ਸਿੱਖ ਖਬਰਾਂ

ਵਿਦੇਸ਼ੀ ਰਹਿੰਦੇ ਸਿੱਖਾਂ ਦੇ ਫੈਸਲੇ ਦੀ ਬੰਦੀ ਸਿੰਘਾਂ ਵੱਲੋਂ ਸ਼ਲਾਘਾ; ਕਿਹਾ ਹੋਰ ਮੁਕਲਾਂ ਦੀ ਸੰਗਤ ਵੀ ਪਹਿਲ ਕਰੇ

January 11, 2018 | By

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਸਿਆਸੀ ਕੈਦੀ ਹਰਮਿੰਦਰ ਸਿੰਘ ਮਿੰਟੂ ਅਤੇ ਰਤਨਦੀਪ ਸਿੰਘ ਉਰਫ ਜਿੰਦਰ ਨੂੰ 10 ਜਨਵਰੀ ਨੂੰ ਪੰਜਾਬ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਮੁਕਦਮਾ ਨੰਬਰ. 66/16 ਅਤੇ 375/99 ਦੀ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਨਾਲੋਂ ਤਕਰੀਬਨ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ।

ਪੇਸ਼ੀ ਮੌਕੇ ਦੀ ਤਸਵੀਰ

ਬੁੱਧਵਾਰ ਨੂੰ ਹੋਈ ਅਦਾਲਤੀ ਕਾਰਵਾਈ ਵਿੱਚ ਹਰਮਿੰਦਰ ਸਿੰਘ ਮਿੰਟੂ ਦੇ ਮਾਮਲੇ ਦਾ ਇਕ ਗਵਾਹ ਪੇਸ਼ ਹੋਇਆ ਜਿਸਨੇ ਅਪਣੀ ਗਵਾਹੀ ਦਰਜ ਕਰਵਾਈ ਅਤੇ ਰਤਨਦੀਪ ਸਿੰਘ ਦੇ ਮਾਮਲੇ ਦਾ ਚਲਾਨ ਅਦਾਲਤ ਅੰਦਰ ਪੇਸ਼ ਕੀਤਾ ਗਿਆ। ਦੋਨਾਂ ਸਿੰਘਾਂ ਵਲੋਂ ਐਡਵੋਕੇਟ ਪਰਮਜੀਤ ਸਿੰਘ ਬਤੌਰ ਵਕੀਲ ਪੇਸ਼ ਹੋਏ।

ਪੇਸ਼ੀ ਭੁਗਤਣ ਉਪਰੰਤ ਪ੍ਰੈਸ ਨਾਲ ਗਲਬਾਤ ਦੌਰਾਨ ਦੋਹਾਂ ਬੰਦੀ ਸਿੰਘਾਂ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੇ ਸਿੱਖਾਂ ਵਲੋਂ ਭਾਰਤੀ ਨੁਮਾਇੰਦਿਆਂ ਨੂੰ ਗੁਰੂਘਰ ਅੰਦਰ ਬੋਲਣ ਦੀ ਮਨਾਹੀ ਦਾ ਫੈਸਲਾ ਸ਼ਲਾਘਾਯੋਗ ਹੈ ਤੇ ਜਿਹੜੇ ਹੋਰ ਮੁਲਕ ਇਸ ਫੈਸਲੇ ਤੋਂ ਬਾਹਰ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦੀ ਫੈਸਲਾ ਲੈਣਾ ਚਾਹੀਦਾ ਹੈ।

ਇਸ ਮੌਕੇ ਰਤਨਦੀਪ ਸਿੰਘ ਜੇਲ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਇਲਾਜ ਨਾ ਕਰਵਾਉਣ ਦੇ ਦੋਸ਼ ਲਏ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਅੱਖ ਦੇ ਮੋਤਿਆਬਿੰਦ ਅਤੇ ਦੰਦਾਂ ਦੇ ਦਰਦ ਦੇ ਇਲਾਜ ਕਰਵਾੳਣ ਦੇ ਆਦੇਸ਼ ਦੇ ਬਾਵਜੂਦ ਵਾਰ-ਵਾਰ ਕਹਿਣ ‘ਤੇ ਵੀ ਨਾਭਾ ਜੇਲ ਵਾਲੇ ਇਲਾਜ ਨਹੀ ਕਰਵਾ ਰਹੇ। ਭਾਈ ਮਿੰਟੂ ਦਾ ਮਾਮਲਾ 18 ਜਨਵਰੀ ਅਤੇ ਭਾਈ ਰਤਨਦੀਪ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,