ਚੋਣਵੀਆਂ ਲਿਖਤਾਂ » ਲੇਖ

ਬੋਲੀ ਅਤੇ ਕਲਾਤਮਕ ਵਪਾਰ ਦੀ ਰਾਜਨੀਤਕ ਬੋਲੀ

October 4, 2019 | By

ਲੇਖਕ: ਡਾ. ਸੇਵਕ ਸਿੰਘ

ਪੰਜਾਬੀ ਬੋਲੀ ਦਾ ਸਵਾਲ ਕਈ ਰੂਪਾਂ ਵਿਚ ਵਾਰ ਵਾਰ ਚਲਦਾ ਰਹਿੰਦਾ ਹੈ।ਕਿਸੇ ਨਾ ਕਿਸੇ ਪੱਖ ਤੋਂ ਕੋਈ ਘਟਨਾ ਇਹ ਸਵਾਲ ਨੂੰ ਇਕਦਮ ਜਿੰਦਗੀ ਦੇ ਮੁਹਾਣ ਵਿਚ ਲਿਆ ਖਲ੍ਹਾਰਦੀ ਹੈ। ਇਹ ਸਵਾਲ ਦੀਆਂ ਚਾਰ ਪੰਜ ਪਰਤਾਂ ਹਨ ਪਰ ਚਰਚਾ ਅਕਸਰ ਇਕ-ਦੋ ਤੀਕ ਸੁੰਗੜ ਜਾਂਦੀ ਹੈ। ਜਿੰਦਗੀ ਦੇ ਵਹਿਣ ਸਮੇਂ ਦੇ ਹਿਸਾਬ ਨਾਲ ਤੇਜ ਹੋਣ ਕਰਕੇ ਕਿਸੇ ਵੀ ਪੱਖ ਦੀ ਚਰਚਾ ਬਿਨਾ ਕਿਸੇ ਨਿਬੇੜੇ ਦੇ ਮੁੜ ਅਣਸੁਲਝੇ ਖਾਤੇ ਵਿਚ ਪੈ ਜਾਂਦੀ ਹੈ।ਗੱਲਾਂ ਦਾ ਵਾਰ ਵਾਰ ਉਠ ਕੇ ਕਿਸੇ ਕੰਢੇ ਵੱਟੇ ਨਾ ਲਗਣਾ ਆਪਣੇ ਆਪ ਵਿਚ ਹਾਰ ਨਹੀਂ ਹੁੰਦਾ ਪਰ ਜੇ ਵਾਰ ਵਾਰ ਉਠਣ ਦੇ ਬਾਵਜੂਦ ਗੱਲ ਬਾਰੇ ਸਮਝ ਵੀ ਸਾਫ ਅਤੇ ਪੱਕੀ ਨਾ ਬਣੇ ਤਾਂ ਇਹ ਹਾਲਤ ਆਪਣੇ ਆਪ ਹੀ ਹਾਰ ਤੋਂ ਘੱਟ ਨਹੀਂ ਹੁੰਦੀ।ਇਹ ਹਾਲਤ ਲੋਕਾਂ ਵਿਚ ਬੇਯਕੀਨੀ ਅਤੇ ਢਾਹੂ ਰੁਚੀ ਪੈਦਾ ਕਰਦੀ ਹੈ।ਇਹਦੇ ਲਈ ਸਭ ਤੋਂ ਫੌਰੀ ਲੋੜ ਹੈ ਕਿ ਬੋਲੀ ਦੇ ਸਬੰਧ ਵਿਚ ਕੁਝ ਮੂਲ ਗੱਲਾਂ ਨੂੰ ਸਮਝਿਆ ਜਾਵੇ ਤਾਂਕਿ ਪੰਜਾਬੀ ਬੋਲੀ ਨਾਲ ਹਿਤ ਰਖਣ ਵਾਲੇ ਲੋਕ ਇਹ ਬੇਦਿਲੀ ਤੋਂ ਬਚ ਸਕਣ। ਪਰ ਪੂਰੇ ਮਾਮਲੇ ਬਾਰੇ ਸਮਝ ਬਣਾਉਣ ਲਈ ਸਾਰੇ ਪੱਖਾਂ ਨੂੰ ਸਿਧਾਂਤਕ ਰੂਪ ਵਿਚ ਅਤੇ ਵਰਤਮਾਨ ਪਰਸੰਗ ਵਿਚ ਜਾਨਣਾ ਪਏਗਾ।

ਜਦੋਂ ਕਿਸੇ ਵੀ ਸਵਾਲ ਦੀਆਂ ਤਹਿਆਂ ਖੋਹਲਣ ਲੱਗੋ ਤਾਂ ਉਹੀ ਸਵਾਲ ਮੂਲ ਸਵਾਲ ਵਾਂਗ ਸਾਰੀ ਜਿੰਦਗੀ ਤੇ ਚਾਦਰ ਵਾਂਗ ਫੈਲ ਜਾਂਦਾ ਹੈ ਕਿਉਂਕਿ ਕੁਦਰਤ ਦੇ ਸਾਰੇ ਮਸਲੇ ਅਖੀਰ ਨੂੰ ਜਿੰਦਗੀ ਦੇ ਸਵਾਲ ਨਾਲ ਆ ਜੁੜਦੇ ਹਨ।ਪੰਜਾਬੀ ਬੋਲੀ ਦੇ ਸਵਾਲ ਦੀਆਂ ਤਹਿਆਂ ਖੋਹਲਣ ਲੱਗਿਆਂ ਇਹਦੀ ਚਰਚਾ ਵੀ ਜਿੰਦਗੀ ਦੇ ਸਾਰੇ ਪੱਖਾਂ ਨਾਲ ਜਾ ਜੁੜਦੀ ਹੈ।ਭਾਸ਼ਣਾਂ ਅਤੇ ਲਿਖਤਾਂ ਵਿਚ ਇਹ ਫੈਲਾਅ ਵੇਖਣ ਨੂੰ ਮਿਲਦਾ ਹੈ ਜਿਥੇ ਵਿਦਵਾਨਾਂ ਨੇ ਪੰਜਾਬੀ ਬੋਲੀ ਨਾਲ ਜੁੜੇ ਸ਼ੰਕੇ ਅਤੇ ਸਵਾਲਾਂ ਨੂੰ ਸਮਝਾਉਣ ਲਈ ਧਰਮ ਇਤਿਹਾਸ ਰਾਜਨੀਤੀ ਅਤੇ ਮਨੋਵਿਗਿਆਨ ਆਦਿ ਦੇ ਹਵਾਲੇ ਵਰਤੇ ਹਨ।ਇਸ ਪਰਸੰਗ ਵਿਚ ਅਹਿਮ ਨੁਕਤਾ ਹੈ ਕਿ ਜਿਹੜੇ ਵੀ ਸਿਖਣ ਵਾਲਿਆਂ ਅਤੇ ਸਿਖਾਉਣ ਵਾਲਿਆਂ ਨੇ ਪੰਜਾਬੀ ਬੋਲੀ ਬਾਰੇ ਗੱਲ ਕਰਨੀ ਹੈ ਓਹਨਾਂ ਨੂੰ ਵਾਰ ਵਾਰ ਮਨੁਖੀ ਬੋਲੀ ਬਾਰੇ ਵੀ ਗੱਲ ਸਮਝਣੀ ਅਤੇ ਕਰਨੀ ਪਏਗੀ ਕਿਉਂਕਿ ਬਾਕੀ ਵਿਸ਼ਿਆਂ ਦੇ ਹਵਾਲਿਆਂ ਰਾਹੀਂ ਪੰਜਾਬੀ ਬਾਰੇ ਪੇਸ਼ ਨੁਕਤੇ ਸਰਲ ਅਤੇ ਰੌਚਕ ਬਣ ਜਾਂਦੇ ਹਨ ਪਰ ਜਿੰਨਾ ਚਿਰ ਮਨੁੱਖੀ ਬੋਲੀ ਬਾਰੇ ਸਚਾਈ ਜਾਂ ਖੋਜ ਵਜੋਂ ਪਰਵਾਨਤ ਤੱਥਾਂ ਬਾਰੇ ਅੰਦਾਜਾ ਨਾ ਹੋਵੇ ਤਾਂ ਬੋਲੀ ਦੇ ਮਹੱਤਵ ਦੀ ਗੱਲ ਬੰਦੇ ਨੂੰ ਸਮਝ ਨਹੀਂ ਪੈਂਦੀ ਕਿ ਇਹ ਐਡਾ ਮਸਲਾ ਕਿਉਂ ਹੈ।ਇਹ ਜਾਣਕਾਰੀ ਇਸ ਲਈ ਵੀ ਜਰੂਰੀ ਹੈ ਕਿ ਕੁਝ ਲੋਕ ਵਧਵੇਂ ਡਰ ਕਾਰਨ ਕੁਲਦੀਪ ਨਈਅਰ  ਵਾਂਗ ਕਹਿਣ ਲੱਗ ਪਏ ਹਨ ਕਿ ਹੁਣ ਪੰਜਾਬੀ ਨਹੀਂ ਬਚਣੀ ਅਤੇ ਕੁਝ ਬੰਦੇ ਜਿਆਦਾ ਅਗਾਂਹਵਧੂ ਹੋਣ ਕਰਕੇ ਨਰਿੰਦਰ ਸਿੰਘ ਕਪੂਰ ਵਾਂਗ ਐਲਾਨ ਕਰਨ ਲੱਗ ਪਏ ਹਨ ਕਿ ਐਨੇ ਚਿਰ ਨੂੰ ਪੰਜਾਬੀ ਖਤਮ ਹੋ ਜਾਣੀ ਹੈ ਅਤੇ ਕਈਆਂ ਨੂੰ ਪ੍ਰੋ ਪੂਰਨ ਸਿੰਘ ਵਾਂਗ ਲਗਦਾ ਹੈ ਕਿ ਇਕ ਦਿਨ ਦੁਨੀਆ ਪੰਜਾਬੀ ਸਿੱਖੇਗੀ।ਏਹ ਭਵਿੱਖ ਵੇਖਣ ਵਾਲੀਆਂ ਗੱਲਾਂ ਐਵੇਂ ਹਵਾ ਵਿਚ ਨਹੀਂ ਹਨ ਓਹਨਾਂ ਕੋਲ ਮਨੁਖੀ ਬੋਲੀ ਬਾਰੇ ਸਿਧਾਂਤਕ, ਇਤਿਹਾਸਕ ਅਤੇ ਸਮਾਜਕ ਪੱਖ ਦੀ ਖੋਜ ਜਾਂ ਸਚਾਈ ਵਰਗੇ ਕੁਝ ਨੁਕਤੇ ਹਨ।ਏਹਨਾਂ ਨੁਕਤਿਆਂ ਦੇ ਮਣ੍ਹੇ ਤੇ ਚੜ੍ਹ ਕੇ ਹੀ ਓਹ ਭਵਿਖ ਵਿਚ ਆਪਣੇ ਵਿਤ ਮੂਜਬ ਵੇਖ ਰਹੇ ਹਨ।

ਪੰਜਾਬੀ ਬਾਰੇ ਗੱਲ ਕਰਨ ਲਈ ਬਿਨਾ ਸ਼ੱਕ ਇਹ ਖਿੱਤੇ ਦੀ ਧਾਰਮਿਕ ਬਣਤਰ ਅਤੇ ਇਥੋਂ ਦੀ ਰਾਜਨੀਤੀ ਦਾ ਮਹੱਤਵ ਹੈ ਪਰ ਮਨੁਖੀ ਬੋਲੀ ਬਾਰੇ ਬਣੀਆਂ ਮਾਨਤਾਵਾਂ ਦਾ ਅਸਰ ਨਾ ਸਿਰਫ ਪੰਜਾਬੀ ਦੀ ਅਜੋਕੀ ਹਾਲਤ ਉਤੇ ਹੈ ਸਗੋਂ ਪੰਜਾਬੀਆਂ ਦੀ ਪੰਜਾਬੀ ਬਾਰੇ ਸਮਝ ਉਤੇ ਵੀ ਹੈ।ਜਿਹੜੀ ਗੱਲ ਦਾ ਅਸਰ ਪੰਜਾਬੀ ਬੋਲੀ ਦੀ ਹਾਲਤ ਉਤੇ ਵੀ ਹੈ ਅਤੇ ਸਾਡੀ ਸਮਝ ਉਤੇ ਵੀ ਹੈ ਫਿਰ ਉਹ ਗੱਲ ਦੀ ਜਾਣਕਾਰੀ ਅਤੇ ਚਰਚਾ ਤਾਂ ਹੋਣੀ ਹੀ ਚਾਹੀਦੀ ਹੈ।ਬੋਲੀ ਮਨੁਖੀ ਜੀਵਨ ਵਿਚ ਹੋਂਦ ਅਤੇ ਮੁੱਲ ਕਿਵੇਂ ਧਾਰਦੀ ਹੈ ਇਹਦੇ ਬਾਰੇ ਬਹੁਤ ਸਾਰੀਆਂ ਮਾਨਤਾਵਾਂ ਹਨ।ਮੋਟੇ ਰੂਪ ਵਿਚ ਓਹਨਾਂ ਨੂੰ ਸਮਝਣ ਲਈ ਪੰਜ ਖਾਨਿਆਂ ਵਿਚ ਵੰਡ ਲਿਆ ਹੈ।

ਪਹਿਲਾ ਖਾਨਾ ਮਨੁਖੀ ਜੀਵਨ ਨਿਰਭਾਅ ਦਾ ਹੈ ਜਿਥੇ ਰੋਜਾਨਾ ਦੀਆਂ ਸਰੀਰਿਕ ਲੋੜਾਂ ਦਾ ਪਸਾਰ ਹੈ।ਇਥੇ ਅੰਨ ਪਾਣੀ ਕੁਦਰਤ ਦਾ ਸਭ ਤੋਂ ਵੱਡਾ ਕਾਨੂੰਨ ਹੈ ਜੀਹਦੀ ਪਾਲਣਾ ਬੰਦਾ ਹਰ ਦਿਹਾੜੀ ਦਿਸਦੇ ਰੂਪ ਵਿਚ ਕਰਦਾ ਹੈ।ਜੀਵਨ ਨੂੰ,ਲੋੜਾਂ ਨੂੰ ਬੰਦਾ ਕਿੰਨਾ ਸਮਝਦਾ ਹੈ,ਇਹ ਨੁਕਤੇ ਤੋਂ ਮਨੁਖੀ ਗਿਆਨ ਦੇ ਵਧੰਤ ਵਧੇ ਹਨ।ਲੋੜ ਦੇ ਪੱਖ ਤੋਂ ਬੋਲੀ ਬਾਰੇ ਸਭ ਤੋਂ ਚਰਚਤ ਮਾਨਤਾਵਾਂ ਹਨ, ਜਿਹੜੀਆਂ ਦਾ ਸਾਰ ਇਹ ਬਣਦਾ ਹੈ ਕਿ ਬੋਲੀ ਹਾਲਾਤ ਦੀ ਉਪਜ ਹੈ।

ਦੂਜਾ ਖਾਨਾ ਲੋੜਾਂ ਦੇ ਕੁਦਰਤੀ ਅਤੇ ਮਨੁਖੀ ਪੱਖ ਨੂੰ ਅਰਥਾਉਣ ਅਤੇ ਨੇਮਬੱਧ ਕਰਨ ਦਾ ਹੈ।ਮਨੁਖੀ ਸਮਾਜ ਨੂੰ ਸਭ ਤੋਂ ਵੱਧ ਨੇਮਬੱਧ ਕਰਨ ਵਾਲਾ ਢਾਂਚਾ ਰਾਜ ਹੈ।ਰਾਜ ਦੀ ਮੂਲ਼ ਬਣਤਰ ਵਿਚ ਖਿੱਤਾ, ਵਸੋਂ ਅਤੇ ਲੋਕ ਗਿਣੇ ਜਾਂਦੇ ਹਨ।ਬੋਲੀਹੀਣ ਲੋਕ ਰਾਜ ਦੀ ਕਲਪਣਾ ਵਿਚ ਪੂਰੇ ਨਹੀਂ ਉਤਰਦੇ।ਇਸ ਲਈ ਰਾਜ ਦੀ ਬਣਤਰ ਦੇ ਮੂਲ ਵਿਚ ਵੀ ਬੋਲੀ ਹੀ ਪਈ ਹੈ।ਰਾਜ ਦੀ ਕਲਪਣਾ ਤੋਂ ਲੈ ਉਹਦੇ ਕਾਨੂੰਨਾਂ ਨੂੰ ਲਾਗੂ ਕਰਨ ਜਾਂ ਉਹਦੀ ਅਜਾਦ ਹਸਤੀ ਨੂੰ ਮਾਨਤਾ ਦੇਣ ਲਈ ਹਰ ਥਾਂ ਬੋਲੀ ਹੀ ਸੂਤਰ ਹੈ।ਨੇਮਬੱਧ ਕਰਨ ਅਤੇ ਨੇਮਾਂ ਨੂੰ ਲਾਗੂ ਕਰਨ ਦੀ ਸੱਤਾ ਦੇ ਹਿਸਾਬ ਨਾਲ ਬੋਲੀ ਬੰਦੇ ਦੀ ਸਮਰਥਾ ਹੈ।

ਤੀਜਾ ਖਾਨਾ ਧਰਮ ਹੈ ਜੋ ਮਨੁਖੀ ਭਾਵਨਾਵਾਂ ਦੇ ਜਗਤ ਨੂੰ ਨੇਮਬੱਧ ਅਤੇ ਮੁੱਲਬੱਧ ਕਰਨ ਦਾ ਕੰਮ ਕਰਦਾ ਹੈ।ਰਾਜ ਬੰਦੇ ਦੀਆਂ ਬਾਹਰੀ ਕੀਮਤਾਂ ਨੂੰ ਤੈਅ ਕਰਦਾ ਹੈ ਪਰ ਧਰਮ ਮੂਲ ਰੂਪ ਵਿਚ ਅਦਿਖ ਕੀਮਤਾਂ ਨੂੰ ਤੈਅ ਕਰਦਾ ਹੈ।(ਇਹ ਵੱਡਾ ਵਿਵਾਦਤ ਮਸਲਾ ਹੈ ਕਿ ਕੀਮਤਾਂ ਅੰਦਰੋਂ ਬਾਹਰ ਜਾਂ ਬਾਹਰੋਂ ਅੰਦਰ ਜਾਂ ਦੋਵੇਂ ਪਾਸੇ ਇਕੋ ਵੇਲੇ)।ਹਰ ਧਰਮ ਦੀ ਸਿਖਿਆ ਅਤੇ ਮਰਯਾਦਾ ਸਿਖਣ ਅਤੇ ਸਿਖਾਣ ਵਾਲੇ ਕੋਲ ਬੋਲੀ ਰਾਹੀਂ ਹੀ ਸਾਂਭੀ ਹੋਈ ਹੈ।ਹਰ ਧਰਮ ਦੀ ਪਵਿੱਤਰਤਾ ਆਖਰੀ ਰੂਪ ਵਿਚ ਬੋਲੀ ਉਤੇ ਹੀ ਨਿਰਭਰ ਹੈ।ਇਹ ਨੁਕਤੇ ਦੇ ਹਿਸਾਬ ਨਾਲ ਬੋਲੀ ਕੁਦਰਤੀ/ਰੱਬੀ ਦਾਤ ਹੈ

ਚੌਥਾ ਵਿਗਿਆਨਕ ਖੋਜ ਦਾ ਮਾਪਦੰਡ ਹੈ।ਵਿਗਿਆਨ ਦਾ ਨੁਕਤਾ ਸਬੂਤਾਂ ਨਾਲ ਲੜੀ ਜੋੜਣ ਦਾ ਹੈ।ਉਸ ਹਿਸਾਬ ਨਾਲ ਜਾਨਵਰਾਂ ਦੀ ਘੁਰਰ ਘੁਰਰ ਅਤੇ ਪੰਛੀਆਂ ਦੀ ਚੀ ਚੀ ਤੋਂ ਅੱਗੇ ਚਲ ਕੇ ਬੋਲੀ ਜੀਵਨ ਵਿਕਾਸ ਦਾ ਪੜਾਅ ਹੈ।

ਪੰਜਵਾਂ ਖਾਨਾ ਕਲਾ ਜਗਤ ਦਾ ਹੈ।ਬੰਦਾ ਸਰੀਰ ਨਾਲੋਂ ਮਾਨਸਿਕ ਜਗਤ ਕਰਕੇ ਬਾਕੀ ਜੀਵਾਂ ਨਾਲੋਂ ਵੱਖਰਾ ਹੈ ਅਤੇ ਮਾਨਸਿਕ ਜਗਤ ਦਾ ਮੂੰਹ ਜੋਰ ਵਰਤਾਰਾ ਕਲਾ ਹੈ।ਜਿੰਦਗੀ ਸਮੁੱਚੇ ਰੂਪ ਵਿਚ ਚਲਦੀ ਹੈ ਪਰ ਜੋ ਕੁਝ ਉਪਰਲੇ ਨੁਕਤਿਆਂ ਵਿਚ ਨਹੀਂ ਸਮਾਉਂਦਾ ਜਿੰਦਗੀ ਉਹ ਤੱਤ ਨੂੰ ਕਲਾ ਵਜੋਂ ਸਾਂਭਦੀ ਹੈ।ਇਹ ਜਗ ਆਪਣੇ ਆਪ ਵਿਚ ਇਕ ਪਰਗਟਾਓ ਹੈ।ਸੂਰਜ ਦਾ ਚੜਣਾ ਡੁਬਣਾ, ਫੁੱਲਾਂ ਦਾ ਖਿੜਣਾ ਮੁਰਝਾਉਣਾ ਅਤੇ ਬੰਦੇ ਦਾ ਬੋਲਣ ਸਭ ਕਿਸੇ ਦਲੀਲ ਵਿਚ ਪੂਰਾ ਨਹੀਂ ਆਉਂਦਾ।ਇਹੋ ਗੱਲ ਕਲਾ ਦਾ ਮੂਲ ਹੈ।ਬਾਕੀ ਜੀਵਾਂ ਦੀ ਬੋਲੀ ਜੀਵਨ ਜਿਉਣ ਦੀ ਲੋੜ ਤੱਕ ਹੈ ਪਰ ਬੰਦੇ ਦੀ ਬੋਲੀ ਲੋੜ ਤੋਂ ਅਗਾਂਹ ਦੀ ਗੱਲ ਹੈ।ਇਸ ਹਿਸਾਬੇ ਬੋਲੀ ਬੰਦੇ ਦੇ ਸਵੈ ਪਗਟਾਵੇ ਦੀ ਕਲਾ ਹੈ।

ਜਿਹੜਿਆਂ ਲੋਕਾਂ ਨੇ ਬਾਕਾਇਦਾ ਪਰਵਾਨਿਤ ਤਰੀਕਿਆਂ ਨਾਲ ਬੋਲੀ ਬਾਰੇ ਖੋਜ ਕੀਤੀ ਹੈ ਓਹਨਾਂ ਨੇ ਬੋਲੀ ਉਪਜਣ ਦੇ ਕਾਰਨਾਂ ਦੀ ਵੰਡ ਨੂੰ ਆਪਣੇ ਹਿਸਾਬ ਨਾਲ ਘਟਾਇਆ ਵਧਾਇਆ ਹੈ।ਇਥੇ ਇਹ ਵੰਡ ਬੋਲੀ ਦੇ ਪੈਦਾ ਹੋਣ ਬਾਰੇ ਗਿਆਨ ਜਗਤ ਦੀਆਂ ਮੁਖ ਮਾਨਤਾਵਾਂ ਦਾ ਇਕ ਅੰਦਾਜਾ ਲਾਉਣ ਲਈ ਪੰਛੀ ਝਾਤ ਹੈ।ਬੋਲੀ ਦੇ ਪੈਦਾ ਹੋਣ ਦੀਆਂ ਮਾਨਤਾਵਾਂ ਪੰਜਾਬੀ ਬਾਰੇ ਸਾਡੀ ਸਮਝ ਉਤੇ ਕਿਵੇਂ ਅਸਰ ਪਾਉਂਦੀਆਂ ਹਨ ਇਹਦੇ ਲਈ ਮੌਜੂਦਾ ਪਰਸੰਗ ਤੇ ਝਾਤ ਮਾਰਨੀ ਬਣਦੀ ਹੈ।

ਮੌਜੂਦਾ ਪਰਸੰਗ: ਬੋਲੀ ਦੇ ਮਾਮਲੇ ਉਤੇ ਪੰਜਾਬੀ ਦੇ ਪੁਰਾਣੇ, ਮਸ਼ਹੂਰ ਅਤੇ ਵਧੇਰੇ ਚਲਦੇ ਗਾਇਕ ਨੇ ਲਗਾਤਾਰ ਤਿੰਨ ਵਾਰ ਅਜਿਹਾ ਬਿਆਨ ਦਿੱਤਾ ਜਿਸ ਦਾ ਬਹੁਤੇ ਲੋਕਾਂ ਨੂੰ ਅੰਦਾਜਾ ਨਹੀਂ ਸੀ।ਅਨੇਕਾਂ ਲੋਕਾਂ ਨੇ ਗਾਇਕ ਦੇ ਨਿੱਜੀ ਵਿਚਾਰਾਂ ਨੂੰ ਸਾਂਝੀ ਪਛਾਣ ਦੀ ਹੱਤਕ ਮੰਨ ਕੇ ਵਿਰੋਧ ਸ਼ੁਰੂ ਕਰ ਦਿੱਤਾ।ਸੁਭਾਵਿਕ ਹੀ ਕੁਝ ਬੰਦੇ ਨਿੱਜੀ ਕਾਰਨਾਂ ਜਾਂ ਵਿਚਾਰਾਂ ਕਰਕੇ ਪੱਖ ਵਿਚ ਵੀ ਆ ਗਏ ਅਤੇ ਬੋਲੀ ਦੇ ਸਵਾਲ ਦਾ ਮਾਮਲਾ ਫੇਰ ਭਖ ਗਿਆ।ਲਿਖਾਰੀਆਂ ਨੇਤਾਵਾਂ ਅਤੇ ਕਲਾਕਾਰਾਂ ਦੀ ਨਿੱਜ ਸਮਝ ਅਤੇ ਗੱਲ ਕਹਿਣ ਦੇ ਪਰਸੰਗ ਵੱਖਰੇ ਵੱਖਰੇ ਹੋ ਸਕਦੇ ਹਨ ਪਰ ਭਖੇ ਮਾਮਲੇ ਵਿਚ ਹੱਕ/ਵਿਰੋਧ ਤੋਂ ਉਰੇ ਜਾਂ ਪਰ੍ਹੇ ਕੁਝ ਨਹੀਂ ਹੁੰਦਾ।ਅਜਿਹੇ ਮੌਕੇ ਸਿਧਾਂਤਕ ਜਾਂ ਅਮਲੀ ਵਿਚਾਰ ਵਰਗੀਆਂ ਗੱਲਾਂ ਕਰਨ ਦੀ ਥਾਂ ਨਹੀਂ ਹੁੰਦੀ ਕਿਉਂਕਿ ਮਸਲਾ ਬੰਦਿਆਂ ਦੇ ਪੱਖ ਜਾਂ ਵਿਰੋਧ ਵਿਚ ਨਿਤਰਣ ਦਾ ਹੁੰਦਾ ਹੈ।ਅਜਿਹੇ ਮੌਕੇ ਬੰਦਿਆਂ ਦੀ ਭਾਵਨਾ ਦੀ ਕਤਾਰਬੰਦੀ ਆਪ ਮੁਹਾਰੇ ਹੋ ਜਾਂਦੀ ਹੈ।ਸਿਆਣਪ ਜਾਂ ਗਿਣਤੀ ਨਾਲ ਆਪਣੀ ਭਾਵਨਾ ਦੇ ਉਲਟ ਕਿਸੇ ਪਾਲ਼ੇ ਵਿਚ ਜਾਣ ਵਾਲੇ ਅੱਜ ਨਹੀਂ ਤਾਂ ਕੱਲ ਕਿਸੇ ਹੋਰ ਮੋੜ ਤੇ ਫਸ ਜਾਣਗੇ।ਟਰੰਪ ਅਤੇ ਮੋਦੀ ਦੀ ਜਿੱਤ ਦੀ ਖੋਜ ਕਰਦਿਆਂ ਰਾਜਨੀਤਕ ਮਨੋਵਿਗਿਆਨ ਦੀ ਸੂਈ ਮੁੜ ਉਥੇ ਆ ਗਈ ਹੈ ਕਿ ਸਿੱਧੜ ਤਰੀਕੇ ਨਾਲ ਕਿਸੇ ਦੇ ਕਹੇ ਠੱਪਾ ਲਾਉਣ ਤੋਂ ਲੈ ਕੇ ਸਿਧਾਂਤਕ ਬਹਿਸਾਂ ਦੀਆਂ ਦਲੀਲਾਂ ਤੀਕ ਸਭ ਕੁਝ ਕਰਨ ਦੇ ਪਿਛੇ ਮੂਲ ਸ਼ੈਅ ਭਾਵਨਾ ਹੈ ਜੋ ਕਿਸੇ ਨੁਕਤੇ ਦੇ ਹੱਕ/ਵਿਰੋਧ ਵਿਚ ਦਲੀਲਾਂ ਦਾ ਬੇੜਾ ਹੱਕਣ ਤੋਂ ਪਹਿਲਾਂ ਸੇਧ ਤੈਅ ਕਰਦੀ ਹੈ।

ਭਾਵਨਾ ਅਤੇ ਸਮਝ:ਭਾਵਨਾ ਇਕ ਹੋਣ ਦੇ ਬਾਵਜੂਦ ਲੋਕਾਂ ਦੇ ਸਮਝ ਅਤੇ ਅਮਲ ਦੇ ਪੱਧਰ ਇਕ ਨਹੀਂ ਹੁੰਦੇ।ਮਿਸਾਲ ਵਜੋਂ ਪੰਜਾਬੀ ਬੋਲੀ ਦੇ ਸਵਾਲ ਤੇ ਜਿਹੜਿਆਂ ਬੰਦਿਆਂ ਦੇ ਨਾਂ ਸਾਹਮਣੇ ਆ ਗਏ ਓਹਨਾਂ ਦੇ ਹੱਕ/ਵਿਰੋਧ ਵਾਲਿਆਂ ਦੀ ਭਾਵਨਾ ਇਕ ਭਾਂਤ ਦੀ ਦਿਸਦੀ ਹੈ ਪਰ ਵਿਚਾਰ ਇਕ ਭਾਂਤ ਨਹੀਂ ਹਨ।ਏਹਨਾਂ ਵਿਚਾਰਾਂ ਦਾ ਪਰਗਟਾਵਾ ਮੂਲ ਸਵਾਲ ਨੂੰ ਖੋਹਲਦਾ ਹੈ ਕਿ ਕਿਵੇਂ ਸਮਝ ਅਤੇ ਅਮਲ ਦਾ ਇਕ ਪੱਧਰ ਨਾ ਹੋਣ ਕਰਕੇ ਇਕ ਭਾਵਨਾ ਵਾਲੇ ਬੰਦੇ ਵੀ ਇਕ ਦੂਜੇ ਨੂੰ ‘ਭਕਾਈ ਮਾਰਦੈ’ ਸਮਝਦੇ ਹਨ ਹਨ।ਪੰਜਾਬੀ ਬੋਲੀ ਦੇ ਅਜੋਕੇ ਮਾਮਲੇ ਵਿਚ ਸਾਹਮਣੇ ਆਏ ਵਿਚਾਰਾਂ ਨੂੰ ਮੋਟੇ ਜਿਹੇ ਰੂਪ ਵਿਚ ਪੱਧਰ ਦੇ ਹਿਸਾਬ ਨਾਲ ਇਸ ਤਰ੍ਹਾਂ ਵੰਡਿਆ ਜਾ ਸਕਦਾ ਹੈ:

ਗਲਤੀ:ਪਹਿਲੇ ਓਹ ਹਨ ਜਿਹੜਿਆਂ ਨੂੰ ਲਗਦਾ ਹੈ ਕਿ ਮੂਲ ਨੁਕਤਾ ਮਨੁੱਖੀ ਸੁਭਾਅ ਹੈ।ਗਾਇਕ ਦੇ ਪੱਖ ਵਾਲੇ ਸੋਚਦੇ ਹਨ ਕਿ ਉਸ ਤੋਂ ਗਲਤੀ ਹੋ ਗਈ ਜਿਵੇਂ ਕਦੇ ਕਦਾਈ ਸਭ ਤੋਂ ਹੀ ਹੋ ਜਾਂਦੀ ਹੈ।ਜਿਹੜੇ ਗਲਤੀ ਮੰਨ ਕੇ ਵਿਰੋਧ ਵਿਚ ਹਨ ਓਹਨਾਂ ਦੇ ਵਿਚਾਰ ਵੀ ਵੇਖਣ ਵਾਲੇ ਹਨ।ਓਹ ਵਿਚਾਰਗੀ ਨਾਲ ਕਹਿੰਦੇ ਹਨ ਓਹ ਵੱਡੇ ਬੰਦੇ ਨੇ ਇਹ ਗੱਲ ਓਹਨਾਂ ਨੂੰ ਸੋਭਾ ਨਹੀਂ ਦਿੰਦੀ ਪਰ ਓਹ ਬੰਦੇ ਮਾੜੇ ਨਹੀਂ ਹਨ।ਓਹਨਾਂ ਦਾ ਨਾਮ ਵੱਡਾ ਸੀ ਇਸ ਕਰਕੇ ਗਲਤੀ ਵਧੇਰੇ ਵੱਡੀ ਬਣ ਗਈ।

ਹਾਲਾਤ:ਦੂਜੇ ਓਹ ਲੋਕ ਹਨ ਜਿਹੜਿਆ ਨੂੰ ਲਗਦਾ ਹੈ ਕਿ ਮਸਲਾ ਹਾਲਾਤ ਦਾ ਹੈ।ਪੱਖ ਵਾਲੇ ਕਹਿੰਦੇ ਹਨ ਕਿ ਉਹ ਸਦਾ ਹੀ ਸਲੀਕੇ ਨਾਲ ਬੋਲਦਾ ਹੈ ਪਰ ਉਹਦਾ ਬਿਆਨ ਗਲਤ ਹਾਲਾਤ ਕਰਕੇ ਹੋਰ ਅਰਥ ਧਾਰ ਗਿਆ।ਵਿਰੋਧ ਵਾਲਿਆਂ ਨੂੰ ਲਗਦਾ ਹੈ ਕਿ ਹਾਲਾਤ ਕਰਕੇ ਹੀ ਓਹਨੇ ਅਜਿਹੇ ਵਿਗਾੜ ਬੋਲ (ਕਿਸੇ ਲੋੜ ਜਾਂ ਗਿਣਤੀ ਮਿਣਤੀ ਵਿਚੋਂ) ਬੋਲੇ ਹਨ।

ਕਿਰਦਾਰ:ਤੀਜੇ ਲੋਕ ਓਹ ਹਨ ਜਿਹੜੇ ਸਮੁੱਚੇ ਕਿਰਦਾਰ ਦੇ ਹਿਸਾਬ ਨਾਲ ਰਾਇ ਬਣਾਉਂਦੇ ਹਨ।ਪੱਖ ਵਾਲਿਆਂ ਦਾ ਮੰਨਣਾ ਹੈ ਕਿ ਪਿਛਲੇ 40 ਸਾਲ ਦਾ ਉਹਦਾ ਸਾਫ ਵਰਕਾ ਹੈ।ਸੁਭਾਵਿਕ ਜਾਂ ਵਕਤੀ ਗਲਤੀ ਲਈ ਉਹਦੀ ਕਿਰਦਾਰਕੁਸ਼ੀ ਨਹੀਂ ਕਰਨੀ ਚਾਹੀਦੀ।ਕਿਰਦਾਰ ਦੇ ਪੱਖ ਤੋਂ ਵਿੋਰਧ ਕਰਨ ਵਾਲੇ ਕਹਿੰਦੇ ਹਨ ਕਿ ਉਹ ਬੰਦਾ ਮੁਢ ਤੋਂ ਏਦਾਂ ਦਾ ਹੀ ਹੈ ਜੋ ਆਪਣੇ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ।ਕੇ.ਪੀ.ਐਸ ਗਿੱਲ ਸਮੇਤ ਵੱਡੇ ਨੇਤਾਵਾਂ ਨਾਲ ਤਸਵੀਰਾਂ ਨੂੰ ਹਵਾਲਾ ਬਣਾ ਰਹੇ ਹਨ।

ਕਲਾ:ਚੌਥੇ ਲੋਕ ਉਹ ਹਨ ਜਿਹੜੇ ਇਹ ਘਟਨਾ ਨੂੰ ਸਮਝਣ ਲਈ ਕਲਾ ਦਾ ਹਵਾਲਾ ਵਰਤਦੇ ਹਨ।ਪੱਖ ਵਾਲੇ ਕਹਿੰਦੇ ਹਨ ਕਿ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਲਾ ਦੀ ਸਮਝ ਨਹੀਂ ਹੈ।ਓਹ ਕਲਾਕਾਰਾਂ ਤੋਂ ਆਗੂਆਂ ਵਰਗੀ ਵਫਾ ਅਤੇ ਜਿੰਮੇਵਾਰੀ ਭਾਲਦੇ ਹਨ।ਕਲਾਕਾਰ ਤਾਂ ਸਭ ਦੇ ਸਾਂਝੇ ਹੁੰਦੇ ਹਨ ਅਤੇ ਪੂਰੇ ਸਮਾਜ ਦੇ ਹੁੰਦੇ ਹਨ।ਵਿਰੋਧ ਕਰਨ ਵਾਲੇ ਕਲਾ ਨੂੰ ਦੂਜੇ ਤਰੀਕੇ ਸਮਝਣ ਲਈ ਵਰਤਦੇ ਹਨ ਕਿ ਇਹੋ ਜਿਹੇ ਸਾਰੇ ਇਹੋ ਜਿਹੇ ਹੀ ਹੁੰਦੇ ਹਨ ਓਹ ਮਿਸਾਲ ਵਜੋਂ ਹੋਰ ਕਲਾਮੰਦਾਂ ਦੇ ਨਾਂ ਵੀ ਗਿਣਾਉਂਦੇ ਹਨ।

ਸਾਜਿਸ਼:ਪੰਜਵੇਂ ਓਹ ਹਨ ਜਿਹੜਿਆਂ ਨੂੰ ਲਗਦਾ ਹੈ ਕਿ ਪਰਦੇ ਪਿਛੇ ਕੁਛ ਹੋਰ ਹੀ ਹੈ ਦਿਸਦੇ ਪਾਤਰ ਤਾਂ ਮੋਹਰੇ ਹਨ।ਪੱਖ ਵਾਲੇ ਸੋਚਦੇ ਹਨ ਕਿ ਏਨੇ ਵੱਡੇ ਕਲਾਕਾਰ ਨੂੰ ਇਕ ਗੱਲ ਕਰਕੇ ਬਦਨਾਮ ਕਰਨਾ ਅਸਲ ਵਿਚ ਕਿਸੇ ਵੱਡੀ ਸਾਜਸ ਦਾ ਹਿੱਸਾ ਹੈ।ਪਾਸੂਆਂ ਦਾ ਮੰਨਣਾ ਹੈ ਕਿ ਇਕ ਖਾਸ ਵਿਚਾਰਧਾਰਾ ਵਾਲੇ ਲੋਕ ਵਿਰੋਧੀ ਹੋਏ ਹਨ ਜਿਹੜਿਆਂ ਦਾ ਨਿਸ਼ਾਨਾ ਗਾਇਕ ਦੇ ਵਿਰੋਧ ਰਾਹੀਂ ਕਿਤੇ ਹੋਰ ਜਾਣ ਦਾ ਹੈ।ਵਿਰੋਧ ਕਰਨ ਵਾਲੇ ਵੀ ਪਰਦੇ ਪਿਛੇ ਸਾਜਸ ਨੂੰ ਮੰਨਦੇ ਹਨ।ਓਹ ਏਹਨਾਂ ਬਿਆਨਾਂ ਨੂੰ ਪੰਜਾਬ ਦੇ ਕੁੱਲ ਹਾਲਾਤ ਨਾਲ ਜੋੜ ਕੇ, ਭਾਰਤ ਦੇ ਚਰਚਿਤ ਨੇਤਾ ਦੇ ਬਿਆਨ ਨਾਲ ਜੋੜਦੇ ਹਨ ਕਿ ਇਹ ਕਲਾਕਾਰ ਉਸ ਆਗੂ ਦੀ ਬੋਲੀ ਬੋਲਦਾ ਹੈ।ਅਗਲੇ ਵਾਰ ਵਾਰ ਕਦੇ ਪਿਆਦੇ ਕਦੇ ਹਾਥੀ ਕਦੇ ਘੋੜੇ ਦੀ ਚਾਲ ਚਲਦੇ ਰਹਿੰਦੇ ਹਨ।

ਜੋ ਵਿਚਾਰ ਹੱਕ/ਵਿਰੋਧ ਦੇ ਰੂਪ ਵਿਚ ਵੱਖ ਵੱਖ ਨੁਕਤਿਆਂ ਰਾਹੀਂ ਸਾਹਮਣੇ ਆਏ ਹਨ, ਏਹਨਾਂ ਸਾਰਿਆਂ ਵਿਚ ਕਿਤੇ ਥੋਹੜਾ ਕਿਤੇ ਬਾਹਲਾ ਹਾਲਾਤ ਦਾ ਅਸਰ ਹੈ ਅਤੇ ਸਚਾਈ ਦਾ ਨੁਕਤਾ ਵੀ।ਪਰ ਹਰ ਬੰਦਾ ਭਾਵਨਾ, ਸਮਝ ਅਤੇ ਅਮਲ ਦੀ ਪੱਧਰ ਤੇ ਆਪਣੇ ਘੇਰੇ ਤੋਂ ਬਾਹਰ ਨਿਕਲ ਸਕੇ ਅਤੇ ਦੂਜਿਆ ਨੂੰ ਸਮਝ ਲਏ ਇਹ ਸੌਖੀ ਗੱਲ ਨਹੀਂ ਹੈ।

ਆਪਣਾ ਆਪਣਾ ਘੇਰਾ:ਜਦੋਂ ਕੋਈ ਬੰਦਾ ਬੋਲੀ ਬਾਰੇ ਆਪਣੀ ਵਿਗਿਆਨਕ ਸਮਝ ਦਾ ਦਾਅਵਾ ਲੈ ਕੇ ਆਉਂਦਾ ਹੈ ਤਾਂ ਇਹ ਸਮਝ ਬਾਬਤ ਪਤਾ ਹੋਣਾ ਚਾਹੀਦਾ ਹੈ ਕਿ ਵਿਗਿਆਨਕ ਖੋਜ ਅਤੇ ਦਾਰਸ਼ਨਿਕਤਾ ਹਿਸਾਬ ਉਤੇ ਅਧਾਰਤ ਹੈ।ਹਿਸਾਬ ਮੂਲ ਰੂਪ ਵਿਚ ਅੰਕਾਂ ਤੇ ਨਿਰਭਰ ਹੈ।ਅੰਕਾਂ ਦੀ ਖੇਡ ਦੱਸ ਪਾਉਂਦੀ ਹੈ ਕਿ ਕਿਸੇ ਬੋਲੀ ਦਾ ਖਾਸ ਹੋਣਾ ਇਕ ਸਮਾਜਕ ਨੇਮਾਂ ਰਾਹੀਂ ਮੰਨਿਆ ਜਾਂ ਥੋਪਿਆ ਖਿਆਲ ਹੈ।ਇਸ ਲਈ ਬੋਲੀ ਦੇ ਨੁਕਤੇ ਤੇ ਲੜਾਈ ਜਾਂ ਬਹਿਸ ਜੀਵਨ ਵਿਅਰਥ ਕਰਨ ਵਾਲੀ ਗੱਲ ਹੈ।ਵਿਗਿਆਨਕ ਸਮਝ ਵਾਲੇ ਬੰਦੇ ਸਾਹਮਣੇ ਕਿਸੇ ਬੋਲੀ ਵਿਸ਼ੇਸ਼ ਦਾ ਨੁਕਤਾ ਉਭਾਰਣ ਦੀ ਥਾਂ ਹੀ ਨਹੀਂ ਹੁੰਦੀ।ਨੋਬਲ ਇਨਾਮੀ ਭੌਤਕ ਵਿਗਿਆਨੀ ਵਿਗਿਆਨਕ ਨਜਰੀਏ ਬਾਰੇ ਇਹ ਕਹਿੰਦਾ ਹੈ ਕਿ ਸਭ ਤੋਂ ਪਹਿਲਾ ਕੰਮ ਆਪਣੀ ਖੋਜ ਤੇ ਸ਼ੰਕਾ ਕਰਨਾ ਹੁੰਦਾ ਹੈ ਅਤੇ ਅਗਲੀ ਖੋਜ ਵਿਚ ਜੁਟ ਜਾਣਾ ਹੁੰਦਾ ਹੈ।ਉਹਦਾ ਮੰਨਣਾ ਹੈ ਸਮਾਜਕ ਨੁਕਤਿਆ ਦੀ ਬਹਿਸ ਵਿਚ ਪੈਣਾ ਵਿਗਿਆਨਕ ਸਮਝ ਵਾਲੇ ਬੰਦੇ ਦਾ ਕੰਮ ਨਹੀਂ ਹੁੰਦਾ।ਜੇ ਦੂਜੇ ਵਿਚਾਰ ਵਾਲਾ ਬੰਦਾ ਅਜਿਹੇ ਬੰਦੇ ਨੂੰ ਬੁਰਾ ਭਲਾ ਕਹੇ ਤਾਂ ਆਪਣਾ ਮਨ ਹਲਕਾ ਕਰਨਾ ਹੀ ਹੁੰਦਾ ਹੈ।ਇਹ ਗੱਲ ਦੂਜੇ ਵਿਚਾਰ ਵਾਲੇ ਬੰਦੇ ਲਈ ਮੁੱਲਵਾਨ ਹੋ ਸਕਦੀ ਹੈ ਕਿ ਕੋਈ ਵੀ ਅੰਕ ਪਰਬੰਧ ਕਿਸੇ ਬੋਲੀ ਤੋਂ ਬਾਹਰੇ ਰੂਪ ਵਿਚ ਪੈਦਾ ਨਹੀਂ ਹੋਇਆ,ਇਹ ਅਖਰ ਪਰਬੰਧ ਨਾਲ ਜੁੜਿਆ ਹੋਇਆ ਹੀ ਹੈ।ਸੰਖੇਪ ਵਿਚ ਵਿਗਿਆਨ ਵੀ ਬੰਦੇ ਨੇ ਬੋਲੀ ਰਾਹੀਂ ਹੀ ਬਣਾਇਆ ਹੈ ਅਤੇ ਬੋਲੀ ਰਾਹੀਂ ਹੀ ਸਮਝਿਆ ਸਮਝਾਇਆ ਜਾ ਰਿਹਾ ਹੈ।

ਜਿਥੇ ਅੰਨ ਪਾਣੀ ਮੂਲ ਹੁੰਦਾ ਹੈ ਉਥੇ ਬੋਲੀ ਸੁਨੇਹੇ ਦੇਣ ਲੈਣ ਦੇ ਸੰਦ ਤੋਂ ਵੱਧ ਕੁਝ ਨਹੀਂ ਹੁੰਦੀ।ਓਹਨਾਂ ਦੀ ਰਾਇ ਏਦਾ ਹੁੰਦੀ ਹੈ ਕਿ ਬੋਲੀ ਕੋਈ ਵੀ ਹੋਵੇ ਬੰਦੇ ਨੇ ਕੰਮ ਚਲਾਉਣਾ ਹੈ।ਓਹਨਾਂ ਲਈ ਬੋਲੀ ਨਾ ਕਲਾ ਵਰਗੀ ਸੂਖਮ ਸ਼ੈਅ ਹੁੰਦੀ ਹੈ ਅਤੇ ਨਾ ਹੀ ਧਰਮ ਵਾਂਗ ਪਵਿੱਤਰ ਅਤੇ ਨਾ ਹੀ ਰਾਜਨੀਤੀ ਵਾਂਗ ਸੱਤਾ ਦੀ ਕੁੰਜੀ ਹੁੰਦੀ ਹੈ।ਅਜਿਹੇ ਲੋਕਾਂ ਨੂੰ ਹੱਕ/ਵਿਰੋਧ ਵਿਚ ਭੜਕੇ ਹੋਏ ਲੋਕਾਂ ਦੀ ਭਾਵਨਾ ਮੂਰਖਤਾ ਤੋਂ ਜਿਆਦਾ ਕੁਝ ਨਹੀਂ ਲਗਦੀ।ਇਹ ਸਮਝ ਵਿਚ ਬੋਲੀ ਇਕ ਡੰਗ ਸਾਰਨ ਦਾ ਸਾਧਨ ਹੈ ਇਹਦੇ ਨਾਲ ਇਜਤ ਅਣਖ ਅਤੇ ਪਛਾਣ ਦੀਆਂ ਗੱਲਾਂ ਜੁੜਣ ਦੀ ਥਾਂ ਨਹੀਂ ਹੁੰਦੀ।ਇਹ ਘੇਰੇ ਵਿਚ ਅਰਾਮ ਜਿੰਦਗੀ ਦਾ ਮੁਖ ਹਿੱਸਾ ਹੁੰਦਾ ਹੈ, ਧਰਮ ਜਾਂ ਰਾਜ ਦੇ ਨਾਂ ਹੇਠ ਸੂਲੀ ਚੜਣਾ ਉਕਾ ਹੀ ਬੁਰਾ ਕੰਮ ਹੁੰਦਾ ਹੈ।ਇਹ ਘੇਰਾ ਵਿਗਿਆਨਕ ਦਾਅਵੇਦਾਰੀ ਦੇ ਨੇੜੇ ਹੁੰਦਾ ਹੈ।

ਜਦੋਂ ਕੋਈ ਬੰਦਾ ਕਲਾ ਦਾ ਖਿਆਲ ਲੈ ਕੇ ਆਉਂਦਾ ਹੈ ਤਾਂ ਇਹ ਵੀ ਨਿਰੀ ਮਨ ਦੀ ਮੌਜ ਹੁੰਦੀ ਹੈ ਇਥੇ ਦਲੀਲਾਂ ਵਾਲੀ ਗੱਲ ਪੁਗਦੀ ਨਹੀਂ ਹੈ।ਕਲਾਕਾਰ ਰਾਜਸੀ ਵਿਚਾਰ ਵਾਲੇ ਬੰਦੇ ਵਾਂਗ ਆਖਰੀ ਹੱਲ ਮਰਨ ਮਾਰਨ ਵਜੋਂ ਨਹੀਂ ਸੋਚਦੇ।ਬੰਦੇ ਦੀ ਹਸਤੀ ਦਾ ਕਲਾਮਈ ਹੋਣਾ ਮੂਲ ਹੁੰਦਾ ਹੈ।ਇਸ ਕਰਕੇ ਲੋਕਾਂ ਵਿਚ ਕਲਾਕਾਰਾਂ ਬਾਰੇ ਰਾਇ ਬਣੀ ਹੋਈ ਹੈ ਕਿ ਇਹ ਭਲੇ ਬੰਦੇ ਨਹੀਂ ਹੁੰਦੇ।ਕਿਸੇ ਦੂਜੇ ਵਿਚਾਰ ਵਾਲੇ ਬੰਦੇ ਤੇ ਬੁਰੇ ਹੋਣ ਦਾ ਫੱਟਾ ਲਾਉਣਾ ਬੰਦੇ ਦੀ ਸਮਾਜਕ ਨੀਤੀ ਦਾ ਸਭ ਤੋਂ ਵੱਡਾ ਪੈਂਤੜਾ ਹੈ।ਇਹ ਪੈਂਤੜਾ ਰਾਜਨੀਤੀ ਅਤੇ ਵਪਾਰ ਵਿਚ ਬਹੁਤ ਜਿਆਦਾ ਵਰਤਿਆ ਜਾਂਦਾ ਹੈ।ਜਦੋਂ ਕੋਈ ਕਲਾ ਦੇ ਉਹਲੇ ਵਿਚ ਰਾਜਨੀਤੀ ਕਰਦਾ ਹੈ ਤਾਂ ਧਰਮ ਵਿਚ ਪਾਖੰਡ ਵਾਂਗ ਉਹਦਾ ਦੋਸ਼ ਸਿੱਧ ਕਰਨਾ ਵੀ ਔਖਾ ਕੰਮ ਹੁੰਦਾ ਹੈ।ਕਲਾ ਦੇ ਘੇਰੇ ਵਿਚ ਬੰਦਾ ਕਿੰਨੇ ਕਿੰਨੇ ਵਿਚਾਰ ਕਿਵੇਂ ਕਿਵੇਂ ਬਦਲਦਾ ਹੈ ਇਹ ਗੱਲ ਉਹਦੇ ਸਮਾਜਕ ਜੀਵਨ ਅਤੇ ਸਮਝ ਉਤੇ ਅਸਰ ਪਾਉਂਦੀ ਹੈ।ਜਿਵੇਂ ਧਰਮ ਦੇ ਘੇਰੇ ਵਿਚ ਸੱਚੇ ਧਾਰਮਿਕ ਅਸਲੋਂ ਥੋੜ੍ਹੇ ਹੁੰਦੇ ਹਨ ਉਵੇਂ ਜਿੰਦਗੀ ਦੇ ਸਾਰੇ ਘੇਰਿਆਂ ਵਿਚ ਹੀ ਅਸਲੀ ਬੰਦੇ ਥੋਹੜੇ ਹੁੰਦੇ ਹਨ ਉਵੇਂ ਕਲਾ ਦੇ ਘੇਰੇ ਵਿਚ ਵੀ ਧੁਰ ਅੰਦਰੋਂ ਕਲਾਕਾਰ ਵਿਰਲੇ ਹੁੰਦੇ ਹਨ ਬਾਕੀ ਤਾਂ ਆਪਣੇ ਰੋਟੀ ਟੁਕ ਦੇ ਆਹਰ ਵਿਚ ਹੀ ਹੁੰਦੇ ਹਨ।

ਧਰਮ ਅਤੇ ਰਾਜਨੀਤੀ ਲਈ ਹਰ ਨੁਕਤਾ ਬਹੁਤ ਅਹਿਮ ਹੁੰਦਾ ਹੈ।ਏਹਨਾਂ ਪੱਖਾਂ ਦੀ ਵੱਖਰੀ ਚਰਚਾ ਦੀ ਲੋੜ ਨਹੀਂ ਹੈ ਕਿਉਂਕਿ ਲਿਖਤ ਦਾ ਵੱਡਾ ਹਿਸਾ ਏਹਨਾਂ ਵਿਚਾਰਾਂ ਦੁਆਲੇ ਹੀ ਹੈ।

ਭਾਵਨਾ ਅਤੇ ਅਮਲ: ਪੰਜਾਬੀ ਬੋਲੀ ਦੇ ਸਵਾਲ ਉਤੇ ਗਾਇਕ ਬਾਰੇ ਪਰਗਟਾਈ ਸਮਝ (ਭੁੱਲ ਤੋਂ ਸਾਜਿਸ਼ ਤੱਕ) ਦੀਆਂ ਵੱਖ ਵੱਖ ਤਹਿਆਂ ਬੋਲੀ ਦੇ ਪੈਦਾ ਹੋਣ ਦੀ ਸਮਝ ਨਾਲ ਜੁੜੀਆਂ ਹੋਈਆਂ ਹਨ।ਦੁਨੀਆ ਦਾ ਵੱਡਾ ਹਿੱਸਾ ਜਿਸ ਭਾਵਨਾ ਅਤੇ ਵਿਚਾਰ ਦੀ ਮੁਖਧਾਰਾ ਵਿਚ ਵਗਦਾ ਹੈ ਉਸ ਵਿਚ ਬੋਲੀ ਲੋੜ ਦੀ ਉਪਜ ਹੈ।ਇਹ ਸਮਝ ਨਾਲ ਜੁੜੇ ਲੋਕਾਂ ਲਈ ਗਾਇਕ ਦਾ ਬਿਆਨ ਵੀ ਹਾਲਾਤ ਦੀ ਉਪਜ ਹੈ।ਰਾਜਨੀਤੀ ਨੂੰ ਮਹੱਤਵ ਦੇਣ ਵਾਲਿਆ ਨੇ ਗਾਇਕ ਦੇ ਬਿਆਨਾਂ ਨੂੰ ਸਾਜਿਸ ਮੰਨਿਆ ਹੈ ਪਰ ਗਾਇਕ ਨੇ ਤੀਜੀ ਵਾਰ ਬਿਆਨ ਦੇ ਕੇ ਇਹ ਗੱਲ ਨੂੰ ਹੋਰ ਸਾਫ ਕਰ ਦਿੱਤਾ ਹੈ।ਬੋਲੀ ਵਾਲੇ ਮਸਲੇ ਬਾਰੇ ਆਪਣੀ ਸਮਝ ਨੂੰ ਆਪਣੇ ਨਿੱਜੀ ਵਿਚਾਰ ਆਖ ਕੇ ਉਹ ਆਪਣੀ ਗੱਲ ਉਤੇ ਕਾਇਮ ਹੈ।ਇਹ ਬਿਆਨ ਨਾਲ ਉਹਨੇ ਤਿੰਨ ਤਰੀਕਿਆਂ (ਸੁਭਾਵਿਕ ਭੁੱਲ, ਹਾਲਾਤ ਵੱਸ ਗਲਤੀ ਅਤੇ ਕਲਾ ਦੇ ਪਰਸੰਗ) ਉਤੇ ਕਾਟਾ ਮਾਰ ਦਿੱਤਾ ਹੈ।ਬਾਕੀ ਸਾਜਿਸ ਅਤੇ ਕਿਰਦਾਰ ਦਾ ਮਸਲਾ ਰਹਿ ਗਿਆ ਹੈ ਪਰ ਉਹਨੇ ਆਪਣੀ ਸਮਰਥਾ ਵਿਖਾਈ ਹੈ।ਇਹ ਸਮਰਥਾ ਜਦੋਂ ਪਤਰਕਾਰ ਸਵਾਲ ਕਰਦੇ ਹਨ ਤਾਂ ਉਦੋਂ ਵੀ ਵਿਖਾਈ ਦਿੰਦੀ ਹੈ ਜਦੋਂ ਆਸੇ ਪਾਸੇ ਬੈਠੇ ਬੰਦੇ ਸਵਾਲ ਕਰਨ ਤੋਂ ਰੋਕਦੇ ਹਨ ਤਾਂ ਗਾਇਕ ‘ਸਵਾਲ ਤਾਂ ਕਰਨ ਦਿਓ’ ਆਖ ਕੇ ਮੌਕਾ ਦਿੰਦਾ ਹੈ ਅਤੇ ਪੂਰੇ ਠਰੰਮੇ ਨਾਲ ਆਪਣੇ ਵਿਚਾਰ ਪਰਗਟ ਕਰਦਾ ਹੈ।

ਵਿਰੋਧ ਅਮਲ: ਗਾਇਕ ਦੇ ਵਿਚਾਰ ਵਰਤਮਾਨ ਭਾਰਤੀ ਨੀਤੀ ਅਤੇ ਰਣਨੀਤੀ ਦੀ ਗਵਾਹੀ ਭਰਦੇ ਹਨ।ਰਾਜਨੀਤੀ ਬਾਰੇ ਇਹ ਸਚਾਈ ਮੁਢ ਕਦੀਮ ਤੋਂ ਪਰਗਟ ਹੈ ਕਿ ਕਿਸੇ ਦਾ ਕੋਈ ਵੀ ਰਾਜਸੀ ਬੋਲ ਨਿੱਜੀ ਨਹੀਂ ਹੁੰਦਾ।ਇਹ ਬੋਲ ਕਿਸੇ ਨਾ ਕਿਸੇ ਦੇ ਹੱਕ ਵਿਚ ਹੋਏਗਾ ਅਤੇ ਲਾਜਮੀ ਹੀ ਕਿਸੇ ਦੇ ਵਿਰੋਧ ਵਿਚ ਵੀ ਹੋਏਗਾ।ਲੋਕਤੰਤਰੀ ਢਾਂਚੇ ਵਿਚ ਅਕਸਰ ਵੱਖ ਵੱਖ ਧਿਰਾਂ ਵਿਵਾਦ ਬਣਨ ਵਾਲੇ ਬਿਆਨਾਂ ਬਾਰੇ ਓਹਨਾਂ ਬੰਦਿਆਂ ਦੇ ਨਿੱਜੀ ਵਿਚਾਰ ਕਹਿ ਕੇ ਲੋਕਾਂ ਸਾਹਮਣੇ ਪੱਲਾ ਝਾੜ ਜਾਂਦੀਆਂ ਹਨ।ਜਿਸ ਤੋਂ ਅੱਗੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰਨ।ਜਿਹੜੇ ਲੋਕ ਏਨਾ ਕੁ ਸਮਝਦੇ ਹਨ ਕਿ ਇਹ ਪੱਲਾ ਝਾੜਣਾ ਵੀ ਲੋਕਾਂ ਦੇ ਮੂੰਹ ਬੰਦ ਕਰਨ ਦਾ ਰਣਨੀਤਕ ਪੈਂਤੜਾ ਹੈ, ਓਹਨਾਂ ਦਾ ਆਪਣਾ ਪੱਖ ਜਾਂ ਉਸ ਨੀਤੀ ਨਾਲ ਵਿਰੋਧ ਰਾਜਸੀ ਨੀਤੀ ਅਨੁਸਾਰ ਰਣਨੀਤਕ ਹੋਣਾ ਚਾਹੀਦਾ ਹੈ।ਰਾਜਨੀਤੀ ਵਿਚ ਕਈ ਵਾਰ ਇਕ ਧਿਰ ਵੀ ਹਕੂਮਤ ਵਾਂਗ ਕਈ ਕਈ ਰਣਨੀਤੀਆਂ ਬਣਾ ਕੇ ਚਲਦੀ ਹੈ।ਜਿਹੜੇ ਲੋਕ ਰਾਜਨੀਤੀ ਦੇ ਬੁਨਿਆਦੀ ਖਾਸੇ ਨੂੰ ਨਹੀਂ ਸਮਝਦੇ ਅਤੇ ਰਣਨੀਤੀ ਦੇ ਮੁੱਲ ਨੂੰ ਨਹੀਂ ਸਮਝਦੇ ਉਹਨਾਂ ਦੇ ਹਿਸਾਬ ਨਾਲ ਆਪਣੇ ਮਨ ਦੀ ਭੜਾਸ ਕੱਢਣੀ ਹੀ ਸਭ ਕੁਝ ਹੁੰਦਾ ਹੈ।

ਜੇ ਮਾਮਲਾ ਪੰਜਾਬੀ ਬੋਲੀ ਦਾ ਹੈ ਤਾਂ ਵੀ ਗਾਇਕ ਦੀ ਭਾਵਨਾ, ਸਮਝ ਅਤੇ ਅਮਲਾਂ ਨੂੰ ਪਹਿਲਾਂ ਮਨੁਖੀ ਬੋਲੀ ਬਾਰੇ ਉਹਦੇ ਵਿਚਾਰਾਂ ਨਾਲ ਜੋੜ ਕੇ ਸਮਝਣਾ ਚਾਹੀਦਾ ਹੈ।ਜਦੋਂ ਉਹ ਪਰਸਿੱਧ ਰਾਜਸੀ ਕਥਨ ਦੁਹਰਾਉਂਦਾ ਹੈ ਕਿ ਇਕ ਰਾਸ਼ਟਰ ਨੂੰ ਇਕ ਬੋਲੀ ਚਾਹੀਦੀ ਹੈ।ਇਹ ਗੱਲ ਸਾਫ ਰੂਪ ਵਿਚ ਬੋਲੀ ਦੀ ਰਾਜਸੀ ਲੋੜ ਦੇ ਸਿਧਾਂਤ ਦੇ ਨੁਕਤੇ ਤੋਂ ਹੈ।ਇਹ ਕਥਨ ਪ੍ਰੋ ਹੁਕਮ ਚੰਦ ਰਾਜਪਾਲ ਨੇ ਵੀ ਆਪਣੀ ਮੁਲਾਕਾਤ ਵਿਚ ਦੁਹਰਾਇਆ ਹੈ।ਇਹ ਰਾਜਸੀ ਕਥਨ ਭਗਤ ਸਿੰਘ ਦੀਆਂ ਲਿਖਤਾਂ ਵਿਚ ਵੀ ਹੈ।ਇਹ ਕਥਨ ਲਾਲਾ ਲਾਜਪਤ ਰਾਏ ਦੀ ਹਿੰਦੀ ਲਈ ਵਕਾਲਤ ਕਰਨ ਦੀ ਸਵੈ ਬਿਆਨੀ ਵਿਚ ਵੀ ਸਾਫ ਝਲਕਦਾ ਹੈ ਜਦੋਂ ਹਾਲੇ ਭਗਤ ਸਿੰਘ ਜੰਮਿਆ ਵੀ ਨਹੀਂ ਸੀ।ਇਹ ਕਥਨ ਇਸ ਖਿਤੇ ਵਿਚ ਹਿੰਦੀ ਸਮਰਥਕ ਲਗਭਗ ਸਾਰੇ ਵਿਦਵਾਨ ਅਤੇ ਰਾਜਸੀ ਆਗੂਆਂ ਦੀ ਜੀਵਨ ਸੇਧ ਦਾ ਹਿੱਸਾ ਹੈ ਜਿਹੜੇ ਇਕ ਦੇਸ਼ ਇਕ ਬੋਲੀ ਦੀ ਵਕਾਲਤ ਕਰਦੇ ਰਹੇ ਹਨ।ਮਹਾਤਮਾ ਗਾਂਧੀ ਤੋਂ ਲੈ ਕੇ ਮੌਜੂਦਾ ਦੇਸ਼ ਮੁਖੀ ਤੱਕ ਸੈਂਕੜੇ ਨਾਮ ਹਨ।ਏਨੇ ਜਿਆਦਾ ਅਤੇ ਵੱਡੇ ਅਹਿਮ ਨਾਵਾਂ ਨੂੰ ਸਿਰਫ ਪੰਜਾਬੀ ਵਿਰੋਧੀ ਜਾਂ ਗਦਾਰ ਆਖ ਕੇ ਭੰਡੀ ਜਾਣਾ ਪੰਜਾਬੀ ਦਾ ਕੁਝ ਵੀ ਸੁਆਰਦਾ ਨਹੀਂ ਹੈ।ਇਹ ਭਾਵਨਾ ਦਾ ਪਰਗਟਾਵਾ ਤਾਂ ਹੋ ਸਕਦਾ ਹੈ ਪਰ ਸਮਝ ਅਤੇ ਅਮਲ ਦੇ ਹਿਸਾਬ ਨਾਲ ਪੰਜਾਬੀ ਦਾ ਨੁਕਸਾਨ ਕਰਨ ਵਾਲਾ ਕੰਮ ਹੀ ਹੈ।ਪੰਜਾਬੀ ਦੇ ਹੱਕ ਵਿਚ ਜਾਂ ਮੋਹ ਵਿਚ ਗੱਲ ਕਰਨ ਵਾਲਿਆਂ ਲਈ ਅਸਲ ਮੁਹਿੰਮ ਭਾਵਨਾ ਪਰਗਟਾਵੇ ਤੋਂ ਅੱਗੇ ਸ਼ੁਰੂ ਹੁੰਦੀ ਹੈ।ਸਮਝ ਦੇ ਪੱਧਰਾਂ ਅਤੇ ਅਮਲਾਂ ਵਿਚ ਕੀ ਹੋ ਰਿਹਾ ਹੈ ਜਾਂ ਹੋ ਸਕਦਾ ਹੈ ਉਹਦੇ ਵਿਚ ਪਏ ਬਿਨਾ ਸਿਰਫ ਭਾਵਨਾ ਦਾ ਪਰਗਟਾਵਾ (ਆਪਣਾ ਅਤੇ ਬੋਲੀ ਦਾ) ਦੋਵਾਂ ਦਾ ਨੁਕਸਾਨ ਕਰਨਾ ਹੀ ਹੈ।

ਰਾਜਸੀ ਅਮਲ ਦੇ ਵਿਰੋਧ ਵਿੱਚ ਸਿਰਫ ਭਾਵਨਾ ਦਾ ਪਰਗਟਾਵਾ ਆਪਣਾ ਨੁਕਸਾਨ ਕਰਨ ਬਰਾਬਰ ਹੁੰਦਾ ਹੈ।ਵਿਰੋਧ ਕਰਨ ਵਾਲੇ ਆਪਣੀ ਮਾਨਸਿਕ ਹਾਲਤ ਨੂੰ ਵਿਰੋਧੀਆਂ ਸਾਹਮਣੇ ਦਿਲ ਖੋਹਲ ਕੇ ਵਿਖਾਉਂਦੇ ਹਨ ਜਿਸ ਨਾਲ ਓਹਨਾ ਲਈ ਆਪਣੀ ਰਣਨੀਤੀ ਤੈਅ ਕਰਨੀ ਹੋਰ ਸੌਖੀ ਹੋ ਜਾਂਦੀ ਹੈ।ਆਪਣੇ ਮਨਸੂਬੇ ਵਿਚ ਸਫਲ ਹੋਣਾ ਹੋਰ ਸੌਖਾ ਹੋ ਜਾਂਦਾ ਹੈ।ਭਾਵਕ ਵਿਰੋਧ ਨੂੰ ਰਾਜਨੀਤੀ ਅਤੇ ਵਪਾਰ ਕਿਵੇਂ ਵਰਤਦੇ ਹਨ ਇਹਦੇ ਬਾਰੇ ਸੋਚਣਾ ਬਣਦਾ ਹੈ।ਬਹੁਤੇ ਲੋਕਾਂ ਨੂੰ ਪਤਾ ਹੈ ਕਿ ਹੁਣ ਵਾਲੇ ਬਿਆਨ ਰਾਜਨੀਤੀ ਦੇ ਥੜੇ ਤੋਂ ਆਏ ਹਨ।ਇਹ ਪਤਾ ਹੋਣਾ ਵੀ ਕੀ ਪਤਾ ਹੋਣਾ ਹੈ ਜਦ ਵਿਰੋਧ ਕਰਨ ਵਾਲਿਆਂ ਦੀ ਸਮਝ ਅਤੇ ਅਮਲ ਦਾ ਪਰਗਟਾਵਾ ਰਾਜਨੀਤੀ ਦੇ ਹਿਸਾਬ ਨਾਲ ਅਗਲੇ ਨੂੰ ਮਸ਼ਹੂਰ ਕਰਨ ਵਾਲਾ ਹੀ ਹੈ।

ਬਦ ਭਾਵਨਾ: ਬਦਨਾਮੀ ਰਾਹੀਂ ਮਸ਼ਹੂਰ ਹੋਣਾ ਸਿਰਫ ਕਹਾਣੀਆਂ ਗੀਤਾਂ ਦੀ ਗੱਲ ਨਹੀਂ ਹੈ ਕਿ ‘ਬਦਨਾਮ ਹੋਗੇਂ ਤੋਂ ਕਿਆ ਨਾਮ ਨਹੀਂ ਹੋਗਾ’।ਕਲਾਕਾਰਾਂ ਬਾਰੇ ਤਾਂ ਇਹ ਗੱਲ ਕਾਫੀ ਮਸ਼ਹੂਰ ਹੈ ਕਿ ਜਦੋਂ ਓ੍ਹਨਾਂ ਦੀ ਚਰਚਾ ਘਟ ਜਾਂਦੀ ਹੈ ਤਾਂ ਕਈ ਵਾਰ ਓਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਵੀ ਬਿਨਾ ਖਰਚੇ ਮਸਹੂਰੀ ਖਟਦੇ ਹਨ।ਬਦਨਾਮੀ ਰਾਹੀਂ ਮਸ਼ਹੂਰ ਹੋਣ ਦੀ ਸਭ ਤੋਂ ਤਾਜੀ ਮਿਸਾਲ ਹੈ ਕਿ ਪੰਜਾਬੀ ਵਿਚ ਊਲ ਜਲੂਲ ਤੁਕਾਂ ਜੋੜਣ ਵਾਲਿਆਂ ਨੂੰ ਲੋਕਾਂ ਨੇ ਗਾਹਲਾਂ ਕੱਢ ਕੱਢ ਕੇ ਮਸ਼ਹੂਰ ਕਰ ਦਿੱਤਾ ਹੈ।ਜਦੋਂ ਐਪਲ ਨਾਮ ਵਾਲੇ ਵਪਾਰੀਆਂ ਦਾ ਇਕ ਸੰਦ ਲੋਕਾਂ ਦੀਆਂ ਜੇਬਾਂ ਵਿਚ ਫੁੱਟ ਜਾਣ ਦੀਆਂ ਖਬਰਾਂ ਆਈਆਂ ਤਾਂ ਇਕ ਇਸੇ ਖੇਤਰ ਦੇ ਮਾਹਰ ਤੋਂ ਪਤਾ ਲੱਗਾ ਕਿ ਇਹ ਵੀ ਇਕ ਤਰੀਕਾ ਹੈ ਜੋ ਬਿਨਾ ਫੁੱਟੀ ਕੌਡੀ ਲਾਇਆਂ ਖਬਰਾਂ ਅਤੇ ਮਨੋਰੰਜਨ ਦੇ ਬਜਾਰ ਦੀ ਸਭ ਤੋਂ ਵੱਧ ਥਾਂ ਘੇਰ ਲੈਣ ਦਾ।ਬਿਜਲ ਸੱਥ ਉੱਤੇ ਮਨੋਵਿਗਿਆਨਕ ਤਜਰਬੇ ਰਾਹੀਂ ਇਹ ਗੱਲ ਸਿਧ ਹੋ ਗਈ ਹੈ ਕਿ ਬੰਦਾ ਬਦਨਾਮੀ ਵਾਲੀਆਂ ਖਬਰਾਂ ਪੜ੍ਹਦਾ ਵੀ ਜਿਆਦਾ ਹੈ ਅਤੇ ਅੱਗੇ ਸਾਂਝੀਆਂ ਵੀ ਜਿਆਦਾ ਕਰਦਾ ਹੈ।ਕੁਝ ਵਰੇ ਪਹਿਲਾਂ ਫੇਸਬੁੱਕ ਨੇ ਇਹ ਨਤੀਜਾ ਪੰਜ ਲੱਖ ਬੰਦਿਆਂ ਉਤੇ ਕਈ ਸੌ ਮਨੋਵਿਗਿਆਨੀ ਦੀ ਮਦਦ ਨਾਲ ਸਾਲ ਭਰ ਤਜਰਬਾ ਕਰਕੇ ਕੱਢਿਆ ਸੀ।

ਅਮਲ ਦੇ ਦਰਜੇ: ਜਿਵੇਂ ਭਾਵਨਾ ਕੁਝ ਬੰਦਿਆਂ ਬਾਰੇ ਇਕ ਹੋਣ ਦੇ ਬਾਵਜੂਦ ਵੱਖ ਵੱਖ ਪੱਧਰ ਤੇ ਪਰਗਟ ਹੋ ਰਹੀ ਹੈ ਉਵੇਂ ਬੋਲੀ ਦੇ ਸਵਾਲ ਤੇ ਵੀ ਭਾਵਨਾ ਇਕ ਹੁੰਦਿਆਂ ਵੱਖ ਵੱਖ ਸਮਝ ਪੱਧਰਾਂ ਅਤੇ ਅਮਲ ਰੂਪਾਂ ਵਿਚ ਪਰਗਟ ਹੁੰਦੀ ਹੈ।ਭਾਵਨਾ ਅਤੇ ਸਮਝ ਅੱਗੋਂ ਅਮਲ ਵਜੋਂ ਕਿਵੇਂ ਪਰਗਟ ਹੁੰਦੀ ਹੈ, ਇਹ ਗੱਲ ਵੀ ਮੁੱਲ ਰਖਦੀ ਹੈ ਜਿਵੇਂ ਗਾਇਕ ਨੇ ਚਾਰ ਵਾਰ ਆਪਣਾ ਅਮਲ ਪਰਗਟਾਇਆ।ਇਕ ਖਾਸ ਮੁਲਾਕਾਤ ਵਿਚ, ਦੋ ਵਾਰ ਪੱਤਰਕਾਰਾਂ ਦੇ ਸਾਹਮਣੇ ਅਤੇ ਵਿਰੋਧ ਕਰਨ ਵਾਲਿਆਂ ਸਾਹਮਣੇ ਉਹਨੇ ਆਪਣੀ ਇਕੋ ਭਾਵਨਾ ਅਤੇ ਸਮਝ ਨੂੰ ਅਮਲ ਵਿਚ ਬਿਲਕੁਲ ਵੱਖ ਵੱਖ ਤਰੀਕੇ ਨਾਲ ਨਿਭਾਇਆ।ਇਹ ਗੱਲ ਉਸ ਗਾਇਕ ਜਾਂ ਉਹਦੇ ਵਿਰੋਧ ਕਰਨ ਵਾਲਿਆਂ ਤੱਕ ਸੀਮਤ ਨਹੀਂ ਹੈ।ਇਹ ਗੱਲ ਸਭ ਲੋਕਾਂ ਤੇ ਲਾਗੂ ਹੁੰਦੀ ਹੈ ਕਿ ਬੰਦਾ ਆਪਣੀ ਇਕੋ ਭਾਵਨਾ ਅਤੇ ਸਮਝ ਨੂੰ ਅਮਲੀ ਰੂਪ ਵਿਚ ਨਿਭਾਉਣ ਵੇਲੇ ਮੂਲ ਜੀਵਕ ਸੁਭਾਅ ਵਿਚ ਆ ਜਾਂਦਾ ਹੈ।ਸਭ ਤੋਂ ਵੱਡੀ ਮਿਸਾਲ ਹੈ ਕਿ ਜਦੋਂ ਮਾਪੇ ਬੱਚਿਆਂ ਨੂੰ ਨਿੱਕੀ ਜਿਹੀ ਗੱਲ ਤੇ ਘੂਰ ਕੇ ਸਮਝਾਉਂਦੇ ਹਨ ਤਾਂ ਓਹਨਾਂ ਦਾ ਵਿਹਾਰ ਵੇਖਣ ਵਾਲਾ ਹੁੰਦਾ ਹੈ।ਇਹ ਸਭ ਤੋਂ ਪਿਆਰ ਕਰਨ ਵਾਲੇ ਲੋਕਾਂ ਦੀ ਭਾਵਨਾ, ਸਮਝ ਅਤੇ ਅਮਲ ਦਾ ਨਿੱਜੀ ਘੇਰੇ ਵਿਚ ਮੋਹ ਦਾ ਪਰਗਟਾਵਾ ਹੁੰਦਾ ਹੈ।ਇਹ ਬਹੁਤ ਸੀਮਤ ਅਤੇ ਪਹਿਲੇ ਦਰਜੇ ਦਾ ਅਮਲ ਹੁੰਦਾ ਹੈ।ਜਦੋਂ ਪੜਾਉਣ ਵਾਲੇ ਆਪਣੀ ਤਨਖਾਹਦਾਰ ਜਿੰਮੇਵਾਰੀ ਨਿਭਾਉਦਿਆਂ ਬੱਚਿਆਂ ਨੂੰ ਨਿੱਕੀ ਨਿੱਕੀ ਗੱਲ ਲਈ ਝਿੜਕਦੇ ਅਤੇ ਮਾਰਦੇ ਰਹਿੰਦੇ ਹਨ ਤਾਂ ਇਹ ਦੂਜੇ ਦਰਜੇ ਦਾ ਅਮਲ ਹੁੰਦਾ ਹੈ।ਤੀਜਾ ਦਰਜੇ ਉਹ ਹੁੰਦਾ ਹੈ ਜਦੋਂ ਬੰਦਾ ਸਮਾਜਕ ਪਛਾਣ ਵਿਚ ਉਤਰ ਜਾਂਦਾ ਹੈ ਤਾਂ ਬੰਦੇ ਦਾ ਅਮਲ ਹੋਰ ਬੁਰੇ ਰੂਪ ਵਿਚ ਪਰਗਟ ਹੋ ਜਾਂਦਾ ਹੈ।ਜਦ ਬੰਦਾ ਆਪਣੇ ਸਮਾਜਕ ਮਾਣ ਤਾਣ ਲਈ ਕੰਮ ਕਰਦਾ ਹੈ ਤਾਂ ਅਮਲ ਮਿਠਬੋਲੜੇ ਕਵੀ ਸੁਰਜੀਤ ਪਾਤਰ ਦੇ ਲੱਖੇ ਸਿਧਾਣੇ ਨੂੰ ਦਿੱਤੇ ਜੁਆਬ ਵਰਗਾ ਹੁੰਦਾ ਹੈ।ਪੰਜਾਬੀ ਬੋਲੀ ਨਾਲ ਮੋਹ ਦਾ ਦਰਜਾ ਜਦੋਂ ਸਮਾਜਕ ਹੀ ਰਹਿੰਦਾ ਹੈ ਤਾਂ ਲੋਕਾਂ ਦਾ ਉਹਦੇ ਨਾਲ ਰਿਸ਼ਤਾ ਤੀਜੇ ਦਰਜੇ ਤੀਕ ਹੀ ਰਹਿੰਦਾ ਹੈ ਭਾਵੇਂ ਮਾਂ ਬੋਲੀ ਵਰਗਾ ਸ਼ਬਦ ਵਰਤ ਕੇ ਇਹਨੂੰ ਪਹਿਲੇ ਦਰਜੇ ਵਿਚ ਥਾਂ ਦਿੱਤੀ ਜਾਂਦੀ ਹੈ।ਤਿੰਨਾਂ ਦਰਜਿਆਂ ਵਿਚ ਬੰਦੇ ਉਤੇ ਇਕ ਸਮਾਜਕ ਨੈਤਕਤਾ ਵਾਲੀ ਜੁਆਬਦੇਹੀ ਦਾ ਜੋਰ ਰਹਿੰਦਾ ਹੈ।ਚੌਥਾ ਦਰਜਾ ਸਰਕਾਰੀ ਢਾਂਚੇ ਦਾ ਹੁੰਦਾ ਹੈ ਜਿਥੇ ਭਾਵਨਾ ਦੀ ਕੋਈ ਥਾਂ ਹੀ ਨਹੀਂ ਹੁੰਦੀ ਅਤੇ ਅਮਲ ਬਾਰੇ ਵੀ ਅਸਲ ਵਿਚ ਸਮਾਜ ਸਾਹਮਣੇ ਕੋਈ ਜੁਆਬਦੇਹੀ ਨਹੀਂ ਹੁੰਦੀ।ਇਹ ਪੜਾਅ ਇਕ ਪਾਸੇ ਚੰਗੇ ਅਮਲ ਦੀ ਜਿੰਮੇਵਾਰੀ ਤੋਂ ਲਗਭਗ ਮੁਕਤ ਹੁੰਦਾ ਹੈ ਅਤੇ ਦੂਜੇ ਪਾਸੇ ਬੁਰੇ ਅਮਲ ਲਈ ਜੁਆਬਦੇਹੀ ਤੋਂ ਮੁਕਤ ਹੁੰਦਾ ਹੈ।ਹਿੰਦੀ ਬੋਲੀ ਬਾਰੇ ਅਮਿਤ ਸ਼ਾਹ ਦੇ ਬਿਆਨ ਨੂੰ ਚੌਥੇ ਪੜਾਅ ਦੇ ਨਾਹਮੁਖੀ ਅਮਲ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ।

ਆਗੂਆਂ ਵਿਦਵਾਨਾਂ ਅਤੇ ਕਲਾਕਾਰਾਂ ਦੇ ਬਿਆਨ ਅਤੇ ਅਮਲ ਬਹੁਤੇ ਵਾਰ ਭਾਵਨਾ ਦੇ ਤੀਜੇ-ਚੌਥੇ ਦਰਜੇ ਤੋਂ ਹੀ ਹੁੰਦੇ ਹਨ। ਪਹਿਲੇ ਜਾਂ ਦੂਜੇ ਦਰਜੇ ਦੀ ਭਾਵਨਾ (ਪਿਆਰ ਚਾਹੇ ਨਫਰਤ) ਵਿਚ ਬੰਦਾ ਓਹਨਾਂ ਨੂੰ ਮਾਪਿਆਂ ਜਾਂ ਬਜੁਰਗਾਂ ਦੀ ਥਾਂ ਮੰਨ ਕੇ ਆਪਣੇ ਆਪ ਨੂੰ ਨੈਤਕ ਬੋਝ ਨਾਲ ਬੰਨ ਲੈਂਦਾ ਹੈ ਜਿਸ ਕਰਕੇ ਬੰਦਾ ਓਹਨਾਂ ਦੇ ਸਮਾਜਕ ਅਤੇ ਰਾਜਸੀ ਕਿਸਮ ਦੀ ਸਮਝ ਅਤੇ ਅਮਲ ਨੂੰ ਪਰਖਣ ਤੋਂ ਅਤੇ ਆਪ ਇਹ ਸਮਝ ਅਤੇ ਅਮਲ ਕਰਨ  ਤੋਂ ਉੱਕ ਜਾਂਦਾ ਹੈ।a

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,