ਲੇਖ » ਸਿੱਖ ਖਬਰਾਂ

20 ਮਈ ਲਈ ਕਮਰਕੱਸੇ ਕਰੋ…!

May 17, 2015 | By

ਇੱਕ ਉਸ ਬਾਪੂ ਨੂੰ ਜਿਸ ਬਾਪੂ ਨੂੰ ਕੌਮ ਦੀ ਆਨ ਤੇ ਸ਼ਾਨ ਦੀ ਬਹਾਲੀ ਵਾਲਾ ਕੋਤਕ ਕਰਨ ਵਾਲੇ ਮਹਾਨ ਜੋਧੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਦਾ ਬਾਪੂ ਹੋਣ ਦਾ ਕੁਦਰਤ ਨੇ ਮਾਣ ਬਖਸ਼ਿਆ ਸੀ ਤੇ ਇਸ ਮਾਣ ਸਦਕਾ ਉਸ ਨੂੰ ਕੌਮ ਨੇ ਬਾਪੂ ਪੁਕਾਰਿਆ ਸੀ ਅਤੇ ਅੱਜ ਉਸ ਦੇ ਭੋਗ ਸਮੇਂ ਕੌਮ ਉਸ ਨੂੰ ਸੱਚੀ ਮੁੱਚੀ ਇਹ ਮਾਣ ਦਿੰਦੀ ਵਿਖਾਈ ਦੇ  ਰਹੀ ਹੈ।

ਬਾਪੂ ਤਰਲੋਕ ਸਿੰਘ ਜੀ (ਫਾਈਲ ਫੋਟੋ)

ਬਾਪੂ ਤਰਲੋਕ ਸਿੰਘ ਜੀ (ਫਾਈਲ ਫੋਟੋ)

ਦੂਜੇ ਪਾਸੇ ਇੱਕ ਬਾਪੂ, ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਸਿੱਖੀ ਦੀ ਮਹਾਨ ਰਵਾਇਤ ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ, ਨੂੰ ਤੋੜ ਚੜਾਉਣ ਲਈ ਦਿ੍ਰੜਤਾ ਨਾਲ ਸ਼ਹਾਦਤ ਦੇ ਰੰਗ ਵਿੱਚ ਰੱਤਿਆ ਹੋਇਆ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਕੌਮੀ ਸੰਘਰਸ਼ ਹੈ, ਕਿਉਂਕਿ ਇਹ ਬੰਦੀ ਸਿੰਘ ਕੌਮੀ ਘਰ ਦੀ ਪ੍ਰਾਪਤੀ ਦੇ ਸੰਘਰਸ਼ ਲਈ ਮੈਦਾਨ ਵਿੱਚ ਨਿੱਤਰੇ ਸਨ ਅਤੇ ਸਮੇਂ ਦੀਆਂ ਸਰਕਾਰਾਂ ਦੇ ਬਾਗੀ ਬਣੇ।

ਜਿਨਾਂ ਨੂੰ ਦੇਸ਼ ਦੇ ਹਾਕਮਾਂ ਨੇ ਕਾਨੂੰਨ ਦਾ ਝੂਠਾ ਸਹਾਰਾ ਲੈਂਦਿਆਂ ਜੇਲਾਂ ਵਿੱਚ ਡੱਕ ਦਿੱਤਾ ਅਤੇ ਉਹ ਆਪਣੀ ਜਵਾਨੀ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਗਾਲ ਚੁੱਕੇ ਹਨ। ਮਿਲੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਪ੍ਰੰਤੂ ਕਿਉਂਕਿ ਸਮੇਂ ਦੀ ਸਰਕਾਰ, ਦੇਸ਼ ਦਾ ਕਾਨੂੰਨ ਉਨਾਂ ਨੂੰ ਬਾਗ਼ੀ ਪ੍ਰਵਾਨ ਕਰ ਚੁੱਕਾ ਹੈ। ਉਹ ਉਨਾਂ ਦੇ ਮੁੱਢਲੇ ਅਧਿਕਾਰਾਂ ਦੀ ਪ੍ਰਵਾਹ ਨਾ ਕਰਦਿਆਂ ਉਨਾਂ ਨੂੰ ਜੇਲ ਵਿੱਚੋਂ ਰਿਹਾਅ ਕਰਨ ਲਈ ਤਿਆਰ ਨਹੀਂ।

ਗੁਲਾਮ ਕੌਮ ਦੀ ਦਾਸਤਾਨ, ਥਾਂ-ਥਾਂ ਧੱਕੇ, ਵਿਤਕਰੇ, ਬੇ-ਇਨਸਾਫ਼ੀ, ਜ਼ੋਰ-ਜ਼ਬਰ, ਜ਼ੁਲਮ ਤਸ਼ੱਦਦ ਸਿੱਖ ਕੌਮ ਨਾਲ ਨਿਰੰਤਰ ਜਾਰੀ ਹੈ ਅਤੇ ਦੇਸ਼ ਦੇ ਦੂਜੇ ਨੰਬਰ ਦੇ ਸ਼ਹਿਰੀ ਹੋਣ ਦਾ ਸੰਤਾਪ ਹੰਢਾ ਰਹੇ ਹਨ। ਇਸ ਕਾਰਨ ਇਨਸਾਫ਼ ਲੈਣ ਲਈ, ਆਪਣੇ ਹੱਕ ਲੈਣ ਲਈ ਆਪਣੀ ਹੋਂਦ ਦੀ ਰਾਖੀ ਲਈ ਸਿੱਖਾਂ ਨੂੰ ਵਾਰ-ਵਾਰ ਸੰਘਰਸ਼ ਕਰਨਾ ਪੈ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ 83 ਵਰਿਆਂ ਦਾ ਬਾਪੂ 121 ਦਿਨਾਂ ਤੋਂ ਅਡੋਲਤਾ ਨਾਲ ਭੁੱਖ ਹੜਤਾਲ ’ਤੇ ਹੈ। ਉਸ ਦੀ ਸਰੀਰਕ ਅਵਸਥਾ ਦਿਨੋਂ ਦਿਨ ਨਿਘਰ ਰਹੀ ਹੈ। ਜੋੜਾਂ ਨੇ ਹਿਲਣਾ-ਜੁਲਣਾ ਬੰਦ ਕਰ ਦਿੱਤਾ ਹੈ। ਆਵਾਜ਼ ਵੀ ਸਾਥ ਛੱਡ ਗਈ ਹੈ। ਸਰੀਰਕ ਸ਼ਕਤੀ ਖ਼ਤਮ ਹੋ ਗਈ ਹੈ। ਗੁਰੂ ਦੀ ਰਹਿਮਤ ਸਦਕਾ ਕੇਵਲ ਮਾਨਸਿਕ ਅਵਸਥਾ ਚੜਦੀਕਲਾ ਵਿੱਚ ਹੈ। ਉਹ ਅਵਸਥਾ ਮੌਤ ਨੂੰ ਵੰਗਾਰ ਰਹੀ ਹੈ। ਬਾਪੂ ਤੇ ਮੌਤ ਦੋਵੇਂ ਇੱਕ-ਦੂਜੇ ਵੱਲ ਵੱਧ ਰਹੇ ਹਨ।

Bapu surat Singh1

ਬਾਪੂ ਸੂਰਤ ਸਿੰਘ ਖਾਲਸਾ

ਕੌਮੀ ਸੰਘਰਸ਼ ਲੜਨ ਵਾਲੇ ਸ਼ਹਾਦਤ ਦਾ ਜਾਮ ਪੀਣ ਵਾਲੇ ਕੌਮ ਦੇ ਨਾਇਕ ਹੋ ਨਿਬੜਦੇ ਹਨ। ਕੌਮ ਉਨਾਂ ਲਈ ਹਜ਼ਾਰਾਂ ਜਾਨਾਂ ਨਿਛਾਵਰ ਕਰਨ ਨੂੰ ਤੁਛ ਸਮਝਦੀ ਹੈ।

ਅੱਜ ਬਾਪੂ ਤਰਲੋਕ ਸਿੰਘ ਦੇ ਭੋਗ ਸਮੇਂ ਜਦੋਂ ਕੌਮ ਨੇ ਪੰਥ ਦੀ ਚੜਦੀਕਲਾ ਦੀ ਅਰਦਾਸ ਕਰਨੀ ਹੈ ਤਾਂ ਉਸ ਸਮੇਂ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਪ੍ਰਤੀ ਕੌਮ ਦੇ ਅਵੇਸਲੇਪਣ ਅਤੇ ਦਿੱਤੀ ਪਿਠ ਬਾਰੇ ਮਨਾਂ ਵਿੱਚ ਝਾਤੀ ਮਾਰੇਗੀ।

ਸਮੇਂ ਦੀਆਂ ਜ਼ਾਬਰ ਸਰਕਾਰਾਂ ਇਨਸਾਫ਼ ਦੇਣ ਦੇ ਮਾਮਲੇ ਵਿੱਚ ਅੰਨੀਆਂ ਤੇ ਬੋਲੀਆ ਹਨ। ਉਨਾਂ ਨੂੰ ਸੰਘਰਸ਼ ਦੇ ਹੋਕੇ ਨਾਲ, ਰੋਹ ਦੇ ਡੱਗੇ ਨਾਲ ਜਗਾਉਣਾ ਪੈਂਦਾ ਹੈ। ਕੌਮ ਨੇ ਵੱਡੇ-ਵੱਡੇ ਜ਼ਾਬਰਾ ਦੀ ਹੈਂਕੜ ਭੰਨੀ ਹੈ ਪ੍ਰੰਤੂ ਅੱਜ ਕੌਮ ਸਵਾਰਥ ਤੇ ਪਦਾਰਥ ਦੀ ਗੋਲੀ ਨਾਲ ਗਫ਼ਲਤ ਦੀ ਨੀਂਦ ’ਚ ਘਰਾੜੇ ਮਾਰ ਰਹੀ ਹੈ। ਅਸੀਂ ਵਾਰ-ਵਾਰ ਕੌਮ ਨੂੰ ਜਾਗਣ ਦਾ ਹੋਕਾ ਦਿੰਦੇ ਆ ਰਹੇ ਹਾਂ ਅਤੇ ਇਹ ਅਹਿਸਾਸ ਵੀ ਕਰਾਉਂਦੇ ਆ ਰਹੇ ਹਾਂ ਕਿ ਸਿੱਖ ਦੁਸ਼ਮਣ ਤਾਕਤਾਂ ਜਿਨਾਂ ਨੇ ਘਰ ਦੇ ਭੇਤੀਆਂ ਨੂੰ ਆਪਣੇ ਹਥਿਆਰ ਬਣਾ ਲਿਆ ਹੋਇਆ ਹੈ, ਉਹ ਕੌਮ ਦੇ ਜਾਗਦੀ ਜ਼ਮੀਰ, ਗਰਮ ਲਹੂ ਬਾਰੇ ਵਾਰ-ਵਾਰ ਟੀਕੇ ਲਾ ਕੇ ਵੇਖ ਰਹੀਆਂ ਹਨ।

ਅੱਜ ਜਦੋਂ ਇਹ ਸਾਫ਼ ਹੋ ਗਿਆ ਹੈ ਕਿ ਬਾਪੂ ਸ਼ਹੀਦੀ ਪ੍ਰਤੀ ਦਿ੍ਰੜ ਹੈ। ਉਸ ਦੇ ਬਾਵਜੂਦ ਸਰਕਾਰ ਘੋਗਲ ਕੰਨੀ ਹੋਈ ਬੈਠੀ ਹੈ ਤਾਂ ਉਸ ਦੇ ਪਿਛੇ ਵੱਡਾ ਕਾਰਨ ਇਹੋ ਹੈ ਕਿ ਸਰਕਾਰ ਨੂੰ ਜਾਪਦਾ ਹੈ ਕਿ ਕੌਮ ਵਿੱਚ ਹੁਣ ਸੰਘਰਸ਼ ਦਾ ਮਾਦਾ ਨਹੀਂ ਰਿਹਾ। ਉਹ ਕੁਰਬਾਨੀ ਦੇ ਜਜ਼ਬੇ ਤੋਂ ਸੱਖਣੀ ਹੋ ਗਈ ਹੈ। ਬਹਾਦਰੀ ਉਸ ਤੋਂ ਗਵਾਚ ਗਈ ਹੈ, ਅਣਖ ਤੇ ਜ਼ਮੀਰ ਨੂੰ ਸਵਾਰਥ ਤੇ ਪਦਾਰਥ ਨੇ ਨਿਗਲ ਲਿਆ ਹੈ।

ਅੱਜ ਲੋੜ ਹੈ ਕਿ ਅਸੀਂ ਸਰਕਾਰ ਦੇ ਇਹ ਭਰਮ ਭੁਲੇਖੇ ਨੂੰ ਦੂਰ ਕਰੀਏ, ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਵਿੱਚ ਨਿੱਤਰੀਏ, ਸ਼ਾਂਤਮਈ ਸੰਘਰਸ਼ ਹਰ ਮਨੁੱਖ ਦਾ ਬੁਨਿਆਦੀ ਅਧਿਕਾਰ ਹੈ, ਜਦੋਂ ਤੱਕ ਕੌਮ ਇੱਕ ਆਵਾਜ਼ ਹੋ ਕੇ ਬੰਦੀ ਸਿੰਘ ਰਿਹਾਅ ਕਰੋ ਦਾ ਨਾਅਰਾ ਬੁਲੰਦ ਕਰਨ ਲਈ ਸੜਕਾਂ ’ਤੇ ਨਹੀਂ ਨਿਕਲਦੀ ਉਦੋਂ ਤੱਕ ਸਰਕਾਰ ਦੀ ਕੁੰਭਕਰਨੀ ਨੀਂਦ ਨਹੀਂ ਟੁੱਟਣੀ।

ਇਸ ਲਈ ਅਸੀਂ ਸਮੁੱਚੀ ਕੌਮ ਨੂੰ, ਹਰ ਪੰਥ ਦਰਦੀ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸੇ ਦੇ ਸੰਘਰਸ਼ ਦੀ ਹਿਮਾਇਤ ਵਿੱਚ 20 ਮਈ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਕੀਤੇ ਜਾਣ ਵਾਲੇ ਘਿਰਾਓ ਵਿੱਚ ਹਰ ਪੰਥ ਦਰਦੀ ਵੱਧ ਚੜ ਕੇ ਹਿੱਸਾ ਲਵੇ ਤਾਂ ਕਿ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਸਾਡੀ ਆਵਾਜ਼ ਅੱਪੜ ਸਕੇ।

ਧੰਨਵਾਦ ਸਾਹਿਤ ਰੋਜ਼ਾਨਾ ਪਹਿਰੇਦਾਰ ਵਿੱਚੋਂ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,