ਸਿੱਖ ਖਬਰਾਂ

ਦਾਸਤਾਨ-ਏ-ਮੀਰੀ-ਪੀਰੀ ਤੋਂ ਬਾਅਦ ‘ਮਦਰਹੁੱਡ’ ਫਿਲਮ ਸਿੱਖੀ ਸਿਧਾਂਤ ਤੇ ਹਮਲੇ ਲਈ ਤਿਆਰ ਹੈ

May 29, 2019 | By

ਨਵੀਂ ਬਣੀ ਕਾਰਟੂਨ/ਐਨੀਮੇਸ਼ਨ ਫਿਲਮ ਮਦਰਹੁੱਡ ਵਿਚ ਮਾਤਾ ਸਾਹਿਬ ਕੌਰ ਨੂੰ ‘ਸੁਪਰ-ਹਿਰੋਈਨ’ ਦੱਸਿਆ ਜਾ ਰਿਹੈ

ਚੰਡੀਗੜ੍ਹ: ਦਾਸਤਾਨ-ਏ-ਮੀਰੀ-ਪੀਰੀ ਨਾਮਕ ਕਾਰਟੂਨ/ਐਨੀਮੇਸ਼ਨ ਫਿਲਮ ਵਿਚ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਦਾ ਸਵਾਂਗ ਰਚਣ ਵਿਰੁਧ ਸਿੱਖਾਂ ਦਾ ਰੋਹ ਦੇ ਚੱਲਦਿਆਂ ਹੀ ਅਜਿਹੀ ਇਕ ਹੋਰ ਫਿਲਮ ਰਾਹੀਂ ਮਾਤਾ ਸਾਹਿਬ ਕੌਰ ਜੀ ਦਾ ਕਾਰਟੂਨ ਰੂਪ ਵਿਚ ਸਵਾਂਗ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ।

ਪਤਾ ਲੱਗਾ ਹੈ ਕਿ ‘ਮਦਰਹੁੱਡ’ ਨਾਂ ਦੀ ਕਾਰਟੂਨ ਫਿਲਮ ਵਿਚ ਮਾਤਾ ਸਾਹਿਬ ਕੌਰ ਜੀ ਦਾ ਸਵਾਂਗ ਰਚਿਆ ਗਿਆ ਹੈ ਅਤੇ ਇਸ ਫਿਲਮ ਦੀ ਮਸ਼ਹੂਰੀ ਲਈ ਜੋ ਝਲਕ ਬਿਜਾਲ (ਇੰਟਰਨੈਟ) ਉੱਤੇ ਪਾਈ ਗਈ ਹੈ ਉਸ ਵਿਚ ਮਾਤਾ ਜੀ ਨੂੰ ‘ਸੁਪਰ-ਹਿਰੋਈਨ’ ਦੱਸਿਆ ਜਾ ਰਿਹੈ।

ਸ਼੍ਰੋ.ਗੁ.ਪ੍ਰ.ਕ. ਅਤੇ ਜਥੇਦਾਰਾਂ ਦੀ ਫੈਸਲਾ ਲੈਣ ਤੋਂ ਅਸਮਰਥਾਂ ਕਾਰਨ ਮਾਮਲਾ ਵਿਗੜ ਰਿਹੈ:

ਕਾਰਟੂਨ/ਐਨੀਮੇਸ਼ਨ ਫਿਲਮਾਂ ਰਾਹੀਂ ਸਿੱਖ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਅਦੁੱਤੀ ਸ਼ਹੀਦਾਂ ਅਤੇ ਮਹਾਨ ਗੁਰਸਿੱਖਾਂ ਦੇ ਸਵਾਂਗ ਰਚਣ ਦਾ ਰੁਝਾਨ ਸਾਲ 2005 ਵਿਚ ਵਿਸਮਾਦ ਨਾਮੀ ਅਦਾਰੇ ਵਲੋਂ ਕਾਰਟੂਨ ਫਿਲਮ ਸਾਹਿਬਜ਼ਾਦੇ ਬਣਾਉਣ ਨਾਲ ਸ਼ੁਰੂ ਹੋਇਆ ਸੀ। ਉਸ ਵੇਲੇ ਤਤਕਾਲੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਇਸ ਵਿਰੁਧ ਅਕਾਲ ਤਖ਼ਤ ਸਾਹਿਬ ਵਿਖੇ ਵਿਰੋਧ ਦਰਜ਼ ਕਰਵਾਇਆ ਗਿਆ ਸੀ ਕਿ ਇਹ ਕਾਰਵਾਈ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਅਦੁੱਤੀ ਸ਼ਹੀਦਾਂ ਅਤੇ ਮਹਾਨ ਗੁਰਸਿੱਖਾਂ ਦੇ ਸਵਾਂਗ ਰਚਣ ਦੀ ਸਿਧਾਂਤਕ ਮਾਨਹੀ ਦੀ ਉਲੰਘਣਾ ਹੈ। ਇਸ ਤੋਂ ਬਾਅਦ ‘ਮੂਲਾ ਖੱਤਰੀ’ ਫਿਲਮ ਵੇਲੇ ਵੀ ਵਿਰੋਧ ਦਰਜ ਕਰਵਾਇਆ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬਾਨ ਨੇ ਇਸ ਬਾਰੇ ਕੋਈ ਠੋਸ ਫੈਸਲਾ ਨਾ ਲਿਆ।

ਦਾਸਤਾਨ-ਏ-ਮੀਰੀ-ਪੀਰੀ ਅਤੇ ਮਦਰਹੁੱਡ ਦੋ ਆ ਰਹੀਆਂ ਫਿਲਮਾਂ ਵਿਚ ਸਿੱਖ ਗੁਰੂ ਸਾਹਿਬਾਨ, ਗੁਰੂ ਪਰਵਾਰਾਂ ਅਤੇ ਮਹਾਨ ਗੁਰਸਿੱਖਾਂ ਦਾ ਸਵਾਂਗ ਰਚਿਆ ਗਿਆ ਹੈ

ਹਾਲਾਤ ਇਥੋਂ ਤੱਕ ਪਹੁੰਚੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਸਿਰਫ ਗੁਰੂ ਸਾਹਿਬ, ਸਾਹਿਬਜ਼ਾਦਿਆਂ/ਗੁਰੂ ਪਰਵਾਰਾਂ, ਪੰਜ ਪਿਆਰਿਆਂ ਦਾ ਸਵਾਂਗ ਰਚਦੀ ਕਾਰਟੂਨ ਫਿਲਮ ਚਾਰ ਸਾਹਿਬਜ਼ਾਦੇ ਨੂੰ ਪ੍ਰਵਾਣਗੀ ਦਿੱਤੀ ਬਲਕਿ ਇਹ ਫਿਲਮ ਸ਼੍ਰੋ.ਗੁ.ਪ੍ਰ.ਕ. ਵਲੋਂ ਕਰੋੜਾਂ ਰੁਪਏ ਵਿਚ ਖਰੀਦੀ ਵੀ ਗਈ। ਅਜਿਹਾ ਕਰਕੇ ਸ਼੍ਰੋ.ਗੁ.ਪ੍ਰ.ਕ. ਖਾਲਸਾ ਪੰਥ ਦੇ ਸਿਰਮੌਰ ਵਿਦਵਾਨਾਂ ਵਲੋਂ ਸਾਲ 1934 ਵਿਚ ਹੀ ਇਹਨਾਂ ਮਾਮਲਿਆਂ ਤੇ ਵਿਚਾਰ ਕਰਕੇ ਸ਼੍ਰੋ.ਗੁ.ਪ੍ਰ.ਕ. ਦੀ ਧਾਰਮਿਕ ਸਲਾਹਕਾਰ ਕਮੇਟੀ ਵਲੋਂ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਅਦੁੱਤੀ ਸ਼ਹੀਦਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸੰਸਕਾਰਾਂ ਦੇ ਸਵਾਂਗ ਰਚਣ ਤੇ ਨਕਲਾਂ ਲਾਹੁਣ ਦੀ ਮਨਾਹੀ ਬਾਬਤ ਪ੍ਰਵਾਣ ਕੀਤੇ ਗਏ ਮਤੇ ਦੀ ਉਲੰਘਣਾ ਵੀ ਕੀਤੀ ਹੈ।

ਚਾਰ ਸਾਹਿਬਜ਼ਾਦੇ ਫਿਲਮ ਨੇ ਨਾਨਕ ਸ਼ਾਹ ਫਕੀਰ ਜਿਹੀ ਫਿਲਮ ਲਈ ਰਾਹ ਖੋਲਿਆ:

ਸਿਧਾਂਤ ਦੀ ਅਣਦੇਖੀ ਕਰਕੇ ਚਾਰ ਸਾਹਿਬਜ਼ਾਦੇ ਫਿਲਮ ਨੂੰ ਦਿੱਤੀ ਗਈ ਗੈਰਵਾਜਿਬ ਪ੍ਰਵਾਣਗੀ ਦਾ ਅਸਰ ਇਹ ਹੋਇਆ ਕਿ ਹਰਿੰਦਰ ਸਿੰਘ ਸਿੱਕਾ ਵਲੋਂ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਬਣਾਈ ਗਈ ਜਿਸ ਵਿਚ ਗੁਰੂ ਨਾਨਕ ਜੀ, ਉਨ੍ਹਾਂ ਦੇ ਪਰਵਾਰ ਤੇ ਭਾਈ ਮਰਦਾਨਾ ਜੀ ਦਾ ਸਵਾਂਗ ਰਚਿਆ ਗਿਆ।

ਨਾਨਕ ਸ਼ਾਹ ਫਕੀਰ ਫਿਲਮ ਸਿੱਖ ਪੰਥ ਵਲੋਂ ਦੋ ਵਾਰ- ਸਾਲ 2015 ਅਤੇ 2017 ਵਿਚ ਸਖਤ ਵਿਰੋਧ ਕਰਕੇ ਬੰਦ ਕਰਵਾਈ ਗਈ।

ਸਾਲ 2017 ਵਿਚ ਜਦੋਂ ਇਹ ਫਿਲਮ ਮੁੜ ਜਾਰੀ ਕਰਨੀ ਸੀ ਤਾਂ ਹਰਿੰਦਰ ਸਿੱਕਾ ਨੂੰ ਸ਼੍ਰੋ.ਗੁ.ਪ੍ਰ.ਕ. ਦੇ ਸਕੱਤਰ ਡਾ. ਰੂਪ ਸਿੰਘ ਦਾ ਸਾਥ ਹਾਸਲ ਸੀ।

ਇਸ ਮੌਕੇ ਜਦੋਂ ਫਿਲਮ ਦਾ ਵਿਰੋਧ ਹੋਇਆ ਤਾਂ ਇਕ ਵਾਰ ਸ਼੍ਰੋ.ਗੁ.ਪ੍ਰ.ਕ. ਨੇ ਫਿਲਮ ਦਾ ਵਿਰੋਧ ਕਰਨ ਵਾਲੇ ਸਿੱਖਾਂ ਖਿਲਾਫ ਬਿਆਨ ਜਾਰੀ ਕੀਤਾ ਪਰ ਫਿਰ ਰੋਹ ਭਖਦਾ ਵੇਖ ਕੇ ਫਿਲਮ ਨਾਲੋਂ ਨਾਤਾ ਤੋੜ ਲਿਆ।

ਸ਼੍ਰੋ.ਗੁ.ਪ੍ਰ.ਕ. ਦਾ ਮਾਹਿਰ ਵਿਦਵਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਲਾਹਕਾਰ ਖੁਦ ਗੁਰੂ ਸਾਹਿਬ ਦੇ ਸਵਾਂਗ ਰਚਣ ਵਾਲੀ ਫਿਲਮ ਬਣਾਉਣ ਵਾਲਿਆਂ ਚ ਸ਼ਾਮਲ:

ਸ਼੍ਰੋ.ਗੁ.ਪ੍ਰ.ਕ. ਦੇ ਮਾਹਿਰ ਵਿਦਵਾਨ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਦੇ ਸਲਾਹਕਾਰਾਂ ਵਿਚ ਸ਼ਾਮਲ ਸਿੱਖ ਵਿਦਵਾਨ ਅਤੇ ਲੇਖਕ ਡਾ. ਇੰਦਰਜੀਤ ਸਿੰਘ ਗੋਗੋਆਣੀ ਖੁਦ ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੀ ਫਿਲਮ ਬਣਾਉਣ ਵਾਲ਼ਿਆਂ ਵਿੱਚ ਸ਼ਾਮਲ ਹੈ। ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਮੰਚਾਂ ਉੱਤੇ ਜਾ ਕੇ ਦਾਸਤਾਨ-ਏ-ਮੀਰੀ-ਪੀਰੀ ਕਾਰਟੂਨ/ਐਨੀਮੇਸ਼ਨ ਫਿਲਮ ਦੀ ਮਸ਼ਹੂਰੀ ਕਰਨ ਦੀਆਂ ਤਸਵੀਰਾਂ ਕਈ ਅਖਬਾਰਾਂ ਵਿਚ ਨਸ਼ਰ ਹੋ ਚੁੱਕੀਆਂ ਹਨ। ਇਸ ਫਿਲਮ ਦੇ ਨਿਮਾਰਤਾਵਾਂ ਵਲੋਂ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਸ. ਗੁਰਜੋਤ ਸਿੰਘ ਨੇ ਆਪ ਇਹ ਜਾਣਕਾਰੀ ਦਿੱਤੀ ਹੈ ਕਿ ਡਾ. ਇੰਦਰਜੀਤ ਸਿੰਘ ਗੋਗੋਆਣੀ ਇਸ ਫਿਲਮ ਨੂੰ ਬਣਾਉਣ ਵਾਲੀ ਟੋਲੀ (ਟੀਮ) ਵਿਚ ਸ਼ਾਮਲ ਹਨ। ਅਜਿਹੇ ਵਿਚ ਇਹ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਇਥੇ ਤਾਂ ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ।

ਮੌਜੂਦਾ ਜਥੇਦਾਰ ਵੀ ਫੈਸਲਾ ਲੈਣ ਦੀ ਹਿੰਮਤ ਨਹੀਂ ਵਿਖਾ ਰਹੇ:

ਸ਼੍ਰੋ.ਗੁ.ਪ੍ਰ.ਕ. ਵਲੋਂ ਲਾਏ ਗਏ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮਾਮਲੇ ਵਿਚ ਠੋਣ ਫੈਸਲਾ ਲੈਣ ਦੀ ਹਿੰਮਤ ਨਹੀਂ ਵਿਖਾ ਰਹੇ।

ਪਤਾ ਲੱਗਾ ਹੈ ਕਿ ‘ਦਾਸਤਾਨ-ਏ-ਮੀਰੀ-ਪੀਰੀ’ ਫਿਲਮ ਬਣਾਉਣ ਵਾਲਿਆਂ ਨੇ ਇਸ ਫਿਲਮ ਦੀ ਝਲਕ ਅਕਾਲ ਤਖਤ ਸਾਹਿਬ ਵਿਖੇ ਭੇਜ ਕੇ ਇਸ ਲਈ ਪ੍ਰਵਾਣਗੀ ਮੰਗੀ ਸੀ।

ਜਿਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਰਣਜੀਤ ਸਿੰਘ ਨੇ ਫਿਲਮਕਾਰਾਂ ਨੂੰ 7 ਮਈ ਨੂੰ ਚਿੱਠੀ ਲਿਖੀ ਸੀ ਕਿ ਇਕ ਤਾਂ ਇਸ ਝਲਕ ਵਿਚ ਗੁਰੂ ਹਰਗੋਬਿੰਦ ਜੀ ਨੂੰ ਵਿਖਾਇਆ ਗਿਆ ਹੈ ਜੋ ਕਿ ਗੈਰ-ਵਾਜਿਬ ਹੈ ਅਤੇ ਦੂਜਾ ਪੂਰੀ ਫਿਲਮ ਵੇਖੇ ਬਿਨਾ ਇਸ ਨੂੰ ਮਨਜੂਰੀ ਨਹੀਂ ਦਿੱਤੀ ਜਾ ਸਕਦੀ।

ਵੇਖਣ ਨੂੰ ਭਾਵੇਂ ਕਿ ਕੁਝ ਠੋਸ ਕਾਰਵਾਈ ਲੱਗ ਸਕਦੀ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਇਕ ਤਾਂ ਇਹ ਚਿੱਠੀ ਉਸ ਵੇਲੇ ਸਾਹਮਣੇ ਲਿਆਂਦੀ ਗਈ ਜਦੋਂ ਫਿਲਮ ਦੇ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਉੱਤੇ ਸਵਾਲ ਉੱਠ ਰਹੇ ਸਨ ਕਿ ਉਹ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਦੂਜਾ ਕਿ ਇਹ ਪਤਾ ਲੱਗਣ ਉੱਤੇ ਵੀ ਕਿ ਇਸ ਵਿਚ ਗੁਰੂ ਸਾਹਿਬ ਨੂੰ ਰੂਪਮਾਨ ਕਰਕੇ ਸਿੱਖੀ ਸਿਧਾਂਤ ਦੀ ਉਲੰਘਣਾ ਕੀਤੀ ਗਈ ਹੈ, ਗਿਆਨੀ ਹਰਪ੍ਰੀਤ ਸਿੰਘ ਨੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਿਆ। ਤੀਜਾ, ਫਿਲਮਕਾਰਾਂ ਨੇ ਚਿੱਠੀ ਵਿਚ ਇਹ ਸਾਫ ਕੀਤੇ ਜਾਣ ਕਿ ਗੁਰੂ ਸਾਹਿਬ ਨੂੰ ਐਨੀਮੇਸ਼ਨ ਰੂਪ ਵਿਚ ਵਿਖਾਉਣਾ ਗੈਰ-ਵਾਜਿਬ ਹੈ, ਦੇ ਬਾਵਜੂਦ ਉਹੀ ਝਲਕ ਫਿਲਮ ਦੀ ਮਸ਼ਹੂਰੀ ਲਈ ਵਰਤੀ ਪਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਉਲੰਘਣਾ ਲਈ ਵੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਦੋਂ ਸਿੱਖ ਸਿਆਸਤ ਨੇ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਸ. ਰਣਜੀਤ ਸਿੰਘ ਨਾਲ ਗੱਲ ਕੀਤੀ ਕਿ ਫਿਲਮਕਾਰਾਂ ਵਲੋਂ 7 ਮਈ ਵਾਲੀ ਚਿੱਠੀ ਦੇ ਬਾਵਜੂਦ ਉਹੀ ਝਲਕ ਫਿਲਮ ਦੇ ਪ੍ਰਚਾਰ ਹਿਤ ਚਲਵਾਈ ਜਾ ਰਹੀ ਹੈ ਤਾਂ ਉਨ੍ਹਾਂ ਸਿਰਫ ਇੰਨਾ ਕਿਹਾ ਕਿ ਅਸੀਂ ਤਾਂ ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਸੀ ਪਰ ਉਨ੍ਹਾਂ ਗੱਲ ਨਹੀਂ ਮੰਨੀ ਤੇ ਹੁਣ ਉਹ ਆਪ ਹੀ ਜਿੰਮੇਵਾਰ ਹਨ। ਸਵਾਲ ਇਹ ਹੈ ਕਿ ਜੇਕਰ ਫਿਲ਼ਮ ਵਾਲੇ ਗੁਰੂ ਬਿੰਬ ਨੂੰ ‘ਗੈਰ-ਵਾਜਿਬ’ ਤੌਰ ਤੇ ਰੂਪਮਾਨ ਕਰਕੇ ਪ੍ਰਚਾਰੀ ਜਾਂ ਰਹੇ ਹਨ ਤੇ ਜਿਸ ਲਈ ਉਹ ਆਪ ਹੀ ਜਿੰਮੇਵਾਰ ਹਨ ਤਾਂ ਫਿਰ ਬਤੌਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੀ ਜਿੰਮੇਵਾਰੀ ਹੈ? ਕੀ ਇਸ ਉਲੰਘਣਾ ਉੱਤੇ ਕਾਰਵਾਈ ਕਰਨੀ ਨਹੀਂ ਬਣਦੀ?

ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਨੇ ਵੀ ਫੈਸਲਾ ਲੈਣ ਤੋਂ ਟਾਲਾ ਵੱਟਿਆ:

26 ਮਈ ਨੂੰ ਇਕ ਸੰਖੇਪ ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਦਾਸਤਾਨ-ਏ-ਮੀਰੀ-ਪੀਰੀ ਫਿਲਮ ਦਾ ਮਾਮਲਾ ਵਿਚਾਰ ਲਈ ਸ਼੍ਰੋ.ਗੁ.ਪ੍ਰ.ਕ. ਕੋਲ ਭੇਜ ਦਿਤਾ ਸੀ ਜਿਸ ਦੀ ਇਕੱਤਰਤਾ ਅੱਜ 29 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸੀ ਪਰ ਇਹ ਕਮੇਟੀ ਫਿਲਮ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਨਾਕਾਮ ਰਹੀ ਹੈ। ਪਤਾ ਲੱਗਾ ਹੈ ਕਿ ਕਮੇਟੀ ਨੇ ਇਹ ਮਾਮਲਾ ਅਗਲੀ ਇਕੱਤਰਤਾ ਦੌਰਾਨ ਮੁੜ ਵਿਚਾਰਨ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਅੱਜ ਦੀ ਕਾਰਵਾਈ ਦੌਰਾਨ ਨਾ ਤਾਂ ਪੱਤਰਕਾਰਾਂ ਨੂੰ ਲਾਗੇ ਲੱਗਣ ਦਿੱਤਾ ਗਿਆ ਤੇ ਨਾ ਹੀ ਇਸ ਬਾਰੇ ਸ਼੍ਰੋ.ਗੁ.ਪ੍ਰ.ਕ. ਵਲੋਂ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਜਾਂ ਬਿਆਨ ਜਾਰੀ ਕੀਤਾ ਗਿਆ।

ਵਿਚਾਰਨ ਵਾਲੀ ਗੱਲ ਹੈ ਕਿ ਜਿਸ ਵੇਲੇ ਫਿਲਮ ਦੇ ਵਿਰੁਧ ਸਿੱਖਾਂ ਵਲੋਂ ਥਾਂ-ਥਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਫਿਲਮਾਂ ਉੱਤੇ ਮੁਕੰਮਲ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ, ਠੀਕ ਉਸ ਵੇਲੇ ਵੀ ਸ਼੍ਰੋ.ਗੁ.ਪ੍ਰ.ਕ. ਵਲੋਂ ਅਜਿਹਾ ਗੈਰ-ਸੰਜੀਦਾ ਰਵੱਈਆ ਅਪਣਾਇਆ ਜਾ ਰਿਹਾ ਹੈ ਕਿ ਅੱਜ ਦੀ ਇਕੱਤਰਤਾ ਵਿਚ ਨਾ ਤਾਂ ਕੋਈ ਫੈਸਲਾ ਲਿਆ ਗਿਆ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਜਨਤਕ ਕੀਤੀ ਗਈ।

ਆਉਂਦੇ ਦਿਨਾਂ ਵਿਚ ਰੋਹ ਭਖਣ ਦੇ ਅਸਾਰ:

ਜਿਵੇਂ ਕਿ ਦਾਸਤਾਨ-ਏ-ਮੀਰੀ-ਪੀਰੀ ਦੇ ਨਾਲ-ਨਾਲ ਹੁਣ ‘ਮਦਰਹੁੱਡ’ ਨਾਮੀ ਕਾਰਟੂਨ ਫਿਲਮ ਦਾ ਮਾਮਲਾ ਸਾਹਮਣੇ ਆ ਗਿਆ ਹੈ ਤੇ ਇਸ ਬਾਰੇ ਸ਼੍ਰੋ.ਗੁ.ਪ੍ਰ.ਕ. ਅਤੇ ਜਥੇਦਾਰ ਠੋਸ ਫੈਸਲਾ ਨਹੀਂ ਲੈ ਰਹੇ ਤਾਂ ਅਸਾਰ ਹਨ ਕਿ ਇਸ ਬਾਰੇ ਸਿੱਖਾਂ ਵਿਚ ਫੈਲਿਆ ਰੋਹ ਹੋਰ ਵਧੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,