December 18, 2024 | By ਸਿੱਖ ਸਿਆਸਤ ਬਿਊਰੋ
ਗੁਰੂਸਰ ਮਹਿਰਾਜ/ਬਠਿੰਡਾ- ਬੀਤੇ ਦਿਨੀ ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੀਂ ਬਰਸੀ ’ਤੇ ਗੁਰੂਸਰ ਮਹਿਰਾਜ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ। ਸ਼ਹੀਦਾਂ ਦੀ ਯਾਦ ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ।
ਜਿਕਰਯੋਗ ਹੈ ਕਿ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਪੁੱਤਰ ਬੀਬੀ ਬਲਜੀਤ ਕੌਰ ਸਰਹਾਲੀ 29 ਮੱਘਰ, 13 ਦਸੰਬਰ 1992 ਨੂੰ ਪੰਜਾਬ ਪੁਲਿਸ ਨੇ ਡੇਰਾ ਕਾਰ ਸੇਵਾ ਗੁਰੂਸਰ ਮਹਿਰਾਜ ਤੋਂ ਅਗਵਾ ਕਰਕੇ ਖਪਾ ਦਿੱਤੇ ਸਨ।

ਗੁਰੂਸਰ ਮਹਿਰਾਜ ਵਿਖੇ ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਤੇ ਉਹਨਾਂ ਦੀ ਸਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਦੇ 32 ਵੇਂ ਸ਼ਹੀਦੀ ਸਮਾਗਮ ਦਾ ਦ੍ਰਿਸ਼।
ਸਮਾਗਮ ਦੌਰਾਨ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ) ਨੇ ਕਿਹਾ ਕਿ ਅਸੀਂ ਧਰਮ ਲਈ ਧਰਮ ਯੁੱਧ ਵਿੱਚ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੇ ਦਰਸਾਏ ਰਾਹ ’ਤੇ ਚੱਲੀਏ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਮ 1920 ਤੋਂ ਹੁਣ ਤੱਕ ਦੇ ਇਤਿਹਾਸ ਦੇ ਪਰਿਪੇਖ ’ਚੋਂ ਚੜ੍ਹਦੀ ਕਲਾਂ ਤੋਂ ਗਿਰਾਵਟ ਦੇ ਵੱਖ ਵੱਖ ਪੜ੍ਹਾਵਾਂ ਦੀ ਵਿਆਖਿਆ ਵੀ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਕੌਮ ਦੀ ਹੋਂਦ ਤੇ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੇ ਬੁਨਿਆਦੀ ਪੈਮਾਨੇ ‘ਕਿ ਅਸੀਂ ਕੀ ਖੱਟਿਆ’ ਨਾਲ ਗਿਣਤੀ ਮਿਣਤੀ ਨਹੀਂ ਹੁੰਦੀ, ਕਿਉਂਕਿ ਕੁਰਬਾਨ ਕੀਤੇ ਸਿਰਾਂ ’ਤੇ ਹੀ ਕੌਮ ਦੇ ਭਵਿੱਖ ਦੀ ਨੀਂਹ ਦੀ ਉਸਾਰੀ ਹੁੰਦੀ ਹੈ।
ਪੰਥਕ ਲੇਖਕ ਭਾਈ ਜਸਕਰਨ ਸਿੰਘ ਸਿਵੀਆਂ ਨੇ ਸਿੱਖ ਸੰਗਤ ਨੂੰ ਇਹੋ ਜਿਹੇ ਸ਼ਹੀਦੀ ਸਮਾਗਮ ਕਰਵਾਉਣ ਦਾ ਹੋਕਾ ਦਿੰਦਿਆ ਕਿਹਾ ਕਿ ਕੌਮ ਦੀ ਹੋਂਦ ਜਾਂ ਤਾਂ ਉਸ ਦੇ ਰਾਜ ਦੇ ਆਸਰੇ ਤੇ ਜਾਂ ਫਿਰ ਦਿੱਤੀਆਂ ਕੁਰਬਾਨੀਆਂ ਕਰਕੇ ਰਹਿੰਦੀ ਹੈ।

ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕਰਦੇ ਹੋਏ
ਇਸ ਮੌਕੇ ਇਲਾਕੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਭਾਈ ਸੁਰਿੰਦਰ ਸਿੰਘ ਨਥਾਣਾ (ਸ਼ਹੀਦ ਭਾਈ ਮਨਜੀਤ ਸਿੰਘ ਤੇ ਸ਼ਹੀਦ ਭਾਈ ਤਜਿੰਦਰ ਸਿੰਘ ਗੋਰਾ ਦੇ ਭਰਾ), ਸ. ਭੋਲਾ ਸਿੰਘ (ਭਤੀਜੇ ਸ਼ਹੀਦ ਭਾਈ ਨੌਨਿਹਾਲ ਸਿੰਘ ਨਗੌਰੀ ਫ਼ੂਲ), ਸ. ਟਹਿਲ ਸਿੰਘ (ਸ਼ਹੀਦ ਭਾਈ ਗੁਰਮੀਤ ਸਿੰਘ ਚੱਕ ਰਾਮ ਸਿੰਘ ਵਾਲਾ ਦੇ ਭਰਾ), ਸ. ਸੁਖਮੰਦਰ ਸਿੰਘ (ਸ਼ਹੀਦ ਭਾਈ ਨਾਇਬ ਸਿੰਘ ਗਿੱਲ ਖੁਰਦ ਦੇ ਭਰਾ), ਸ. ਹਰਨੇਕ ਸਿੰਘ (ਸ਼ਹੀਦ ਭਾਈ ਗੁਰਮੇਲ ਸਿੰਘ ਦੇ ਭਰਾ) ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਟੇਜ ਸੈਕਟਰੀ ਭਾਈ ਰਾਮ ਸਿੰਘ ਢਿਪਾਲੀ, ਕਾਰ ਸੇਵਾ ਸੰਪਰਦਾ ਵੱਲੋਂ ਭਾਈ ਸਬਦਲ ਸਿੰਘ ਸਰਹਾਲੀ, ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ, ਭਾਈ ਗੁਰਦੀਪ ਸਿੰਘ ਕਾਲਾ ਝਾੜ, ਭਾਰਤੀ ਕਿਸਾਨ ਯੂਨੀਅਨ ਫਤਹਿ ਦਾ ਸੂਬਾ ਪ੍ਰਧਾਨ ਪ੍ਰਭਜੋਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
Related Topics: Bhai Hardeep Singh Mehraj, Bhai Mandhir Singh, Gurusar Mehraj, Panth Sewak Jatha Doaba, Shaheed Baba Hardiyal Singh Sarhali, Shaheed Bibi Baljeet Kaur Sarhali, Shaheedi Samagam