ਲੜੀਵਾਰ ਕਿਤਾਬਾਂ

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 4)

November 16, 2010 | By

ਹਮ ਹਿੰਦੂ ਨਹੀਂ: (ੳ) ਇਤਿਹਾਸਕ ਪਿਛੋਕੜ

(ਧਿਆਨ ਦਿਓ: ਹੇਠਾਂ ਜੋ ਅੰਕ () ਵਿੱਚ ਲਿਖੇ ਗਏ ਹਨ, ਉਹ ਹਵਾਲਾ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਇਸ ਹਿੱਸੇ ਦੇ ਅਖੀਰ ਵਿੱਚ ਦਿੱਤੇ ਗਏ ਹਨ – ਪੰਜਾਬ ਨਿਊਜ਼ ਨੈਟ.)

Sikh Politics of Twentieth Century - Book by Ajmer Singhਇਸ ਇਤਿਹਾਸਕ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਾਬੇ ਨਾਨਕ ਵੱਲੋਂ ‘‘ਤੀਸਰਾ ਪੰਥ’’ ਚਲਾਉਣ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਸਾਜਨਾ ਤੱਕ ਸਿੱਖੀ ਦੇ ਘੇਰੇ ਵਿਚ ਆਏ ਜ਼ਿਆਦਾਤਰ ਲੋਕਾਂ ਦਾ ਪਿਛੋਕੜ ਹਿੰਦੂ ਸੀ। ਸਿੱਖ ਪੰਥ ਅੰਦਰ ਸ਼ਾਮਲ ਹੋਏ ਇਹ ਤੱਤ ਆਪਣੇ ਵਿਸ਼ਵਾਸਾਂ, ਸੰਸਕਾਰਾਂ, ਰਹੁ-ਰੀਤਾਂ ਤੇ ਰਸਮਾਂ ਰਿਵਾਜਾਂ ਪੱਖੋਂ ਹਿੰਦੂ ਸਮਾਜ ਨਾਲ ਚੀੜ੍ਹੇ ਰੂਪ ’ਚ ਜੁੜੇ ਹੋਏ ਸਨ। ਜਿਉਂ-ਜਿਉਂ ਸਿੱਖ ਪੰਥ ਦਾ ਨਿਵੇਕਲਾ ਸਰੂਪ ਉਘੜਦਾ ਚਲਾ ਗਿਆ ਅਤੇ ਇਸ ਦੀ ਸੁਤੰਤਰ ਹਸਤੀ ਸਥਾਪਤ ਹੁੰਦੀ ਗਈ ਤਾਂ ਹਿੰਦੂਵਾਦ ਨਾਲੋਂ, ਸੋਚ ਤੇ ਸੰਸਕਾਰਾਂ ਪੱਖੋਂ ਮੁਕੰਮਲ ਰੂਪ ’ਚ ਤੋੜ-ਵਿਛੋੜਾ ਕਰਨ ਤੋਂ ਆਰ੍ਹੀ (ਜਾਂ ਇਨਕਾਰੀ) ਤੱਤਾਂ ਨੇ ਇਸ ਅਮਲ ਦੇ ਵਿਰੋਧ ’ਚ ਖੜ੍ਹਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ, ਸ਼ੰਕਿਆਂ ਦੇ ਰੂਪ ’ਚ ਬਾਬੇ ਨਾਨਕ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਗੋਬਿੰਦ ਸਿੰਘ ਵੇਲੇ, ਖਾਲਸੇ ਦੀ ਸਿਰਜਨਾ ਨਾਲ, ਇਹ ਵਿਰੋਧ ਖੁੱਲ੍ਹਾ ਰੂਪ ਧਾਰਨ ਕਰ ਗਿਆ। ਪੁਰਾਤਨ ਸਿੱਖ ਇਤਿਹਾਸ ਤੇ ਪਰੰਪਰਾ ਸਬੰਧੀ ਪ੍ਰਸਿੱਧ ਲਿਖਤਾਂ (ਕੋਇਰ ਸਿੰਘ ਦੁਆਰਾ ਰਚਿਤ ‘ਗੁਰਬਿਲਾਸ ਪਾਤਸ਼ਾਹੀ ਦਸ’ ਅਤੇ ਸੈਨਾਪਤਿ ਕਿਰਤ ‘ਸ੍ਰੀ ਗੁਰ ਸੋਭਾ’ ਆਦਿ) ’ਚੋਂ ਇਹ ਕਬੂਲਣਯੋਗ ਪ੍ਰਮਾਣ ਮਿਲਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾ ਮੌਕੇ ਸਿੱਖ ਪੰਥ ਅੰਦਰਲੇ ਕਾਫੀ ਤੱਤਾਂ ਨੇ, ਆਪਣੇ ਹਿੰਦੂ ਸੰਸਕਾਰਾਂ ਸਦਕਾ, ਖਾਲਸਾ ਪੰਥ ਵਿਚ ਸ਼ਾਮਲ ਹੋਣ ਤੋਂ ਖੁੱਲ੍ਹਮਖੁੱਲ੍ਹਾ ਇਨਕਾਰ ਕਰ ਦਿੱਤਾ ਸੀ(1)।
ਇਹ ਵਤੀਰਾ ਜ਼ਿਆਦਾਤਰ ਕਰਕੇ ਸਵਰਨ ਜਾਤੀਆਂ ਨਾਲ ਸਬੰਧਤ ਵਰਗਾਂ ਵੱਲੋਂ ਅਪਣਾਇਆ ਗਿਆ ਸੀ। ਦਿੱਲੀ ਦੀ ਸਿੱਖ ਸੰਗਤ ਦੇ ਅਖੌਤੀ ਉੱਚ ਜਾਤੀ ਵਰਗਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਹੱਥੋਂ ਅੰਮ੍ਰਿਤ ਪਾਣ ਕਰਕੇ ਸਿੰਘ ਸਜੇ ਲੋਕਾਂ ਦਾ ਸਮਾਜਕ ਬਾਈਕਾਟ ਕਰਨ ਤੱਕ ਨਿਰਣਾ ਲੈ ਲਿਆ ਸੀ।(2) ਉਸ ਤੋਂ ਬਾਅਦ ਵੀ ਸਿੱਖ ਪੰਥ ਅੰਦਰ ਇਹ ਵਿਚਾਰਧਾਰਕ ਵਖਰੇਵੇਂ ਤੇ ਬਖੇੜੇ ਜਾਰੀ ਰਹੇ। ਨਾਨਕਪੰਥੀਏ, ਨਿਰਮਲੇ, ਉਦਾਸੀ ਆਦਿ ਸੰਪਰਦਾਵਾਂ, ਵਿਚਾਰਧਾਰਕ ਤੇ ਦੁਨਿਆਵੀ, ਦੋਨੋਂ ਪੱਧਰਾਂ ’ਤੇ ਹਿੰਦੂ ਮੱਤ ਦੇ ਗਹਿਰੇ ਪ੍ਰਭਾਵ ਹੇਠ ਸਨ। ਜਿਨਾ ਚਿਰ ਸਿੱਖ ਪੰਥ ਦੇ ਅੰਦਰੂਨੀ ਨਿਯਮਾਂ ਅੰਦਰ ਸਖ਼ਤਾਈ ਨਹੀਂ ਆਈ, ਉਨਾ ਚਿਰ ਇਹ ਸੰਪਰਦਾਵਾਂ ਪੰਥ ਅੰਦਰ ਪ੍ਰਵਾਨ ਭਾਵੇਂ ਨਾ ਸਹੀ, ਪਰ ਸਹਿਣ ²ਜ਼ਰੂਰ ਹੁੰਦੀਆਂ ਰਹੀਆਂ। ਖਾਲਸਾ ਪੰਥ ਦੀ ਸਾਜਨਾ ਨਾਲ ਜਦ ਅੰਦਰੂਨੀ ਜ਼ਾਬਤਾ ਸਖ਼ਤ ਹੋ ਗਿਆ ਤਾਂ ਗੁਰਮਤਿ ਵਿਚਾਰਧਾਰਾ ਨਾਲੋਂ ਵੱਖਰਾ ਵਹਿਣ ਬਣਾ ਕੇ ਵਗ ਰਹੀਆਂ ਇਨ੍ਹਾਂ ਧਾਰਾਵਾਂ ਨਾਲੋਂ ਦੋ ਟੁੱਕ ਨਖੇੜਾ ਕਰਨ ਦਾ ਕਾਰਜ ਏਜੰਡੇ ’ਤੇ ਆ ਗਿਆ। ਅਜਿਹੇ ਚੋਖੇ ਇਤਿਹਾਸਕ ਪ੍ਰਮਾਣ ਮਿਲਦੇ ਹਨ ਕਿ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਅੰਦਰ ਗੁਰਮਤਿ ਵਿਚਾਰਧਾਰਾ ਨੂੰ ਪੱਕੇ ਪੈਰੀਂ ਕਰਨ ਅਤੇ ਇਸ ਦੀ ਨਿਰਮਲਤਾ ਬਰਕਰਾਰ ਰੱਖਣ ਦੇ ਉਦੇਸ਼ ਨਾਲ ‘ਬਿਪਰਨ ਕੀ ਰੀਤ’ ਵਿਰੁੱਧ ਕਠੋਰ ਤੇ ਫੈਸਲਾਕੁਨ ਸਿਧਾਂਤਕ ਜਦੋਜਹਿਦ ਦਾ ਅਮਲ ਆਰੰਭ ਦਿੱਤਾ ਸੀ।(3) ਪਰ ਉਦੋਂ ਹੀ ਖਾਲਸੇ ਦੀ ਮੁਗਲਸ਼ਾਹੀ ਨਾਲ ਹੋਣੀ ਭਰਪੂਰ ਟੱਕਰ ਸ਼ੁਰੂ ਹੋ ਗਈ। ਜ਼ਿੰਦਗੀ ਮੌਤ ਦੇ ਇਸ ਸੰਘਰਸ਼ ਨੇ ਖਾਲਸਾ ਪੰਥ ਅੰਦਰਲੇ ਇਨ੍ਹਾਂ ਸਿਧਾਂਤਕ ਬਖੇੜਿਆਂ ਨੂੰ ਪਿਛਵਾੜੇ ਧੱਕ ਦਿੱਤਾ। ਇਹ ਹਾਲਤ ਲੰਮਾ ਚਿਰ ਜਾਰੀ ਰਹੀ। ਮਿਸਲਾਂ ਵੇਲੇ, ਜਦ ਖਾਲਸਾ ਪੰਥ ਨੂੰ ਰਤਾ ਕੁ ਸੌਖਾ ਸਾਹ ਆਉਣਾ ਸ਼ੁਰੂ ਹੋਇਆ ਤਾਂ ਉਦੋਂ ਤੱਕ ਸਿੱਖੀ ਦੀਆਂ ਸਿਧਾਂਤਕ ਬੁਨਿਆਦਾਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਚੁੱਕੀਆਂ ਸਨ। ਸਿੱਟੇ ਵਜੋਂ, ਪੰਥ ਦੇ ਅੰਦਰੂਨੀ ਵਿਚਾਰਧਾਰਕ ਵਿਗਾੜਾਂ ਨੂੰ ਟਿਕਾਣੇ ਸਿਰ ਕਰਨ, ਅਰਥਾਤ ਅੰਦਰਲੀ ਸਿਧਾਂਤਕ ਸੁਧਾਈ ਕਰਨ ਦੀ ਚੇਤਨਾ ਕਮਜ਼ੋਰ ਪੈ ਤੁਰੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਨੂੰ ਇਸ ਕਦਰ ਢਾਹ ਲੱਗ ਗਈ ਕਿ ਸਿੱਖ ਧਰਮ ਤੇ ਸਮਾਜ ਦੇ ‘ਹਿੰਦੂਕਰਨ’ ਦਾ ਅਮਲ ਗੰਭੀਰ ਆਕਾਰ-ਪਸਾਰ ਅਖਤਿਆਰ ਕਰ ਗਿਆ। ਖੁਸ਼ਵੰਤ ਸਿੰਘ ਨੇ ਇਸ ਵਰਤਾਰੇ ਦੀ ਗੰਭੀਰਤਾ ਦਰਸਾਉਂਦਿਆਂ ਲਿਖਿਆ ਹੈ ਕਿ ‘‘ਸਿੱਖ ਰਾਜ ਦੌਰਾਨ ਸਿੱਖ ਅਤੇ ਹਿੰਦੂ ਵਿਚਕਾਰ ਫਰਕ ਮਾਮੂਲੀ ਹੀ ਰਹਿ ਗਿਆ ਸੀ।’’(4) ਅਰਨੈਸਟ ਟਰੰਪ, ਜੇ.ਡੀ. ਕਨਿੰਘਮ, ਮੈਕਸ ਆਰਥੁਰ ਮੈਕਾਲਿਫ ਤੇ ਹੋਰਨਾਂ ਪੱਛਮੀ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਵੀ ਆਪਣੀਆਂ ਰਚਨਾਵਾਂ ਅੰਦਰ ਇਸ ਤੱਥ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੁਸ਼ਟੀ ਕੀਤੀ ਹੈ। ਇਹ ਉਹ ਸਮਾਂ ਸੀ ਜਦ ਉਪਰ ਬਿਆਨੀਆਂ ਨੀਮ ਹਿੰਦੂ ਸੰਪਰਦਾਵਾਂ ਨੂੰ ਸਿੱਖ ਪੰਥ ਅੰਦਰ ਨਾ ਸਿਰਫ ਕਬੂਲਿਆ ਗਿਆ ਸਗੋਂ ਸਤਿਕਾਰ ਦੀ ਨਿਗ੍ਹਾ ਨਾਲ ਦੇਖਿਆ ਜਾਣ ਲੱਗਾ। ਅਠਾਰਵੀਂ ਸਦੀ ’ਚ ਜਦ ‘ਅਕਾਲ ਪੁਰਖ ਕੀ ਫਉਜ’ ਉਤੇ ਮੁਗਲਸ਼ਾਹੀ ਦੇ ਜ਼ੁਲਮਾਂ ਦਾ ਤੇਜ਼ ਝੱਖੜ ਝੁੱਲਣ ਲੱਗਾ ਅਤੇ ਸਿੰਘਾਂ ਨੂੰ ਜੰਗਲਾਂ ਬੇਲਿਆਂ ’ਚ ਰਹਿ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਗਿਆ ਤਾਂ ਸਿੱਖੀ ਪ੍ਰਚਾਰ ਤੇ ਗੁਰਧਾਮਾਂ ਦਾ ਪ੍ਰਬੰਧ, ਗੁਰਮਤਿ ਵਿਚਾਰਧਾਰਾ ਤੋਂ ਇਕ ਦੂਰੀ ਬਣਾ ਕੇ ਚੱਲ ਰਹੀਆਂ ਇਨ੍ਹਾਂ ਸੰਪਰਦਾਵਾਂ ਦੇ ਹੱਥਾਂ ’ਚ ਚਲਾ ਗਿਆ। ਖੁਦ ਹਿੰਦੂਵਾਦ ਦੇ ਵਿਚਾਰਧਾਰਕ ਪ੍ਰਭਾਵ ਹੇਠ ਹੋਣ ਕਰਕੇ, ਇਹ ਸੰਪਰਦਾਵਾਂ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ ਅੰਦਰ ਹਿੰਦੂਵਾਦੀ ਖੋਟ ਮਿਲਾਉਣ ਦੀਆਂ ਵਾਹਕ ਹੋ ਨਿਬੜੀਆਂ। ਸਿੱਟਾ ਇਹ ਹੋਇਆ ਕਿ ਸਿੱਖ ਜੀਵਨ ਤੇ ਚਿੰਤਨ ਅੰਦਰ ਹਿੰਦੂਵਾਦ ਮੁੜ ਘੁਸਪੈਠ ਕਰ ਗਿਆ। ਗੁਰਦਆਰਿਆਂ ਅੰਦਰ ਖੁੱਲ੍ਹੇਆਮ ਗੁਰਮਤਿ ਵਿਰੋਧੀ ਅਮਲ ਚਲ ਪਏ। ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ‘ਬ੍ਰਾਹਮਣੀਕਰਨ’ ਦਾ ਸਿਲਸਿਲਾ ਜ਼ੋਰ ਫੜ ਗਿਆ। ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਕਾਰਨਾਮਿਆਂ ਨੂੰ ਹਿੰਦੂਵਾਦੀ ਨਜ਼ਰੀਏ ਤੋਂ ਪੇਸ਼ ਕਰਨ ਦੀ ਗੁਰਮਤਿ ਵਿਰੋਧੀ ਰੀਤ ਪ੍ਰਚਲਤ ਹੋ ਗਈ। ਸਿੱਖ ਰਹੁ-ਰੀਤਾਂ ਦੇ ਉਲਟ ਹਿੰਦੂ ਰਸਮਾਂ ਨੂੰ ਖੁੱਲ੍ਹੀ ਮਾਨਤਾ ਦੇ ਦਿੱਤੀ ਗਈ। ਹਿੰਦੂਆਂ ਦੀ ਰੀਸੇ, ਸਿੱਖਾਂ ਨੇ ਵੀ ‘ਸ਼ਬਦ ਗੁਰੂ’ ਦੇ ਅਦੁੱਤੀ ਸਿਧਾਂਤ ਦੀ ਅਵੱਗਿਆ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਦਾ ਅਮਲ ਆਰੰਭ ਦਿੱਤਾ। ਜਾਤਪਾਤ, ਬੁੱਤ ਪੂਜਾ, ਅੰਧਵਿਸ਼ਵਾਸ ਅਤੇ ਵਹਿਮਪ੍ਰਸਤੀ ਵਰਗੀਆਂ ਬ੍ਰਾਹਮਣਵਾਦੀ ਲਾਹਨਤਾਂ ਨੇ ਸਿੱਖ ਸਮਾਜ ਨੂੰ ਮੁੜ ਆਪਣੀ ਗ੍ਰਿਫਤ ਵਿਚ ਲੈ ਲਿਆ। ਜੋਤਸ਼, ਟੂਣੇ, ਮੰਤਰ, ਨਰਾਤੇ, ਵਰਤ, ਸ਼ਰਾਧ, ਗੁੱਗੇ, ਮੜ੍ਹੀਆਂ ਆਦਿ ਹਿੰਦੂ ਅਮਲ ਫਿਰ ਤੋਂ ਸਿੱਖ ਜੀਵਨ ਦਾ ਆਮ ਅੰਗ ਬਣ ਗਏ। ਪ੍ਰੋ. ਪ੍ਰੀਤਮ ਸਿੰਘ ਦੀ ਹੇਠ ਲਿਖੀ ਟੂਕ ਸਿੱਖ ਚਿੰਤਨ ਤੇ ਜੀਵਨ ਅਮਲ ਅੰਦਰ ਹਿੰਦੂਵਾਦੀ ਘੁਸਪੈਂਠ ਦੀ ਢੁਕਵੀਂ ਤਸਵੀਰ ਮੁਹੱਈਆ ਕਰਦੀ ਹੈ : ‘‘ਘੋਰ ਸੰਕਟ ਵੇਲੇ ਜਿਹੜੇ ਮੀਣੇ, ਧੀਰਮਲੀਏ, ਰਾਮਰਾਈਏ ਤੇ ਉਦਾਸੀ ਜਾਂ ਬੇਦੀ ਤੇ ਸੋਢੀ ਧਰਮਸਾਲੀਏ, ਕ੍ਰਾਂਤੀਕਾਰੀ ਸਿੱਖਾਂ ਵਾਂਗ ਘਰੋਂ ਬੇਘਰ ਨਹੀਂ ਸਨ ਹੋਏ, ਉਨ੍ਹਾਂ ਨੇ ਆਪਣਾ ਬਚਾਓ ਗੁਰਮਤਿ ਦੇ ਉਦਾਸ ਤੇ ਵੈਰਾਗੀ ਰੰਗ ਵਿਚ ਉਜਾਗਰ ਕਰਨ, ਇਸ ਦੀ ਵੇਦਾਂਤ-ਅਨੁਕੂਲ ਵਿਆਖਿਆ ਕਰਨ ਤੇ ਇਸਨੂੰ ਵੇਦ ਤੋਂ ਗੀਤਾ ਤੱਕ ਦੇ ਅਨੁਸਾਰੀ ਦੱਸਣ ਵਿਚ ਸਮਝਿਆ ਜਿਸ ਵਿਆਪਕ ਦੇਸੀ ਸੰਸਕ੍ਰਿਤੀ ਦੇ ਅੰਦਰ ਰਹਿੰਦਿਆਂ ਗੁਰੂ ਸਾਹਿਬਾਨ ਨੇ ਆਪਣੇ ਨਵੇਂ ਧਾਰਮਿਕ ਸਮਾਜਿਕ ਤਜਰਬੇ ਨੂੰ ਸਿਰੇ ਚਾੜਨ ਦਾ ਸੰਕਲਪ ਕੀਤਾ ਸੀ, ਉਹੋ ਸੰਸਕ੍ਰਿਤੀ, ਕੌੜੀ ਵੇਲ ਵਾਂਗ, ਨਵੇਂ ਧਰਮ ਦੇ ਉਤੇ ਫੈਲਣ ਲੱਗ ਪਈ ਸੀ। ਦੋਹਾਂ ਪ੍ਰਭਾਵਾਂ ਦਾ ਰਲਵਾਂ ਨਤੀਜਾ ਇਹ ਹੋਇਆ ਕਿ ਮੁਗਲ ਸਰਦਾਰੀਆਂ ਦੇ ਨਮੂਨੇ ਉਤੇ ਸਿੱਖ ਸਰਦਾਰੀਆਂ ਖਾਨਦਾਨੀ ਬਣ ਗਈਆਂ….. ਊਚ-ਨੀਚ ਤੇ ਜਾਤ-ਪਾਤ ਦਾ ਵਰਤਾਰਾ ਆਮ ਹੋ ਗਿਆ, ਸਮਾਧੀਆਂ ਦੀ ਮਾਨਤਾ ਹੋਣ ਲੱਗੀ, ਹਰਿਦ੍ਵਾਰ ਨੂੰ ਮੋਖ-ਦੁਆਰ ਸਮਝਿਆ ਜਾਣ ਲੱਗਾ, ‘ਸ੍ਰੀ ਗੁਰੂ ਗ੍ਰੰਥ’ ਤੇ ਉਸ ਨਾਲ ਸੰਬੰਧਿਤ ਵਿਸ਼ਿਆਂ ਦੇ ਅਧਿਐਨ ਦੀ ਥਾਂ, ਜਾਂ ਇਸ ਦੇ ਨਾਲ-ਨਾਲ ‘ਗੀਤਾ’, ‘ਹਨੂਮਾਨ ਨਾਟਕ’ ਤੇ ‘ਏਕਾਦਸ਼ੀ ਮਹਾਤਮ’ ਆਦਿ ਦਾ ਅਧਿਐਨ ਹੋਣ ਲਗ ਪਿਆ। ‘ਗੁਰੂ ਗ੍ਰੰਥ ਸਾਹਿਬ’ ਦੀਆਂ ਲਿਖਤੀ ਬੀੜਾਂ ਦੇ ਮੁੱਢਲੇ ਤੇ ਅੰਤਲੇ ਪੰਨਿਆਂ ਉਤੇ ਸ੍ਵਾਸਤਿਕ ਦਾ ਚਿੰਨ੍ਹ ਆ ਟਿਕਿਆ ਅਤੇ ਘਰਾਂ ਤੇ ਮੰਦਿਰਾਂ ਦੀਆਂ ਕੰਧਾਂ ਤੇ ਪੋਥੀਆਂ ਦੇ ਪੰਨਿਆਂ ਉਤੇ ਦੇਵੀ-ਦੇਵਤਿਆਂ ਦੇ ਚਿਤਰ ਆਮ ਹੋ ਗਏ। ਹਾਲਤ ਇਥੋਂ ਤੱਕ ਜਾ ਪਹੁੰਚੀ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਰਿਮੰਦਰ ਦੀ ਜੂਹ ਵਿਚ ਆ ਵੜੀਆਂ ਅਤੇ ਅਕਾਲ ਤਖ਼ਤ ਦੀਆਂ ਕੰਧਾਂ ਉਤੇ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਜੀ ਦੀ ਲੀਲਾ ਚਿਤਰੀ ਗਈ (ਜੋ ‘ਨੀਲਾ ਤਾਰਾ’ ਸਾਕੇ ਤਕ ਜਿਉਂ ਦੀ ਤਿਉਂ ਮੌਜੂਦ ਸੀ)।
ਜੋ ਸਿੱਖ ਸਰੂਪ ਕਦੀ ਸਿੱਖੀ ਦੀ ਵੱਖਰਤਾ ਦਾ ਸੂਚਕ, ਉਸਦੀ ਪਛਾਣ ਦਾ ਚਿੰਨ੍ਹ ਤੇ ਉਸ ਦੇ ਆਪੇ ਦੇ ਪ੍ਰਗਟਾਵੇ ਦਾ ਸਾਧਨ ਹੁੰਦਾ ਸੀ, ਉਹ ਇਕ ਰਸਮ ਬਣ ਕੇ ਰਹਿ ਗਿਆ, ਸਨਾਤਨ ਮਰਿਆਦਾ ਤੇ ਸਿੱਖ ਮਰਿਆਦਾ ਵਿਚ ਕੋਈ ਭੇਦ ਨਾ ਰਿਹਾ ਤੇ ਪੰਜਾਬ ਦੇ ਸਨਾਤਨਵਾਦ ਨੇ ਗੁਰੂ ਸਾਹਿਬਾਨ ਨੂੰ ਹੋਰਨਾਂ ਦੇਵੀ-ਦੇਵਤਿਆਂ ਵਾਂਗ ਭਾਰਤੀ ਦੇਵਮਾਲਾ ਦੇ ਮਣਕੇ ਬਣਾ ਦਿੱਤਾ।(5)

ਇਸ ਤਰ੍ਹਾਂ, ਸਹਿਜੇ ਸਹਿਜੇ, ਸਿੱਖ ਪੰਥ ਆਪਣੀ ਅੱਡਰੀ ਪਛਾਣ ਤੇ ਨਿਰਾਲੀ ਠੁੱਕ ਗੁਆ ਕੇ ਮੁੜ ਹਿੰਦੂਵਾਦ ਦੀ ਜਿਲ੍ਹਣ ਵਿਚ ਜਾ ਫਸਿਆ। 1849 ਵਿਚ ਜਦ ਅੰਗਰੇਜ਼ ਪੰਜਾਬ ਉਤੇ ਕਾਬਜ਼ ਹੋਏ ਤਾਂ ਉਦੋਂ ਤੱਕ ਸਿੱਖੀ ਅਤੇ ਸਿੱਖਾਂ ਦਾ ਇਸ ਕਦਰ ‘ਹਿੰਦੂਕਰਨ’ ਹੋ ਚੁੱਕਾ ਸੀ ਕਿ ਮੈਕਾਲਿਫ ਦੇ ਸ਼ਬਦਾਂ ’ਚ ‘‘ਸਿੱਖਾਂ ਤੇ ਹਿੰਦੂਆਂ ਵਿਚਕਾਰ ਨਖੇੜਾ ਕਰਨਾ ਮੁਸ਼ਕਲ ਹੋ ਗਿਆ ਸੀ।’’(6) ਸਿੱਖ ਸਮਾਜ ਅੰਦਰ ਪ੍ਰਚਲਤ ਸਮਾਜਕ ਤੇ ਧਾਰਮਿਕ ਅਮਲਾਂ ਦੀ ਆਲੋਚਨਾ, ਭਰੂਣ ਰੂਪ ਵਿਚ, ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਹੀ ਆਰੰਭ ਹੋ ਗਈ ਸੀ। ਸਿੱਖ ਸਮਾਜ ਅੰਦਰ ਸੁਧਾਰਾਂ ਦੀ ਲੋੜ ਦਾ ਅਹਿਸਾਸ ਚਿਰੋਕਣਾ ਪੈਦਾ ਹੋ ਚੁੱਕਾ ਸੀ। ਅੰਗਰੇਜ਼ਾਂ ਦੀ ਆਮਦ ਨਾਲ ਈਸਾਈ ਮੱਤ ਅਤੇ ਪੱਛਮੀ ਸਭਿਆਚਾਰ ਦੇ ਵਧਦੇ ਹੋਏ ਪ੍ਰਭਾਵ ਨੇ ਇਸ ਅਹਿਸਾਸ ਨੂੰ ਹੋਰ ਸ਼ਿੱਦਤ ਮੁਹੱਈਆ ਕਰ ਦਿੱਤੀ। ਇਸ ’ਚੋਂ ਸਿੱਖ ਸਮਾਜ ਅੰਦਰ ਨਿਰੰਕਾਰੀ ਮੱਤ (ਬਾਬਾ ਦਿਆਲ ਜੀ, 1783-1854) ਅਤੇ ਨਾਮਧਾਰੀ ਲਹਿਰ (ਭਾਈ ਬਾਲਕ ਸਿੰਘ, 1799-1862) ਵਰਗੇ ਸੁਧਾਰਵਾਦੀ ਰੁਝਾਨਾਂ ਦੀ ਸ਼ੁਰੂਆਤ ਹੋਈ। ਇਨ੍ਹਾਂ ਨੇ ਸਿੱਖ ਧਰਮ ਤੇ ਸਮਾਜ ਨੂੰ ਹਿੰਦੂਵਾਦੀ ਪ੍ਰਭਾਵਾਂ ਤੋਂ ਮੁਕਤ ਕਰਨ ਦੇ ਨਿੱਗਰ ਉਪਰਾਲੇ ਜ਼ਰੂਰ ਕੀਤੇ ਪਰ ਇਹ ਆਪਣੇ ਉਦੇਸ਼ਾਂ ਵਿਚ ਜ਼ਿਆਦਾ ਸਫਲ ਨਾ ਹੋ ਸਕੇ। ਇਨ੍ਹਾਂ ਦਾ ਪ੍ਰਭਾਵ ਖੇਤਰ ਸ਼ਹਿਰੀ ਸਿੱਖ ਵਰਗ ਦੇ ਛੋਟੇ ਹਿੱਸਿਆਂ ਤੱਕ ਹੀ ਸੀਮਤ ਰਿਹਾ। ਅੰਤ ਨੂੰ ਇਹ ਸੁਧਾਰਕ ਲਹਿਰਾਂ ਵੀ ਖੁਦ ਸਿੱਖੀ ਮਾਰਗ ਤੋਂ ਭਟਕ ਗਈਆਂ ਅਤੇ ਆਪੋ ਆਪਣੀ ਗੁਰੂ ਪਰੰਪਰਾ ਤੇ ਰਹੁ-ਰੀਤਾਂ ਦੇ ਜੰਜਾਲ ਵਿਚ ਫਸ ਕੇ ਰਹਿ ਗਈਆਂ।

ਸਿੱਖ ਰਾਜ ਦੇ ਖਾਤਮੇ ਨਾਲ ਸਿੱਖ ਭਾਈਚਾਰੇ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਗਿਆ। ਖਾਲਸਾ ਰਾਜ ਮੌਕੇ ਦੁਨਿਆਵੀ ਫਾਇਦਿਆਂ ਨੂੰ ਮੁੱਖ ਰੱਖ ਕੇ ਸਿੱਖ ਸਫ਼ਾਂ ’ਚ ਸ਼ਾਮਲ ਹੋਏ ਹਿੰਦੂ ਤੱਤ (ਜੋ ਜ਼ਿਆਦਾ ਕਰਕੇ ਅਖੌਤੀ ਉੱਚ ਜਾਂਤਾਂ ’ਚੋਂ ਸਨ, ਮੁੱਖ ਤੌਰ ’ਤੇ ਖੱਤਰੀ, ਅਰੋੜੇ ਆਦਿ) ਵੱਡੀ ਪੱਧਰ ’ਤੇ ਵਾਪਸ ਹਿੰਦੂ ਧਾਰਾ ਵੱਲ ਪਰਤਣ ਲੱਗੇ।(7) 1855 ਦੀ ਪਹਿਲੀ ਮਰਦਮਸ਼ੁਮਾਰੀ ਮੌਕੇ, ਸਿੱਖਾਂ ਦਾ ਗੜ੍ਹ ਮੰਨੇ ਜਾਂਦੇ ਕੇਂਦਰੀ ਪੰਜਾਬ ਦੇ ਪੰਜਾਂ ਜ਼ਿਲ੍ਹਿਆਂ (ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਸਿਆਲਕੋਟ ਤੇ ਗੁਜਰਾਂਵਾਲਾ) ਦੀ ਕੁੱਲ 35 ਲੱਖ ਵਸੋਂ ਵਿਚ ਸਿੱਖਾਂ ਦੀ ਗਿਣਤੀ ਸਿਰਫ ਇਕ ਲੱਖ ਅੱਸੀ ਹਜ਼ਾਰ ਦੇ ਕਰੀਬ ਹੀ ਸੀ।(8) (ਉਦੋਂ ਸਿੱਖ ਵਰਗ ਵਿਚ ਸਿਰਫ ਕੇਸਧਾਰੀ ਸਿੱਖਾਂ ਨੂੰ ਹੀ ਗਿਣਿਆ ਗਿਆ ਸੀ)।
ਸਪਸ਼ਟ ਹੈ ਕਿ ਸਿੱਖਾਂ, ਖਾਸ ਕਰਕੇ ਕੇਸਧਾਰੀ ਸਿੱਖਾਂ ਦੀ ਨਫਰੀ ਵਿਚ ਵੱਡੀ ਗਿਰਾਵਟ ਆ ਗਈ ਸੀ। ਪਰ ਇਸ ਨਾਲੋਂ ਵੱਧ, ਅੰਗਰੇਜ਼ਾਂ ਹੱਥੋਂ ਹੋਈ ਹਾਰ ਦੇ ਮਨੋਵਿਗਿਆਨਕ ਅਸਰ ਜ਼ਿਆਦਾ ਮਾਰੂ ਸਨ। ਹਾਰ ਕਾਰਨ ਸਿੱਖ ਕੌਮ ਅੰਦਰ ਵਿਆਪਕ ਪੱਧਰ ’ਤੇ ਬੇਦਿਲੀ ਤੇ ਨਿਰਾਸ਼ਤਾ ਫੈਲ ਗਈ ਸੀ। ਸਿੱਖ ਪੰਥ ਨੂੰ, ਜੀਵਨ ਅੰਦਰ ਪਹਿਲੀ ਵਾਰ ‘ਯਤੀਮਾਂ’ ਵਰਗੀ ਹਾਲਤ ਤੇ ਮਨੋਅਵਸਥਾ ਦਾ ਸਾਹਮਣਾ ਕਰਨਾ ਪਿਆ। ਆਗੂ ਰਹਿਤ ਹੋਈ ਕੌਮ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਵਾਲਾ ਨਾ ਕੋਈ ਰਹਿਬਰ ਦਿਖਦਾ ਸੀ ਅਤੇ ਨਾ ਕੋਈ ਰਾਹ ਤੇ ਦਿਸ਼ਾ ਨਜ਼ਰ ਆਉਂਦੀ ਸੀ। ਇਕ ਪਾਸੇ ਹਕੂਮਤੀ ਕਹਿਰ ਵਰਸ ਰਿਹਾ ਸੀ (ਬਰਤਾਨਵੀ ਰਾਜ ਦੇ ਪਹਿਲੇ ਵਰ੍ਹੇ ਦੌਰਾਨ ਕੋਈ ਅੱਠ ਹਜ਼ਾਰ ਸਿੱਖਾਂ ਨੂੰ ਬੰਦੀ ਬਣਾਇਆ ਗਿਆ) ਅਤੇ ਦੂਜੇ ਪਾਸੇ ਸਿਧਾਂਤਕ ਗੰਧਲਚੋਂਦ ਤੇ ਦਿਸ਼ਾਹੀਣਤਾ ਦੀ ਗਹਿਰੀ ਧੁੰਦ ਪਸਰੀ ਹੋਈ ਸੀ। ਈਸਾਈ ਪਰਚਾਰਕ ਸਰਗਰਮੀਆਂ ਵਿਚ ਆਈ ਤੇਜ਼ੀ ਨੇ ਹਾਰ ਦੀ ਮਧੋਲੀ ਸਿੱਖ ਕੌਮ ਨੂੰ ਨਵਾਂ ਧੁੜਕੂ ਲਾ ਦਿੱਤਾ। ਈਸਾਈ ਮੱਤ ਗ੍ਰਹਿਣ ਕਰਨ ਵਾਲੇ ਸਿੱਖਾਂ ਦੀ ਗਿਣਤੀ ਭਾਵੇਂ ਜ਼ਿਆਦਾ ਨਹੀਂ ਸੀ ਪਰ ਸਿੱਖ ਮਨ ਉਤੇ ਇਸ ਦਾ ਘਾਉ ਬਹੁਤ ਗਹਿਰਾ ਲੱਗਾ। ਕਾਰਨ ਇਹ ਕਿ ਧਰਮ ਬਦਲੀ ਕਰਨ ਵਾਲੇ ਕੋਈ ਸਧਾਰਨ ਸਿੱਖ ਨਹੀਂ ਸਨ ਸਗੋਂ ਬਹੁਤ ਹੀ ਬਾਰਸੂਖ ਤੇ ਖਾਨਦਾਨੀ ਲੋਕ ਸਨ। ਮਹਾਰਾਜਾ ਦਲੀਪ ਸਿੰਘ ਅਤੇ ਕਪੂਰਥਲਾ ਰਾਜਘਰਾਣੇ ਦੇ ਕੰਵਰ ਹਰਨਾਮ ਸਿੰਘ ਵੱਲੋਂ ਈਸਾਈ ਧਰਮ ਗ੍ਰਹਿਣ ਕਰ ਲੈਣ ਦੀਆਂ ਇੱਕਾ ਦੁੱਕਾ ਘਟਨਾਵਾਂ ਨੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨਾਲ ਸਿੱਖੀ ਦੇ ਵਕਾਰ ਤੇ ਪਰੰਪਰਾ ਨੂੰ ਜੋ ਗਹਿਰੀ ਠੇਸ ਪਹੁੰਚੀ, ਉਹ ਸਿੱਖ ਮਨ ਹੀ ਜਾਣਦਾ ਸੀ।

ਅੰਗਰੇਜ਼ਾਂ ਨੂੰ, ਹੁਕਮਰਾਨਾਂ ਵਜੋਂ, ਸਿੱਖ ਮਾਨਸਿਕਤਾ ਦੀ ਡੂੰਘੀ ਸਮਝ ਸੀ। ਐਂਗਲੋ-ਸਿੱਖ ਜੰਗਾਂ ਦੇ ਅਮਲ ’ਚੋਂ ਉਨ੍ਹਾਂ ਸਿੱਖ ਕੌਮ ਦੇ ਜੁਝਾਰੂ ਖਾਸੇ ਨੂੰ ਖੂਬ ਚੰਗੀ ਤਰ੍ਹਾਂ ਪਛਾਣ ਲਿਆ ਹੋਇਆ ਸੀ। ਆਪਣੇ ਬਸਤੀਆਨਾ ਰਾਜ ਦੀ ਮਜ਼ਬੂਤੀ ਲਈ ਸਿੱਖਾਂ ਵਰਗੀ ਜਾਂਬਾਜ਼ ਕੌਮ ਦੀ ਸਦਭਾਵਨਾ, ਹਮਾਇਤ ਤੇ ਵਫਾਦਾਰੀ ਜਿੱਤਣੀ ਨਿਹਾਇਤ ਜ਼ਰੂਰੀ ਸੀ। ਬੁੱਧੀਮਾਨ ਤੇ ਸ਼ਾਤਰ ਹੁਕਮਰਾਨ ਹੋਣ ਦੇ ਨਾਤੇ, ਉਨ੍ਹਾਂ ਇੰਜ ਹੀ ਕੀਤਾ। ਉਨ੍ਹਾਂ ਸਿੱਖ ਕੌਮ ਨੂੰ ਸਹਿੰਦਾ ਸਹਿੰਦਾ ਆਦਰ ਸਤਿਕਾਰ ਦੇ ਕੇ, ਉਸ ਪ੍ਰਤੀ ਆਪਣੇ ਖ਼ਾਸੋ-ਖ਼ਾਸ ਸਲੂਕ ਦਾ ਪ੍ਰਗਟਾਵਾ ਕੀਤਾ। ਸਿੱਖ ਫੌਜਾਂ ਦੀ ਬਹਾਦਰੀ ਤੇ ਸੂਰਮਗਤੀ ਨੇ ਕੁਝ ਅੰਗਰੇਜ਼ ਫੌਜੀ ਅਫ਼ਸਰਾਂ ਤੇ ਅਧਿਕਾਰੀਆਂ ਨੂੰ ਇਸ ਕਦਰ ਕੀਲ ਲਿਆ ਸੀ ਕਿ ਉਹ ਸਿੱਖ ਕੌਮ ਦੀ ਹਿਤੈਸ਼ੀ ਹੋ ਗੁਜ਼ਰੇ। ਇਨ੍ਹਾਂ ’ਚੋਂ ਜੇ.ਡੀ. ਕਨਿੰਘਮ ਤੇ ਜੌਹਨ ਲਾਰੈਂਸ ਦੇ ਨਾਉਂ ਖਾਸ ਤੌਰ ’ਤੇ ਜ਼ਿਕਰਯੋਗ ਹਨ। ਪੰਜਾਬ ਨੂੰ ਬਰਤਾਨਵੀ ਰਾਜ ਵਿਚ ਸ਼ਾਮਲ ਕਰ ਲੈਣ ਤੋਂ ਬਾਅਦ ਜੌਹਨ ਲਾਰੈਂਸ ਨੂੰ ਪੰਜਾਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਜਿਸ ਨੇ ਉਸਾਰੂ ਪਹੁੰਚ ਅਪਣਾ ਕੇ ਸਿੱਖ ਪੰਥ ਦੇ ਵੱਡੇ ਹਿੱਸਿਆਂ ਦੀ ਹਮਾਇਤ ਤੇ ਵਫਾਦਾਰੀ ਵਸੂਲ ਕਰਨ ਵਿਚ ਚੋਖੀ ਸਫਲਤਾ ਹਾਸਲ ਕਰ ਲਈ।(9) 1857 ਦੇ ਗਦਰ ਦੌਰਾਨ ਸਿੱਖ ਭਾਈਚਾਰੇ ਨੇ ‘ਪੂਰਬੀਆਂ’ ਤੇ ‘ਮਰਹੱਟਿਆਂ’ ਦਾ ਸਾਥ ਦੇਣ ਤੋਂ ਇਸ ਬਿਨਾਅ ’ਤੇ ਇਨਕਾਰ ਕਰ ਦਿੱਤਾ ਸੀ ਕਿ ਅਜੇ ਅੱਠ ਦਸ ਸਾਲ ਪਹਿਲਾਂ ਇਹੀ ‘ਪੂਰਬੀਏ’ ਐਂਗਲੋ-ਸਿੱਖ ਜੰਗਾਂ ਅੰਦਰ ਸਿੱਖਾਂ ਦੀ ਦੁਸ਼ਮਣ ਧਿਰ ਨਾਲ ਰਲ ਕੇ ਉਨ੍ਹਾਂ ਦੇ ਖਿਲਾਫ ਲੜੇ ਸਨ। ਇਸ ਤੋਂ ਇਲਾਵਾ, ਅੰਗਰੇਜ਼ ਹਾਕਮਾਂ ਦੀ ਪਲੋਸਵੀਂ ਨੀਤੀ ਨੇ ਵੀ ਸਿੱਖਾਂ ਉਤੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। 1857 ਦੌਰਾਨ ਸਿੱਖਾਂ ਦੇ ਵਤੀਰੇ ਨੇ ਅੰਗਰੇਜ਼ਾਂ ਅੰਦਰ ਕਾਫੀ ਭਰੋਸਾ ਪੈਦਾ ਕਰ ਦਿੱਤਾ ਅਤੇ ਉਨ੍ਹਾਂ ਨੇ ਸਿੱਖਾਂ ਲਈ ਤਰਜੀਹੀ ਆਧਾਰ ’ਤੇ ਫੌਜੀ ਭਰਤੀ ਦੇ ਦਰ ਖੋਲ੍ਹ ਦਿੱਤੇ। ਨਾਲ ਹੀ ਖੇਤੀ ਪੈਦਾਵਾਰ ਦੀ ਲੋੜ ਪੂਰੀ ਕਰਨ ਲਈ ਪੰਜਾਬ ਅੰਦਰ ਨਹਿਰੀ ਸਿੰਜਾਈ ਦੇ ਵਿਕਾਸ ਪ੍ਰੋਜੈਕਟਾਂ ਨੂੰ ਉਚੇਚੀ ਮਹੱਤਤਾ ਦਿੱਤੀ ਗਈ। ਸਿੱਟੇ ਵਜੋਂ, ਇਨ੍ਹਾਂ ਦੋਨੋਂ ਖੇਤਰਾਂ ਵਿਚ ਸਿੱਖਾਂ ਦਾ ਯੋਗਦਾਨ ਅੰਗਰੇਜ਼ ਰਾਜ ਲਈ ਵਰਦਾਨ ਸਾਬਤ ਹੋਇਆ।

ਇਸ ਖ਼ਾਸੋ-ਖ਼ਾਸ ਸਲੂਕ ਦਾ ਸਿੱਖ ਕੌਮ ’ਤੇ ਡਾਢਾ ਅਸਰ ਹੋਇਆ। ਸਿੱਖਾਂ ਨੂੰ ਇਕ ਬਹਾਦਰ ਤੇ ਜਾਂਬਾਜ਼ ਕੌਮ ਵਜੋਂ ਮਿਲੀ ਮਾਨਤਾ ਉਨ੍ਹਾਂ ਲਈ ਨਾ ਸਿਰਫ ਆਰਥਿਕ ਪੱਖ (ਫੌਜੀ ਨੌਕਰੀਆਂ) ਤੋਂ ਵਰਦਾਨ ਸਾਬਤ ਹੋਈ ਸਗੋਂ ਇਸ ਨਾਲ ਉਨ੍ਹਾਂ ਅੰਦਰ ਸਨਮਾਨ ਦੀ ਭਾਵਨਾ ਵੀ ਬਹਾਲ ਹੋਈ। ਹਾਰ ਤੋਂ ਬਾਅਦ ਸਿੱਖ ਕੌਮ ਜਿਸ ਕਦਰ ਬੇਪਤ ਹੋਈ ਮਹਿਸੂਸ ਕਰਦੀ ਸੀ, ਉਸ ਦੇ ਮੁਕਾਬਲੇ ਹੁਣ ਉਹ ਆਪਣੇ ਆਪ ਨੂੰ ਇਕ ਸਤਿਕਾਰੀ ਕੌਮ ਵਜੋਂ ਦੇਖਣ ਲੱਗੀ। ਉਸ ਅੰਦਰ ਸੁਰੱਖਿਆ ਦੀ ਭਾਵਨਾ ਤੇ ਸਵੈ-ਵਿਸ਼ਵਾਸ ਪੈਦਾ ਹੋਇਆ। ਪਰ ਨਾਲ ਹੀ, ਅੰਗਰੇਜ਼ ਹਾਕਮਾਂ ਦੀ ਇਸ ਪਲੋਸਵੀਂ ਛੋਹ ਨੇ ਸਿੱਖਾਂ ਦੇ ਨਿਆਮਤਾਂ ਭੋਗਣ ਵਾਲੇ ਕੁਝ ਰਈਸ ਵਰਗਾਂ ਅੰਦਰ ਪਿਠੂਪੁਣੇ ਦੀ ਸੋਚ ਤੇ ਪ੍ਰਵਿਰਤੀ ਨੂੰ ਵੀ ਬਲ ਬਖਸ਼ਿਆ। ਫੌਜੀ ਖੇਤਰ ’ਚ ਕਮਾਏ ਮਾਨ ਤੇ ਵਡਿਆਈ ਨੇ, ਕੁਝ ਹਿੱਸਿਆਂ ਅੰਦਰ ‘ਮਾਂਗਵੀ ਧਾੜ’ (mercenary spirit) ਵਾਲੀ ਬਿਰਤੀ ਪੈਦਾ ਕਰ ਦਿੱਤੀ। ਇਨ੍ਹਾਂ ਨਾਂਹ-ਪੱਖੀ ਅਸਰਾਂ ਨੂੰ ਕਬੂਲਣ ਦੀ ਇਕ ਵਜ੍ਹਾ ਇਹ ਵੀ ਸੀ ਕਿ ਸਿੱਖ ਸਿਧਾਂਤਾਂ ਨੂੰ ਖੋਰਾ ਪੈਣ ਦਾ ਜੋ ਅਮਲ ਸਿੱਖ ਰਾਜ ਦੌਰਾਨ ਜ਼ੋਰ ਫੜ ਚੁੱਕਾ ਸੀ, ਅੰਗਰੇਜ਼ ਰਾਜ ਦੌਰਾਨ ਉਹ ਨਾ ਸਿਰਫ ਜਿਉਂ ਦਾ ਤਿਉਂ ਜਾਰੀ ਰਿਹਾ ਸਗੋਂ ਉਸ ਨੇ ਹੋਰ ਵੱਧ ਤੇਜ਼ੀ ਤੇ ਤਕੜਾਈ ਫੜ ਲਈ ਸੀ। ਸਿੱਖ ਵਿਚਾਰਧਾਰਾ ਦੀ ਛਾਪ ਮੱਧਮ ਪੈ ਜਾਣ ਦੀ ਵਜ੍ਹਾ ਕਰਕੇ ਸਿੱਖ ਅਮਲ ਨੂੰ ਅਸਲੋਂ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਤੇ ਅੰਗਿਆ ਜਾਣ ਲੱਗਾ। ਇਸ ਕਰੁਚੀ ਨੇ ਬਾਅਦ ਦੇ ਸਮੁੱਚੇ ਅਰਸੇ ਦੌਰਾਨ ਸਿੱਖ ਕੌਮ ਦੀ ਰਾਜਸੀ ਸੋਚ ਤੇ ਅਮਲ ਉਤੇ ਨਾਂਹ-ਪੱਖੀ ਪ੍ਰਭਾਵ ਪਾਉਣਾ ਜਾਰੀ ਰੱਖਿਆ। ਇਹ ਕਰੁਚੀ ਅੱਜ ਤੱਕ ਵੀ ਆਪਣਾ ਅਸਰ ਦਿਖਾ ਰਹੀ ਹੈ।

ਅੰਗਰੇਜ਼ ਇਹ ਜਾਣਦੇ ਸਨ ਕਿ ਸਿੱਖ ਭਾਈਚਾਰੇ ਦਾ ਕਲਚਰਲ ਕੰਪਲੈਕਸ ਅਤੇ ਇਸ ਦਾ ਕੌਮੀ ਸਵੈਮਾਣ ਸਿੱਖੀ ਨਾਲ ਸਬੰਧਤ ਹੈ। ਇਹ ਸਿੱਖੀ ਦਾ (ਧਾਰਮਿਕ) ਜਜ਼ਬਾ ਹੀ ਹੈ ਜੋ ਸਿੱਖ ਭਾਈਚਾਰੇ ਅੰਦਰ ਖਾੜਕੂਪੁਣੇ ਤੇ ਸੂਰਮਤਾਈ ਦੀਆਂ ਭਾਵਨਾਵਾਂ ਜਗਾਉਂਦਾ ਅਤੇ ਉਸ ਨੂੰ ਇਕ ਜਾਂਬਾਜ਼ ਕੌਮ ਦਾ ਖਾਸਾ ਪ੍ਰਦਾਨ ਕਰਦਾ ਹੈ। ਸਿੱਖ ਕੌਮ ਦੀ ਸ਼ਕਤੀ ਉਸ ਦੀ ਇਸ ਧਾਰਮਿਕ ਚੇਤੰਨਤਾ, ਅਰਥਾਤ ਇਸ ਜਜ਼ਬੇ ਵਿਚ ਹੀ ਹੈ। ਅੰਗਰੇਜ਼ਾਂ ਨੇ ਸਿੱਖੀ ਦੇ ਇਸ ਧਾਰਮਿਕ ਜਜ਼ਬੇ ਨੂੰ ਆਪਣੇ ਉਦੇਸ਼ਾਂ ਲਈ ਇਸਤੇਮਾਲ ਕਰਨ ਦੀ ਯੁੱਧਨੀਤਕ ਵਿਉਂਤ ਤਹਿਤ ਫੌਜ ਵਿਚ ਭਰਤੀ ਵਾਸਤੇ ਸਿੱਖਾਂ ਦਾ ਕੇਸਧਾਰੀ ਹੋਣਾ ਅਤੇ ਧਾਰਮਿਕ ਰਹਿਤ ਮਰਿਆਦਾ ਦੇ ਪਾਬੰਦ ਹੋਣਾ ਜ਼ਰੂਰੀ ਕਰ ਦਿੱਤਾ। ਇਸ ਨਾਲ ਸਹਿਜੇ ਸਹਿਜੇ, ਸਿੱਖਾਂ ਅੰਦਰ ਕੇਸਧਾਰੀ ਹੋਣ ਦਾ ਰੁਝਾਨ ਫਿਰ ਜ਼ੋਰ ਫੜਨ ਲੱਗਾ। ਫੌਜ ਵਿਚ ਨੌਕਰੀ ਦੇ ਮੌਕੇ ਹਥਿਆਉਣ ਦੀ ਲਾਲਸਾ ਨਾਲ ਬਹੁਤ ਸਾਰੇ ਹਿੰਦੂ ਵੀ ਕੇਸਧਾਰੀ ਸਿੱਖ ਬਣਨ ਲੱਗ ਪਏ। ਪਹਿਲੀ ਸੰਸਾਰ ਜੰਗ ਦੌਰਾਨ ਭਾਰਤ ਅੰਦਰ ਇਕ ਅੰਗਰੇਜ਼ ਭਰਤੀ ਅਫਸਰ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਕਿ ‘‘ਇਹ ਅਕਸਰ ਰੋਜ਼ ਦੀ ਗੱਲ ਬਣ ਗਈ ਸੀ ਕਿ ਕੋਈ ਰਾਮ ਚੰਦ ਸਾਡੇ ਦਫ਼ਤਰ ’ਚ ਦਾਖਲ ਹੁੰਦਾ ਸੀ ਤੇ ਰਾਮ ਸਿੰਘ (ਸਿੱਖ ਰੰਗਰੂਟ) ਬਣ ਕੇ ਬਾਹਰ ਨਿਕਲਦਾ ਸੀ।’’(10) ਸਿੱਟਾ ਇਹ ਹੋਇਆ ਕਿ ਪਿੱਛੇ ਬਿਆਨੇ ਪੰਜਾਂ ਜ਼ਿਲ੍ਹਿਆਂ ਵਿਚ ਸਿੱਖਾਂ ਦੀ ਗਿਣਤੀ 1855 ਵਿਚ ਇਕ ਲੱਖ 81 ਹਜ਼ਾਰ ਤੋਂ ਵਧ ਕੇ 1868 ਵਿਚ ਪੰਜ ਲੱਖ ਗਿਆਰਾਂ ਹਜ਼ਾਰ ਤੋਂ ਉੱਪਰ ਜਾ ਪਹੁੰਚੀ।(11) ਇਹ ਵਾਧਾ ਨਿਰਾ ਹਿੰਦੂਆਂ ’ਚੋਂ ਸਿੱਖ ਬਣਨ ਕਰਕੇ ਹੀ ਨਹੀਂ ਹੋਇਆ, ਇਸ ਵਿਚ ਵੱਡਾ ਫੈਕਟਰ ਸਿੱਖਾਂ ਅੰਦਰ ਕੇਸਧਾਰੀ ਬਣਨ ਦੇ ਰੁਝਾਨ ਵਿਚ ਆਈ ਤੇਜ਼ੀ ਸੀ (ਉਦੋਂ ਮਰਦਮਸ਼ੁਮਾਰੀ ਮੌਕੇ ਸਿਰਫ ਕੇਸਧਾਰੀ ਸਿੱਖਾਂ ਨੂੰ ਹੀ ਸਿੱਖ ਵਰਗ ਅੰਦਰ ਗਿਣਿਆ ਜਾਂਦਾ ਸੀ।)

ਪ੍ਰੰਤੂ ਸਿੱਖ ਭਾਈਚਾਰੇ ਦੀ ‘ਖੁਸ਼ਨਸੀਬੀ’ ਦਾ ਇਹ ਭਰਮ ਬਹੁਤਾ ਚਿਰ-ਸਥਾਈ ਸਾਬਤ ਨਾ ਹੋਇਆ। ਫੌਜ ਵਿਚ ਸਿੱਖ ਥੋੜ੍ਹੀ ਗਿਣਤੀ ’ਚ ਹੀ ਸਮਾਅ ਸਕੇ। ਫੌਜੀ ਭਰਤੀ ਦੇ ਮਾਮਲੇ ’ਚ ਅੰਗਰੇਜ਼ਾਂ ਦੀ ਨੀਤੀ ਕੁਝ ਖਾਸ ਜਾਤਾਂ, ਕਬੀਲਿਆਂ ਤੇ ਇਲਾਕਿਆਂ ਨੂੰ ਤਰਜੀਹ ਦੇਣ ਦੀ ਸੀ ਤਾਂ ਜੋ ਸਿੱਖ ਕੌਮ ਦੇ ਮੌਲਿਕ ਗੁਣਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਹਿੰਦੂਪੁਣੇ ਦੇ ਵੱਧ ਪ੍ਰਭਾਵ ਹੇਠਲੇ ਵਰਗਾਂ ਤੇ ਇਲਾਕਿਆਂ ’ਚੋਂ ਭਰਤੀ ਤੋਂ ਆਮ ਕਰਕੇ ਪ੍ਰਹੇਜ਼ ਕੀਤਾ ਜਾਂਦਾ ਸੀ। ਇਸ ਕਰਕੇ ਕੁਝ ਵਰਗਾਂ ਅੰਦਰ ਸਿੱਖ ਧਰਮ ਤੇ ਇਸ ਦੀਆਂ ਮੌਲਿਕ ਪਰੰਪਰਾਵਾਂ ਨੂੰ ਅਪਨਾਉਣ ਦਾ ਸੱਜਰਾ ਜਾਗਿਆ ਉਤਸ਼ਾਹ ਛੇਤੀ ਹੀ ਕਮਲਾਉਣਾ ਸ਼ੁਰੂ ਹੋ ਗਿਆ। ਅੰਗਰੇਜ਼ਾਂ ਦੀ ਆਮਦ ਸਦਕਾ ਅੰਗਰੇਜ਼ੀ ਸਭਿਆਚਾਰ ਦੇ ਫੈਲ ਪਸਰ ਰਹੇ ਪ੍ਰਭਾਵ ਦਾ ਵੀ ਸਿੱਖ ਜੀਵਨ ਅਮਲ ਉਤੇ ਨਾਂਹ-ਪੱਖੀ ਪਰਛਾਂਵਾ ਪੈਣ ਲੱਗਾ। ਸਿੱਖਾਂ ਅੰਦਰ ਪਤਿਤਪੁਣੇ ਦੀ ਕਰੁਚੀ ਨੇ ਜ਼ੋਰ ਫੜ ਲਿਆ। ਇਸ ਸਭ ਕੁਝ ਦੇ ਫਲਸਰੂਪ, 1881 ਦੀ ਮਰਦਮਸ਼ੁਮਾਰੀ ਮੌਕੇ, ਸਿੱਖੀ ਦਾ ਕੇਂਦਰ ਸਮਝੇ ਜਾਂਦੇ ਪੰਜਾਂ ਜ਼ਿਲ੍ਹਿਆਂ ਅੰਦਰ ਸਿੱਖਾਂ ਦੀ ਗਿਣਤੀ ਵਿਚ ਤਕਰੀਬਨ 4 ਫੀਸਦੀ ਗਿਰਾਵਟ ਆ ਗਈ, ਜਦ ਕਿ ਇਸੇ ਅਰਸੇ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਦੀ ਕੁੱਲ ਵਸੋਂ ਵਿਚ ਸਾਢੇ ਚਾਰ ਫੀਸਦੀ ਦਾ ਇਜ਼ਾਫਾ ਨੋਟ ਕੀਤਾ ਗਿਆ।(12)

ਹਵਾਲੇ ਅਤੇ ਟਿੱਪਣੀਆਂ:


(1). Jagjit Singh, The Sikh Revolution (1984), p. 144

(2). ਸੈਨਾਪਤਿ, ਸ੍ਰੀ ਗੁਰੂ ਸੋਭਾ, ਸਮਸ਼ੇਰ ਸਿੰਘ ਅਸ਼ੋਕ (ਸੰਪਾਦਕ) ਸਫ਼ੇ 51-55

(3). ਆਪਣੇ ਸਿੰਘਾਂ ਦੀ ਸਿਧਾਂਤਕ ਸਪਸ਼ਟਤਾ ਤੇ ਦ੍ਰਿੜਤਾ ਦੀ ਪਰਖ ਕਰਨ ਲਈ ਗੁਰੂ ਗੋਬਿੰਦ ਸਿੰਘ ਦੁਆਰਾ ਦਾਦੂ ਪੀਰ ਦੀ ਦਰਗਾਹ ਨੂੰ ਤੀਰ ਨਾਲ ਨਮਸਕਾਰ ਕਰਨ ਦੀ ਸਾਖੀ ਇਸੇ ਅਮਲ ਵੱਲ ਇਸ਼ਾਰਾ ਕਰਦੀ ਹੈ।

(4). Khushwant Singh, A History of the Sikhs, Vol II, p.95

(5). ਪ੍ਰੋ. ਪ੍ਰੀਤਮ ਸਿੰਘ, ਭਾਈ ਕਾਨ੍ਹ ਸਿੰਘ ਨਾਭਾ: ਪਿਛੋਕੜ ਰਚਨਾ ਤੇ ਮੁਲੰਕਣ (1989), ਸਫ਼ਾ 16

(6). Max Arthur Macauliffe, The Sikh Religion (1978) Vol. I, Page LVII

(7). Rajiv A. Kapur, Sikh Separatism : The Politics of Faith, p.8

(8). Ibid, P.9

(9). Khushwant Singh, op. cit., p. 97

(10). GOI, 1921 Census Report, Punjab pt. 1, p. 179

(11). Rajiv A Kapur, op. cit., p.12

(12). Ibid, p. 13

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,