ਸਿੱਖ ਖਬਰਾਂ

ਮੀਡੀਆ ਰਿਪੋਰਟਾਂ: ਜਗਜੀਤ ਸਿੰਘ ਜੱਗੀ ਨਾਂ ਦੇ ਸਿੱਖ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਜੰਮੂ ਤੋਂ ਚੁੱਕਿਆ

December 2, 2017 | By

ਜੰਮੂ: ਸ਼ੁੱਕਰਵਾਰ (1 ਦਸੰਬਰ, 2017) ਜੰਮੂ ਦੇ ਨਾਨਕ ਨਗਰ ਇਲਾਕੇ ਵਿਚ ਸੈਮਸੰਗ ਸਮਾਰਟ ਕੇਅਰ ਸਰਵਿਸ ਸੈਂਟਰ ਸ਼ਾਸਤਰੀ ਨਗਰ ‘ਤੇ ਕੰਮ ਕਰਦੇ ਇਕ ਸਿੱਖ ਨੌਜਵਾਨ ਜਗਜੀਤ ਸਿੰਘ ਜੱਗੀ ਵਾਸੀ ਨਾਨਕ ਨਗਰ ਸੈਕਟਰ ਨੰ:9 ਜੰਮੂ ਨੂੰ ਡੀ.ਐਸ.ਪੀ. ਸਰਬਜੀਤ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਿਸ ਨੇ ਬਿਨਾਂ ਕਾਰਨ ਦੱਸੇ ਚੁੱਕ ਲਿਆ। ਗਾਂਧੀਨਗਰ ਥਾਣੇ ਦੇ ਐਸ. ਐਚ. ਓ. ਸੁਨੀਲ ਜਸਰੋਟੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਥਾਣਾ ਬਾਘਾ ਪੁਰਾਣਾ ਦੇ ਐਸ.ਐਚ.ਓ. ਅਤੇ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਦੀ ਅਗਵਾਈ ਹੇਠ ਪੰਜਾਬ ਪੁਲਿਸ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਬਾਘਾ ਪੁਰਣਾ ਵਲੋਂ ਜਾਰੀ ਗ੍ਰਿਫਤਾਰੀ ਵਾਰੰਟ ਤਹਿਤ ਨੌਜਵਾਨ ਨੂੰ ਪੇਸ਼ੀ ਲਈ ਲੈ ਕੇ ਗਈ ਹੈ। ਮੌਕੇ ‘ਤੇ ਗਾਂਧੀਨਗਰ ਥਾਣੇ ਯੂ.ਡੀ.ਪੀ. ਪ੍ਰਧਾਨ ਐਮ. ਪੀ. ਸਿੰਘ ਯੂਨਾਈਟਿਡ ਸਿੱਖ ਕੌਂਸਲ ਦੇ ਮੁੱਖ ਸਕੱਤਰ ਮਹਿੰਦਰ ਸਿੰਘ ਖ਼ਾਲਸਾ, ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਮੁੱਖ ਸਕੱਤਰ ਅਵਤਾਰ ਸਿੰਘ ਖ਼ਾਲਸਾ, ਦਸਮੇਸ਼ ਯੂਥ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਜ਼ਿਲ੍ਹਾ ਗੁ: ਪ੍ਰ: ਕਮੇਟੀ ਮੈਂਬਰ ਮਹਿੰਦਰ ਸਿੰਘ, ਆਵਾਮੀ ਇਤਿਹਾਦ ਪਾਰਟੀ ਦੇ ਜੰਮੂ ਪ੍ਰਧਾਨ ਅਮਰਜੀਤ ਸਿੰਘ ਬੱਬਲੂ, ਸਰਪੰਚ ਇੰਦਰਪਾਲ ਸਿੰਘ, ਚਰਨਜੀਤ ਸਿੰਘ ਤੇ ਹੋਰ ਸਿੱਖ ਨੌਜਵਾਨ ਇਕੱਠੇ ਹੋ ਗਏ ਤੇ ਪੰਜਾਬ ਪੁਲਿਸ ਦੇ ਅਫ਼ਸਰਾਂ ਕੋਲੋਂ ਜਗਜੀਤ ਸਿੰਘ ਜੱਗੀ ਨੂੰ ਲੈ ਕੇ ਜਾਣ ਦਾ ਕਾਰਨ ਪੁੱਛਿਆ।

ਜੰਮੂ ਦੇ ਸਥਾਨਕ ਸਿੱਖ ਪੰਜਾਬ ਪੁਲਿਸ ਵਲੋਂ ਜਗਜੀਤ ਸਿੰਘ ਜੱਗੀ ਨੂੰ ਚੁੱਕੇ ਜਾਣ ਦਾ ਕਾਰਨ ਪੁੱਛਦੇ ਹੋਏ

ਜੰਮੂ ਦੇ ਸਥਾਨਕ ਸਿੱਖ ਪੰਜਾਬ ਪੁਲਿਸ ਵਲੋਂ ਜਗਜੀਤ ਸਿੰਘ ਜੱਗੀ ਨੂੰ ਚੁੱਕੇ ਜਾਣ ਦਾ ਕਾਰਨ ਪੁੱਛਦੇ ਹੋਏ

ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਕਾਰਨ ਨਹੀਂ ਦੱਸਿਆ ਅਤੇ ਉਨ੍ਹਾਂ ਦੀ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਸਿੱਖ ਆਗੂਆਂ ਤੇ ਨੌਜਵਾਨਾਂ ਨੇ ਗਾਂਧੀਨਗਰ ਮੁੱਖ ਸੜਕ ‘ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਗੱਡੀਆਂ ਦਾ ਭਾਰੀ ਜਾਮ ਲੱਗ ਗਿਆ। ਜੰਮੂ-ਕਸ਼ਮੀਰ ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਜ਼ਬਰਦਸਤੀ ਸੜਕ ਤੋਂ ਹਟਾਇਆ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਵਤਾਰ ਸਿੰਘ ਖ਼ਾਲਸਾ ਅਤੇ ਯੂਨਾਈਟਿਡ ਸਿੱਖ ਕੌਂਸਲ ਦੇ ਮੁੱਖ ਸਕੱਤਰ ਮਹਿੰਦਰਪਾਲ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾਂ ਤਲਜੀਤ ਸਿੰਘ ਜਿੰਮੀ ਤੇ ਹੁਣ ਜਗਜੀਤ ਸਿੰਘ ਜੱਗੀ ‘ਤੇ ਝੂਠੇ ਕੇਸ ਪਾ ਕੇ ਪੰਜਾਬ ਪੁਲਿਸ ਜੰਮੂ ਵਿਚ ਦਹਿਸ਼ਤ ਫ਼ੈਲਾ ਰਹੀ ਹੈ।

ਪੰਜਾਬ ਪੁਲਿਸ ਵਲੋਂ ਜਗਜੀਤ ਸਿੰਘ ਜੱਗੀ ਨੂੰ ਚੁੱਕੇ ਜਾਣ 'ਤੇ ਵਿਰੋਧ ਪ੍ਰਗਟ ਕਰਦੇ ਹੋਏ ਸਥਾਨਕ ਸਿੱਖ

ਪੰਜਾਬ ਪੁਲਿਸ ਵਲੋਂ ਜਗਜੀਤ ਸਿੰਘ ਜੱਗੀ ਨੂੰ ਚੁੱਕੇ ਜਾਣ ‘ਤੇ ਵਿਰੋਧ ਪ੍ਰਗਟ ਕਰਦੇ ਹੋਏ ਸਥਾਨਕ ਸਿੱਖ

ਯੂ.ਡੀ.ਪੀ. ਪ੍ਰਧਾਨ ਐਮ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਬਾਘਾ ਪੁਰਾਣਾ ਤੇ ਸੀ.ਆਈ.ਏ. ਸਟਾਫ਼ ਨੇ ਦਿਨ-ਦਿਹਾੜੇ ਜਗਜੀਤ ਸਿੰਘ ਜੱਗੀ ਨੂੰ ਘਰ ਵਾਲਿਆਂ ਨੂੰ ਇਤਲਾਹ ਕੀਤੇ ਬਗੈਰ ਚੁੱਕਿਆ ਹੈ ਅਤੇ ਜੱਗੀ ਦੇ ਦਫ਼ਤਰ ਵਾਲਿਆਂ ਨੇ ਵੀ ਦੱਸਿਆ ਹੈ ਕਿ ਪੰਜਾਬ ਪੁਲਿਸ ਸਾਡੇ ਮੋਬਾਈਲ, ਲੈਪਟਾਪ ਅਤੇ ਨਕਦੀ ਵੀ ਕੱਢ ਕੇ ਲੈ ਗਈ ਹੈ, ਜਿਸ ਦੀ ਗਾਂਧੀਨਗਰ ਥਾਣੇ ‘ਚ ਰਿਪੋਰਟ ਵੀ ਲਿਖਾਈ ਗਈ ਹੈ। ਪ੍ਰਧਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜੰਮੂ ਦੇ ਸਿੱਖ ਬੇਕਸੂਰ ਨੌਜਵਾਨਾਂ ਨੂੰ ਤੰਗ ਕਰਨਾ ਨਾ ਛੱਡਿਆ ਤਾਂ ਅਸੀਂ ਸੜਕਾਂ ‘ਤੇ ਆ ਕੇ ਪ੍ਰਦਸ਼ਨ ਕਰਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,