ਸਿੱਖ ਖਬਰਾਂ

ਸੰਸਾਰ ਮਨੁੱਖੀ ਅਧਿਕਾਰ ਦਿਹਾੜਾ ‘ਤੇ ਸੁਰੱਖਿਆ ਦਸਤਿਆਂ ਵੱਲੌਂ ਲਾਪਤਾ ਕੀਤੇ ਨੌਜਵਾਨਾਂ ਦੀ ਉਡੀਕ ਵਿੱਚ ਤਰਸਦੀਆਂ ਅੱਖਾਂ ਨੇ ਸਰਕਾਰ ਤੋਂ ਪੁੱਛਿਆਂ ਦੱਸੋ ਸਾਡੇ ਪੁੱਤਰ ਕਿੱਥੇ ਨੇ ?

December 11, 2014 | By

ਅੰਮਿ੍ਤਸਰ (10 ਦਸੰਬਰ, 2014): ਪੰਜਾਬ ਵਿੱਚ ਪਿੱਛਲੇ ਦਹਾਕਿਆਂ ਦੌਰਾਨ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਦਸਤਿਆਂ ਵੱਲੌਂ ਹਜ਼ਾਰਾਂ ਦੀ ਗਿਣਤੀ ਵਿੱਚ ਖਾੜਖੈਵਾਦ ਦੇ ਨਾਮ ਜਬਰੀ ਚੁੱਕ ਕੇ ਖਪਾ ਦਿੱਤਾ ਗਿਆ।ਪੰਜਾਬ ਦੇ ਸਿਵਿਆਂ ਵਿੱਚ ਪੁਲਿਸ ਵੱਲੋਂ ਚੁੱਕੇ ਇਨ੍ਹਾਂ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਣ ਤੋਂ ਬਾਅਦ ਲਾਵਾਰਿਸ ਲਾਸ਼ਾਂ ਦਾ ਨਾਂ ਦੇਕੇ ਸਾੜ ਦਿੱਤਾ ਗਿਆ।ਪੁਲਿਸ ਵੱਲੌਂ ਲਾਵਾਰਿਸ ਕਹਿ ਕੇ ਸਾੜੀਆਂ ਇਨਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਵਾਰਸਿ ਬੁੱਢੇ ਮਾਂ ਪਿਉ ਦੀਆਂ ਅੱਜ ਵੀ ਉਨ੍ਹਾਂ ਦੀ ਉਡੀਕ ਵਿੱਚ ਬੇਤਾਬ ਹਨ।

1980 ਤੋਂ ਕਰੀਬ ਡੇਢ ਦਹਾਕੇ ਤੱਕ ਪੰਜਾਬ ‘ਚ ਚੱਲੇ ਖਾੜਕੂਵਾਦ ਅਤੇ ਸਰਕਾਰੀ ਦਮਨ ਦੇ ਦੌਰ ਦੌਰਾਨ ਸਰਕਾਰੀ ਸੁਰੱਖਿਆ ਅਮਲੇ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ ਅਣਪਛਾਤੇ ਕਹਿ ਕੇ ਮਾਰੇ ਗਏ ਅਤੇ ਲਾਪਤਾ ਕੀਤੇ ਸਿੱਖ ਨੌਜਵਾਨ ਨੂੰ ਹੁਣ ਤੱਕ ਉਡੀਕਦੀਆਂ ਬੁੱਢੀਆਂ ਅਤੇ ਬੇਸਹਾਰਾ ਅੱਖਾਂ ‘ਚੋਂ ਮੁੜ ਉਸ ਪੀੜ ਦੀ ਝਲਕ ਨਜ਼ਰ ਆਈ, ਜਦੋਂ ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸੂਬੇ ‘ਚ ਲੰਮਾਂ ਸਮਾਂ ਚੱਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੌਰ ਦੀ ਯਾਦ ‘ਚ ਇਕੱਤਰ ਹੋਏ ਉਕਤ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ‘ਆਪਣੇ ਵਿਛੜਿਆਂ’ ਦੀਆਂ ਤਸਵੀਰਾਂ ਹੱਥਾਂ ‘ਚ ਫੜ੍ਹ ਕੇ ਮੋਮਬੱਤੀ ਮਾਰਚ ਕੱਢਿਆ ਗਿਆ ।

Candle-light-vigil-in-Amritsar-on-World-Human-Rights-Day-2014-275x275

ਸੰਸਾਰ ਮਨੁੱਖੀ ਅਧਿਕਾਰ ਦਿਵਸ ਮੌਕੇ ਸੁਰੱਖਿਆ ਦਸਤਿਆਂ ਵੱਲੋਂ ਲਾਪਤਾ ਕੀਤੇ ਗਏ ਵਿਅਕਤੀਆਂ ਦੀ ਯਾਦ ਵਿੱਚ ਮੋਮਬੱਤੀ ਮਾਰਚ

ਆਪਣੇ ਉਸ ਸਮੇਂ ਜਵਾਨ ਪੁੱਤਰਾਂ ਦੀਆਂ ਤਸਵੀਰਾਂ ਹਿੱਕ ਨਾਲ ਲਾਈ ਬਜ਼ੁਰਗ ਬੀਬੀਆਂ ਦੀਆਂ ਅੱਖਾਂ ‘ਚ ਜਿਥੇ ਹੁਣ ਵੀ ਮਿਲਾਪ ਦੀ ਭਟਕ ਜ਼ਾਹਿਰ ਹੋ ਰਹੀ ਸੀ, ਓਥੇ ਹਕੂਮਤ ਪਾਸੋਂ ਇਨਸਾਫ ਦੀ ਭਰੋਸਾ ਗਵਾ ਚੁਕੀ ਰੜਕ ਵੀ ਸਪੱਸ਼ਟ ਛਲਕ ਰਹੀ ਹੈ ।

ਦਲ ਖ਼ਾਲਸਾ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਅੱਜ ਸਥਾਨਕ ਟਾਊਨ ਹਾਲ ਸਾਹਮਣੇ ਰੱਖੀ ਗਈ ਉਕਤ ਇਕੱਤਰਤਾ ‘ਚ ਇਕ ਵੱਡੇ ਮੰਚ ‘ਤੇ ਲਾਪਤਾ ਨੌਜਵਾਨਾਂ ਦੀਆਂ ਤਸਵੀਰਾਂ ਰੱਖੀਆਂ ਸਨ, ਜਿਨ੍ਹਾਂ ਕੋਲ ਖਲੋ ਕੇ ਇਨ੍ਹਾਂ ਦੇ ਵਾਰਸਾਂ ਨੇ ਜਿਥੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਦਾ ਫ਼ੈਸਲਾ ਕੀਤਾ, ਓਥੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਲਾਪਤਾ ਨੌਜਵਾਨਾਂ ਬਾਰੇ ਜਾਣਕਾਰੀ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਵੇ ।

ਸ੍ਰੀਨਗਰ ਤੋਂ ਆਏ ਐਡਵੋਕੇਟ ਪ੍ਰਵੇਜ਼ ਇਮਰੋਜ਼ ਨੇ ਆਖਿਆ ਕਿ ਜੰਮੂ ਕਸ਼ਮੀਰ ਸੂਬੇ ਵਿੱਚੋਂ ਵੀ ਅੱਠ ਹਜ਼ਾਰ ਨੌਜਵਾਨ ਲਾਪਤਾ ਹਨ। ਸਰਕਾਰੀ ਤੌਰ ’ਤੇ ਆਖਿਆ ਜਾਂਦਾ ਹੈ ਕਿ ਇਹ ਨੌਜਵਾਨ ਸਰਹੱਦ ਪਾਰ ਅਤਿਵਾਦ ਦੀ ਸਿਖਲਾਈ ਲੈਣ ਗਏ ਹੋਏ ਹਨ ਜਦੋਂਕਿ ਸੱਚਾਈ ਇਹ ਜੰਮੂ ਕਸ਼ਮੀਰ ਵਿੱਚ ਬਣਾਈਆਂ ਹਜ਼ਾਰਾਂ ਬੇਨਾਮੀ ਕਬਰਾਂ ਇਨ੍ਹਾਂ ਲਾਪਤਾ ਨੌਜਵਾਨਾਂ ਦੀਆਂ ਹਨ। ਉਨ੍ਹਾਂ ਆਖਿਆ ਕਿ ਸਮੂਹ ਪੀੜਤਾਂ ਨੂੰ ਇਕੱਠੇ ਹੋ ਕੇ ਏਸ਼ਿਆਈ ਪੱਧਰ ’ਤੇ ਇਸ ਮਸਲੇ ਨੂੰ ਉਭਾਰਨਾ ਚਾਹੀਦਾ ਹੈ ਕਿਉਂਕਿ ਇਹ ਰੁਝਾਨ ਕਈ ਹੋਰ ਮੁਲਕਾਂ ਵਿੱਚ ਵੀ ਹੈ।

ਸੰਯੁਕਤ ਰਾਸ਼ਟਰ ਕੋਲੋਂ ਵੀ ਲਾਪਤਾ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਯੂਰਪ ਤੋਂ ਪ੍ਰਤੀਨਿਧ ਮਨਮੋਹਨ ਸਿੰਘ ਖ਼ਾਲਸਾ ਅਤੇ ਪ੍ਰਿਤਪਾਲ ਸਿੰਘ ਵੱਲੋਂ ਅੱਜ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਇਸ ਸਬੰਧ ਵਿੱਚ ਮੰਗ ਪੱਤਰ ਸੌਂਪਿਆ ਗਿਆ ਹੈ, ਜਿਸ ਰਾਹੀਂ ਸ੍ਰੀਲੰਕਾ ਵਾਂਗ ਭਾਰਤ ਵਿੱਚ ਵੀ ਲਾਪਤਾ ਤੇ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ।

ਇਸ ਮੌਕੇ ਮਨੁੱਖੀ ਅਧਿਕਾਰਾਂ ਸਬੰਧੀ ਨੁਮਾਇੰਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ, ਸਾਬਕਾ ਆਈ. ਏ. ਐਸ. ਸ: ਗੁਰਤੇਜ ਸਿੰਘ, ਇਤਿਹਾਸਕ ਗੁਰਦਰਸ਼ਨ ਸਿੰਘ ਢਿੱਲੋਂ, ਭਾਈ ਕੰਵਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ ਙ ਮੋਮਬੱਤੀ ਮਾਰਚ ਦੀ ਮਿਸ਼ਾਲਾਂ ਨਾਲ ਅਗਵਾਈ ਉਕਤ ਆਗੂਆਂ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਸਿੰਘ, ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜ੍ਹਾ ਪਿੰਡ, ਸਤਨਾਮ ਸਿੰਘ ਪਾਊਾਟਾ ਸਾਹਿਬ, ਬੀਬੀ ਸੰਦੀਪ ਕੌਰ, ਭਾਈ ਬਲਵੰਤ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,