ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ – (ਕਿਸ਼ਤ 5)

November 18, 2010 | By

ਹਮ ਹਿੰਦੂ ਨਹੀਂ: (ਅ) ਸਿੰਘ ਸਭਾ ਲਹਿਰ – ਸੁਧਾਰ ਅਤੇ ਪੁਨਰ-ਸੁਰਜੀਤੀ
(ਧਿਆਨ ਦਿਓ: ਜੋ ਅੰਕ () ਵਿੱਚ ਲਿਖੇ ਗਏ ਹਨ ਉਹ ਹਵਾਲਾ ਸੂਚਕ ਹਨ। ਸਾਰੇ ਹਵਾਲੇ ਇਸ ਹਿੱਸੇ ਦੇ ਅਖੀਰ ਵਿੱਚ ਦਿੱਤੇ ਗਏ ਹਨ)

Sikh Politics of Twentieth Century - Book by Ajmer Singhਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਪਰਖੀ-ਅਜ਼ਮਾਈ ਬਸਤੀਆਨਾ ਨੀਤੀ ਤਹਿਤ ਸਿੱਖ ਭਾਈਚਾਰੇ ਅੰਦਰਲੇ ਜਾਗੀਰੂ ਅਨਸਰਾਂ (ਸਿੱਖ ਸਰਦਾਰਾਂ) ਨੂੰ ਜਾਗੀਰਾਂ ਤੇ ਹੋਰ ਸਰਕਾਰੀ ਉਪਾਧੀਆਂ ਦੇ ਕੇ, ਉਨ੍ਹਾਂ ਦੀ ਹਮਾਇਤ ਤੇ ਵਫਾਦਾਰੀ ਹਾਸਲ ਕਰਨ ਦੀ ਪਹੁੰਚ ਅਪਣਾਈ। ਇਸ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਹੋਏ। ਸਿੱਖ ਸਰਦਾਰਾਂ ਦੇ ਵੱਡੇ ਵਰਗ ਨੇ ਅੰਗਰੇਜ਼ੀ ਰਾਜ ਦੀ ਹਮਾਇਤ ਨੂੰ ਆਪਣਾ ਪਰਮੋ-ਧਰਮ ਬਣਾ ਲਿਆ ਅਤੇ ਉਹ ਖੁੱਲ੍ਹੇ ਤੌਰ ’ਤੇ ਅੰਗਰੇਜ਼ਾਂ ਦੇ ਝੋਲੀਚੁੱਕ ਹੋ ਨਿਬੜੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਵਰਗ ਦੇ ਮਨਾਂ ’ਚ ਸਿੱਖੀ ਪ੍ਰੇਮ ਦੀ ਭਾਵਨਾ ਉੱਕਾ ਈ ਜਾਂਦੀ ਰਹੀ ਸੀ ਅਤੇ ਉਨ੍ਹਾਂ ਨੂੰ ਸਿੱਖੀ ਤੇ ਸਿੱਖ ਭਾਈਚਾਰੇ ਦੇ ਹਿਤਾਂ ਨਾਲ ਕੋਈ ਲਗਾਉ ਹੀ ਨਹੀਂ ਸੀ ਰਿਹਾ। ਇਹ ਗੱਲ ਨਹੀਂ। ਇਨ੍ਹਾਂ ਵਰਗਾਂ ਅੰਦਰ ਸਿੱਖੀ ਜਜ਼ਬੇ ਦੇ ਅੰਸ਼ ਉਕਾ ਹੀ ਗਾਇਬ ਨਹੀਂ ਸਨ ਹੋਏ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਸ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਜ਼ਰੂਰ ਅਲੱਗ ਸੀ। ਉਹ ਪੱਛਮੀ ਸਭਿਆਚਾਰ ਦੇ, ਖਾਸ ਕਰਕੇ ਈਸਾਈ ਪ੍ਰਚਾਰਕਾਂ ਦੀਆਂ ਸਰਗਰਮੀਆਂ ਦੇ ਸਿੱਖ ਸਮਾਜ ਉਤੇ ਪੈਣ ਵਾਲੇ ਪ੍ਰਭਾਵਾਂ ਤੋਂ ਬੇਖਬਰ ਅਤੇ ਬੇਵਾਸਤਾ ਨਹੀਂ ਸਨ। ਉਹ ਇਸ ਪ੍ਰਤੀ ਚੇਤੰਨ ਸਨ ਅਤੇ ਫਿਕਰਮੰਦ ਵੀ। ਇਹ ਵੀ ਗੱਲ ਹੈ ਕਿ ਸਿੱਖ ਸਰਦਾਰਾਂ ਦੇ ਇਕ ਵਰਗ ਨੇ ਅੰਗਰੇਜ਼ਾਂ ਵੱਲੋਂ ਤਾਕਤ ਅਤੇ ਮਕਾਰੀ ਨਾਲ ਸਿੱਖ ਰਾਜ ਹਥਿਆ ਲੈਣ ਦੀ ਮੰਦਹੋਣੀ ਨੂੰ ਮਨੋਂ ਨਹੀਂ ਸੀ ਭੁਲਾਇਆ। ਉਨ੍ਹਾਂ ਅੰਦਰ ਮੁੜ ਆਪਣਾ ਰਾਜ ਸਥਾਪਤ ਕਰਨ ਦੀ ਹਸਰਤ ਉਨ੍ਹਾਂ ਨੂੰ ਨਿਰੰਤਰ ਬੇਚੈਨ ਕਰ ਰਹੀ ਸੀ।

ਮਹਾਰਾਜਾ ਦਲੀਪ ਸਿੰਘ (1853) ਤੇ ਕੰਵਰ ਹਰਨਾਮ ਸਿੰਘ (ਕਪੂਰਥਲਾ) ਵੱਲੋਂ ਈਸਾਈ ਧਰਮ ਕਬੂਲ ਕਰ ਲੈਣ ਅਤੇ 1873 ਵਿਚ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਦੁਆਰਾ ਈਸਾਈ ਮੱਤ ਗ੍ਰਹਿਣ ਕਰਨ ਦੀ ਇੱਛਾ ਪ੍ਰਗਟਾਉਣ ਦੇ ਘਟਨਾਕਰਮ ਨੇ ਸਿੱਖ ਸਮਾਜ ਦੀਆਂ ਉਪਰਲੀਆਂ ਪਰਤਾਂ ਅੰਦਰ ਤਿੱਖਾ ਪ੍ਰਤੀਕਰਮ ਜਗਾਇਆ। ਸਿੱਖੀ ਅਤੇ ਸਿੱਖ ਪਰੰਪਰਾਵਾਂ ਨੂੰ ਖੜ੍ਹੇ ਹੋਏ ਇਨ੍ਹਾਂ ਖਤਰਿਆਂ ਵਿਰੁੱਧ ਕੋਈ ਕਾਰਗਰ ਉਪਾਅ ਕਰਨ ਦੀ ਸੋਚ ਨਾਲ, ਕੁਝ ਪਤਵੰਤੇ ਸਿੱਖਾਂ ਨੇ 1873 ਵਿਚ ਅੰਮ੍ਰਿਤਸਰ ਵਿਖੇ ਸਿੰਘ ਸਭਾ ਨਾਂ ਦੀ ਸੰਸਥਾ ਦਾ ਮੁੱਢ ਬੰਨ੍ਹਿਆ। ਇਸ ਉੱਦਮ ਨੂੰ ਸ਼ੁਰੂ ਅਤੇ ਉਤਸ਼ਾਹਤ ਕਰਨ ਵਿਚ ਕੰਵਰ ਬਿਕਰਮ ਸਿੰਘ (ਕਪੂਰਥਲਾ), ਬਾਬਾ ਖੇਮ ਸਿੰਘ ਬੇਦੀ (ਕੋਲਾਰ, ਰਾਵਲਪਿੰਡੀ) ਅਤੇ ਠਾਕੁਰ ਸਿੰਘ ਸੰਧਾਵਾਲੀਆ ਵਰਗੇ ਖਾਨਦਾਨੀ ਲੋਕਾਂ ਨੇ ਖਾਸ ਰੁਚੀ ਦਿਖਾਈ।

ਛੇਆਂ ਸਾਲਾਂ ਬਾਅਦ (1879) ਅਜਿਹੀ ਹੀ ਸਭਾ ਲਾਹੌਰ ਵਿਖੇ ਸਥਾਪਤ ਕੀਤੀ ਗਈ। ਕਪੂਰਥਲਾ ਦੇ ਇਕ ਆਮ ਪਰਿਵਾਰ ’ਚੋਂ ਆਏ ਭਾਈ ਗੁਰਮੁਖ ਸਿੰਘ ਲਾਹੌਰ ਸਭਾ ਦੇ ਰੂਹੇ-ਰਵਾਂ ਸਨ ਜਿਨ੍ਹਾਂ ਨੇ ਆਪਣੇ ਸੱਚੇ ਸਿੱਖੀ ਪ੍ਰੇਮ, ਉਤਸ਼ਾਹ ਤੇ ਬੁੱਧੀਮਾਨਤਾ ਸਦਕਾ ਸਿੱਖ ਭਾਈਚਾਰੇ ਅੰਦਰ ਨਵੀਂ ਚੇਤਨਾ ਦੀ ਲਹਿਰ ਪੈਦਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਅੰਮ੍ਰਿਤਸਰ ਅਤੇ ਲਾਹੌਰ ਦੇ ਸਿੱਖ ਪਤਵੰਤਿਆਂ ਦੀ ਇਸ ਪਹਿਲਕਦਮੀ ਨੇ ਸਿੱਖ ਜਗਤ ਉਤੇ, ਖਾਸ ਕਰਕੇ ਇਸ ਦੇ ਪੜ੍ਹੇ-ਲਿਖੇ ਵਰਗਾਂ ਅੰਦਰ ਬਹੁਤ ਹੀ ਉਤਸ਼ਾਹੀ ਪ੍ਰਭਾਵ ਛੱਡਿਆ। ਇਸ ਸ਼ੁਰੂਆਤ ਨੇ ਛੇਤੀ ਹੀ ਇਕ ਵਿਆਪਕ ਲਹਿਰ ਦਾ ਸਰੂਪ ਅਖਤਿਆਰ ਕਰ ਲਿਆ। ਦੋ ਕੁ ਦਹਾਕਿਆਂ ਅੰਦਰ ਪੰਜਾਬ ਦੇ ਹਰ ਸ਼ਹਿਰ ਤੇ ਕਸਬੇ ਅੰਦਰ ਸਿੰਘ ਸਭਾਵਾਂ ਕਾਇਮ ਹੋ ਗਈਆਂ ਅਤੇ ਇਨ੍ਹਾਂ ਦੀ ਗਿਣਤੀ ਸਵਾ ਸੌ ਦੇ ਕਰੀਬ ਜਾ ਪਹੁੰਚੀ।(13)

ਸਿੰਘ ਸਭਾ ਲਹਿਰ ਦਾ ਉਦੇਸ਼ ਸਿੱਖ ਭਾਈਚਾਰੇ ਅੰਦਰ ਆਪਣੇ ਧਰਮ ਪ੍ਰਤੀ ਸ਼ਰਧਾ ਤੇ ਪਿਆਰ ਦੀਆਂ ਭਾਵਨਾਵਾਂ ਪ੍ਰਫੁੱਲਤ ਕਰਨਾ, ਗੁਰਬਾਣੀ ਦਾ ਪ੍ਰਚਾਰ-ਪਸਾਰ ਕਰਨਾ, ਪੰਜਾਬੀ ਬੋਲੀ ਤੇ ਵਿਦਿਆ ਨੂੰ ਉਤਸ਼ਾਹਤ ਕਰਨਾ ਆਦਿ ਮਿਥਿਆ ਗਿਆ ਸੀ। ਹਕੂਮਤ ਸਬੰਧੀ ਸਿਆਸੀ ਵਿਚਾਰ ਚਰਚਾ ਤੋਂ ਪ੍ਰਹੇਜ਼ ਰੱਖਣ ਦੀ ਨੀਤੀ ਤੈਅ ਕੀਤੀ ਗਈ ਸੀ।(14)

ਸਿੰਘ ਸਭਾ ਲਹਿਰ ਦੇ ਸਬੰਧ ਵਿਚ ਦੋ ਅਹਿਮ ਤੱਥਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇੱਕ, ਇਸ ਲਹਿਰ ਦੇ ਮੋਢੀ ਜ਼ਿਆਦਾ ਕਰਕੇ ਉਚੇ ਘਰਾਣਿਆਂ ਨਾਲ ਸਬੰਧਤ ਚੰਗੇ ਪੜ੍ਹੇ-ਲਿਖੇ ਲੋਕ ਸਨ, ਇਸ ਕਰਕੇ ਉਨ੍ਹਾਂ ਦੇ ਸਮੁੱਚੇ ਸੋਚ-ਪ੍ਰਬੰਧ ਅਤੇ ਅਚਾਰ-ਵਿਹਾਰ ਉਤੇ ਪਤਵੰਤੇ ਵਰਗ ਦੀ ਵਿਚਾਰਧਾਰਾ ਦੀ ਗੂੜ੍ਹੀ ਛਾਪ ਦੇਖਣ ਨੂੰ ਮਿਲਦੀ ਹੈ। ਕਿਉਂਕਿ ਉਹ ਖੁਦ ਆਪਣੇ ਅਸਰ-ਰਸੂਖ ਤੇ ਸਮਾਜੀ ਰੁਤਬੇ ਲਈ ਸਰਕਾਰੀ ਸਰਪ੍ਰਸਤੀ ਉਤੇ ਨਿਰਭਰ ਸਨ, ਇਸ ਕਰਕੇ ਉਹ ਅੰਗਰੇਜ਼ ਹਕੂਮਤ ਨਾਲ ਰਾਜਸੀ ਟਕਰਾਉ ਦੀ ਜਗ੍ਹਾ ਮਿਲਵਰਤਨ ਤੇ ਵਫਾਦਾਰੀ ਦਾ ਰੁਝਾਨ ਰੱਖਦੇ ਸਨ। ਉਹ ਅੰਗਰੇਜ਼ਾਂ ਨੂੰ ਸਿੱਖ ਭਾਈਚਾਰੇ ਦਾ ਭਲਾ ਚਾਹੁਣ ਵਾਲੀ ਸ਼ੁਭਚਿੰਤਕ ਧਿਰ ਮੰਨ ਕੇ ਚਲਦੇ ਸਨ। ਉਹ ਸੁਹਿਰਦਤਾ ਨਾਲ ਹੀ ਇਹ ਗੱਲ ਸੋਚਦੇ ਸਨ ਕਿ ਵਿਦਿਆ ਪੱਖੋਂ ਬੁਰੀ ਤਰ੍ਹਾਂ ਪਛੜੇ ਹੋਏ ਤੇ ਦੇਸ ਅੰਦਰ ਇਕ ਨਿਗੂਣੀ ਘੱਟਗਿਣਤੀ ਵਜੋਂ ਵਿਚਰ ਰਹੇ ਸਿੱਖ ਭਾਈਚਾਰੇ ਦੇ ਹਿਤ ਅੰਗਰੇਜ਼ ਹਕੂਮਤ ਨਾਲ ਟਕਰਾਉ ਦੀ ਨਹੀਂ, ਮਿਲਵਰਤਨ ਤੇ ਸਦਭਾਵਨਾ ਦੀ ਮੰਗ ਕਰਦੇ ਹਨ। ਸਿੱਖ ਕੌਮ ਨੂੰ ਅੰਗਰੇਜ਼ ਸਰਕਾਰ ਨਾਲ ਕਿਸੇ ਸਿਆਸੀ ਪੰਗੇਬਾਜ਼ੀ ਵਿਚ ਉਲਝਾਉਣ/ਮਰਵਾਉਣ ਦੀ ਥਾਂ, ਉਹ ਸਿੱਖ ਭਾਈਚਾਰੇ ਅੰਦਰ ਧਰਮ ਪ੍ਰਚਾਰ, ਧਰਮ ਸੁਧਾਰ ਅਤੇ ਵਿਦਿਆ ਦੇ ਪਾਸਾਰ ਵਰਗੇ ਸੁਧਾਰਕ ਕਾਰਜਾਂ ਨੂੰ ਪ੍ਰਮੁੱਖਤਾ ਦੇਣ ਦੀ ਸੋਚ ਰੱਖਦੇ ਸਨ। ਇਨ੍ਹਾਂ ਸੁਧਾਰਕ ਕਾਰਜਾਂ ਵਿਚ, ਉਹ ਸਰਕਾਰੀ ਸਦਭਾਵਨਾ, ਸਰਪ੍ਰਸਤੀ ਤੇ ਹਮਾਇਤ ਨੂੰ ਵੱਡੀ ਅਹਿਮੀਅਤ ਦਿੰਦੇ ਸਨ। ਉਹ ਮੰਗਾਂ ਦੀ ਪੇਸ਼ਕਾਰੀ ਤੇ ਪੂਰਤੀ ਲਈ ਅੰਦੋਲਨ ਦੀ ਬਜਾਇ ਪਟੀਸ਼ਨਾਂ ਤੇ ਯਾਦ-ਪੱਤਰਾਂ ਦੇ ਢੰਗ ਤਰੀਕੇ ਨੂੰ ਵੱਧ ਬਿਹਤਰ ਸਮਝਦੇ ਸਨ।

ਦੂਜੀ ਗੱਲ, ਸਿੰਘ ਸਭਾ ਲਹਿਰ ਦੇ ਮੋਢੀਆਂ ਅੰਦਰ ਨਜ਼ਰੀਏ ਦੀ ਇਸ ਆਮ ਜਿਹੀ ਸਾਂਝ ਦੇ ਬਾਵਜੂਦ, ਉਨ੍ਹਾਂ ਦੀ ਦਰਪੇਸ਼ ਮਸਲਿਆਂ ਤੇ ਕਾਰਜਾਂ ਪ੍ਰਤੀ ਸਮਝ ਤੇ ਪਹੁੰਚ ਇਕ-ਰੂਪ ਨਹੀਂ ਸੀ। ਇਸ ਵਿਚ ਕਾਫ਼ੀ ਵਖਰੇਵੇਂ ਤੇ ਵੰਨ-ਸੁਵੰਨਤਾ ਸੀ। ਹਰ ਸਭਾ ਦੀ ਸਰਗਰਮੀ ਦਾ ਕੇਂਦਰ-ਬਿੰਦੂ, ਇਸਦੇ ਸੰਚਾਲਕਾਂ ਦੇ ਸਮਾਜੀ ਰੁਤਬੇ, ਪਿਛੋਕੜ ਤੇ ਵਿਚਾਰਧਾਰਾ ਅਨੁਸਾਰ, ਅਲੱਗ-ਅਲੱਗ ਸੀ। ਖਾਸ ਕਰਕੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਸਿੰਘ ਸਭਾਵਾਂ ਵਿਚਕਾਰ ਸਿਧਾਂਤਕ ਪਾੜਾ ਕਾਫੀ ਗਹਿਰਾ ਸੀ। ਜਿਥੇ ਅੰਮ੍ਰਿਤਸਰ ਦੀ ਸਿੰਘ ਸਭਾ, ਇਸ ਦੇ ਸੰਚਾਲਕਾਂ ਦੇ ਵਿਚਾਰਧਾਰਕ ਪ੍ਰਭਾਵ ਹੇਠ, ਧਰਮ ਸੁਧਾਰ ਦੇ ਮਾਮਲੇ ’ਚ ਰੂੜ੍ਹੀਵਾਦੀ ਪਹੁੰਚ ਅਪਣਾ ਕੇ ਚੱਲ ਰਹੀ ਸੀ, ਉਥੇ ਲਾਹੌਰ ਦੀ ਸਿੰਘ ਸਭਾ ਇਸ ਮਾਮਲੇ ’ਚ ਵਧੇਰੇ ਰੈਡੀਕਲ (ਤਿੱਖੇ ਸੁਧਾਰਾਂ ਦੀ ਹਾਮੀ) ਸੀ। ਪਰ ਨਾਲ ਹੀ, ਇਸ ਹਕੀਕਤ ਦਾ ਦੂਜਾ, ਉਲਟਵਾਂ ਪੱਖ ਇਹ ਸੀ ਕਿ ਜਿੱਥੇ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਮੋਹਰੀਆਂ ਨੇ ਖਾਲਸਾ ਪੰਥ ਦੀ ਖੁੱਸੀ ਹੋਈ ਸ਼ਾਨ ਅਤੇ ਇਸ ਦੇ ਅਧੀਨ ਰੁਤਬੇ ਨੂੰ ਪੂਰੇ ਮਨੋਂ ਪ੍ਰਵਾਨ ਨਹੀਂ ਸੀ ਕੀਤਾ ਹੋਇਆ, ਉਥੇ ਲਾਹੌਰ ਦੀ ਸਿੰਘ ਸਭਾ ਦੇ ਮੋਢੀ ਅਜਿਹੀ ਮਾਨਸਿਕ ਉਲਝਣ ਤੋਂ ਸੁਰਖਰੂ ਸਨ ਅਤੇ ਉਨ੍ਹਾਂ ਨੂੰ ਅੰਗਰੇਜ਼ ਹੁਕਮਰਾਨਾਂ ਪ੍ਰਤੀ ਵਧਵੀਂ ਮਾਤਰਾ ’ਚ ਵਫਾਦਾਰੀ ਦਿਖਾਉਣ ਵਿਚ ਕੋਈ ਮਾਨਸਿਕ ਔਕੜ ਨਹੀਂ ਸੀ ਆਉਂਦੀ। ਇਸ ਵਿਚ ਉਨ੍ਹਾਂ ਨੂੰ ਕੋਈ ਬੁਰਾਈ ਵਾਲੀ ਗੱਲ ਵੀ ਨਹੀਂ ਸੀ ਲਗਦੀ। ਇਨ੍ਹਾਂ ਦੋਵਾਂ ਸਭਾਵਾਂ ਵਿਚਕਾਰ ਛੇਤੀ ਹੀ (1883) ਖੁਲ੍ਹਮਖੁੱਲ੍ਹੀ ਸਿਧਾਂਤਕ ਜੰਗ ਛਿੜ ਪਈ। ਲਾਹੌਰ ਸਿੰਘ ਸਭਾ ਨੇ ਸਿੱਖ ਸਮਾਜ ਅੰਦਰ ਪ੍ਰਚਲਤ ਹਿੰਦੂਵਾਦੀ ਅਮਲਾਂ ਵਿਰੁੱਧ ਸਿਧਾਂਤਕ ਜਹਾਦ ਵਿੱਢ ਦਿੱਤਾ। ਉਨ੍ਹਾਂ ਜਾਤ-ਪ੍ਰਸਤੀ, ਬੁੱਤ ਪੂਜਾ, ਅੰਧਵਿਸ਼ਵਾਸ ਤੇ ਵਹਿਮਪ੍ਰਸਤੀ ਵਰਗੀਆਂ ਬ੍ਰਾਹਮਣਵਾਦੀ ਅਲਾਮਤਾਂ ਨੂੰ ਆਪਣੇ ਹਮਲੇ ਦਾ ਤਿੱਖਾ ਨਿਸ਼ਾਨਾ ਬਣਾਇਆ ਅਤੇ ‘‘ਗੁਰੂ ਵੰਸ਼’’ ਦਾ ਵਧਵਾਂ ਮਾਨ ਤੇ ਦਿਖਾਵਾ ਕਰਨ ਵਾਲੇ ਅਨਸਰਾਂ ਦੀ ਕਰਾਰੀ ਨੁਕਤਾਚੀਨੀ ਕੀਤੀ। ਉਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੇ ਪੁਜਾਰੀਆਂ ਨੂੰ ਅਜਿਹੇ ਸਿਧਾਂਤਕ ਰਗੜੇ ਲਾਏ ਕਿ ਬਿਪਰ ਸੰਸਕਾਰ ਦੇ ਰਾਹ ਪਏ ਪੁਜਾਰੀ ਲਾਣੇ ਨੇ ਆਪਣੀਆਂ ਹਮਖਿਆਲ ਤਾਕਤਾਂ ਨਾਲ ਗੰਢ-ਤੁਪ ਕਰਕੇ, ਅਕਾਲ ਤਖਤ ਵੱਲੋਂ ਜਾਰੀ ਕੀਤੇ ਇਕ ਹੁਕਮਨਾਮੇ (18 ਮਾਰਚ 1887) ਰਾਹੀਂ ਭਾਈ ਗੁਰਮੁਖ ਸਿੰਘ ਨੂੰ ਪੰਥ ’ਚੋਂ ਛੇਕਣ ਦਾ ਐਲਾਨ ਕਰ ਦਿੱਤਾ।(15) ਪਰ ਇਸ ਫਤਵੇ ਦੇ ਬਾਵਜੂਦ ਪ੍ਰੋ. ਗੁਰਮੁਖ ਸਿੰਘ ਅਤੇ ਲਾਹੌਰ ਸਭਾ ਨੇ ਇਨ੍ਹਾਂ ਰੂੜ੍ਹੀਵਾਦੀ ਤੱਤਾਂ ਵਿਰੁੱਧ ਆਪਣੀ ਸਿਧਾਂਤਕ ਜੰਗ ਜਾਰੀ ਰੱਖੀ।

ਹਵਾਲੇ ਅਤੇ ਟਿੱਪਣੀਆਂ:

3. Rajiv A. Kapur, Sikh Separatism : The Politics of Faith, p. 17

14. N. Gerald Barrier, The Sikhs and their literature, (1970) p. xxiv-xxv

15. ਜਗਜੀਤ ਸਿੰਘ, ਸਿੰਘ ਸਭਾ ਲਹਿਰ, (1974), ਸਫਾ 30-40

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,