ਪੰਜਾਬ ਦੀ ਰਾਜਨੀਤੀ

ਕੇਂਦਰ ਤੋਂ ਗਰਾਟਾਂ ਦੀ ਭੀਖ ਮੰਗਣ ਦੀ ਬਜ਼ਾਏ, ਬਾਦਲ ਪੰਜਾਬ ਦਾ ਪਾਣੀ ਵਰਤ ਰਹੇ ਰਾਜਾਂ ਤੋਂ ਪੈਸਾ ਵਸੂਲਣ ਵੱਲ ਧਿਆਨ ਦੇਵੇ : ਦਲ ਖਾਲਸਾ

September 8, 2014 | By

ਅੰਮ੍ਰਿਤਸਰ (7 ਸਤੰਬਰ, 2014): ਪੰਜਾਬ ਅਤੇ ਸਿੱਖਾਂ ਦੇ ਕੌਮੀ ਹਿੱਤਾਂ ਲਈ ਲੰਮੇ ਸਮੇਂ ਤੋਂ ਕਾਰਜ਼ਸ਼ੀਲ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਕਿਹਾ ਕਿ ਪੰਜਾਬ ਦੀ ਲੜਖੜਾ ਰਹੀ ਆਰਥਿਕ ਵਿਵਸਥਾ ਨੂੰ ਥਾਂ ਸਿਰ ਲਿਆਉਣਾ ਲਈ ਬਾਦਲ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਤੋਂ ਗਰਾਟਾਂ ਦੀ ਭੀਖ ਮੰਗਣ ਦੀ ਆਦਤ ਛੱਡ ਕੇ ਮੁਫ਼ਤ ਵਿੱਚ ਕਈ ਦਹਾਕਿਆਂ ਤੋਂ ਪੰਜਾਬ ਦਾ ਪਾਣੀ ਵਰਤ ਰਹੇ ਰਾਜਾਂ ਤੋਂ ਇਸਦਾ ਮਾਮਲਾ ਵਸੂਲਣ ਦੇ ਕੰਮ ‘ਤੇ ਧਿਆਨ ਦੇਵੇ।

ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਸਰਕਾਰ ਨੂੰ ਕੋਈ ਵਿਸ਼ੇਸ਼ ਵਿੱਤੀ ਸਹਾਇਤਾ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਲਿਖੇ ਪੱਤਰ ਦੇ ਸੰਦਰਭ ਵਿੱਚ ਦਲ ਖਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਉਹ ਪੰਜਾਬ ਦਾ ਮੁਫ਼ਤ ਪਾਣੀ ਵਰਤ ਰਹੇ ਰਾਜਾਂ ਤੋਂ ਇਸਦਾ ਬਣਦਾ ਪੈਸਾ ਵਸੂਲਣ ਲਈ ਸਮਾਂ ਸੀਮਾਂ ਨਿਰਧਾਰਤ ਕਰਨ।

ਭਾਈ ਹਰਚਰਨਜੀਤ ਸਿੰਘ ਧਾਮੀ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਨਾਲ ਪ੍ਰੈਸ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਭਾਈ ਹਰਚਰਨਜੀਤ ਸਿੰਘ ਧਾਮੀ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਨਾਲ ਪ੍ਰੈਸ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਗਰਾਟਾਂ ਦੀ ਭੀਖ ਮੰਗਣ ਦੀ ਬਜ਼ਾਏ ਬਾਦਲ ਪੰਜਾਬ ਦਾ ਪਾਣੀ ਮੁਫਤ ਵਿੱਚ ਲੁੱਟ ਰਹੇ ਰਾਜਾਂ ਤੋਂ ਇਸਦਾ ਬਣਦਾ ਇਵਜਾਨਾਂ ਵਸੂਲ ਕਰਨ ਦਾ ਹੌਸਲਾ ਕਿਊ ਨਹੀ ਕਰਦਾ? ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 2004 ਵਿੱਚ ਪਾਸ “ ਪੰਜਾਬ ਟਰਮੀਨੇਸ਼ਨ ਐਕਟ 2004 ਦੀ ਧਾਰਾ 5 ਨੁੰ ਖਤਮ ਕਿਊਂ ਨਹੀਂ ਕਰਦਾ?,ਜਿਸਦੇ ਹੁੰਦਿਆਂ ਪੰਜਾਬ ਦਾ ਦੂਜੇ ਰਾਜਾਂ ਵੱਲੋਂ ਲੁਟਿਆ ਜਾ ਰਿਹਾ ਪਾਣੀ ਰੋਕਿਆ ਨਹੀਂ ਜਾ ਸਕਦਾ।

ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਉਪਰੋਕਤ ਕਾਨੂੰਨ ਦੀ ਧਾਰਾ 5 ਨੂੰ ਖਤਮ ਕਰਨ ਦੇ ਕੀਤੇ ਵਾਧੇ ਨੂੰ ਵੀ ਯਾਦ ਕਰਵਾਇਆ।

ਉਨਾਂ ਨੇ ਕਿਹਾ ਕਿ ਜਿਸ ਤਰਾਂ ਕੁਦਰਤ ਨੇ ਹੋਰਨਾਂ ਰਾਜਾਂ ਨੂੰ ਜਿਵੇਂ ਕਿ ਮੱਧ ਪ੍ਰਦੇਸ਼ ਅਤੇ ਝਾਰਖੰਡ ਨੂੰ ਕੋਲੇ ਦੇ, ਰਾਜਸਥਾਨ ਨੂੰ ਪੱਥਰ ਦੇ ਅਤੇ ਹੋਰ ਰਾਜਾਂ ਨੂੰ ਲੋਹੇ ਦੇ ਭੰਡਾਰ ਬਖਸ਼ੇ ਹਨ, ਅਤੇ ਉਹ ਇਨ੍ਹਾਂ ਲਈ ਦੂਜਿਆਂ ਰਾਜਾਂ ਤੋਂ ਪੈਸਾ ਵਸੂਲਦੇ ਹਨ।ਠੀਕ ਇਸੇ ਤਰਾਂ ਪਾਣੀ ਪੰਜਾਬ ਦਾ ਕੁਦਰਤ ਵੱਲੋਂ ਬਖਸਿਆ ਹੋਇਆ ਧਨ ਹੈ ਅਤੇ ਇਸ ਲਈ ਹੋਰ ਰਾਜਾਂ ਨੂੰ ਇਸਦੀ ਵਰਤੋਂ ਦਾ ਬਣਦਾ ਪੈਸਾ ਪੰਜਾਬ ਨੂੰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਦੂਸਰੇ ਰਾਜ ਆਪਣੇ ਕੁਦਰਤੀ ਭੰਡਾਰਾਂ ਦੀ ਵਰਤੋਂ ਲਈ ਦੂਸਰੇ ਰਾਜਾਂ ਤੋਂ ਪੈਸਾ ਵਸੂਲ ਸਕਦੇ ਹਨ ਤਾਂ ਪੰਜਾਬ ਨੂੰ ਇਸਦੇ ਪਾਣੀਆਂ ਦਾ ਪੈਸਾ ਦੂਸਰੇ ਰਾਜਾਂ ਤੋਂ ਉਗਰਾਉਣ ਲਈ ਕਿਉਂ ਵਾਝਿਆਂ ਰੱਖਿਆ ਜਾ ਰਹਿਾ ਹੈ।ਜਦਕਿ ਭਾਰਤ- ਪਾਕਿ ਬਟਵਾਰੇ(1947) ਤੋਂ ਪਹਿਲਾਂ ਰਾਜਸਥਾਨ ਪੰਜਾਬ ਦਾ ਪਾਣੀ ਲੈਣ ਬਦਲੇ ਇਸਦਾ ਬਣਦਾ ਪੈਸਾ ਪੰਜਾਬ ਨੂੰ ਦਿੰਦਾ ਰਿਹਾ ਹੈ।

ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਦੂਸਰੇ ਰਾਜਾਂ ਤੋਂ ਆਪਣੇ ਪਾਣੀ ਦਾ ਪੈਸੇ ਦੀ ਮੰਗ ਕਰਨਾ ਪੰਜਾਬ ਦਾ ਅਧਿਕਾਰ ਹੈ। ਭਾਵੇਂ ਕਿ ਪੰਜਾਬ ਨੇ ਦੁਸਰੇ ਰਾਜਾਂ ਨੂੰ ਪਾਣੀ ਦਿੱਤਾ ਹੋਇਆ ਹੈ ਪਰ ਪੰਜਾਬ ਖੁਦ ਇਸ ਸਬੰਧੀ ਦੁਬਾਰਾ ਉਨ੍ਹਾਂ ਨਾਲ ਨਵਾ ਇਕਰਾਰਨਾਮਾ ਕਰ ਸਕਦਾ ਹੈ।ਕੇਂਦਰ ਸਰਕਾਰ ਦੇ ਦਖਲ ਦੀ ਇਸ ਵਿੱਚ ਕੋਈ ਜਗ੍ਹਾ ਨਹੀਂ ਕਿਉਂੁਕਿ ਦਰਿਆਵਾਂ ਦੇ ਪਾਣੀ ਦਾ ਮਸਲਾ ਇੱਕ ਰਾਜ ਦਾ ਮਸਲਾ ਹੈ।

ਉਨਾਂ ਨੇ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ਵਿੱਚ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲੈਦਿਆਂ ਕਿਹਾ ਕਿ “ਸਿੱਖ ਸੰਘਰਸ਼ ਅੱਤਵਾਦ ਨਹੀਂ ਸੀ, ਇਹ ਸਿੱਖ ਕੌਮ ਦੀ ਅਜ਼ਾਦੀ, ਇਨਸਾਫ਼, ਕੌਮੀ ਆਨ ਸ਼ਾਨ ਲਈ ਲੜੀ ਗਈ ਲੜਾਈ ਸੀ”।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦ ਨਾਲ ਲੜਾਈ ਲੜੀ ਸੀ, ਇਸ ਲਈ ਕੇਂਦਰ ਪੰਜਾਬ ਨੂੰ ਵਿਸ਼ੇਸ਼ ਆਰਥਿਕ ਸਹਾਿੲਤਾ ਦੇਵੇ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੱੈਬਸਾਈਟ ‘ਤੇ ਜਾਓੁ, ਵੇਖੋ:
Stop begging for grants, seek royalty from non-riparian states on river waters: Sikh body to Punjab govt.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,