਇਮਰਾਨ ਖਾਨ ਤੋਂ ਪਹਿਲਾਂ ਵਾਲੀ ਸਰਕਾਰ ਵੱਲੋਂ 16 ਜੁਲਾਈ ਨੂੰ ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਬਾਰੇ ਜਾਰੀ ਇੱਕ ਡਾਕ ਟਿਕਟ ਨੂੰ ਦੱਸਿਆ ਗਿਆ।

22 ਸਤੰਬਰ 2018 – ਇੰਡੀਆ ਦੇ ਕੁਝ ਖਬਰ ਅਦਾਰਿਆਂ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਫੈਡਰਲ ਸਰਕਾਰ ਨੇ ਸੂਚਨਾ ਅਤੇ ਪਰਸਾਰਣ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ ਮੁੜ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਦਰਬਾਰ ਸਹਿਬ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਸਹੂਲਤ ਦੇ ਰਹੀ ਹੈ।

23 ਸਤੰਬਰ 2018 – ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਰਾਹੀਂ ਇੰਡੀਅਨ ਫੈਡਰਲ ਸਰਕਾਰ ਦੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਮਿੰਨਤ ਕੀਤੀ।

28 ਸਤੰਬਰ 2018 – ਪਾਕਿਸਤਾਨ ਸਿੱਖ ਕੌਂਸਲ ਨੇ ਪਾਕਿਸਤਾਨ ਸਰਕਾਰ ਦੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ।

3 ਅਕਤੂਬਰ 2018 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਏ ਯੂ. ਐਨ. ਦੇ ਸੈਕਟਰੀ ਜਨਰਲ ਐਂਟੋਨੀਓ ਗੁਟੇਰੀਜ਼ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਰਹਿਤ ਲਾਂਘਾ ਬਣਵਾਉਣ ਲਈ ਇੱਕ ਯਾਦ ਪੱਤਰ ਦਿੱਤਾ ਅਤੇ ਕਿਹਾ ਕਿ ਉਹ ਯੂ. ਐਨ. ਜਨਰਲ ਅਸੈਂਬਲੀ ਰਾਹੀਂ ਇਹ ਮਸਲਾ ਹੱਲ ਕਰਵਾਉਣ।

4 ਅਕਤੂਬਰ 2018 – ਪਾਕਿਸਤਾਨ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਮਹਿਕਮੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਲਾਗੂ ਕਰਨ ਦਾ ਇੱਕੋ ਇੱਕ ਹੱਲ ਦੁਵੱਲੀ ਗੱਲਬਾਤ ਹੈ। ਇਸ ਮਸਲੇ ਉੱਤੇ ਇੰਡੀਆ ਸਰਕਾਰ ਦੇ ਮੱਠੇ ਹੁੰਗਾਰੇ ਨੂੰ ਵੇਖਦਿਆਂ ਹੋਇਆਂ ਉਸਨੇ ਕਿਹਾ ਕਿ ਜਦੋਂ ਇੰਡੀਆ ਕੋਈ ਉਸਾਰੂ ਪ੍ਰਤੀਕਰਮ ਨਹੀਂ ਦੇ ਰਿਹਾ ਤਾਂ ਪਾਕਿਸਤਾਨ ਸਰਕਾਰ ਆਪਣੇ ਗਵਾਂਢੀਆਂ ਨਾਲ ਅਮਨ-ਅਮਾਨ ਨਾਲ ਰਹਿਣ ਦੀ ਕੋਸ਼ਿਸ਼ ਹੀ ਕਰ ਸਕਦੀ ਹੈ ਉਸ ਨੂੰ ਯਕੀਨੀ ਨਹੀਂ ਬਣਾ ਸਕਦੀ।

10 ਨਵੰਬਰ 2018 – ਕੈਪਟਨ ਅਮਰਿੰਦਰ ਸਿੰਘ ਨੇ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਚਿੱਠੀ ਲਿਖੀ। ਉਸਨੇ ਇਸ ਚਿੱਠੀ ਵਿੱਚ ਲਾਂਘਾ ਖੋਲ੍ਹਣ ਲਈ ਸਿੱਖਾਂ ਵਾਸਤੇ ਕਰਤਾਰਪੁਰ ਸਾਹਿਬ ਦੀ ਮਹੱਤਤਾ ਦਾ ਵਾਸਤਾ ਪਾਇਆ।

19 ਨਵੰਬਰ 2018 – ਇੰਡੀਆ ਸਰਕਾਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘਾ ਬਣਾਉਣ ਦੀ ਬਜਾਏ ਇੱਕ ਵਧੇਰੇ ਦੂਰ ਤੇ ਸਾਫ ਵੇਖ ਸਕਣ ਵਾਲੀ ਦੂਰਬੀਨ ਡੇਰਾ  ਬਾਬਾ ਨਾਨਕ ਵਿਖੇ ਲਾਉਣ ਦਾ ਐਲਾਨ ਕੀਤਾ।

21 ਨਵੰਬਰ 2018 – ਪਾਕਿਸਤਾਨੀ ਖਬਰਨਾਮੇ (ਮੀਡੀਆ) ਵਿੱਚ ਇਹ ਗੱਲ ਨਸ਼ਰ ਹੋਈ ਕਿ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘਾ ਇਕਤਰਫਾ ਤੌਰ ਉੱਤੇ ਬਣਾਉਣ ਦਾ ਫੈਸਲਾ ਕਰ ਲਿਆ ਹੈ ਤੇ ਅਗਲੇ ਹਫਤੇ ਇਮਰਾਨ ਖਾਨ ਲਾਂਘੇ ਦਾ ਨੀਂਹ ਪੱਥਰ ਰੱਖਣਗੇ।

22 ਨਵੰਬਰ 2018 – ਇਸ ਦਿਨ ਦੁਪਹਿਰੇ ਇੰਡੀਆ ਦੀ ਸਰਕਾਰ ਦੀ ਕੈਬਨਟ ਦੀ ਹਫਤਾਵਾਰੀ ਆਮ ਇੱਕਤਰਤਾ ਵਿੱਚ ਹੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਮਤਾ ਪ੍ਰਵਾਨ  ਕਰ ਲਿਆ।

22 ਨਵੰਬਰ 2018 ਦੀ ਸ਼ਾਮ ਨੂੰ ਪਾਕਿਸਤਾਨ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ 28 ਨਵੰਬਰ ਨੂੰ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ। ਉਸਨੇ ਆਪਣੇ ਟਵੀਟ ਵਿਚ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੇ ਫੈਸਲੇ ਤੋਂ ਇੰਡੀਆ ਸਰਕਾਰ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ।

22 ਨਵੰਬਰ 2018 ਨੂੰ ਹੀ ਚੜ੍ਹਦੇ ਪੰਜਾਬ ਵਿਚਲੀ ਸਰਕਾਰ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਬਣਾਉਣ ਲਈ 26 ਨਵੰਬਰ ਨੂੰ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ।

26 ਨਵੰਬਰ 2018 – ਚੜ੍ਹਦੇ ਪੰਜਾਬ ਵਿੱਚ ਡੇਹਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ।

28 ਨਵੰਬਰ 2018 – ਲਹਿੰਦੇ ਪੰਜਾਬ ਵਿੱਚ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੀ ਸਰਕਾਰ ਵੱਲੋਂ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ।

⊕ ਇਸ ਮਸਲੇ ਬਾਰੇ ਇਹ ਲਿਖਤ ਵੀ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…

ਪਾਕਿਸਤਾਨ ਵੱਲੋਂ ਲਾਂਘੇ ਦੀ ਤਜਵੀਜ਼ ਖਿਲਾਫ ਇੰਡੀਆ ਦੇ ਵਜ਼ੀਰਾਂ ਤੇ ਸਿਆਸੀ ਨੇਤਾਵਾਂ ਵੱਲੋਂ ਇਲਜ਼ਾਮਤਰਾਸ਼ੀ:

19 ਅਗਸਤ 2018 ਤੋਂ 22 ਨਵੰਬਰ 2018 ਤੱਕ ਪਾਕਿਸਤਾਨ ਸਰਕਾਰ ਦੇ ਫੈਡਰਲ ਕੈਬਨਟ ਦੇ ਵੀਜ਼ਰਾਂ ਤੇ ਆਲ੍ਹਾ ਅਫਸਰਾਂ ਨੇ ਵਾਰ-ਵਾਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਸਹਿਮਤੀ ਦਿੱਤੀ ਜਦਕਿ ਇੰਡੀਆ ਵੱਲੋਂ ਫੈਡਰਲ ਕੈਬਨਟ ਵਜ਼ੀਰਾਂ ਤੇ ਚੜ੍ਹਦੇ ਪੰਜਾਬ ਦੇ ਨੇਤਾਵਾਂ (ਨਿਰਮਲਾ ਸੀਤਾ ਰਮਨ, ਸੰਬਿਤ ਪਾਤਰਾ, ਸ਼ਵੇਤ ਮਲਿਕ, ਹਰਸਿਮਰਤ ਕੌਰ ਬਾਦਲ, ਅਮਰਿੰਦਰ ਸਿੰਘ, ਦਲਜੀਤ ਚੀਮਾ ਵਗੈਰਾ) ਨੇ ਪਾਕਿਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਮਿੱਤਰਤਾ ਵਾਲਾ ਮਹੌਲ ਸਿਰਜਣ ਦੀ ਤਜਵੀਜ਼ ਉੱਤੇ ਗੌਰ ਕਰਨ ਦੀ ਬਜਾਏ ਪਾਕਿਸਤਾਨ ਸਰਕਾਰ ਦਾ ਸੁਨੇਹਾ ਲਿਆਉਣ ਵਾਲੇ ਨਵਜੋਤ ਸਿਧੂ ਨੂੰ ‘ਦੇਸ਼ ਧੋਰਹੀ’ ਗਰਦਾਨਣ ਉੱਤੇ ਹੀ ਸਾਰਾ ਜ਼ੋਰ ਲਾਈ ਰੱਖਿਆ। ਇਹ ਸਾਰੀ ਇਲਜਾਮਤਰਾਸ਼ੀ ਪਾਕਿਸਤਾਨ ਨੂੰ ਰਾਖਸ਼ ਦੱਸ ਕੇ ਹਿੰਦੂ ਵੋਟਾਂ ਬਟੋਰਣ ਅਤੇ ਕੇਂਦਰੀ ਹਾਕਮਾਂ ਅੱਗੇ ਆਪਣੀ ਵਫਾਦਾਰੀ ਸਾਬਤ ਕਰਨ ਦੀ ਕਵਾਇਦ ਹੀ ਸੀ।

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਸ ਵੇਲੇ ਗੱਲ ਅੱਗੇ ਤੁਰਨ ਦੀ ਵਜ੍ਹਾ:

ਗੁਰੂ ਗਰੰਥ ਸਾਹਿਬ ਵਿੱਚ ਫੁਰਮਾਨ ਹੈ “ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ”। ਪਿਛਲੇ 71 ਸਾਲ ਤੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਅਕਾਲ ਪੁਰਖ ਨੇ ਸੁਣੀਆਂ ਹਨ ਤੇ ਮਹਾਰਾਜ ਨੇ ਐਸੀ ਕਲਾ ਵਰਤਾਈ ਕਿ ਇਸ ਲਾਂਘੇ ਨੂੰ ਰੋਕਣ ਵਾਲੀਆਂ ਦੋਵੇਂ ਮੁਲਕਾਂ ਦੀਆਂ ਫੌਜਾਂ ਤੇ ਸਿਆਸੀ ਤਾਕਤਾਂ ਅੱਜ ਬੌਣੀਆਂ ਸਾਬਤ ਹੋ ਰਹੀਆਂ ਹਨ। ਅਕਾਲ ਪੁਰਖ ਦੀ ਰਜ਼ਾ ਵਿੱਚ ਅੱਜ ਇਸ ਪੂਰੇ ਖਿੱਤੇ ਦੀ ਰਾਜਨੀਤਕ ਅਤੇ ਆਰਥਕ ਹਾਲਾਤ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੋਵੇਂ ਮੁਲਕਾਂ ਵਿੱਚ ਬੈਠੇ ਨਫਰਤ ਦੇ ਵਪਾਰੀਆਂ ਦੀਆਂ ਸਾਰੀਆਂ ਚਾਲਾਂ ਅਤੇ ਪ੍ਰਾਪੇਗੈਂਡੇ ਧਰੇ-ਧਰਾਏ ਰਹਿ ਗਏ ਹਨ।

1999 ਤੋਂ ਲੈ ਕੇ 2015 ਤੱਕ ਇੰਡੀਆ ਦੇ ਵੱਖ-ਵੱਖ ਵਜ਼ੀਰੇ ਆਜ਼ਮਾਂ – ਅਟਲ ਬਿਹਾਰੀ ਵਾਜਪੇਈ, ਡਾ. ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਵੱਲੋਂ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ, ਸਦਰ ਪ੍ਰਵੇਜ਼ ਮੁਸ਼ੱਰਫ ਤੇ ਆਸਿਫ ਅਲੀ ਜ਼ਰਦਾਰੀ ਵੱਲੋਂ ਵੱਖ-ਵੱਖ ਮੌਕਿਆਂ ਉੱਤੇ ਦੁਵੱਲੇ ਸੰਬੰਧ ਸੁਧਾਰਨ ਦੀ ਪਹਿਲ ਕਦਮੀ ਕੀਤੀ ਗਈ ਸੀ। ਅਮਰੀਕਾ ਦੇ ਜਾਰਜ ਬੁਸ਼ ਤੇ ਬਰਾਕ ਓਬਾਮਾ ਪ੍ਰਸ਼ਾਸਨ ਵੱਲੋਂ ਵੀ ਪਾਕਿਸਤਾਨ-ਇੰਡੀਆ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਪਰ ਦੋਹਾਂ ਮੁਲਕਾਂ ਦੀਆਂ ਫੌਜਾਂ, ਖੂਫੀਆਂ ਏਜੰਸੀਆਂ ਅਤੇ ਇੰਡੀਆ ਦੀਆਂ ਸਿਆਸੀ ਧਿਰਾਂ ਦੀਆਂ ਕੁਚਾਲਾਂ ਕਾਰਨ ਦੋਵੇਂ ਮੁਲਕਾਂ ਦੇ ਰਿਸ਼ਤੇ ਹੋਰ ਕੁੜੱਤਣ ਭਰੇ ਹੀ ਹੁੰਦੇ ਗਏ।

ਦੁਨਿਆਵੀ ਨੁਕਤਾ ਨਜ਼ਰ ਤੋਂ ਵੇਖਦਿਆਂ ਇਸ ਲਾਂਘੇ ਨੂੰ ਖੋਲ੍ਹਣ ਦਾ ਮਹੱਤਵ ਦੱਸਦੇ ਹੋਏ ਚੌਧਰੀ ਫਵਾਦ ਹੁਸੈਨ ਨੇ 22 ਸਤੰਬਰ ਨੂੰ ਇਕ ਮੁਲਾਕਾਤ ਵਿੱਚ ਕਿਹਾ ਹੈ ਕਿ ‘ਜੇਕਰ ਪਾਕਿਸਤਾਨ-ਇੰਡੀਆ ਰਿਸ਼ਤੇ ਸੁਧਰ ਜਾਣ ਤਾਂ ਪਾਕਿਸਤਾਨ ਦੀ ਭਗੌਲਿਕ ਸਥਿਤੀ ਇਸ ਪ੍ਰਕਾਰ ਹੈ ਕਿ ਇਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮੰਡੀਆਂ- ਚੀਨ ਅਤੇ ਭਾਰਤ ਦੇ ਦਰਮਿਆਨ ਆਉਂਦਾ ਹੈ। ਚੀਨ-ਪਾਕਿ ਆਰਥਿਕ ਲਾਂਘੇ ਦਾ ਪੂਰਾ-ਪੂਰਾ ਫਾਇਦਾ ਚੁੱਕਣ ਲਈ ਸਾਨੂੰ ਇੰਡੀਆ ਨਾਲ ਸਬੰਧ ਸੁਖਾਵੇਂ ਕਰਨੇ ਹੀ ਪੈਣੇ ਹਨ’।

ਜਿੱਥੇ ਪਾਕਿਸਤਾਨ ਨੇ ਚੀਨ ਦੇ ਪ੍ਰਭਾਵ ਹੇਠ ਅਤੇ ਆਪਣੇ ਬੇਅੰਤ ਆਰਥਕ ਲਾਹੇ ਦੇ ਮੱਦੇਨਜ਼ਰ ਇੰਡੀਆ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਇਹ ਲਾਂਘਾ ਖੋਲ੍ਹਣ ਦੀ ਤਜਵੀਜ਼ ਮੰਨੀ ਹੈ ਓਥੇ ਇੰਡੀਆ ਦੀ ਸਿਆਸੀ ਜਮਾਤ ਨੂੰ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਅਤੇ ਜਗਤ ਹੇਠੀ ਦੇ ਡਰ ਕਾਰਨ ਇਹ ਕੌੜਾ ਘੁੱਟ ਭਰਨਾ ਪਿਆ ਹੈ। ਇੰਡੀਆ ਦਾ ਭਵਿੱਖ ਤਹਿ ਕਰਨ ਵਾਲੀਆਂ ਇਤਿਹਾਸਕ ਲੋਕਸਭਾ ਚੋਣਾਂ ਸਿਰ ਉੱਤੇ ਹਨ। ਇੱਕ-ਇੱਕ ਸੀਟ ਲਈ ਬੜੀ ਵ੍ਹੀਟਵੀਂ ਲੜਾਈ ਲੜੀ ਜਾਣੀ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉੱਤਰੀ ਇੰਡੀਆ ਦੀਆਂ ਲੱਗਭੱਗ 40-45 ਸੀਟਾਂ ਦਾ ਫੈਸਲਾ ਕਰਦੀਆਂ ਹਨ। ਇਸ ਕਰਕੇ ਇਸ ਮੌਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਰਾਜ਼ ਕਰਨ ਦਾ ਮੁੱਲ ਬਹੁਤ ਮਹਿੰਗਾ ਪੈ ਸਕਦਾ ਹੈ।

ਪੱਛਮੀ ਮੁਲਕਾਂ ਅਤੇ ਅਮਰੀਕਾ ਦੇ ਆਵਾਮ ਦੇ ਦਬਾਅ ਕਾਰਨ ਓਥੋਂ ਦੀ ਸਿਆਸੀ ਜਮਾਤ ਨੂੰ ਵੀ ਹੁਣ ਇਸ ਖਿੱਤੇ ਵਿੱਚ ਸ਼ਾਂਤੀ ਤੇ ਆਪਸੀ ਸਹਿਯੋਗ ਦੇ ਹਾਲਾਤ ਪੈਦਾ ਕਰਨ ਦੀ ਨੀਤੀ ਤੇ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਇੰਡੀਆ ਤੇ ਪਾਕਿਸਤਾਨ ਵਿੱਚ ਸਬੰਧ ਸੁਧਰਨ ਵਿੱਚ ਇਹਨਾਂ ਦੀ ਵੀ ਰੁਚੀ ਹੈ।

ਇਸ ਵੇਲੇ ਰੂਸ ਵੀ ਫੌਜੀ ਤੌਰ ਤੇ ਅਮਰੀਕਾ ਸਾਹਮਣੇ ਖੜ੍ਹਨ ਲਈ ਏਸ਼ੀਆ ਬਲਾਕ ਬਣਾਉਣ ਲਈ ਯਤਨਸ਼ੀਲ ਹੈ ਇਸ ਲਈ ਰੂਸ ਪਾਕਿਸਤਾਨ ਤੇ ਇੰਡੀਆ ਨੂੰ ਅਮਰੀਕਾ ਦੇ ਖੇਮੇਂ ਵਿਚੋਂ ਕੱਢ ਕੇ ਆਪਣੇ ਖੇਮੇਂ ਵਿੱਚ ਜਾਂ ਘੱਟੋ-ਘੱਟ ਨਿਰਪੱਖ ਖੇਮੇਂ ਵਿੱਚ ਲਿਆਉਣ ਦਾ ਇੱਛੁਕ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਇਹਨਾਂ ਦੋਹਾਂ ਗਵਾਂਢੀਆਂ ਦੇ ਸਬੰਧ ਸੁਖਾਵੇਂ ਹੋਣ।

ਚੀਨ ਨੂੰ ਪਾਕਿਸਤਾਨ-ਇੰਡੀਆ ਦੀ ਦੋਸਤੀ ਅਤੇ ਆਪਸੀ ਸਹਿਯੋਗ ਦੀ ਲੋੜ ਇਸ ਕਾਰਨ ਹੈ ਕਿ ‘ਇਕ ਇਲਾਕਾ ਇਕ ਸੜਕ’ ਨੀਤੀ ਤਹਿਤ ਚੀਨ ਵੱਲੋਂ ਬਣਾਇਆ ਜਾ ਰਿਹਾ ‘ਚੀਨ-ਪਾਕਿ ਆਰਥਕ ਲਾਂਘਾ’ ਤਾਂ ਹੀ ਪੂਰਾ ਲਾਹੇਵੰਦ ਸਿੱਧ ਹੋ ਸਕਦਾ ਹੈ ਜੇ ਇਸ ਮਨਸੂਬੇ ਤਹਿਤ ਪਾਕਿਸਤਾਨ ਰਾਹੀਂ ਅਰਬ-ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਵਪਾਰ ਹੋਵੇ। ਤੇ ਅਰਬ-ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਵਪਾਰ ਦਾ ਪੂਰਾ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਇੰਡੀਆ ਇਸ ਵਪਾਰਕ ਮਨਸੂਬੇ ਵਿੱਚ ਸ਼ਾਮਲ ਹੋਵੇ।

ਜ਼ਿਕਰਯੋਗ ਹੈ ਕਿ 1947 ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਏਸ਼ੀਆ ਦੀ ਸਭ ਤੋਂ ਵੱਡੀ ਖੁਸ਼ਕ ਬੰਦਰਗਾਹ ਸੀ। ਇਥੋਂ ਅਰਬ ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨੂੰ ਜ਼ਮੀਨੀ ਰਸਤੇ ਵਪਾਰ ਹੁੰਦਾ ਸੀ। ਪਰ ’47 ਦੀ ਵੰਡ ਤੋਂ ਬਾਅਦ ਇਤਿਹਾਸਕ ਵਪਾਰਕ ਸ਼ਾਹ ਰਾਹ ਦਾ ਕੇਂਦਰ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ  ਇਕਦੰਮ ਬੰਦ ਗਲੀ ਵਿਚ ਤਬਦੀਲ ਹੋ ਗਿਆ।

ਅਮਰੀਕਾ ਚੀਨ ਵਪਾਰ ਯੁੱਧ ਵਿੱਚ ਅਮਰੀਕਾ ਨੂੰ ਪਛਾੜਨ ਲਈ ਚੀਨ ਦਾ ਇਕ ਅਹਿਮ ਦਾਅ ਸਮੁੰਦਰੀ ਆਵਾਜਾਈ ਤੋਂ ਨਿਰਭਰਤਾ ਖਤਮ ਕਰਕੇ ਜਮੀਨੀ ਆਵਾਜਾਈ ਦੇ ਬਦਲ ਲੱਭਣਾ ਹੈ। ਚੀਨ ਨੂੰ ਸ਼ਾਇਦ ਇਹ ਗੱਲ ਭਲੀ-ਭਾਂਤ  ਸਮਝ ਆ ਗਈ ਹੈ ਕਿ ਇੰਡੀਆ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀ ਕੁੰਜੀ ਪੰਜਾਬ ਵਿੱਚ ਹੈ। ਕਰਤਾਰਪੁਰ ਸਾਹਿਬ ਲਾਂਘਾ ਦੁਨੀਆ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ ਵਾਲੀਆਂ ਕੜੀਆਂ ਵਿਚੋਂ ਪਹਿਲੀ ਅਹਿਮ ਕੜੀ ਹੈ। ਹੋ ਸਕਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਘਰ ਨੂੰ ਖੁੱਲ੍ਹਣ ਵਾਲਾ ਲਾਂਘਾ ਭਵਿੱਖ ਵਿੱਚ ਇਸ ਖਿੱਤੇ ਦੇ ਕਰੋੜਾਂ ਲੋਕਾਂ ਦੇ ਘਰ ਨੂੰ ਖੁਸ਼ਹਾਲੀ ਦਾ ਰਸਤਾ ਖੋਲ੍ਹਣ ਦਾ ਸਵੱਬ ਬਣੇ।

ਸੰਭਾਵੀ ਖਦਸ਼ੇ:

ਭਾਵੇਂ ਕਿ ਇੰਡੀਆ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਬਤ ਅਮਲੀ ਕਾਰਵਾਈ ਵਿੱਢਣ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਮੌਜੂਦਾ ਹਾਲਾਤ ਵਿੱਚ ਕੁਝ ਸੰਸੇ ਤੇ ਤੌਖਲੇ ਅਜੇ ਵੀ ਬਰਕਰਾਰ ਹਨ। ਇੰਡੀਆ ਦੀਆਂ ਏਜੰਸੀਆਂ, ਅਫਸਰਸ਼ਾਹੀ  ਦੇ ਹਿੱਸੇ, ਸਿਆਸੀ ਜਮਾਤਾਂ ਵਿਚਲੇ ਕੁਝ ਆਗੂ ਤੱਕ, ਇੰਡੀਆ ਤੇ ਪਾਕਿਸਤਾਨ ਵਿਚਲੇ ‘ਨੌਨ ਸਟੇਟ ਐਕਟਰ’ ਆਪਣੇ ਮੁਫਾਦਾਂ ਕਰਕੇ ਜਾਂ ਸਿੱਖਾਂ ਪ੍ਰਤਿ ਨਫਰਤ ਕਾਰਨ ਅਜਿਹੀਆਂ ਘਟਨਾਵਾਂ ਕਰਵਾ ਸਕਦੇ ਹਨ ਜਿਸ ਨਾਲ ਇਸ ਲਾਂਘੇ ਦੇ ਚੱਲਣ ਵਿੱਚ ਅੜਚਣਾ ਖੜ੍ਹੀਆ ਹੋਣ।

ਇਕ ਹੋਰ ਵਿਹਾਰਕ ਅੜਚਣ ਇਹ ਹੈ ਕਿ ਪਹਿਲਾਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ 1974 ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਲਈ ‘ਪ੍ਰੋਟੋਕੌਲ’ ਤਹਿਤ ਵੀਜ਼ਾ ਲੈ ਕੇ ਜਾਂਦੇ ਹਨ। ਸਿੱਖ ਸ਼ਰਧਾਲੂਆਂ ਨੂੰ ਬਿਨਾ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਜਾਣ ਦੀ ਸਹੂਲਤ ਦੇਣ ਲਈ ਇੰਡੀਆ ਤੇ ਪਾਕਿਸਤਾਨ ਨੂੰ ਆਪਸ ਵਿੱਚ ਕੋਈ ਨਵਾਂ ਸਮਝੌਤਾ ਕਰਨਾ ਪੈਣਾ ਹੈ। ਇਸ ਤੋਂ ਪਹਿਲਾਂ ਕਸ਼ਮੀਰ ਦੇ ਲੋਕਾਂ ਲਈ ਬਿਨਾ ਵੀਜ਼ੇ ਤੋਂ  ‘ਕਬਜ਼ੇ ਵਾਲੀ ਲੀਕ’ (ਲਾਈਨ ਆਫ ਕੰਟਰੋਲ) ਤੋਂ ਆਰ-ਪਾਰ ਜਾਣ ਲਈ ਇੰਡੀਆ ਤੇ ਪਾਕਿਸਤਾਨ ਦੇ ਸਮਝੌਤਾ ਕੀਤਾ ਸੀ ਜਿਸ ਤਹਿਤ ਦਿੱਤੇ ਜਾਣ ਵਾਲੇ ‘ਪਰਮਟ’ ਦੀਆਂ ਸ਼ਰਤਾਂ ਹੀ ਇੰਨੀਆਂ ਅੜਚਣ ਪੂਰਨ ਸਨ ਕਿ ਉਹ ਸਾਰਾ ਪ੍ਰਬੰਧ ਹੀ ਠੱਪ ਹੋ ਕੇ ਰਹਿ ਗਿਆ। ਸੋ ਹਾਲੀ ਭਾਵੇਂ ਵੀ ਕਾਫੀ ਕੁਝ ਵੇਖਣ ਵਾਲਾ ਹੈ ਪਰ ਦੂਜੇ ਬੰਨੇ ਪਹਿਲਾਂ ਬਿਆਨੇ ਹਾਲਾਤ ਨੂੰ ਵੇਖਿਆਂ ਇਹ ਵੀ ਲੱਗਦਾ ਹੈ ਕਿ ਸੱਚੇ ਪਾਤਿਸ਼ਾਹ ਆਪਣੇ ਦਰ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦਾ ਇਸ ਵਾਰ ਜੋ ਢੋਅ ਢੁਕਾਅ ਰਿਹਾ ਹੈ ਉਹ ਜਰੂਰ ਨੇਪਰੇ ਚੜ੍ਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,