ਸਿੱਖ ਖਬਰਾਂ

ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਅਲੋਕਿਕ ਨਜ਼ਾਰਾ

April 28, 2015 | By

ਅੰਮਿ੍ਤਸਰ (27 ਮਾਰਚ, 2015): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾਂ ਲੱਖਾਂ ਦੀ ਗਿਣਤੀ ‘ਚ ਨਤਮਸਤਕ ਹੋਣ ਪੁੱਜਦੇ ਸ਼ਰਧਾਲੂਆਂ ਅਤੇ ਸੈਲਾਨੀਆਂ ‘ਚੋਂ ਕੁਝ ਚੋਣਵੇਂ ਹੀ ਜਾਣਦੇ ਹਨ ਕਿ ਦਿਨ ਦੀ ਰੋਸ਼ਨੀ ‘ਚ ਮਨਮੋਹਕ ਰਸਨਾ ਪੈਦਾ ਕਰਦੇ ਇਸ ਸੁਨਿਹਰੀ ਮੁਜੱਸਮੇ ਦੀ ਜਿਥੇ ਰਾਤ ਸਮੇਂ ਦਿ੍ਸ਼ਟ ਖੂਬਸੂਰਤੀ ਹੋਰ ਵਧ ਜਾਂਦੀ ਹੈ ਉਥੇ ਰੁਹਾਨੀਅਤ ਦੇ ਕੇਂਦਰ ਪੁੱਜੀ ਸੰਗਤ ‘ਚ ਇਥੇ ਦਰਸ਼ਨੀ ਡਿਓੜੀ ਦੇ ਕਿਵਾੜ ਬੰਦ ਹੋਣ ਤੋਂ ਸਵੇਰੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੱਕ ਦੀ ਪ੍ਰਚਲਤ ਮਰਿਆਦਾ ਨਾਲ ਜੁੜੀਆਂ ਰਵਾਇਤਾਂ ਅਲੌਕਿਕ ਅਧਿਆਤਮਕ ਆਕਰਸ਼ਨ ਪੈਦਾ ਕਰਦੀਆਂ ਹਨ ।

ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਅਲੋਕਿਕ ਨਜ਼ਾਰਾ

ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਅਲੋਕਿਕ ਨਜ਼ਾਰਾ

ਇਤਿਹਾਸ ਵਾਚੀਏ ਤਾਂ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਵੱਲੋਂ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਥਾਪਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੀਆਂ ਰਹੁ ਰੀਤਾਂ ਨਿਸ਼ਚਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ, ਜੋ ਛੇਵੀਂ ਪਾਤਸ਼ਾਹੀ ਦੇ ਇਥੋਂ ਕੀਰਤਪੁਰ ਸਾਹਿਬ ਚਲੇ ਜਾਣ ਤੱਕ ਪ੍ਰਚਲਤ ਰਹੀ ਪਰ ਬਾਅਦ ‘ਚ ਕਾਬਜ਼ ਹੋਏ ਪਿ੍ਥੀ ਚੰਦ ਦੇ ਪੁੱਤਰ ਵਲੋਂ ਆਪਣੀਆਂ ਮਨ ਮਰਜ਼ੀਆਂ ਲਾਗੂ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਨੇ ਮੁੜ ਗੁਰਮਤਿ ‘ਚ ਬਦਲਿਆ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦਾ ਪ੍ਰਚਲਿਤ ਮਰਿਯਾਦਾ ਅਨੁਸਾਰ ਗਰਮੀ ਰੁੱਤੇ ਰਾਤ 11 ਜਦਕਿ ਸਰਦੀਆਂ ‘ਚ ਰਾਤ 10 ਵਜੇ ਤੱਕ ਕੀਰਤਨ ਦੀ ਸਮਾਪਤੀ ਮਗਰੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੱਖਆਸਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਠਾ ਸਾਹਿਬ ਵਿਖੇ ਭੇਜਣ ਉਪਰੰਤ ਸੰਗਤ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮੁੱਖ ਇਮਾਰਤ ਦਾ ਮੁੱਖ ਦਰਵਾਜ਼ਾ ਅਤੇ ਦਰਸ਼ਨੀ ਡਿਓੜੀ ਦੇ ਕਿਵਾੜ (ਦਰਵਾਜ਼ੇ) ਬੰਦ ਕਰ ਦਿੱਤੇ ਜਾਂਦੇ ਹਨ । ਇਸ ਦੌਰਾਨ ਦੋ ਫਰਾਸ਼ ਅਤੇ ਸਫ਼ਾਈ ਦੀ ਸੇਵਾ ਵਾਲੇ ਪਾਸ ਯੁਕਤ ਸਿੰਘ ਅੰਦਰ ਰਹਿ ਜਾਂਦੇ ਹਨ । ਉਨ੍ਹਾਂ ਵੱਲੋਂ ਵਿਛਾਈ ਦੀਆਂ ਚਾਦਰਾਂ ਚੁੱਕ ਕੇ ਰਾਤ 12 ਵਜੇ ਤੱਕ ਸਫ਼ਾਈ ਮੁਕੰਮਲ ਕੀਤੀ ਜਾਂਦੀ ਹੈ ।

ਉਪਰੰਤ ਫਰਾਸ਼ ਅਤੇ ਅਖੰਡ ਪਾਠੀ ਹੀ ਅੰਦਰ ਰਹਿ ਜਾਂਦੇ ਹਨ ਅਤੇ ਕੁਝ ਦੇਰ ਮਗਰੋਂ ਇਸ਼ਨਾਨ ਕਰਵਾਉਣ ਵਾਲਾ ਦਸਤਾ ਹਰਿ ਕੀ ਪੌੜੀ ਤੋਂ ਜਲ ਨਾਲ ਪਾਵਨ ਮੁੱਖ ਇਮਾਰਤ ਦਾ ਫਰਸ਼ ਸਾਫ਼ ਕਰਕੇ ਤੌਲੀਏ ਨਾਲ ਸੁਕਾ ਦਿੰਦਾ ਹੈ ਅਤੇ ਮੁੜ ਵਿਛਾਈ ਕਰ ਦਿੱਤੀ ਜਾਂਦੀ ਹੈ । ਇਸ ਦੌਰਾਨ ਦਰਸ਼ਨੀ ਡਿਓੜੀ ਦੇ ਬੰਦ ਕਿਵਾੜ ਮੂਹਰੇ ਸੰਗਤ ਪਾਠ ਕਰਦਿਆਂ ਕਤਾਰਾਂ ‘ਚ ਬੈਠਣੀ ਸ਼ੁਰੂ ਹੋ ਜਾਂਦੀ ਹੈ ।

ਕਿਵਾੜ ਖੁੱਲਣ ਦੀ ਸਮਾਂਬੱਧਤਾ ਰੁੱਤ ਅਨੁਸਾਰ ਮਿਥੀ ਗਈ ਹੈ, ਜਿਸ ‘ਚ ਜੇਠ-ਹਾੜ ਦੇ ਮਹੀਨੇ ਸਵੇਰੇ 2 ਵਜੇ, ਵਿਸਾਖ-ਸਾਉਣ 2:15, ਚੇਤ-ਭਾਦੋਂ 2:30, ਅੱਸੂ-ਫੱਗਣ 2:45 ਅਤੇ ਕੱਤੇ-ਮੱਘਰ-ਪੋਹ-ਮਾਘ 3:00 ਵਜੇ ਕਿਵਾੜ ਖੁੱਲਦੇ ਹਨ, ਜਿਸ ਦੌਰਾਨ ਸੰਗਤ ਦੇ ਆਉਣ ਤੋਂ ਪਹਿਲਾਂ ਰਾਗੀ ਸਿੰਘ ਅੰਦਰ ਪੁੱਜ ਕੇ ਕੀਰਤਨ ਆਰੰਭ ਕਰ ਦਿਦੇ ਹਨ । ਦਰਸ਼ਨੀ ਡਿਓੜੀ ਦੇ ਕਿਵਾੜ ਮੂਹਰੇ ਦਰਸ਼ਨ ਲਈ ਖੜ੍ਹੀ ਸੰਗਤ ‘ਦਰਸਨੁ ਦੀਜੈ ਖੋਲੁ ਕਿਵਾਰੂ’ ਸ਼ਬਦ ਨਾਲ ਆਪਣੀ ਅਧਿਆਤਮਿਕ ਉਤੇਜਨਾ ਦਾ ਪ੍ਰਗਟਾਵਾ ਕਰਦੀ ਹੈ ।

ਕਿਵਾੜ ਖੁੱਲ੍ਹਣ ‘ਤੇ ਪਹਿਲਾਂ ਤਿੰਨ ਪਹਿਰੇ ਚੌਾਕੀ ਤਹਿਤ ਕੀਰਤਨ ਆਰੰਭ ਹੁੰਦਾ ਹੈ ਅਤੇ ਇਕ ਘੰਟੇ ਮਗਰੋਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ । ਆਸਾ ਦੀ ਵਾਰ ਦੇ ਕੀਰਤਨ ਤੋਂ ਇਕ ਘੰਟਾ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਤਿਆਰੀ ਆਰੰਭ ਹੋ ਜਾਂਦੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਾਂ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਠਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈਣ ਲਈ ਪੁੱਜਦੇ ਹਨ ।

ਸਿੰਘ ਸਾਹਿਬ ਦੇ ਪੁੱਜਣ ਤੋਂ ਪਹਿਲਾਂ ਕੋਠਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਮੁੱਚੀ ਤਿਆਰੀ ਕਰ ਲੈਂਦੇ ਹਨ । ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਨਜ਼ਦੀਕ ਪਾਲਕੀ ਸੰਵਾਰੀ ਜਾਂਦੀ ਹੈ ਅਤੇ ਨਗਾਰਾ ਵੱਜਣ ਲੱਗਦਾ ਹੈ, ਨਾਲ ਹੀ ਸਾਵਧਾਨ ਸੰਗਤ ਪਹਿਲਾਂ ਵਰਤਾਏ ਗੁਲਾਬ ਦੇ ਫੁੱਲ ਪਾਲਕੀ ਉੱਪਰ ਸੁੱਟਣ ਲਈ ਤਿਆਰ ਹੋ ਜਾਂਦੀ ਹੈ ।

ਸਿੰਘ ਸਾਹਿਬ ਆਪਣੇ ਸਿਰ ‘ਤੇ ਪਾਵਨ ਸਰੂਪ ਲੈ ਕੇ ਚੌਰਬਰਦਾਰ ਅਤੇ ਫਰਾਸ਼ ਨਾਲ ਬਾਹਰ ਨਿਕਲਦੇ ਹਨ, ਜਿਨ੍ਹਾਂ ਅੱਗੇ ਦੋ ਚੋਬਦਾਰ ਚਾਂਦੀ ਦੀਆਂ ਚੋਬਾਂ ਨਾਲ ਚਲਦੇ ਹਨ । ਸਤਿਕਾਰ ਸਹਿਤ ਪੰਜ ਮਿੰਟ ‘ਚ ਇਹ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪਾਲਕੀ ‘ਚ ਬਿਰਾਜਮਾਨ ਕੀਤੇ ਜਾਂਦੇ ਹਨ ।

ਪਾਲਕੀ ਚਲਦਿਆਂ ਹੀ ਅਕਾਲ ਉਸਤਤ ਦੇ ਸ਼ਬਦ ਬੋਲਦਿਆਂ ਸੰਗਤ ਫੁੱਲ ਸੁੱਟਣ ਲੱਗਦੀ ਹੈ । ਇਸ ਦੌਰਾਨ ਬੇਸ਼ੱਕ ਬਹੁਤੀ ਵਾਰ ਪਾਲਕੀ ਨੂੰ ਮੋਢਾ ਦੇਣ ਲਈ ਕੁਝ ‘ਚੌਧਰੀ’ ਧੱਕਾਜ਼ੋਰੀ ਕਰਦਿਆਂ ਰਮਨੀਕ ਮਾਹੌਲ ਨੂੰ ਗੰਧਲਾ ਕਰਦੇ ਹਨ ਪਰ ਸੰਗਤ ਦਾ ਸਵਾਰੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ ।

ਨਗਾਰੇ ਦੀ ਥਾਪ ਪਾਲਕੀ ਦੇ ਦਰਸ਼ਨੀ ਡਿਓੜੀ ਪਹੁੰਚਣ ਤੱਕ ਜਾਰੀ ਰਹਿੰਦੀ ਹੈ ਉਪਰੰਤ ਪੁੱਲ ‘ਤੇ ਚਲਦਿਆਂ ਕੇਵਲ ਸ਼ਬਦ ਕੀਰਤਨ ਅਤੇ ਸੰਗਤ ਵੱਲੋਂ ਕੀਤਾ ਜਾ ਰਿਹਾ ਜਾਪ ਰੁਹਾਨੀ ਸ਼ੈਲੀ ਨੂੰ ਸਿਖਰ ‘ਤੇ ਲੈ ਜਾਂਦਾ ਹੈ । ਪਾਲਕੀ ਹਰਿਮੰਦਰ ਸਾਹਿਬ ਦੇ ਮੁੱਖ ਦਰ ਮੂਹਰੇ ਮੁੜ ਰੁਕਦੀ ਹੈ ਅਤੇ ਸਿੰਘ ਸਾਹਿਬ ਸਤਿਕਾਰ ਸਹਿਤ ਪਾਵਨ ਸਰੂਪ ਮੁੜ ਸਿਰ ‘ਤੇ ਚੁੱਕ ਕੇ ਅੰਦਰ ਮੰਜੀ ਸਾਹਿਬ ‘ਤੇ ਸਥਾਪਿਤ ਕਰਨ ਲਈ ਲੈ ਜਾਂਦੇ ਹਨ ।

ਇਸ ਦੌਰਾਨ ਸੰਗਤ ਅਤੇ ਰਾਗੀ ਸਿੰਘ ਸਤਿਕਾਰ ਲਈ ਉੱਠ ਕੇ ਖੜ੍ਹੇ ਰਹਿੰਦੇ ਹਨ । ਇਸ ਦੇ ਨਾਲ ਹੀ ਪ੍ਰਕਾਸ਼ ਕਰਦਿਆਂ ਸਵੱਈਏ ਆਰੰਭ ਹੋ ਜਾਂਦੇ ਹਨ, ਜਿਨ੍ਹਾਂ ਦੀ ਸਮਾਪਤੀ ‘ਤੇ ਮੁੱਖਵਾਕ ਉਪਰੰਤ ਹੁਕਮਨਾਮਾ ਲਿਆ ਜਾਂਦਾ ਹੈ । ਜਿਸ ਮਗਰੋਂ ਰੋਜ਼ਾਨਾ ਦਾ ਨੇਮ ਨਾਲ ਚਲਦਾ ਕੀਰਤਨ, ਗੁਰਬਾਣੀ ਅਗਲੀ ਰਾਤ ਦੇ ਕਿਵਾੜ ਬੰਦ ਹੋਣ ਤੱਕ ਨਿਰੰਤਰ ਜਾਰੀ ਰਹਿੰਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: