ਆਮ ਖਬਰਾਂ

ਆਰਥਕ ਮੰਦੀ ਦੀ ਮਾਰ: ਪਾਰਲੇ ਜੀ ਦੇ 10,000 ਮੁਲਾਜ਼ਮ ਸਿਰ ਬੇਰੁਜ਼ਗਾਰੀ ਦੀ ਤਲਵਾਰ ਲਮਕੀ

August 22, 2019 | By

ਚੰਡੀਗੜ੍ਹ: ਭਾਰਤੀ ਅਰਥਚਾਰੇ ਉੱਤੇ ਮੰਦੀ ਦਾ ਆਲਮ ਹੋਰ ਡੁੰਘਾਂ ਹੁੰਦਾ ਜਾ ਰਿਹਾ ਹੈ। ਖਬਰਖਾਨੇ ਚ ਨਿੱਤ ਦਿਨ ਖਬਰਾਂ ਛਪ ਰਹੀਆਂ ਹਨ ਕਿ ਕਿਵੇਂ ਕਾਰਾਂ, ਕੱਪੜਿਆਂ ਤੇ ਇਥੋਂ ਤੱਕ ਕਿ ਨਿਤ-ਦਿਨ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਜਿਵੇਂ ਕਿ ਬਿਸਕੁਟਾਂ ਆਦਿ ਦੀ ਵਿਕਰੀ ਲਗਾਤਾਰ ਡਿੱਗਦੀ ਜਾ ਰਹੀ ਹੈ, ਤੇ ਨਤੀਜੇ ਵੱਜੋਂ ਕੰਪਨੀਆਂ ਨੂੰ ਇਨ੍ਹਾਂ ਚੀਜਾਂ ਦਾ ਉਤਪਾਦਨ ਘਟਾਉਣਾ ਪੈ ਰਿਹਾ ਹੈ। ਇਸ ਹਾਲਾਤ ਵਿਚ ਉਤਪਾਦਨਖਾਨਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਸਿਰ ਬੇਰੁਜ਼ਗਾਰੀ ਦੀ ਤਲਵਾਰ ਲਮਕਣ ਲੱਗ ਪਈ ਹੈ।

ਲੰਘੇ ਕੱਲ ਖਬਰਖਾਨੇ ਵਿਚ ਇਸ ਗੱਲ ਦੀ ਚਰਚਾ ਰਹੀ ਹੈ ਕਿ ਇਸ ਖਿੱਤੇ ਦੀ ਸਭ ਤੋਂ ਵੱਡੀ ਬਿਸਕੁਟਾਂ ਦੀ ਕੰਪਨੀ ‘ਪਾਰਲੇ ਜੀ’ ਆਪਣੇ ਮਾਲ ਦੀ ਲਗਾਤਾਰ ਡਿੱਗ ਰਹੀ ਵਿਕਰੀ ਕਾਰਨ ਦਸ ਹਜ਼ਾਰ ਮੁਲਾਜ਼ਮਾਂ ਦੀ ਛੁੱਟੀ ਕਰ ਸਕਦੀ ਹੈ।

ਸਾਲ 1929 ਤੋਂ ਚੱਲ ਰਹੀ ਇਸ ਕੰਪਨੀ ਦੇ 10 ਆਪਣੇ ਅਤੇ 125 ਠੇਕੇ ’ਤੇ ਚੱਲਦੇ ਕਾਰਖਾਨਿਆਂ ਵਿਚ 1,00,000 ਤੋਂ ਵੱਧ ਲੋਕਾਂ ਨੂੰ ਰੁਜਗਾਰ ਮਿਿਲਆ ਹੋਇਆ ਹੈ। ਪਰ ਹੁਣ ਪਾਰਲੇ ਜੀ ਦਾ ਕਹਿਣਾ ਹੈ ਕਿ ਵਿਕਰੀ ਇੰਨੀ ਤੇਜੀ ਨਾਲ ਘਟ ਰਹੀ ਹੈ ਕਿ ਕੰਪਨੀ ਨੂੰ 8 ਤੋਂ 10 ਹਜ਼ਾਰ ਲੋਕਾਂ ਨੂੰ ਕੰਮ ਤੋਂ ਕੱਢਣਾ ਪਵੇਗਾ।
ਪਾਰਲੇ ਜੀ ਦੇ ਸ਼੍ਰੇਣੀ ਮੁਖੀ ਮਿਅੰਕ ਸ਼ਾਹ ਨੇ ਕਿਹਾ ਕਿ ਜੇਕਰ ਸਰਕਾਰ ਆਰਥਕ ਹਾਲਾਤ ਨੂੰ ਸੁਧਾਰਨ ਲਈ ਠੋਸ ਕਦਮ ਨਹੀਂ ਚੁੱਕਦੀ ਤਾਂ ਹੋ ਸਕਦਾ ਹੈ ਕਿ ਪਾਰਲੇ ਜੀ ਨੂੰ ਇਹ 10,000 ਅਸਾਮੀਆਂ ਪੱਕੇ ਤੌਰ ਉੱਤੇ ਖਤਮ ਕਰਨੀਆਂ ਪੈਣ।

ਸ਼ਾਹ ਨੇ ਕਿਹਾ ਕਿ ਕੰਪਨੀ ਦੇ ਸਭ ਤੋਂ ਮਸ਼ਹੂਰ ‘ਪਾਰਲੇ ਜੀ’ ਬਿਸਕੁਟ ਮੱਧ ਤੇ ਗਰੀਬ ਵਰਗ ਵੱਲੋਂ ਖਰੀਦੇ ਜਾਂਦੇ ਹਨ ਅਤੇ ਕੰਪਨੀ ਦੀ ਅੱਧੀ ਤੋਂ ਵੱਧ ਕਮਾਈ ਇਨ੍ਹਾਂ ਬਿਸਕੁਟਾਂ ਦੀ ਵਿਕਰੀ ਤੋਂ ਹੀ ਹੁੰਦੀ ਹੈ। ਉਸਨੇ ਖਬਰਖਾਨੇ ਨੂੰ ਦੱਸਿਆ ਮੋਦੀ ਸਰਕਾਰ ਵੱਲੋਂ 2017 ਵਿਚ ਜਿਹੜਾ ‘ਜੀ.ਐਸ.ਟੀ.’ ਲਾਇਆ ਗਿਆ ਸੀ ਉਸ ਨਾਲ ਇਕ ਪੈਕਟ ਪਿੱਛੇ ਘੱਟੋ-ਘੱਟ 5 ਰੁਪਏ ਕੀਮਤ ਵਧ ਰਹੀ ਸੀ। ਉਸਨੇ ਕਿਹਾ ਕਿ ਉੱਚੀ ਦਰ ਦੇ ਕਰ (ਟੈਕਸ) ਕਾਰਨ ਕੰਪਨੀ ਨੂੰ ਹਰੇਕ ਪੈਕਟ ਪਿੱਛੇ ਬਿਸਕੁਟਾਂ ਦੀ ਗਿਣਤੀ ਘਟਾਉਣੀ ਪਈ ਜਿਸ ਕਾਰਨ ਹੇਠਲੇ ਤਬਕੇ ਵੱਲੋਂ ਬਿਸਕੁਟਾਂ ਦੀ ਮੰਗ ਉੱਤੇ ਬਹੁਤ ਮਾੜਾ ਅਸਰ ਪਿਆ ਹੈ।

‘ਗਾਹਕ ਚੀਜ ਦੀ ਕੀਮਤ ਬਾਰੇ ਬਹੁਤ ਗੰਭੀਰ ਰਹਿੰਦੇ ਹਨ। ਉਹ ਇਸ ਗੱਲ ਵੱਲ ਬਹੁਤ ਧਿਆਨ ਦਿੰਦੇ ਹਨ ਕਿ ਕਿੰਨੀ ਕੀਮਤ ਤਾਰ ਕੇ ਉਨ੍ਹਾਂ ਨੂੰ ਕਿੰਨੀ ਚੀਜ ਮਿਲ ਰਹੀ ਹੈ’ ਮਿਅੰਕ ਸ਼ਾਹ ਨੇ ਕਿਹਾ।

ਜ਼ਿਕਰਯੋਗ ਹੈ ਕਿ ਸਾਲ 2003 ਵਿਚ ਪਾਰਲੇ ਜੀ ਨੂੰ ਦੁਨੀਆ ਦੀ ਬਿਸਕੁਟ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਮੰਨਿਆ ਜਾਂਦਾ ਸੀ। ਇਸ ਦੀ ਸਲਾਨਾ ਆਮਦਨ 1.4 ਬਿਲੀਅਨ ਡਾਲਰ ਦੀ ਹੈ।

ਸ਼ਾਹ ਨੇ ਕਿਹਾ ਕਿ ਕੰਪਨੀ ਨੇ ਪਿਛਲੀ ਮੋਦੀ ਸਰਕਾਰ ਵੇਲੇ ਵਿੱਤ ਮੰਤਰੀ ਅਰੁਨ ਜੇਤਲੀ ਅਤੇ ਜੀ.ਐਸ.ਟੀ. ਕੌਂਸਲ ਨਾਲ ਵੀ ਮਾਮਲਾ ਚੁੱਕਿਆ ਸੀ ਪਰ ਸਰਕਾਰ ਵੱਲੋਂ ਇਸ ਕੋਈ ਹੱਲ ਨਹੀਂ ਕੱਢਿਆ ਗਿਆ।

ਉਸਦਾ ਕਹਿਣਾ ਹੈ ਕਿ ਭਾਰਤੀ ਅਰਥਚਾਰੇ ਦੇ ਦੂਜੇ ਖੇਤਰਾਂ, ਖਾਸ ਕਰਕੇ ਆਵਾਜਾਈ ਦੇ ਸਾਧਨਾਂ (ਜਿਵੇਂ ਕਿ ਕਾਰਾਂ ਆਦਿ) ਦੇ ਉਤਪਾਦਨ ਵਿਚੋਂ ਲੋਕਾਂ ਦੇ ਬੇਰੁਜ਼ਗਾਰ ਹੋਣ ਦੇ ਨਤੀਜੇ ਵੱਜੋਂ ਉਨ੍ਹਾਂ ਦੀ ਕੰਪਨੀ ਦੇ ਬਿਸਕੁਟਾਂ ਦੀ ਮੰਗ ਵੀ ਘਟੀ ਹੈ ਕਿਉਂਕਿ ਭਾਰਤੀ ਅਰਥਚਾਰਾ ਅਜਿਹੇ ਦੌਰ ਵਿਚ ਹੈ ਕਿ ਲੋਕਾਂ ਕੋਲ ਪੈਸਾ ਹੀ ਘਟਦਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,