ਕੌਮਾਂਤਰੀ ਖਬਰਾਂ » ਖਾਸ ਖਬਰਾਂ » ਮਨੁੱਖੀ ਅਧਿਕਾਰ

ਮੁਸਲਮਾਨ ਕਤਲੇਆਮ ਦਾ ਸੱਚ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਰਾਣਾ ਆਯੂਬ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

May 1, 2018 | By

ਚੰਡੀਗੜ੍ਹ: ਭਾਰਤ ਵਿਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਖਾਸ ਤੌਰ ‘ਤੇ ਘੱਟਗਿਣਤੀ ਕੌਮਾਂ ‘ਤੇ ਹੁੰਦੇ ਸਰਕਾਰੀ ਜ਼ਬਰ ਦੀਆਂ ਸੱਚਾਈਆਂ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ‘ਤੇ ਹੋ ਰਹੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਗੁਜਰਾਤ ਵਿਚ ਹੋਏ ਮੁਸਲਮਾਨ ਕਤਲੇਆਮ ਸਬੰਧੀ ਸਟਿੰਗ ਆਪਰੇਸ਼ਨ ਰਾਹੀਂ ਸੱਚ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਰਾਣਾ ਆਯੂਬ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਅਤੇ ਗਾਲੀ-ਗਲੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਣਾ ਅਯੂਬ ਅਤੇ ‘ਗੁਜਰਾਤ ਫਾਈਲਜ਼’ ਕਿਤਾਬ ਦਾ ਪੰਜਾਬੀ ਐਡੀਸ਼ਨ ਦੀ ਤਸਵੀਰ

ਪੱਤਰਕਾਰਾਂ ਦੀ ਅੰਤਰਰਾਸ਼ਟਰੀ ਸੰਸਥਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਸਟਿਸ (ਆਈ.ਐਫ.ਜੇ) ਨੇ ਰਾਣਾ ਆਯੂਬ ਖਿਲਾਫ ਵਰਤੇ ਜਾ ਰਹੇ ਇਸ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਪ੍ਰਸ਼ਾਸਨ ਤੋਂ ਇਸ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

22 ਅਪ੍ਰੈਲ ਨੂੰ ਇਕ ਨਾਮੀਂ ਟੀਵੀ ਚੈਨਲ ਦੇ ਨਾਂ ‘ਤੇ ਬਣਾਏ ਗਏ ‘ਫੇਕ’ ਫੇਸਬੁਕ ਖਾਤੇ ਤੋਂ ਟਵੀਟ ਕਰਕੇ ਆਯੂਬ ਨੂੰ ਬੱਚਿਆਂ ਦੇ ਬਲਾਤਕਾਰੀਆਂ ਨੂੰ ਬਚਾਉਣ ਵਾਲੀ ਕਿਹਾ ਗਿਆ। ਇਸ ਟਵੀਟ ਤੋਂ ਬਾਅਦ ਰਾਣਾ ਆਯੂਬ ਨੂੰ ਫੇਸਬੁੱਕ ਅਤੇ ਟਵਿਟਰ ਖਾਤਿਆਂ ‘ਤੇ ਨਫਰਤ ਅਤੇ ਸਰੀਰਕ ਸੋਸ਼ਣ ਵਾਲੀਆਂ ਧਮਕੀਆਂ ਵਾਲੇ ਮੈਸਜਾਂ ਦਾ ਹੜ੍ਹ ਆ ਗਿਆ।

ਇਸ ਸਬੰਧੀ ਰਾਣਾ ਆਯੂਬ ਵਲੋਂ ਨਵੀਂ ਦਿੱਲੀ ਦੇ ਸਾਕੇਤ ਪੁਲਿਸ ਥਾਣੇ ਵਿਚ 26 ਅਪ੍ਰੈਲ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਕਿਹਾ ਕਿ ਉਹ ਤਿੰਨ ਰਾਤਾਂ ਤਕ ਸੌ ਨਹੀਂ ਸਕੇ। ਉਨ੍ਹਾਂ ਕਿਹਾ, “ਮੈਂ ਦੱਸ ਨਹੀਂ ਸਕਦੀ, ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ ਹੈ। ਲੋਕ ਮੇਰੇ ਬਾਰੇ ਸੋਸ਼ਲ ਮੀਡੀਆ ‘ਤੇ ਭੱਦੀਆਂ ਟਿੱਪਣੀਆਂ ਕਰਕੇ ਨਾਲ ਮੇਰਾ ਮੋਬਾਈਲ ਨੰਬਰ ਜਨਤਕ ਕਰ ਰਹੇ ਹਨ, ਮੇਰੇ ਘਰ ਦਾ ਪਤਾ ਪਾ ਰਹੇ ਹਨ। ਜੇ ਉਨ੍ਹਾਂ ਵਿਚ ਮੇਰੇ ਪ੍ਰਤੀ ਐਨੀ ਨਫਰਤ ਹੈ ਤਾਂ ਉਨ੍ਹਾਂ ਨੂੰ ਮੇਰੇ ਘਰ ਵਿਚ ਆ ਕੇ ਮੇਰਾ ਕਤਲ ਕਰਨ ਤੋਂ ਕੌਣ ਰੋਕ ਸਕਦਾ ਹੈ?”

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੇ ਭੰਡੀ ਪ੍ਰਚਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਇਹ ਸਭ ਹੱਦਾਂ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਰਕਾਰ ਨੂੰ ਇਸ ਸਬੰਧੀ ਦਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੀ ਸਰਕਾਰ ਕੁਝ ਮਾੜਾ ਵਾਪਰਨ ਤੋਂ ਬਾਅਦ ਹੀ ਕੋਈ ਕਾਰਵਾਈ ਕਰੇਗੀ।

ਜਿਕਰਯੋਗ ਹੈ ਕਿ ਰਾਣਾ ਆਯੂਬ ਦੀ ਕਿਤਾਬ “ਗੁਜਰਾਤ ਫਾਈਲਾਂ: ਪਰਦਾਪੋਸ਼ੀ ਦੀ ਚੀਰਫਾੜ” ਰਾਹੀਂ 2002 ਵਿਚ ਹੋਏ ਮੁਸਲਮਾਨ ਕਤਲੇਆਮ ਵਿਚ ਭਾਜਪਾ ਦੇ ਉੱਚ ਆਗੂਆਂ ਦੀ ਸ਼ਮੂਲੀਅਤ ਦੇ ਸੱਚ ਨੂੰ ਸਾਹਮਣੇ ਲਿਆਂਦਾ ਸੀ। ਇਸ ਕਾਰਨ ਭਾਜਪਾ ਦੇ ਸਮਰਥਕਾਂ ਅਤੇ ਹਿੰਦੁਤਵੀਆਂ ਵਲੋਂ ਰਾਣਾ ਆਯੂਬ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਸਿੱਖ ਸਿਆਸਤ ਦੇ ਪਾਠਕ ਰਾਣਾ ਆਯੂਬ ਦੀ ਕਿਤਾਬ “ਗੁਜਰਾਤ ਫਾਈਲਾਂ: ਪਰਦਾਪੋਸ਼ੀ ਦੀ ਚੀਰਫਾੜ” ਇਸ ਲਿੰਕ ਤੋਂ ਖਰੀਦ ਸਕਦੇ ਹਨ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,