ਸਿੱਖ ਖਬਰਾਂ

ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਜਿਉਂ ਦੀ ਤਿਉਂ ਰੱਖੀ ਜਾਵੇ: ਸਿੱਖ ਯੂਥ ਆਫ ਪੰਜਾਬ

April 6, 2019 | By

ਅੰਮ੍ਰਿਤਸਰ ਸਾਹਿਬ: ਸਿੱਖ ਯੂਥ ਆਫ ਪੰਜਾਬ (ਸਿ.ਯੂ.ਆ.ਪੰ) ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵਲੋਂ ਇਕ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਗਈ ਹੈ ਕਿ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਜੀ ਦੀ ਦਰਸ਼ਨੀ ਡਿਓੜੀ, ਜਿਸ ਨੂੰ ਕਿ ਬੀਤੇ ਦਿਨੀਂ ਕਾਰਸੇਵਾ ਲਈ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ, ਨੂੰ ਨਾ ਢਾਹਿਆ ਜਾਵੇ ਤੇ ਮਾਹਿਰਾਂ ਦੀ ਇਕ ਟੋਲੀ ਬਣਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਇਤਿਹਾਸਕ ਦਰਸ਼ਨੀ ਡਿਓੜੀ ਜਿਉਂ ਦੀ ਤਿਉਂ ਸਾਂਭੀ ਜਾਵੇਗੀ।

30 ਅਤੇ 31 ਮਾਰਚ 2019 ਦਰਮਿਆਨੀ ਰਾਤ ਨੂੰ ਕਾਰਸੇਵਾ ਵਾਲਿਆਂ ਵਲੋਂ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਦੇ ਕੀਤੇ ਗਏ ਨੁਕਸਾਨ ਦੀ ਇਕ ਤਸਵੀਰ

ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਅਸੀਂ ਸਿ.ਯੂ.ਆ.ਪ. ਦੇ ਮੁਖੀ ਵਲੋਂ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਨੂੰ ਲਿਖੀ ਗਈ ਇਸ ਚਿੱਠੀ ਨੂੰ ਹੇਠਾਂ ਇੰਨ-ਬਿੰਨ ਛਾਪ ਰਹੇ ਹਾਂ:

ਵੱਲ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।

॥ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਇਤਿਹਾਸ ਅਤੇ ਇਤਿਹਾਸ ਨਾਲ ਜੁੜੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਹਰ ਕੌਮ ਦਾ ਸਰਮਾਇਆ ਹੁੰਦੀਆਂ ਹਨ। ਕਦੇ ਉਹ ਸਮਾਂ ਹੁੰਦਾ ਸੀ ਜਦੋਂ ਸਿੱਖ ਕੌਮ ਨੂੰ ਬਾਹਰੀ ਹਮਲਾਵਰਾਂ ਤੋਂ ਆਪਣੀਆਂ ਕੀਮਤੀ/ਵਿਰਾਸਤੀ ਵਸਤਾਂ ਨੂੰ ਬਚਾਉਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਇਹਨਾਂ ਬਾਹਰੀ ਹਮਲਿਆਂ ਦਾ ਸਿੱਖ ਕੌਮ ਬੜੀ ਬਹਾਦਰੀ ਨਾਲ ਮੁਕਾਬਲਾ ਕਰਦੀ ਰਹੀ ਹੈ ਅਤੇ ਆਪਣੇ ਵਿਰਸੇ ਨੂੰ ਸੰਭਾਲਦੀ ਰਹੀ ਹੈ। ਬਹੁਤ ਵਾਰ ਸਮਾਂ ਅਜਿਹਾ ਵੀ ਆਇਆ ਜਦੋਂ ਇਹਨਾਂ ਹਮਲਿਆਂ ਵਿੱਚ ਜੂਝਦਿਆਂ ਹੋਇਆਂ ਸਿੱਖ ਦੀਆਂ ਕੁਝ ਇਤਿਹਾਸਕ ਨਿਸ਼ਾਨੀਆਂ ਵੀ ਤਬਾਹ ਹੋਈਆਂ ਪਰ ਉਹ ਤਬਾਹ ਹੋਈਆਂ ਨਿਸ਼ਾਨੀਆਂ ਵੀ ਆਪਣੇ ਆਪ ਵਿੱਚ ਇੱਕ ਇਤਿਹਾਸ ਸਿਰਜ ਗਈਆਂ।

ਮੌਜੂਦਾ ਸਮੇਂ ਵਿੱਚ ਵੀ ਸਾਨੂੰ ਕੁਝ ਅਜਿਹੇ ਚਿੰਨ੍ਹ ਮਿਲਦੇ ਹਨ ਜੋ ਸਾਡੇ ਉੱਪਰ ਹੋਏ ਬਾਹਰੀ ਹਮਲਿਆਂ ਨੂੰ ਯਾਦ ਦਿਵਾਉਂਦੇ ਹਨ ਅਤੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਸਿੱਖ ਕੌਮ ਅੰਦਰ ਮੁੜ ਰਾਜ ਕਰਨ ਦੀ ਆਸ ਨੂੰ ਜਗਦਾ ਰੱਖਦੀਆਂ ਹਨ। ਅਜਿਹੀਆਂ ਨਿਸ਼ਾਨੀਆਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਪਰ ਅੱਜ ਸਿੱਖ ਕੌਮ ਦੀ ਤ੍ਰਾਸਦੀ ਬਣ ਗਈ ਹੈ ਕਿ ਇਨ੍ਹਾਂ ਨਿਸ਼ਾਨੀਆਂ ਨੂੰ ਮੇਟਣ ਦੀਆਂ ਦਿਨ ਪ੍ਰਤੀ ਦਿਨ ਬੇਅੰਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਫ਼ਸੋਸ ਇਸ ਗੱਲ ਦਾ ਹੁੰਦਾ ਹੈ ਕਿ ਇਸ ਵਾਰ ਬਾਹਰੀ ਹਮਲੇ ਘੱਟ ਅਤੇ ਅੰਦਰੂਨੀ ਹਮਲੇ ਜ਼ਿਆਦਾ ਹੋ ਰਹੇ ਹਨ ਜਿਸ ਵਿੱਚ ਸਾਡੀਆਂ ਆਪਣੀਆਂ ਹੀ ਪੰਥਕ ਕਹਾਉਣ ਵਾਲੀਆਂ ਸੰਸਥਾਵਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ।
ਹਿਰਦੇ ਵਲੂੰਧਰੇ ਜਾਂਦੇ ਹਨ ਜਦੋਂ “ਕਾਰ ਸੇਵਾ” ਦੇ ਨਾਮ ਉੱਤੇ ਪੰਥ ਦੀ “ਮਾਰ ਸੇਵਾ” ਹੁੰਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿੱਚ ਭਾਈਵਾਲ ਬਣ ਕੇ ਬੈਠੀ ਹੁੰਦੀ ਹੈ।
ਬੀਤੇ ਦਿਨੀ ਖ਼ਾਲਸਾ ਰਾਜ ਦੀ ਯਾਦ ਦਵਾਉਂਦੀ ਸ੍ਰੀ ਤਰਨ ਤਾਰਨ ਸਾਹਿਬ ਦੇ ਦਰਸ਼ਨੀ ਡਿਉੜੀ ਨੂੰ ਢਾਹੁਣ ਦੀ ਗੱਲ ਸਾਹਮਣੇ ਆਈ ਹੈ ਜਿਸ ਨੇ ਪੂਰੀ ਕੌਮ ਦੇ ਹਿਰਦੇ ਇਕ ਵਾਰ ਫਿਰ ਵਲੂੰਧਰੇ ਹਨ। ਇਸ ਵਾਰ ਮਨ ਉਦਾਸ ਹੋਣ ਦੇ ਨਾਲ ਥੋੜ੍ਹਾ ਖੁਸ਼ ਵੀ ਹੈ ਕਿਉਂਕਿ ਸਿੱਖ ਕੌਮ ਨੇ ਇਸ ਦਾ ਬਾਖੂਬੀ ਵਿਰੋਧ ਕੀਤਾ ਹੈ ਅਤੇ ਬਹੁਤ ਸਾਰੇ ਅਖੌਤੀ ਬਾਬਿਆਂ ਦੇ ਚਿਹਰੇ ਨੰਗੇ ਵੀ ਹੋਏ ਹਨ।
ਇੱਕ ਗੱਲ ਸਾਡੀ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ ਕਿ ਆਖਿਰ ਕਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਤੀਆਂ ਕਰਦੀ ਰਹੇਗੀ ਅਤੇ ਜਦੋਂ ਕੌਮ ਵਿਰੋਧ ਕਰਦੀ ਹੈ ਤਾਂ ਉਨ੍ਹਾਂ ਤੋਂ ਮਾਫੀਆਂ ਮੰਗ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰਦੀ ਰਹੇਗੀ? ਕਿਉਂ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕੀ ਵਿਰਾਸਤ ਦੇ ਕੇ ਜਾਵਾਂਗੇ? ਸਮਾਂ ਰਹਿੰਦੇ ਜੇਕਰ ਅਸੀਂ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਝੋਲੀ ਵਿੱਚ ਸਿਵਾਏ ਲਾਹਨਤਾਂ ਤੋਂ ਹੋਰ ਕੁਝ ਵੀ ਨਹੀਂ ਪਾਉਣਗੀਆਂ।

ਅਖੀਰ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਦੀ ਸੰਭਾਲ ਜਿਉਂ ਦੀ ਤਿਉਂ ਬਰਕਰਾਰ ਰੱਖਣ ਲਈ ਇਕ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ ਜੋ ਇਸ ਗੱਲ ਦੀ ਪੁਸ਼ਟੀ ਕਰੇ ਕਿ ਢਾਈ ਗਈ ਦਰਸ਼ਨੀ ਡਿਉੜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸੇ ਰੂਪ ਵਿੱਚ ਹੀ ਸੰਭਾਲ ਕੇ ਰੱਖਿਆ ਜਾਵੇ। ਇਸ ਦੀ ਮੁੜ ਉਸਾਰੀ ਦੀ ਵਿਚਾਰ ਨਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਥ ਅਜਿਹੇ ਅਖੌਤੀ ਬਾਬਿਆਂ ਅਤੇ ਸੇਵਾਦਾਰਾਂ ਤੋਂ ਸੁਚੇਤ ਹੋ ਸਕੇ।
ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਿਨਾਉਣੀਆਂ ਹਰਕਤਾਂ ਨਹੀਂ ਹੋਣਗੀਆਂ ਅਤੇ ਪੰਥਕ/ਇਤਿਹਾਸਕ ਇਮਾਰਤਾਂ ਨੂੰ ਢਾਹੁਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗੀ।

ਪਰਮਜੀਤ ਸਿੰਘ ਮੰਡ
(ਪ੍ਰਧਾਨ,ਸਿੱਖ ਯੂਥ ਆਫ ਪੰਜਾਬ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,