ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਫਿਲਮ ਖਿਲਾਫ ਮੋਰਚੇ ਮਗਰੋਂ ਸਿੱਖ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਖੋਲਿਆ ਮੋਰਚਾ, 24 ਨੂੰ ਅੰਮ੍ਰਿਤਸਰ ਸੱਦਿਆ ਇਕੱਠ

April 17, 2018 | By

ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖਾਲਸਾ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਸਿੱਖੀ ਸਿਧਾਂਤ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿਰੁੱਧ ਬਣੀ ਨਾਨਕ ਸ਼ਾਹ ਫਕੀਰ ਫਿਲਮ ਨੂੰ ਪ੍ਰਵਾਨਗੀਆਂ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੇ ਮੈਬਰ ਆਪਣੇ ਅਹੁਦਿਆਂ ‘ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਅਤੇ ਉਹਨਾਂ ਨੂੰ ਅਸਤੀਫੇ ਦੇਕੇ ਆਪ ਲਾਂਭੇ ਹੋ ਜਾਣਾ ਚਾਹੀਦਾ ਹੈ। ਨੌਜਵਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹ 24 ਅਪਰੈਲ ਨੂੰ ਅੰਮ੍ਰਿਤਸਰ ਵਿਖੇ ਨੌਜਵਾਨਾਂ ਦਾ ਇੱਕ ਇਕੱਠ ਸੱਦਿਆ ਜਾਵੇਗਾ ਜਿਸ ਵਿੱਚ ਵਿਵਾਦਿਤ ਫਿਲਮ ਦੇ ਬਨਣ ਤੋਂ ਲੈਕੇ ਇਸ ਦੀ ਰਿਲੀਜ਼ ਹੋਣ ਤੱਕ ਸਾਰੀ ਸਥਿਤੀ ਵਿਚਾਰੀ ਜਾਵੇਗੀ ਅਤੇ ਹਰ ਛੋਟੇ-ਵੱਡੇ ਵਿਅਕਤੀ ਵਲੋਂ ਨਿਭਾਈ ਭੂਮਿਕਾ ਦਾ ਖੁਲਾਸਾ ਕੀਤਾ ਜਾਵੇਗਾ। ਜਥੇਬੰਦੀਆਂ ਨੇ ਕਿਹਾ ਕਿ ਸਮਾਗਮ ਉਪਰੰਤ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਜਥੇਬੰਦੀਆਂ ਦਾ ਮੰਨਣਾ ਹੈ ਕਿ ਜਿਸ ਅਕਾਲੀ ਹਾਈਕਮਾਨ ਨੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿਵਾਉਣ ਵਿੱਚ ਭੁਮਿਕਾ ਨਿਭਾਈ ਸੀ, ਉਹਨਾਂ ਹੀ ਸਬ-ਕਮੇਟੀ ਰਾਂਹੀ ਫਿਲ਼ਮ ਨੂੰ ਹਰੀ-ਝੰਡੀ ਦਿਵਾਉਣ ਵਿੱਚ ਰੋਲ ਨਿਭਾਇਆ ਹੈ।

ਸਿੱਖ ਯੂਥ ਆਫ ਪੰਜਾਬ ਦੇ ਦਫਤਰ ਵਿਖੇ ਮੀਟਿੰਗ ਕਰਦੇ ਹੋਏ ਸਿੱਖ ਨੌਜਵਾਨ ਆਗੂ

ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਖਿਲਾਫ ਇੱਕਠੀਆਂ ਹੋਈਆਂ ਨੌਜਵਾਨ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਵਿਚ ਇਕੱਤਰਤਾ ਕਰਕੇ ਸਿੱਖ ਸਿਧਾਂਤਾਂ ਖਿਲਾਫ ਹੋ ਰਹੀਆਂ ਸਾਜਿਸ਼ਾਂ ਨੂੰ ਰੋਕਣ ਲਈ ਭਵਿੱਖ ਵਿਚ ਇਕਮੁੱਠਤਾ ਨਾਲ ਕੰਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਫਿਲਮ ਦੀ ਸਾਜਿਸ਼ ਲਈ ਨਿਰਮਾਤਾ ਹਰਿੰਦਰ ਸਿੱਕਾ ਅਤੇ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਬਰਾਬਰ ਦੀ ਦੋਸ਼ੀ ਹੈ।

ਅੱਜ ਦੀ ਮੀਟਿੰਗ ਵਿੱਚ ਤਿੰਨਾਂ ਜਥੇਬੰਦੀਆਂ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਮੰਡ, ਸੁਖਰਾਜ ਸਿੰਘ, ਪਰਮਜੀਤ ਸਿੰਘ ਅਕਾਲੀ, ਜਥੇ:ਦਿਲਬਾਗ ਸਿੰਘ, ਬਲਵੰਤ ਸਿੰਘ ਗੋਪਾਲਾ, ਰਣਜੀਤ ਸਿੰਘ ਦਮਦਮੀ ਟਕਸਾਲ, ਗੁਰਨਾਮ ਸਿੰਘ ਸ਼ਾਮਿਲ ਸਨ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਅਫਸੋਸ ਜਿਤਾਉਦਿਆਂ ਕਿਹਾ ਕਿ ਸਮੁੱਚੇ ਸਿੱਖ ਜਗਤ ਵਲੋਂ ਸਿੱਖ ਸਿਧਾਂਤ ਵਿਰੋਧੀ ਇਸ ਫਿਲਮ ਨੂੰ ਰੱਦ ਕਰਨ ਦੇ ਬਾਵਜੂਦ ਸਿੱਖ ਭਾਵਾਨਾਂਵਾਂ ਨੂੰ ਦਰਕਿਨਾਰ ਕਰਦਿਆਂ ਭਾਰਤੀ ਨਿਆਪਾਲਿਕਾ ਨੇ ਇਸ ਫਿਲਮ ‘ਤੇ ਰੋਕ ਲਾਉਣ ਦੀ ਬਜਾਏ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰਾਂ ਦਾ ਕਿਰਦਾਰ ਫਿਲਮਾਉਣਾ ਸਿੱਖ ਸਿਧਾਂਤਾਂ ਅਨੁਸਾਰ ਸ਼ਖਤੀ ਨਾਲ ਵਿਵਰਜਿਤ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਅਕਾਲ ਤਖਤ ਸਾਹਿਬ ਦਾ 2003 ਦਾ ਹੁਕਮਨਾਮਾ ਵੀ ਸਪਸ਼ਟ ਹੈ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੇ ਫਿਲਮ ਨੂੰ ਪ੍ਰਵਾਨਗੀ ਦੇਕੇ ਪੰਥ ਨਾਲ ਖਿਲਵਾੜ ਕੀਤਾ ਹੈ।

ਸਿੱਖ ਨੌਜਵਾਨਾਂ ਨੇ ਭਾਰਤ ਦੇ ਉਨ੍ਹਾਂ ਸਾਰੇ ਸਿਨੇਮਾ ਮਾਲਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਹਨਾਂ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਪਰਦਿਆਂ ‘ਤੇ ਨਹੀਂ ਦਿਖਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,