November 11, 2014 | By ਸਿੱਖ ਸਿਆਸਤ ਬਿਊਰੋ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ
ਚੰਡੀਗੜ੍ਹ,(10 ਨਵੰਬਰ, 2014): ਸਿੱਖ ਦੇ ਨਿਆਰੇਪਨ ਨੂੰ ਹਿੰਦੂਤਵ ਦੇ ਖਾਰੇ ਸਮੂੰਦਰ ਵਿੱਚ ਡੋਬਣ ਲਈ ਆਰ. ਐੱਸ. ਐੱਸ ਹਰ ਸਮੇਂ ਤਤਪਰ ਰਹਿੰਦੀ ਹੈ ਅਤੇ ਜਾਗਰੂਕ ਸਿੱਖਾਂ ਵੱਲੌਂ ਇਸਦਾ ਭਾਰੀ ਵਿਰੋਧ ਕਰਨ ਕਰੇ ਹੀ ਇਸਦੀਆਂ ਕੁਝ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਠੱਲ ਪਈ ਹੋਈ ਹੈ। ਪਰ ਫਿਰ ਵੀ ਇਹ ਕੋਈ ਵੀ ਅਜਿਹਾ ਮੌਕਾਅਜਾਈਂ ਨਹੀਂ ਜਾਣ ਦਿੰਦੀ, ਜਿਸ ਨਾਲ ਇਹ ਸਿੱਖੀ ਦੇ ਨਿਆਰੇਪਨ ਨੂੰ ਠੇਸ ਪਹੁੰਚਾ ਸਕੇ। ਇਸ ਮਕਸਦ ਲਈ ਇਸਨੇ ਇੱਕ ਸਿੱਖ ਨਾਮ ‘ਤੇ ਇੱਕ ਜੱਥੇਬੰਦੀ ਰਾਸ਼ਟਰੀਯ ਸਿੱਖ ਸੰਗਤ ਦਾ ਗਠਨ ਕੀਤਾ ਹੈ ਅਤੇ ਇਸਦੇ ਆਗੂ ਵੀ ਸਿੱਖ ਚੇਹਰੇ ਵਾਲਿਆਂ ਨੂੰ ਬਣਾਇਆ ਗਿਆ ਹੈ।
ਇਸ ਜੱਥੇਬੰਦੀ ਵੱਲੋਂ ਦਿੱਲੀ ਵਿਚ ਆਪਣੇ ਨਵੇਂ ਦਫਤਰ ਵਿਚ ਸ੍ਰੀ ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਕੀਰਤਨ ਸਮਾਗਮ ਵਿਚ ਸ਼ਮੂਲੀਅਤ ਕਰਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਵਿਵਾਦਤ ਸੰਸਥਾ ਨੂੰ ਇੱਕ ਤਰਾਂ ਨਾਲ ਆਪਣੀ ਮਾਨਤਾ ਦੇ ਦਿੱਤੀ ਹੈ।ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵੱਲੌਂ ਰਾਸ਼ਟਰੀਯ ਸਿੱਖ ਸੰਗਤਾ ਦੇ ਸਮਾਗਮ ਵਿੱਚ ਸ਼ਾਮਲ ਹੋਕੇ ਜਿੱਥੇ ਇਸਦੇ ਪੰਥ ਵਿਰੋਧੀ ਮਨਸੂਬਿਆਂ ਨੂੰ ਹੱਲਸ਼ੇਰੀ ਦਿੱਤੀ ਹੈ, ਉਸਦੇ ਨਾਲ ਹੀ ਪੰਥ ਦੀ ਚੜਦੀ ਕਲਾਂ ਦੀ ਤਾਂਘ ਰੱਖਣ ਵਾਲ਼ਿਆਂ ਦੇ ਦਿਲਾਂ ਨੂੰ ਡਾਹਢੀ ਸੱਟ ਮਾਰੀ ਹੈ।
ਰਾਸ਼ਟਰੀਆ ਸਿੱਖ ਸੰਗਤ ਵਲੋਂ ਸਾਲ ੨੦੦੦ ਵਿਚ ਪੰਜਾਬ ਅੰਦਰ ਸ਼ੁਰੂ ਕੀਤੀਆਂ ਗਈਆਂ ਸਗਰਮੀਆਂ ਦਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਸਿੱਖ ਜਥੇਬੰਦੀਆਂ ਨੇ ਡੱਟ ਕੇ ਵਿਰੋਧ ਕੀਤਾ ਸੀ ਅਤੇ ਇਹਨਾਂ ਜਥੇਬੰਦੀਆਂ ਵਲੋਂ ਕੀਤੇ ਗਏ ਜ਼ਬਰਦਸਤ ਮੁਜ਼ਾਹਰਿਆਂ ਕਰ ਕੇ ਰਾਸ਼ਟਰੀਆ ਸਿੱਖ ਸੰਗਤ ਨੂੰ ਸੂਬੇ ਵਿਚ ਆਪਣੀਆਂ ਸਰਗਰਮੀਆਂ ਠੱਪ ਕਰਨੀਆਂ ਪਈਆਂ ਸਨ।
ਉਸ ਤੋਂ ਕੁਝ ਸਾਲ ਬਾਅਦ ਪੰਜਾਬ ਵਿਚ ਰਾਸ਼ਟਰੀਆ ਸਿੱਖ ਸੰਗਤ ਦਾ ਮੁੱਖੀ ਰੁਲਦਾ ਸਿੰਘ ਦਾ ਪਟਿਆਲਾ ਵਿਚ ਕਤਲ ਵੀ ਹੋ ਗਿਆ ਸੀ।
ਰਾਸ਼ਟਰੀਆ ਸਿੱਖ ਸੰਗਤ ਵਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਉਪ-ਪ੍ਰਧਾਨ ਤਨਵੰਤ ਸਿੰਘ ਅਤੇ ਮੈਂਬਰ ਗੁਰਲਾਦ ਸਿੰਘ ਨੇ ਕੀਰਤਨ ਸਮਾਗਮ ਵਿਚ ਹਾਜ਼ਰੀ ਭਰੀ।
ਰਾਸ਼ਟਰੀਆ ਸਿੱਖ ਸੰਗਤ ਦੇ ਇਸ ਵੇਲੇ ਗੁਰਚਰਨ ਸਿੰਘ ਗਿੱਲ਼ ਪ੍ਰਧਾਨ ਹਨ ਜਦੋਂ ਕਿ ਅਵਤਾਰ ਸਿੰਘ ਇਸ ਦੇ ਜਨਰਲ ਸਕੱਤਰ ਹਨ।
Related Topics: DSGPC, RSS, Sikh Panth