ਸਿੱਖ ਖਬਰਾਂ

ਕਸ਼ਮੀਰ ਵਿੱਚ ਆਏ ਹੜਾਂ ਦੀ ਮਾਰ ਤੋਂ ਤਾਂ ਉੱਭਰ ਚੁੱਕੇ ਹਨ ਚਿੱਠੀਸਿੰਘਪੁਰਾ ਦੇ ਸਿੱਖ, ਪਰ 2000 ਦੇ ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ

October 13, 2014 | By

ਚਿੱਠੀ ਸਿੰਘਪੁਰਾ, ਜੰਮੂ ਕਸ਼ਮੀਰ (12 ਅਕਤੂਬਰ,2014): ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਤਾਂ ਭਾਂਵੇ ਚਿੱਠੀਸਿੰਘਪੁਰਾ ਦੇ ਸਿੱਖ ਪਰਿਵਾਰ ਉੱਭਰ ਚੁੱਕੇ ਹਨ, ਪਰ 14 ਸਾਲ ਪਹਿਲਾਂ ਉੱਥੇ ਵਾਪਰੇ ਦੁਖਾਂਤ ਕਾਰਨ ਲੋਕਾਂ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ । ਜਦੋਂ 20 ਮਾਰਚ 2000 ਨੂੰ ਇਥੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ  ਹਿੰਦੀ ਬੋਲ ਰਹੇ ਸਨ।

ਚਿੱਠੀ ਸਿੰਘਪੁਰਾ ਅਨੰਤਨਾਗ ਜ਼ਿਲ੍ਹੇ ਦਾ ਪਿੰਡ ਹੈ । ਇਸ ਜ਼ਿਲ੍ਹੇ ਵਿੱਚ ਵੀ ਹੜ੍ਹ ਨੇ ਮਾਰ ਮਾਰੀ ਹੈ, ਪਰ ਇਹ ਪਿੰਡ ਉਚਾਈ ‘ਤੇ ਹੋਣ ਕਾਰਨ ਹੜ੍ਹ ਦੀ ਜ਼ਿਆਦਾ ਤਬਾਹੀ ਤੋਂ ਬਚ ਗਿਆ ਹੈ। ਇਥੋਂ ਦੇ ਲੋਕ ਹੜ੍ਹ-ਪੀੜਤਾਂ ਦੀ ਮਦਦ ਲਈ ਵੀ ਗਏ, ਪਰ ਉਨ੍ਹਾਂ ਅੰਦਰਲੀ ਕਸਕ ਅਜੇ ਵੀ ਜਾਣ ਦਾ ਨਾਂਅ ਨਹੀਂ ਲੈ ਰਹੀ।

ਚਿੱਠੀਸਿੰਘਪੁਰਾ ਵਿੱਚ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਸਿੱਖਾਂ ਦੀਆਂ ਲਾਸ਼ਾਂ ਕੋਲ ਰੋਦੇ ਕੁਰਲਾਉਦੇ ਰਿਸ਼ਤੇਦਾਰ

ਚਿੱਠੀਸਿੰਘਪੁਰਾ ਵਿੱਚ ਸੰਨ 2000 ਵਿੱਚ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਸਿੱਖਾਂ ਦੀਆਂ ਲਾਸ਼ਾਂ ਕੋਲ ਰੋਦੇ ਕੁਰਲਾਉਦੇ ਰਿਸ਼ਤੇਦਾਰ

 

20 ਮਾਰਚ 2000 ਦੀ ਭਿਆਨਕ ਰਾਤ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕ☬ਲੰਟਨ ਭਾਰਤ ਆਏ ਹੋਏ ਸਨ। ਉਨ੍ਹਾਂ ਦੀ ਆਮਦ ‘ਤੇ ਇਹ ਦੁਖਦਾਈ ਘਟਨਾ ਵਾਪਰੀ ਸੀ। ਇਹ ਘਟਨਾ ਦੀ ਜਾਂਚ ਅੱਜ ਵੀ ਭੰਬਲਭੂਸੇ ਵਿੱਚ ਹੀ ਫਸੀ ਹੋਈ ਹੈ।

ਪੀੜਤ ਪਰਿਵਾਰਾਂ ਵਿੱਚ ਸ਼ਾਮਲ ਜਗਜੀਤ ਸਿੰਘ (45) ਨੇ ਦੱਸਿਆ ਕਿ ਉਸ ਰਾਤ ਉਹ ਆਪਣੀ ਭੈਣ ਕੋਲ ਗਿਆ ਹੋਇਆ ਸੀ ਜਦੋਂਕਿ ਉਸ ਦੇ ਦੋ ਵੱਡੇ ਭਰਾ ਡਿਊਟੀ ‘ਤੇ ਗਏ ਸਨ। ਘਰ ਵਿੱਚ ਇਕੱਲੇ ਉਸ ਦੇ ਪਿਤਾ ਨਸੀਬ ਸਿੰਘ ਤੇ ਮਾਤਾ ਸੀ। ਨਸੀਬ ਸਿੰਘ ਉਸ ਵੇਲੇ ਪਿੰਡ ਚਿੱਠੀ ਸਿੰਘਪੁਰਾ ਦੇ ਨੰਬਰਦਾਰ ਸਨ।

ਗੁਰਦੁਆਰਾ ਚਿੱਠੀ ਸਿੰਘਪੁਰਾ ਦੇ ਬਾਹਰ ਖੜ੍ਹਾ ਪੀੜਤ ਜਗਜੀਤ ਸਿੰਘ

ਗੁਰਦੁਆਰਾ ਚਿੱਠੀ ਸਿੰਘਪੁਰਾ ਦੇ ਬਾਹਰ ਖੜ੍ਹਾ ਪੀੜਤ ਜਗਜੀਤ ਸਿੰਘ

ਭਰੀਆਂ ਅੱਖਾਂ ਨਾਲ ਉਸ ਨੇ ਦੱਸਿਆ ਕਿ ਰਾਤ ਦੇ ਹਨ੍ਹੇਰੇ ਵਿੱਚ ਫੌਜੀਆਂ ਦੀ ਵਰਦੀ ਪਾਈ ਕੁਝ ਅਣਪਛਾਤੇ ਵਿਅਕਤੀ ਪਿੰਡ ਵਿੱਚ ਆਏ ਅਤੇ ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਘਰਾਂ ਵਿੱਚੋਂ ਸਾਰੇ ਮਰਦਾਂ ਨੂੰ ਬਾਹਰ ਕੱਢ ਲਿਆ। ਸਾਰਿਆਂ ਨੂੰ ਗੁਰਦੁਆਰੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰਕੇ ਗੋਲੀਆਂ ਦੀ ਵਾਛੜ ਕਰ ਦਿੱਤੀ।

ਇਸ ਘਟਨਾ ਵਿੱਚ ਉਸ ਦੇ ਪਿਤਾ ਤੋਂ ਇਲਾਵਾ ਇਕ ਚਾਚਾ ਦੀਦਾਰ ਸਿੰਘ ਅਤੇ ਦੋ ਮਾਮੇ ਮਾਰੇ ਗਏ। ਚਾਚਾ ਦੀਦਾਰ ਸਿੰਘ ਖੁਫੀਆ ਏਜੰਸੀ ਵਿੱਚ ਕਰਮਚਾਰੀ ਸੀ ਅਤੇ ਉਸ ਦਿਨ ਛੁੱਟੀ ‘ਤੇ ਆਇਆ ਹੋਇਆ ਸੀ। ਬਾਕੀ ਲੋਕ ਵੀ ਆਪਸ ਵਿਚ ਰਿਸ਼ਤੇਦਾਰੀ ਵਾਲੇ ਹੀ ਹਨ। ਇਸ ਘਟਨਾ ਨੇ ਉਸ ਵੇਲੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਲੋਕਾਂ ਨੇ ਪਿੰਡ ਛੱਡਣ ਦਾ ਮਨ ਬਣਾ ਲਿਆ ਸੀ। ਪਰ ਕੁਝ ਹੋਰ ਲੋਕਾਂ ਵੱਲੋਂ ਦਿੱਤੇ ਹੌਂਸਲੇ ਕਾਰਨ ਅੱਜ ਇਹ ਸਾਰੇ ਪੀੜਤ ਲੋਕ ਪਿੰਡ ਵਿਚ ਹੀ ਮੁੜ ਸਥਾਪਤ ਹੋ ਚੁੱਕੇ ਹਨ।

ਗੁਰਦੁਆਰੇ ਦੇ ਬਾਹਰ ਜਿਸ ਜਗ੍ਹਾ ਇਨ੍ਹਾਂ ਬੇਦੋਸ਼ੇ ਵਿਅਕਤੀਆਂ ਨੂੰ ਖੜ੍ਹੇ ਕਰਕੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ ਸੀ, ਗੁਰਦੁਆਰੇ ਵੱਲੋਂ ਉਸ ਕੰਧ ਨੂੰ ਯਾਦਗਾਰ ਵਜੋਂ ਸੰਭਾਲਿਆ ਗਿਆ ਹੈ, ਇਸ ਵਿੱਚ ਗੋਲੀਆਂ ਦੇ ਨਿਸ਼ਾਨ ਘੇਰਾ ਲਾ ਕੇ ਦਰਸਾਏ ਗਏ ਹਨ। ਇਸ ਕੰਧ ਅੱਗੇ ਜਾਲੀ ਲਾਈ ਹੋਈ ਹੈ ਅਤੇ ਗੁਰਦੁਆਰੇ ਦੇ ਅੰਦਰਲੇ ਸਥਾਨ ‘ਤੇ 35 ਵਿਅਕਤੀਆਂ ਦਾ ਸਸਕਾਰ ਕੀਤਾ ਸੀ, ਉਥੇ ਇਕ ਵੱਡਾ ਥੜ੍ਹਾ ਬਣਾ ਦਿੱਤਾ ਗਿਆ ਹੈ।

ਗੁਰਦੁਆਰੇ ਵਿੱਚ ਬੱਚਿਆਂ ਨੂੰ ਗੁਰਮਤਿ ਵਿਦਿਆ ਦੇਣ ਵਾਲੇ ਗਿਆਨੀ ਰਜਿੰਦਰ ਸਿੰਘ ਵੀ ਉਸ ਘਟਨਾ ਦੇ ਗਵਾਹ ਹਨ। ਉਨ੍ਹਾਂ ਦੱਸਿਆ ਕਿ ਘਟਨਾ ਮਗਰੋਂ ਉਨ੍ਹਾਂ ਨੇ ਲੋਕਾਂ ਨੂੰ ਹੌਂਸਲਾ ਦਿੱਤਾ ਅਤੇ ਮੁੜ ਸਥਾਪਤੀ ਲਈ ਉਪਰਾਲੇ ਕੀਤੇ ਹਨ। ਇਸ ਦੇ ਸਿੱਟੇ ਵਜੋਂ ਅੱਜ ਇਹ ਪਿੰਡ ਮੁੜ ਚੜ੍ਹਦੀ ਕਲਾ ਵਿੱਚ ਹੈ। ਇਸ ਵੇਲੇ ਪਿੰਡ ਵਿੱਚ ਸਿੱਖਾਂ ਦੇ 300 ਪਰਿਵਾਰ ਹਨ।

ਸਿੱਖਾਂ ਦੇ ਹੋਰ ਕੇਸਾਂ ਵਾਂਗ ਇਸ ਕੇਸ ਵਿੱਚ ਵੀ 14 ਸਾਲ ਬੀਤ ਜਾਣ ਤੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਭਾਰਤ ਦੀ ਸਿਰਮੌਰ ਜਾਂਚ ਏਜ਼ੰਸੀ ਸੀਬੀਆਈ ਇਹ ਨਿਰਧਾਰਤ ਨਹੀਂ ਕਰ ਸਕੀ ਇਸ ਅਣਮਨੁੱਖੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਕੌਣ ਸਨ?

20 ਮਾਰਚ ਨੂੰ ਚਿੱਠੀਸਿੰਘਪੁਰਾ ਵਿੱਚ 35 ਸਿੱਖਾਂ ਨੂੰ ਮਾਰਨ ਵਾਲੀ ਫੌਜ ਦੀ ਯੂਨਿਟ ਨੇ ਹੀ 25 ਮਾਰਚ 2000 ਨੂੰ ਆਰਮੀ ਨੇ ਉਸੇ ਹੀ ਜ਼ਿਲੇ ਦੇ ਪਿੰਡ ਪਥਰੀਬਲ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ 36 ਸਿੱਖਾਂ ਨੂੰ ਮਾਰਨ ਵਾਲੇ ਵਿਦੇਸ਼ੀ ਖਾੜਕੂ ਸਨ।ਪੁਲਿਸ ਨੇ ਆਰਮੀ ਦੇ ਨਾਲ ਇਸ ਨੂੰ ਸਾਝੀ ਕਾਰਵਾਈ ਕਹਿੰਦਿਆਂ ਫੌਜ ਦੇ ਬਿਆਨ ਦੀ ਪ੍ਰੌੜਤਾ ਕੀਤੀ ਸੀ।

ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵੱਲੋਂ ਮਾਰੇ ਗਏ 5 ਬੰਦੇ ਕੋਈ ਵਿਦੇਸ਼ੀ ਖਾੜਕੂ ਨਹੀ ਸਗੋਂ ਫੌਜ ,ਪੁਲਿਸ ਅਤੇ ਸਰਕਾਰੀ ਬੰਦੂਕਧਾਰੀਆਂ ਵੱਲੋਂ ਵੱਖ ਵੱਖ ਥਾਵਾਂ ਤੋਂ ਚੁੱਕ ਕੇ ਮਾਰੇ ਗਏ ਆਮ ਸਥਾਨਿਕ ਕਸ਼ਮੀਰੀ ਸਨ।ਇਸ ਤੋਂ ਬਾਅਦ 7 ਹੋਰ ਲੋਕ ਪਥਰੀਬਮ ਦੇ ਝੂਠੇ ਮੁਕਾਬਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਬਰਾਕਪੁਰਾ ਵਿੱਚ ਪੁਲਿਸ ਅਤੇ ਨੀਮ ਫੌਜੀ ਦਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ।

ਚਿੱਠੀਸਿੰਘਪੁਰਾ ਦੇ ਸਿੱਖ ਕਤਲੇਆਮ ਦੇ ਪੀੜਤਾਂ ਵਾਂਗ ਪਥਰੀਬਲ ਅਤੇ ਬਰਾਕਪੁਰਾ ਵਿੱਚ ਮਾਰੇ ਗਏ ਲੋਕਾਂ ਲਈ ਵੀ ਇਨਸਾਫ਼ ਦੇਣ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ, ਪਰ ਆਖ਼ਰ ਸੱਚ ਸਾਹਮਣੇ ਆ ਹੀ ਗਿਆ ਕਿ ਪੁਲਿਸ ਅਤੇ ਫੌਜ ਇਨ੍ਹਾਂ ਦੌਹਾਂ ਘਟਨਾਵਾਂ ਲਈ ਜਿਮੇਵਾਰ ਸਨ।

ਨਾਨਕ ਸਿੰਘ ਜੋ ਇਸ ਕਤਲੇਆਮ ਵਿੱਚੋਂ ਬਚ ਗਿਆ ਸੀ ਮਾਰੇ ਗਏ ਆਪਣੇ ਪੰਜ ਜੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ

ਨਾਨਕ ਸਿੰਘ ਜੋ ਇਸ ਕਤਲੇਆਮ ਵਿੱਚੋਂ ਬਚ ਗਿਆ ਸੀ ਮਾਰੇ ਗਏ ਆਪਣੇ ਪੰਜ ਜੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ

ਪੀੜਤ ਸਿੱਖ ਪਰਿਵਾਰ ਅੱਜ ਤੱਕ ਕੁਰਲਾਉਂਦੇ ਆਰ ਰਹੇ ਹਨ ਕਿ ਉਨ੍ਹਾਂ ਦੇ ਕੇਸ ਵਿੱਚ ਪਤਾ ਨਹੀਂ ਕਿਹੜੇ ਕਾਰਣਾਂ ਕਰਕੇ ਸੱਚ ਨੂੰ ਲੁਕੋ ਲਿਆ ਹੈ ਅਤੇ ਇਸ ਕੇਸ ਦਾ ਸੱਚ ਸਾਹਮਣੇ ਲਿਆਉਣ ਲਈ ਨਾਹ ਹੀ ਜੰਮੂ ਕਸ਼ਮੀਰ ਦੀ ਸਰਕਾਰ ਅਤੇ ਨਾਹ ਹੀ ਭਾਰਤ ਦੀ ਕੇਂਦਰੀ ਸਰਕਾਰ ਨੇ ਕੋਈ ਜਾਂਚ ਕਰਵਾਈ ਹੈ।

ਪਿੰਡ ਦਾ ਸਰਪੰਚ ਵੀ ਇਕ ਸਿੱਖ ਵਿਅਕਤੀ ਖਜਾਨ ਸਿੰਘ ਹੈ ਜਦੋਂਕਿ ਨੰਬਰਦਾਰ ਵੀ ਸਿੱਖ ਹੈ ਅਤੇ ਉਸ ਦਾ ਨਾਂਅ ਹੈ ਮਸ਼ਹੂਰ ਸਿੰਘ। ਉਨ੍ਹਾਂ ਦੱਸਿਆ ਕਿ ਉਪਰੋਕਤ ਗੋਲੀ ਕਾਂਡ ਵਰਗੀ ਘਟਨਾ ਨਾ ਤਾਂ ਕਦੇ ਪਹਿਲਾਂ ਵਾਪਰੀ ਸੀ ਅਤੇ ਨਾ ਹੀ ਕਦੇ ਮੁੜ ਵਾਪਰੀ ਹੈ। ਘਟਨਾ ਪਿੱਛੇ ਕੀ ਕਾਰਨ ਹਨ ਅਤੇ ਕੌਣ ਲੋਕ ਸਨ, ਇਹ ਮਾਮਲਾ ਅੱਜ ਵੀ ਇਕ ਭੇਦ ਬਣਿਆ ਹੋਇਆ ਹੈ।

ਇਸ ਕਤਲੇਆਮ ਤੋਂ ਪੀੜਤ ਸਿੱਖਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਕਿਉਂ ਸਰਕਾਰ ਇਸ ਖੂਨੀ ਕਾਂਡ ਦੀ ਜਾਂਚ ਕਰਵਾਉਣ ਤੋਂ ਹਿਚਕਚਾ ਰਹੀ ਹੈ।

4 ਫਰਵਰੀ 2003 ਨੂੰ ਗਰੇਟਰ ਕਸ਼ਮੀਰ ਵਿੱਚ ਛਪੀ ਰਿਪੋਰਟ ਵਿੱਚ ਚਿੱਠੀਸਿੰਘਪੁਰਾ ਦੇ ਦਰਸ਼ਨ ਸਿੰਘ ਨੇ ਕਿਹਾ ਸੀ ਕਿ ” ਨਿਆਂ ਦੀ ਛੱਡੋ, ਮੈਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਜੁੰਮੂ ਕਸ਼ਮੀਰ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਸ 36 ਸਿੱਖਾਂ ਦੇ ਭਿਆਨਕ ਅਤੇ ਦਰਦਨਾਕ ਕਤਲੇਆਮ ਦੀ ਜਾਂਚ ਦੇ ਹੁਕਮ ਦੇਣ ਤੋਂ ਕੌਣ ਰੋਕ ਰਿਹਾ ਹੈ।ਉਸਨੇ ਕਿਹਾ ਕਿ ਉਸ ਸਮੇਂ ਦੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫ਼ਾਰੁਕ ਅਬਦੁੱਲਾ ਨੇ ਆਪਣੀ ਬੇਵਸੀ ਜਾਹਰ ਕਰਦਿਆਂ ਕਿਹਾ ਸੀ ਕਿ ਉਸਨੂੰ ਜਾਂਚ ਕਰਵਾਉਣ ਦੇ ਹੁਕਮ ਦੇਣ ਦੀ ਆਗਿਆ ਨਹੀ।ਪਰ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਲੱਗੇ ਕਿ ਇਨ੍ਹਾਂ ਕਤਲਾਂ ਪਿੱਛੇ ਕਿਸ ਦਾ ਹੱਥ ਸੀ।

ਗਰੇਟਰ ਕਸ਼ਮੀਰ ਅਨੁਸਾਰ ਸੀ.ਬੀ.ਆਈ ਨੇ ਆਪਣੇ ਦੋਸ਼ ਪੱਤਰ ਵਿੱਚ ਪਥਰੀਬਲ ਵਿੱਚ ਮਾਰੇ ਗਏ ਪੰਜ ਬੰਦਿਆਂ ਲਈ ਫੌਜ ਨੂੰ ਜਿਮੇਵਾਰ ਠਹਿਰਾਉਦਿਆਂ ਕਿਹਾ ਸੀ ਕਿ ਸਬੰਧਿਤ ਫੌਜੀ ਯੁਨਿਟ 36 ਸਿੱਖਾਂ ਦੇ ਕਤਲ ਤੋਂ ਬਾਅਦ ਬਹੁਤ ਜਿਆਦਾ ਮਾਨਸਿਕ ਤਨਾਅ ਵਿੱਚ ਸੀ।ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਫੋਜੀ ਯੁਨਿਟ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਤਨਾਅ ਵਿੱਚ ਕਿਉਂ ਸੀ?

ਕਮੇਟੀ ਦੇ ਮੈਬਰ ਯਸ਼ਪਾਲ ਸਿੰਘ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਸੱਚ ਸਾਹਮਣੇ ਆਵੇ।ਕਮੇਟੀ ਮੈਬਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਅਜੇ ਵੀ ਡਰ ਵਿੱਚ ਜੀਅ ਰਹੇ ਹਾਂ, ਪਰ ਇਹ ਸਾਡੇ ਮੁਸਲਮਾਨ ਭਰਾਵਾਂ ਕਰਕੇ ਹੀ ਹੈ ਕਿ ਅਜੇ ਤੱਕ ਇੱਕ ਵੀ ਸਿੱਖ ਪਰਿਵਾਰ ਪਿੰਡ ਛੱਡ ਕੇ ਨਹੀਂ ਗਿਆ ਅਤੇ ਨਾਹੀ ਅਸੀ ਅਜਿਹਾਂ ਸੋਚ ਸਕਦੇ ਹਾਂ। ਅਸੀਂ ਜੰਮੇ ਵੀ ਇੱਥੇ ਅਤੇ ਮਰਾਂਗੇ ਵੀ ਇੱਥੇ ਅਤੇ ਮੈਨੂ ਪਤਾ ਹੈ ਕਿ ਇਹ ਕਤਲੇਆਮ ਕਿੰਨ੍ਹਾਂ ਲੋਕਾਂ ਨੇ ਕਰਵਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,