ਸਿੱਖ ਖਬਰਾਂ

“ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਨੂੰ ਗੁਰੂ ਸਾਹਿਬ ਅਤੇ ਬੇਬੇ ਨਾਨਕੀ ਨਾਲ ਸਬੰਧਿਤ ਦ੍ਰਿਸ਼ ਫਿਲਮ ਚੋਂ ਹਟਾਉਣ ਲਈ ਹੁਕਮ ਦਿੱਤਾ ਜਾਵੇ: ਪੰਜੌਲੀ

April 6, 2015 | By

ਅੰਮ੍ਰਿਤਸਰ (6 ਮਾਰਚ, 2015): ਫਿਲਮ “ਨਾਨਕਸ਼ਾਹ ਫਕੀਰ” ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦ੍ਰਿਸ਼ਮਾਨ ਕਰਨ ਕਰਕੇ ਸਿੱਖ ਕੋਮ ਵਿੱਚ ਵਿਆਪਕ ਪੱਥਰ ‘ਤੇ ਰੋਸ ਫੈਲਦਾ ਜਾ ਰਿਹਾ ਹੈ। ਸਿੱਖ ਪ੍ਰੰਪਰਾਵਾਂ ਦੀ ਪਵਿੱਤਰਤਾ ਨੂੰ ਦਰਕਿਨਾਰ ਕਰਦਿਆਂ ਫਿਲਮ ਦੇ ਨਿਰਮਾਤਾ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਫਿਲਮ ਵਿੱਚ ਵਿਖਾ ਦਿੱਤਾ ਹੈ, ਜਿਸ ਕਰਕੇ ਕੌਮ ਵਿੱਚ ਨਰਾਜ਼ਗੀ ਅਤੇ ਰੋਹ ਵੱਧਦਾ ਜਾ ਰਿਹਾ ਹੈ।

ਇਸ ਫਿਲਮ ਦੇ ਵਿਰੋਧ ਵਿੱਚ ਕਈ ਜਗਾ ਰੋਸ ਮੁਜ਼ਾਹਰੇ ਹੋ ਚੁੱਕੇ ਹਨ ਅਤੇ ਕੌਮ ਸ਼੍ਰੀ ਅਕਾਲਤ ਤਖਤ ਸਾਹਿਬ ਅਤੇ ਭਾਰਤ ਸਰਕਾਰ ਤੋਂ ਇਸ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।

NANAK-SHAH-FAKIR-27315-AMRITSAR-TRIBUNE13-2-COPY-273x300

ਫਿਲਮ “ਨਾਨਕਸ਼ਾਹ ਫਕੀਰ”

ਇਸ ਸਬੰਧੀ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਨਾਨਕਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਨੂੰ ਆਦੇਸ਼ ਦੇਣ ਕਿ ਉਹ ਬਿਨਾਂ ਦੇਰੀ ਕਿਸੇ ਆਦਮੀ ਅਤੇ ਔਰਤ ਵਲੋ ਗੁਰੂ ਨਾਨਕ ਸਾਹਿਬ ਜੀ ਅਤੇ ਬੇਬੇ ਨਾਨਕੀ ਜੀ ਦਾ ਕੀਤਾ ਗਿਆ ਰੋਲ ਤੁਰੰਤ ਵਾਪਿਸ ਲਵੇ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖ ਪੰਥ ਕਿਸੇ ਵੀ ਕੀਮਤ ਉਤੇ ਇਹ ਬਦਾਸ਼ਤ ਨਹੀ ਕਰੇਗਾ ਕਿ ਕੋਈ ਸਧਾਰਣ ਵਿਅਕਤੀ ਜਾਂ ਸਧਾਰਣ ਔਰਤ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਦਾ ਰੋਲ ਅਦਾ ਕਰੇ। ਅਗਰ ਅੱਜ ਇਸ ਫਿਲਮ ਵਿਚ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਜੀ ਦਾ ਕਿਸੇ ਸਧਾਰਨ ਮਨੁੱਖ ਵਲੋ ਕੀਤੇ ਗਏ ਰੋਲ ਦਾ ਨੋਟਿਸ ਨਾ ਲਿਆ ਗਿਆ ਤਾਂ ਭਵਿੱਖ ਵਿਚ ਬਹੁਤ ਵੱਡੀਆਂ ਅਤੇ ਮਾੜੀਆਂ ਪਿਰਤਾ ਪੈ ਜਾਣਗੀਆਂ ਜਿਸ ਕਾਰਣ ਬਹੁਤ ਗੰਭੀਰ ਅਤੇ ਮਾੜੇ ਹਾਲਾਤ ਵੀ ਪੈਦਾ ਹੋ ਸਕਦੇ ਹਨ।

ਉਹਨਾਂ ਕਿਹਾ ਕਿ ਨਾਨਕ ਸ਼ਾਹ ਫਕੀਰ ਨਾਮੀ ਫਿਲਮ ਵਿੱਚ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਨੂੰ ਮਨੁੱਖੀ ਜਾਮੇ ਵਿੱਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਉਤੇ ਡਾਢੀ ਸੱਟ ਮਾਰੀ ਹੈ। ਇਹ ਫਿਲਮ ਸਿੱਧੇ ਰੂਪ ਵਿੱਚ ਸਿੱਖ ਦੀ ਆਸਥਾ ਨਾਲ ਖਿਲਵਾੜ ਹੈ। ਉਹਨਾਂ ਕਿਹਾ ਕਿ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ।

ਇੱਥੇ ਨੁਕਤੇ ਦੀ ਗੱਲ ਇਹ ਹੈ ਕਿ “ਨਾਨਕ ਸ਼ਾਹ ਫਕੀਰ” ਨਾਮੀ ਫਿਲਮ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਬਿੰਬ ਨੂੰ ਇਕ ਵਿਅਕਤੀ/ ਪਾਤਰ ਦੇ ਤੌਰ ਉੱਤੇ ਦ੍ਰਿਸ਼ਮਾਨ ਕੀਤਾ ਗਿਆ ਹੈ। ਭਾਵੇਂ ਇਹ ਪੇਸ਼ਕਾਰੀ ਮਨੁੱਖੀ ਪਾਤਰ ਰਾਹੀਂ ਕੀਤੀ ਗਈ ਹੋਵੇ ਤੇ ਚਾਹੇ ਇਸ ਮਨੋਰਥ ਲਈ ਕਾਰਟੂਨ/ ਐਨੀਮੇਸ਼ਨ/ ਤਸਵੀਰ ਜਾਂ ਕਿਸੇ ਹੋਰ ਵਿਧੀ ਜਾਂ ਢੰਗ ਤਰੀਕੇ ਦੀ ਵਰਤੋਂ ਕੀਤੀ ਗਈ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਜਿਹੇ ਕਿਸੇ ਵੀ ਤਰੀਕੇ ਨਾਲ ਗੁਰੂ ਸਾਹਿਬ ਦਾ ਪਾਤਰ ਤਾਂ ਦਿਖਾਇਆ ਹੀ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,