August 22, 2010 | By ਸਿੱਖ ਸਿਆਸਤ ਬਿਊਰੋ
ਪਟਿਆਲਾ (22 ਅਗਸਤ, 2010): ਬੰਦੇ ਦਾ ਕਿਰਦਾਰ ਔਖੇ ਵੇਲਿਆਂ ਵਿਚ ਹੀ ਉਘੜ ਕੇ ਸਾਹਮਣੇ ਆਉਂਦਾ ਹੈ। ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੀ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖ ਕਿਰਦਾਰ ਦੀ ਗਵਾਹੀ ਭਰਦੇ ਹਨ। ਹਕੂਮਤ ਸਾਹਮਣੇ ਕਦੇ ਨਾ ਝੁਕਣ ਵਾਲਾ ਉਹ ਪਰਬਤ ਜਿਹਾ ਕਿਰਦਾਰ ਆਪਣੇ ਲੋਕਾਂ ਵਿਚ ਬਨਫਸ਼ੇ ਦੇ ਫੁੱਲਾਂ ਵਾਂਗ ਛੁਪੇ ਰਹਿਣ ਦੀ ਚਾਹ ਕਾਰਨ ਬਹੁਤ ਘੱਟ ਜਾਣਿਆ ਗਿਆ ਹੈ। ਸਿੱਖੀ ਜਜ਼ਬੇ ਅਨੁਸਾਰ ਉਹ ਖਾੜਕੂ ਲਹਿਰ ਦੀਆਂ ਉਪਰਲੀਆਂ ਸਫਾਂ ਵਿਚ ਵੀ ਚੁੱਪ-ਚਪੀਤੇ ਵਿਚਰਦਾ ਰਿਹਾ ਅਤੇ ਬਾਅਦ ਦੇ ਸਿਆਸੀ ਜੀਵਨ ਦੌਰਾਨ ਵੀ।
ਉਸ ਦੇ ਵਡੇਰੇ 1947 ਦੀ ਵੰਡ ਵੇਲੇ ਨਨਕਾਣਾ ਸਾਹਿਬ ਦੇ ਨੇੜਿਓਂ ਉਠ ਕੇ ਪਟਿਆਲੇ ਜਿਲ੍ਹੇ ਦੇ ਪਿੰਡ ਗੁਲਜ਼ਾਰਪੁਰ ਠਰੂਆ ਵਿਚ ਆ ਵਸੇ।ਇਥੇ ਉਸਦਾ ਜਨਮ 1964 ਵਿਚ ਸ੍ਰ. ਸਤਨਾਮ ਸਿੰਘ ਦੇ ਘਰ ਹੋਇਆ ਅਤੇ ਬਚਪਨ ਵੀ ਇਥੇ ਹੀ ਬੀਤਿਆ। ਪ੍ਰਾਇਮਰੀ ਤੋਂ ਬਾਅਦ ਦਸਵੀਂ ਤੱਕ ਪੜ੍ਹਾਈ ਆਪਣੇ ਨਾਨਕੇ ਪਿੰਡ ਬਘਾਣਾ (ਜਿਲਾ ਕਪੂਰਥਲਾ) ਕੀਤੀ। ਅਗਲੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲੇ ਤੋਂ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਤਿਹਾਸ ਦੀ ਐਮ.ਏ. ਅਤੇ ਐਮ. ਫਿਲ. ਕੀਤੀ। 1984 ਵਿਚ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਨੇ ਹੋਰਨਾਂ ਸਿੱਖ ਨੌਜਵਾਨਾਂ ਵਾਂਗ ਉਸ ਦੀ ਜੀਵਨ-ਸੇਧ ਨੂੰ ਵੀ ਬਦਲ ਦਿੱਤਾ। ਇਹ ਸੇਧ ਨੂੰ ਮੁੜ ਕੋਈ ਝੱਖੜ-ਤੂਫਾਨ ਬਦਲ ਨਾ ਸਕਿਆ।
ਲਹਿਰਾਂ ਦੇ ਚੜ੍ਹਾਅ ਵਿਚ ਤਾਂ ਬਹੁਤ ਲੋਕ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਪਰ ਅਸਲ ਪਰਖ ਬਿਖੜੇ ਹਾਲਾਤ ਵਿਚ ਹੁੰਦੀ ਹੈ। ਇਸ ਕਰਕੇ ਉਸ ਦੇ ਕਿਰਦਾਰ ਦਾ ਨਿਖਾਰ ਸ਼ੁਰੂ ਹੁੰਦਾ ਹੈ ਜਦੋਂ ਉਸ ਨੇ ਅਮਰੀਕਾ ਤੋਂ ਵਾਪਸ ਆ ਕੇ ਖਿੰਡਦੇ ਖਾੜਕੂ ਸੰਘਰਸ਼ ਨੂੰ ਉਸ ਵੇਲੇ ਲਾਮਬੰਦ ਕਰਨ ਦੇ ਯਤਨ ਕੀਤੇ ਜਦੋਂ ਇਸ ਨਾਲ ਜੁੜੇ ਲੋਕ ਵੀ ਬਾਹਰ ਦਾ ਰੁਖ ਕਰ ਰਹੇ ਸਨ। ਕੁਝ ਮਹੀਨੇ ਬਾਅਦ ਹੀ 1992 ਵਿਚ ਪੁਲਸ ਨੇ ਉਸ ਨੂੰ ਘਰੋਂ ਚੁੱਕਿਆ ਤਾਂ ਲਗਭਗ ਇਕ ਸਾਲ ਪਤਾ ਨਾ ਚੱਲਿਆ। ਪੁਲਸ ਹਿਰਾਸਤ ਵਿਚ ਅਕਹਿ ਤਸ਼ੱਦਦ ਝੱਲਿਆ (ਜਿਸ ਦੇ ਨਿਸ਼ਾਨ ਉਸ ਦੇ ਸਰੀਰ ਉਪਰ ਸਨ), ਅਦਾਲਤਾਂ ਅਤੇ ਜੇਲ੍ਹਾਂ ਦਾ ਸਾਹਮਣਾ ਵੀ ਕੀਤਾ। 1996 ਵਿਚ ਜੇਲ੍ਹ ਤੋਂ ਬਾਹਰ ਆਉਣ ਮਗਰੋਂ 1999 ਵਿਚ ਉਸ ਦਾ ਵਿਆਹ ਹੋਇਆ। ਉਸ ਦੇ ਦੋ ਬੇਟੇ (ਦਲਸ਼ੇਰ ਸਿੰਘ, ਮੋਹਕਮ ਸਿੰਘ) ਹਨ। ਉਹ ਆਪਣੇ ਪਰਿਵਾਰ ਅਤੇ ਸੰਗੀ ਸਾਥੀਆਂ ਨੂੰ 17 ਅਗਸਤ 2010 ਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਪਰ ਜਿਸ ਹਾਲਾਤ ਵਿਚ ਜਿਵੇਂ ਉਸ ਨੇ ਕਦਮ-ਦਰ-ਕਦਮ ਸਿੱਖ ਹੋਣੀ ਨੂੰ ਸਿਰਜਣ ਲਈ ਜਦੋ-ਜਹਿਦ ਕੀਤੀ ਉਹ ਇਤਿਹਾਸ ਦਾ ਸੁਨਿਹਰੀ ਕਾਂਡ ਹੈ।
ਸਭ ਤੋਂ ਪਹਿਲਾਂ ਸ਼ਹੀਦ ਪਰਿਵਾਰਾਂ ਦੀ ਸਾਂਭ-ਸੰਭਾਲ ਲਈ ਅਤੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਕਾਨੂੰਨੀ ਪੈਰਵੀ ਕਰਨ ਦਾ ਬੜਾ ਵੱਡਾ ਕਾਰਜ ਸੀ ਜਦੋਂ ਅਖੌਤੀ ਸ਼ਾਂਤੀ ਨੇ ਸਭ ਕੁਝ ਸ਼ਾਂਤ ਕਰ ਦਿੱਤਾ ਸੀ। ਅਜਿਹੇ ਹਾਲ ਵਿਚ ਉਸ ਨੇ ਜਿੰਮੇਵਾਰੀ ਵਾਲਾ ਰੋਲ ਪਿਛੇ ਰਹਿ ਕੇ ਨਿਭਾਇਆ। ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿਚ ਦੁਨੀਆ ਦੀ ਪੱਧਰ ਉਪਰ ਖਾਲਸਾ ਪੰਥ ਨੂੰ ਅਤੇ ਹੋਰਨਾਂ ਲੋਕਾਂ ਨੂੰ ਜਾਣੂ ਕਰਾਉਣ ਅਤੇ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਸੂਚੀ (ਸ਼੍ਰੋਮਣੀ ਖਾਲਸਾ ਦਲ ਵੱਲੋਂ) ਜਾਰੀ ਕਰਨਾ ਇਸ ਦੀ ਇਕ ਮਿਸਾਲ ਹੈ।
ਜੇਲ੍ਹਾਂ ਵਿਚ ਬੰਦੀ ਸਿੰਘ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸਿੱਖ ਪੱਖ ਨੂੰ ਪੇਸ਼ ਕਰਨ ਵਾਲੇ ਪੰਜਾਬੀ ਮਾਸਕ ਰਸਾਲੇ ‘ਸਿੱਖ ਸ਼ਹਾਦਤ’ (ਮਾਰਚ 2000 ਤੋਂ ਸ਼ੁਰੂ) ਨੂੰ ਸਥਾਪਤ ਕਰਨ ਲਈ ਸੁਰਿੰਦਰਪਾਲ ਸਿੰਘ ਨੇ ਜੀਅ-ਤੋੜ ਮਿਹਨਤ ਕੀਤੀ। ਸਿਧਾਂਤਕ ਰੂਪ ਵਿਚ ਇਸ ਦੇ ਮਿਆਰ ਨੂੰ ਬਣਾਈ ਰੱਖਣਾ ਆਉਂਦੇ ਸਮਿਆਂ ਵਿਚ ਉਸ ਦੀ ਗਿਆਨ ਦੀ ਕੀਮਤ ਬਾਰੇ ਸੋਝੀ ਦੀ ਮਿਸਾਲ ਬਣੇਗਾ।
ਤੀਜਾ ਕਾਰਜ ਸੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਉਸਾਰਣਾ। ਜਿਵੇਂ ਪਹਿਲਾਂ ਸ਼ਹੀਦ ਪਰਿਵਾਰਾਂ ਅਤੇ ਜੇਲ੍ਹ-ਬੰਦ ਸਿੰਘਾਂ ਲਈ ਉਹ ਦਿਨ-ਰਾਤ ਦੂਰ-ਦੂਰਾਡੇ ਘੁੰਮਦਾ ਰਿਹਾ, ਮੁੜ ਰਸਾਲੇ ਦੀ ਕਾਮਯਾਬੀ ਲਈ ਅਤੇ ਤੀਜੀ ਵਾਰ ਸਿੱਖ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਉਹ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਲਜਾਂ-ਯੂਨੀਵਰਸਿਟੀਆਂ ਵਿਚ ਇਕੱਲੇ-ਇਕੱਲੇ ਸਿੱਖ ਨੌਜਵਾਨ ਦੀ ਭਾਲ ਵਿਚ ਤੁਰਿਆ ਰਿਹਾ। ਸੰਨ 2001 ਵਿਚ ਸਿੱਖ ਸਟੂਡੈਂਟਸ ਦੀ ਆਰਜੀ ਕਮੇਟੀ ਬਣਾਈ ਇਸ ਕਾਰਜ ਨੂੰ ਤੋਰਿਆ ਅਤੇ ਲਗਾਤਾਰ ਇਸ ਦੀ ਇਕ ਸਾਂਭ-ਸੰਭਾਲ ਲਈ ਇਕ ਮਾਲੀ ਵਾਲਾ ਫਰਜ਼ ਅਦਾ ਕੀਤਾ (ਇਸ ਜਥੇਬੰਦੀ ਦਾ ਪ੍ਰਧਾਨ ਅੱਜ-ਕੱਲ੍ਹ ਪਰਮਜੀਤ ਸਿੰਘ ਗਾਜ਼ੀ ਹੈ)।
ਚੌਥਾ ਕਾਰਜ ਸੀ ਰਾਜਨੀਤਿਕ ਪਾਰਟੀ (ਪਹਿਲਾਂ ਸ਼੍ਰੋਮਣੀ ਖਾਲਸਾ ਦਲ, ਹੁਣ ਅਕਾਲੀ ਦਲ ‘ਪੰਚ ਪ੍ਰਧਾਨੀ’) ਦੀ ਉਸਾਰੀ। 2004 ਵਿਚ ਵੈਸਾਖੀ ਦੇ ਦਿਹਾੜੇ ਸ਼੍ਰੋਮਣੀ ਖਾਲਸਾ ਦਲ ਦੀ ਕਾਇਮੀ ਲਈ ਵੀ ਸਾਰੀ ਭੱਜ-ਦੌੜ ਉਸ ਦੀ ਸੀ ਅਤੇ ਅਗਵਾਈ ਜੇਲ੍ਹ ਵਿਚ ਲੰਮੇ ਸਮੇਂ ਤੋਂ ਬੰਦ ਭਾਈ ਦਲਜੀਤ ਸਿੰਘ ਬਿੱਟੂ ਦੀ ਸੀ।
ਇਹਨਾਂ ਸਾਰੇ ਕੰਮਾਂ ਵਿਚ ਉਹ ਕੁੱਲ ਉਤਰਾਵਾਂ-ਚੜਾਵਾਂ ਦੇ ਬਾਵਜੂਦ ਅੰਮ੍ਰਿਤਸਰ ਤੋਂ ਦਿੱਲੀ ਅਤੇ ਜੰਮੂ ਤੋਂ ਯੂ. ਪੀ. ਤੱਕ ਬਿਨਾਂ ਸੁਖ-ਅਰਾਮ ਦੀ ਪਰਵਾਹ ਕੀਤੇ ਬਿਮਾਰ ਹੋਣ ਤੱਕ ਦਿਨ ਰਾਤ ਘੁੰਮਦਾ ਰਿਹਾ। ਜਿਵੇਂ ਜ਼ਿੰਦਗੀ ਵਿਚ ਉਸ ਦੀ ਦ੍ਰਿੜਤਾ ਨੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਪ੍ਰਭਾਵਿਤ ਕੀਤਾ, ਉਸੇ ਤਰ੍ਹਾਂ ਬਿਮਾਰੀ ਦੀ ਹਾਲਤ ਵਿਚ ਉਸਦੀ ਸਰੀਰਿਕ ਸਮਰੱਥਾ ਨੇ ਡਾਕਟਰਾਂ ਨੂੰ ਹੈਰਾਨ ਕੀਤਾ। ਉਸ ਨਾਲ ਵਾਪਰਣ ਵਾਲਾ ਬਹੁਤਾ ਕੁਝ ਉਸ ਦੀ ਹਸਤੀ ਵਾਂਗ ਗੈਰ-ਸਧਾਰਨ ਸੀ।
ਸਮੇਂ ਦੀ ਸਰਕਾਰ ਵੱਲੋਂ ਉਸ ਨੂੰ, ਉਸ ਦੇ ਪਰਿਵਾਰ ਅਤੇ ਸੱਜਣਾਂ-ਮਿੱਤਰਾਂ ਨੂੰ ਜੋ ਤਕਲੀਫਾਂ ਦਿੱਤੀਆ ਗਈਆਂ ਉਸ ਦੀ ਉਸ ਨੇ ਕਦੇ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਕਿਸੇ ਕੋਲ ਕਦੇ ਆਪਣੇ ਦੁੱਖਾਂ ਤਕਲੀਫਾਂ ਦਾ ਜਿਕਰ ਕੀਤਾ।ਸਭ ਕੁਝ ਖਿੜੇ ਮੱਥੇ ਝੱਲਿਆ। ਕਿਸੇ ਵੀ ਵੱਡੀ ਤੋਂ ਵੱਡੀ ਮੁਸ਼ਕਲ ਸਾਹਮਣੇ ਉਹ ਨਾ ਸਿਰਫ ਆਪ ਚੜ੍ਹਦੀ ਕਲਾ ਵਿਚ ਰਹਿੰਦਾ ਸੀ ਸਗੋਂ ਨਾਲ ਵਾਲਿਆਂ ਨੂੰ ਵੀ ਜੋਸ਼ ਨਾਲ ਭਰ ਦਿੰਦਾ ਸੀ। ਜਿਨ੍ਹਾਂ-ਜਿਨ੍ਹਾਂ ਨੂੰ ਵੀ ਕਦੇ ਉਹ ਮਿਲਿਆ ਸੀ, ਉਸ ਦੇ ਚੜ੍ਹਦੀ ਕਲਾ ਦੇ ਬੋਲ ਉਹਨਾਂ ਦੇ ਕੰਨਾਂ ਵਿਚ ਗੂੰਜਦੇ ਰਹਿਣਗੇ ਅਤੇ ਉਸ ਦਾ ਦ੍ਰਿੜ ਨਿਸ਼ਚੇ ਦੇ ਜਲੌਅ ਵਾਲਾ ਚਿਹਰਾ ਅੱਖਾਂ ਸਾਹਮਣੇ ਘੁੰਮਦਾ ਰਹੇਗਾ। ਜਦੋਂ ਵਰਤਮਾਨ ਸੰਘਰਸ਼ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਉਸ ਦਾ ਨਾਂ ਸਤਿਕਾਰ ਨਾਲ ਲਿਆ ਜਾਵੇਗਾ।
Related Topics: Akali Dal Panch Pardhani, Bhai Surinderpal Singh, Sikh organisations, Sikh Panth, Sikh Shahadat, Sikh Struggle