ਸਿੱਖ ਖਬਰਾਂ

ਭਾਗਵਤ ਦੀਆਂ ਸਿੱਖ ਕੌਮ ਵਿਰੁੱਧ ਟਿੱਪਣੀਆਂ ਖਿਲਾਫ, ਦਿੱਲੀ ਦਿਆਂ ਸਿੱਖਾਂ ਨੇ ਆਰ. ਐੱਸ. ਐੱਸ ਦੇ ਦਫਤਰ ਅੱਗੇ ਕੀਤਾ ਰੋਸ ਭਰਪੂਰ ਮੁਜ਼ਾਹਰਾ

September 7, 2014 | By

ਦਿੱਲੀ (6 ਸਤੰਬਰ, 2014): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਦਿੱਲੀ ਦਿਆਂ ਸਿੱਖਾਂ ਅਤੇ ਅਕਾਲੀ ਦਲ ਦੇ ਆਗੂਆ ਤੇ ਵਰਕਰਾਂ ਨੇ ਰਾਸ਼ਟਰੀ ਸੋਇਮ ਸੇਵਕ ਦੇ ਮੁੱਖੀ ਸ੍ਰੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਕਹਿਣ ਦੇ ਰੋਸ ਵਜੋ ਦਿੱਲੀ ਸਥਿਤ ਆਰ.ਐਸ.ਐਸ ਦੇ ਦਫਤਰ ਝੰਡੇ ਵਾਲਾ ਚੌਕ ਵਿਖੇ ਜਬਰਦਸਤ ਰੋਸ਼ ਮੁਜਾਹਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋ ਮੰਗ ਕੀਤੀ ਕਿ ਉਹ ਭਾਗਵਤ ਨੂੰ ਘੱਟ ਗਿਣਤੀਆ ਸਬੰਧੀ ਅਧਾਰਹੀਣ ਟਿੱਪਣੀਆ ਕਰਨ ਤੋ ਰੋਕੇ ਤਾਂ ਕਿ ਦੇਸ ਦੇ ਮਾਹੌਲ ਨੂੰ ਤਨਾਅਪੂਰਨ ਹੋਣ ਤੋ ਰੋਕਿਆ ਜਾਵੇ।

ਸ਼ੋਮਣੀ ਅਕਾਲੀ ਦਲ ਦਿੱਲੀ ਵੱਲੋ ਦਿੱਲੀ ਸਥਿਤ ਆਰ.ਐਸ.ਐਸ ਦੇ ਦਫਤਰ ਦੇ ਬਾਹਰ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਜ਼ੋਰਦਾਰ ਰੋਸ ਮੁਜ਼ਾਹਰੇ ਵਿੱਚ ਜੋਸ਼ ਵਿੱਚ ਆਏ ਵਰਕਰਾਂ ਨੇ ਪੁਲੀਸ ਬੈਰੀਅਰ ਨੂੰ ਤੋੜ ਕੇ ਜਦੋ ਅੱਗੇ ਵੱਧੇ ਤਾਂ ਪੁਲੀਸ ਨੇ ਤਰਸੇਮ ਸਿੰਘ ਖਾਲਸਾ ਤੇ ਭਜਨ ਵਾਲੀਆ ਸਿੰਘ ਸਮੇਤ ਕਈ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਹਨਾਂ ਨੂੰ ਦੇਰ ਸਮਾਂ ਛੱਡ ਦਿੱਤਾ ਗਿਆ।

ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਆਰ. ਐੱਸ. ਐੱਸ ਦੇ ਦਫਤਰ ਅੱਗੇ ਸਿੱਖ ਮੁਜ਼ਾਹਰਾ ਕਰਦੇ ਹੋਏ

ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਆਰ. ਐੱਸ. ਐੱਸ ਦੇ ਦਫਤਰ ਅੱਗੇ ਸਿੱਖ ਮੁਜ਼ਾਹਰਾ ਕਰਦੇ ਹੋਏ

ਸ੍ਰ ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਜਿਸਦੇ ਆਪਣੇ ਵੱਖਰੇ ਅਕੀਦੇ ਤੇ ਰੀਤੀ ਰਿਵਾਜ ਹਨ। ਉਹਨਾਂ ਕਿਹਾ ਕਿ ਸਭਿਆਚਾਰਕ,ਸਮਾਜਿਕ ਤੇ ਰਾਜਸੀ ਅਤੇ ਧਾਰਮਿਕ ਤੌਰ ਤੇ ਵੀ ਦੋਹਾਂ ਕੌਮਾਂ ਦੇ ਵੱਖ ਵੱਖ ਰੀਤੀ ਰਿਵਾਜ ਤੇ ਸੰਕਲਪ ਹਨ।

ਉਹਨਾਂ ਕਿਹਾ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿ ਕੇ ਸਿੱਖ ਗੁਰੂਆ ਦੁਆਰਾ ਸਿਰਜੇ ਗਏ ਸਿੱਖ ਧਰਮ ਦੀ ਤੌਹੀਨ ਕਰਨਾ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਆਪਣੀ ਤੌਹੀਨ ਤਾਂ ਭਾਂਵੇ ਬਰਦਾਸ਼ਤ ਕਰ ਲਵੇ ਪਰ ਆਪਣੇ ਗੁਰੂ ਦੇ ਅਕੀਦੇ ਦੀ ਤੌਹੀਨ ਕਦਾਚਿਤ ਬਰਦਾਸ਼ਤ ਨਹੀ ਕਰ ਸਕਦਾ।

ਉਹਨਾਂ ਕਿਹਾ ਕਿ ਭਾਗਵਤ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਫਨੇ ਲੈਣੇ ਬੰਦ ਕਰਕੇ ਸਗੋਂ ਸਮੁੱਚੇ ਭਾਰਤ ਦੇ ਵਿਕਾਸ ਲਈ ਸੋਚਣਾ ਚਾਹੀਦਾ ਹੈ ਤੇ ਭਾਰਤ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਹੀ ਬਣੇ ਰਹਿਣ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਤੇ ਇਸ ਨੂੰ ਹਿੰਦੂ ਧਰਮ ਨਾਲ ਜੋੜਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ, ਜਾਤਾਂ, ਫਿਰਕਿਆ, ਕਬੀਲਿਆ ਆਦਿ ਦੇ ਲੋਕ ਵੱਸਦੇ ਤੇ ਇਹਨਾਂ ਸਾਰਿਆ ਨੂੰ ਮਿਲਾ ਕੇ ਹੀ ਇੱਕ ਗੁਲਦਸਤਾ ਬਣਦਾ ਹੈ। ਉਹਨਾਂ ਕਿਹਾ ਕਿ ਇਸ ਗੁਲਦਸਤੇ ਨੂੰ ਖੇਰੂੰ ਖੇਰੂੰ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਭਾਈ ਮਰਦਾਨਾ ਜਿਹੜੇ ਮੁਸਲਮਾਨ ਧਰਮ ਨਾਲ ਸਬੰਧਿਤ ਸਨ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਪਰ ਗੁਰੂ ਸਾਹਿਬ ਨੇ ਕਦੇ ਵੀ ਉਹਨਾਂ ਦੇ ਧਰਮ ਤੇ ਕੋਈ ਵੀ ਟਿੱਪਣੀ ਨਹੀ ਕੀਤੀ ਸੀ।

ਉਹਨਾਂ ਕਿਹਾ ਕਿ ਭਾਗਵਤ ਨੂੰ ਆਪਣੇ ਸ਼ਬਦ ਤੁਰੰਤ ਵਾਪਸ ਲੈ ਕੇ ਘੱਟ ਗਿਣਤੀਆ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ। ਆਰ.ਐਸ.ਐਸ ਦੇ ਦਫਤਰ ਤੋ ਥੋੜੀ ਦੂਰ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਤੇ ਬਹੁਤ ਸਾਰੀਆ ਪੰਥਕ ਜਥੇਬੰਦੀਆ ਨੇ ਇਸ ਰੋਸ ਮੁਜਾਹਰੇ ਵਿੱਚ ਭਾਗ ਲਿਆ ਪਰ ਬਾਦਲ ਦਲ ਪੂਰੀ ਤਰਾਂ ਗੈਰ ਹਾਜਰ ਰਿਹਾ।

ਪ੍ਰਸ਼ਾਸ਼ਨ ਨੂੰ ਜਦੋ ਆਸ ਤੋ ਵੱਧ ਸੰਗਤ ਰੋਸ ਮੁਜਾਹਰੇ ਵਿੱਚ ਸ਼ਾਮਲ ਵੇਖਣ ਨੂੰ ਮਿਲੀ ਤਾਂ ਪੁਲੀਸ ਨੂੰ ਹੋਰ ਪੁਲੀਸ ਫੋਰਸ ਮੌਕੇ ਤੇ ਮੰਗਵਾਉਣੀ ਪਈ। ਬਹੁਤ ਸਾਰੇ ਸਿੱਖਾਂ ਨੂੰ ਟਰੈਫਿਕ ਜਾਮ ਹੋ ਜਾਣ ਕਾਰਨ ਆਪਣੀਆ ਗੱਡੀਆ ਰਸਤਿਆ ਵਿੱਚ ਲਗਾ ਕੇ ਮੈਟਰੋ ਰਾਹੀ ਧਰਨੇ ਵਾਲੀ ਥਾਂ ਤੇ ਪੁੱਜਣਾ ਪਿਆ ਅਤੇ ਕਈ ਤਾਂ ਰੋਸਮੁਜਾਹਰਾ ਖਤਮ ਹੋਣ ਉਪਰੰਤ ਵੀ ਆਉਦੇ ਵੇਖੇ ਗਏ।

ਸ੍ਰ ਸਰਨਾ ਨੇ ਇਸ ਸਮੇਂ ਇਹ ਵੀ ਦੋਸ਼ ਲਾਉਦਿਆਂ ਕਿਹਾ ਕਿ ਬਾਦਲ ਦਲ ਦੀਆ ਖਾਕੀ ਨਿੱਕਰਾਂ ਦਾ ਰੰਗ ਇੰਨਾ ਗੂੜਾ ਹੋ ਗਿਆ ਹੈ ਕਿ ਉਹਨਾਂ ਨੇ ਵੱਖ ਵੱਖ ਗੁਰੂਦੁਆਰਿਆ ਦੇ ਬਾਹਰ ਲਗਾਏ ਗਏ ਧਰਨੇ ਸਬੰਧੀ ਪੋਸਟਰ ਵੀ ਫਾੜ ਦਿੱਤੇ ਜਿਸ ਦਾ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਰੋਸ਼ ਧਰਨੇ ਨੂੰ ਹੋਰਨਾਂ ਤੋ ਇਲਾਵਾ ਦਿਲੀ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ ਤਰਸਮੇ ਸਿੰਘ ਖਾਲਸਾ, ਸਾਬਕਾ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਦਿੱਲੀ ਕਮੇਟੀ ਮੈਂਬਰ ਪ੍ਰਭਜੀਤ ਸਿੰਘ ਜੀਤੀ ਅੱਤੇ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,