April 13, 2016 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ: ਖਾਲਸਾ ਸਾਜ਼ਨਾ ਦਿਹਾੜੇ ‘ਤੇ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਜੋੜਮੇਲੇ ਦੌਰਾਨ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਫਿਰ ਲੋਕਾਂ ਦਾ ਇੱਠ ਕਰਨ ਵਿੱਚ ਕਾਮਯਾਬ ਰਹੀ।ਕਾਨਫਰੰਸ ਵਿੱਚ ਹੋਏ ਭਰਵੇਂ ਇਕੱਠ ਤੋਂ ਉਤਸ਼ਾਹਤ ਪਾਰਟੀ ਆਗੂ ਸੰਜੇ ਸਿੰਘ ਨੇ ਆਖਿਆ ਕਿ ਰੈਲੀ ਵਿੱਚ ‘ਆਪ’ ਦੇ ਭਾਰੀ ਇਕੱਠ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅਗਲੀ ਆਉਣ ਵਾਲੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ( ਆਪ ) ਦੀ ਹੀ ਹੋਵੇਗੀ।
ਸੰਜੇ ਸਿੰਘ ਨੇ ਕਿਹਾ ਕਿ ਵਿਸਾਖੀ ਉੱਤੇ ਤਲਵੰਡੀ ਸਾਬੋ ਵਿੱਚ ਆਪਣੀ-ਆਪਣੀ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਦੇ ਦਾਅਵੇ ਕਰ ਰਹੇ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ‘ਆਪ’ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ( ਬਾਦਲ – ਕੈਪਟਨ ) ਮਿਲਕੇ ਵੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਹੀਂ ਕਰ ਸਕਦੇ, ਦਿੱਲੀ ਵਿੱਚ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ ਅਤੇ ਪੰਜਾਬ ਵਿੱਚ ਆਪ 117 ਵਿੱਚੋਂ 117 ਸੀਟਾਂ ਤੇ ਜਿੱਤ ਪ੍ਰਾਪਤ ਕਰ ਰਹੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ‘ਆਪ’ ਆਗੂਆਂ ਦੇ ਕੋਲ ਤਜਰਬਾ ਨਹੀਂ ਹੈ ਅਤੇ ਉਹ ਸਰਕਾਰ ਚਲਾਉਣ ਦੇ ਕਾਬਲ ਨਹੀਂ ਹਨ। ਮੈਂ ਕਹਿੰਦਾ ਹਾਂ ਕਿ ਹਾਂ ਸਾਨੂੰ ਚੋਣ ਵਿੱਚ ਪੈਸਾ, ਸ਼ਰਾਬ ਅਤੇ ਲਾਲਚ ਦੇ ਕੇ ਵੋਟਰਾਂ ਨੂੰ ਖਰੀਦਣ ਦਾ ਤਜਰਬਾ ਨਹੀਂ ਹੈ। ਸਾਨੂੰ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਰਾਹੀਂ ਡਰਗ (ਨਸ਼ਾ) ਸਪਲਾਈ ਕਰਨ ਦਾ ਤਜਰਬਾ ਨਹੀਂ ਹੈ। ਸਾਨੂੰ ਅਜਿਹੇ ਤਜਰਬੇ ਦੀ ਜ਼ਰੂਰਤ ਵੀ ਨਹੀਂ ਹੈ, ਪਰੰਤੂ ਸਾਨੂੰ ਤਜਰਬਾ ਹੈ ਕਿ ਸਰਕਾਰੀ ਸਿਹਤ ਸੇਵਾਵਾਂ ਅਤੇ ਸਿੱਖਿਆ ਦਾ ਪੱਧਰ ਕਿਵੇਂ ਉੱਚਾ ਅਤੇ ਸੁਧਾਰਨਾ ਹੈ।

ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋ ਵਿਖੇ ਖਾਲਸਾ ਸਾਜ਼ਨਾ ਦਿਹਾੜੇ ਮੌਕੇ ਕੀਤੀ ਕਾਨਫਰੰਸ ਦਾ ਦ੍ਰਿਸ਼
ਇਸ ਮੌਕੇ ਦਿੱਲੀ ਦੇ ਵਿਧਾਇਕ ਅਤੇ ਮੁੱਖ ਸੰਸਦ ਸਕੱਤਰ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇਬਾਹਰ ਪਿਆਉ ਤੋੜਨ ਦੇ ਮਾਮਲੇ ਵਿਚ ਅਕਾਲੀ ਅਤੇ ਕਾਂਗਰਸੀ ਜਨਤਾ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਂ ਲੱਗਾ ਰਹੀ ਹੈ, ਜਦਕਿ ਸੱਚ ਇਹ ਹੈ ਕਿ ਇਹ ਭਾਜਪਾ ਹੀ ਸੀ ਜਿਸਨੇ ਦਿੱਲੀ ਹਾਈਕੋਰਟ ਵਿਚ ਹਲਫਨਾਮਾ ਦੇ ਕੇ ਪਿਆਉ ਤੋੜਨ ਦੀ ਵਕਾਲਤ ਕੀਤੀ ਸੀ।
ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਤੋੜੇ ਗਏ ਪਿਆਉ ਦੀ ਥਾਂ ਮੈਮੋਰਿਅਲ ਦਾ ਨਿਰਮਾਣ ਕਰਵਾਵੇਗੀ ਅਤੇ ਭਾਈ ਮਤੀਦਾਸ ਚੌਂਕ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੇਖਣ ਦੀ ਇਜ਼ਾਜਤ ਨਹੀਂ ਦੇਵੇਗੀ। ਜਰਨੈਲ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਲਈ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਤੌਰ ਤੇ ਜਿੰਮੇਦਾਰ ਠਹਿਰਾਉਂਦੇ ਹੋਏ ਸੁਖਬੀਰ ਦੀ ਤੁਲਨਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਅਤੇ ਸੱਜਨ ਕੁਮਾਰ ਦੇ ਨਾਲ ਕੀਤੀ।
ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਐਸਵਾਈਐਲ ਅਤੇ ਪਿਆਉ ਦੇ ਮੁੱਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇਸ ਲਈ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਦੋਵਾਂ ਦਲਾਂ ਨੇ ਪੰਜਾਬ ਦੇ ਲੋਕਾਂ ਲਈ ਕੁੱਝ ਵੀ ਨਹੀਂ ਕੀਤਾ ਅਤੇ ਦੋਵਾਂ ਦਲਾਂ ਦਾ ਆਧਾਰ ਜੀਰੋ ਹੋ ਚੁੱਕਿਆ ਹੈ।
ਸੁਖਬੀਰ ਸਿੰਘ ਬਾਦਲ ਵਲੋਂ ਪਿਆਉ ਤੋੜਨ ਦੀ ਘਟਨਾ ਦੀ ਤੁਲਨਾ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨਾਲ ਕੀਤੇ ਜਾਣ ਦੀ ਜੋਰਦਾਰ ਨਿੰਦਾ ਕਰਦੇ ਹੋਏ ਛੋਟੇਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਤਰਾਸਦੀ ਦੇ ਬਾਰੇ ਵਿੱਚ ਜਾਣਦੇ ਹੀ ਨਹੀਂ ਹਨ, ਜਿਸ ਦੌਰਾਨ ਸੈਂਕੜੀਆਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਦਾ ਕਤਲ ਕੀਤਾ ਗਿਆ ਸੀ। ਸਗੋਂ ਛੋਟੇਪੁਰ ਨੇ ਕਿਹਾ ਕਿ ਬਹਿਬਲ ਕਲਾਂ ਵਿੱਚ ਸਿੱਖ ਸੰਗਤ ਉੱਤੇ ਕੀਤੀ ਗਈ ਪੁਲਿਸ ਫਾਇਰਿੰਗ ਨੂੰ ਮਿੰਨੀ ਬਲੂ-ਸਟਾਰ ਕਰਾਰ ਦਿੱਤਾ ਜਾ ਸਕਦਾ ਹੈ।
ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਅਕਾਲੀ ਦਲ ਉੱਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਲੈਕੀਆਂ ਅਤੇ ਸਮੈਕੀਆਂ ਦਾ ਰਾਜ ਹੈ, ਪੱਗਾ ਉਛਾਲੀਆਂ ਜਾ ਰਹੀਆਂ ਹਨ, ਔਰਤਾਂ ਅਸੁਰਖਿਅਤ ਹਨ, ਬੇਰੋਜਗਾਰ ਪਾਣੀ ਦੀਆਂ ਟੈਂਕੀਆਂ ਉੱਤੇ ਚੜ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਭੈਣਾਂ ਦੇ ਦੁਪੱਟੇ ਉਤਾਰੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਜਦੋਂ ਉਨਾਂ ਨੂੰ ਪਟਿਆਲਾ ਤੋਂ ਵਿਧਾਨ ਸਭਾ ਵਿੱਚ ਭੇਜਿਆ ਤਾਂ ਉਹ ਵਿਧਾਨ ਸਭਾ ਨਹੀਂ ਗਏ, ਕਿਉਂਕਿ ਸਰਕਾਰ ਨਹੀਂ ਬਣੀ। ਫਿਰ ਜਦੋਂ ਅਮ੍ਰਿਤਸਰ ਤੋਂ ਸੰਸਦ ਵਿੱਚ ਭੇਜਿਆ ਤਾਂ ਉਹ ਸੰਸਦ ਵਿੱਚ ਨਹੀਂ ਗਏ, ਕਿਉਂਕਿ ਸਰਕਾਰ ਨਹੀਂ ਬਣੀ, ਇਸਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਨੂੰ ਕੇਵਲ ਕੁਰਸੀ ਚਾਹੀਦੀ ਹੈ। ।
ਇਸ ਮੌਕੇ ਆਪ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ, ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਜਸਬੀਰ ਸਿੰਘ ਬੀਰ, ਪਹਿਲਵਾਨ ਕਰਤਾਰ ਸਿੰਘ, ਜੀਐਸ ਕੰਗ, ਐੇਚਐਸ ਕਿੰਗਰਾ, ਕਰਨਲ ਸੀਡੀ ਸਿੰਘ ਕੰਬੋਜ, ਅਮਨ ਅਰੋੜਾ ਸਮੇਤ ਹੋਰ ਪ੍ਰਮੁੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ, ਜਦੋਂ ਕਿ ਇਸਤਰੀ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਸਟੇਜ ਸੰਚਾਲਨ ਕੀਤਾ।
Related Topics: Aam Aadmi Party, Bhagwant Maan, Captain Amrinder Singh Government, Punjab Assembly Elections 2017, Sanjay Singh AAP, Sucha Singh, Sukhbir Badal